ਕੰਪਿਊਟਰ ਅਧਿਆਪਕਾਂ ਦੀ ਤਨਖਾਹ ''ਚ ਕਟੌਤੀ ਦੇ ਫੈਸਲੇ ਦਾ ਵਿਰੋਧ

Tuesday, Mar 06, 2018 - 03:29 AM (IST)

ਕੰਪਿਊਟਰ ਅਧਿਆਪਕਾਂ ਦੀ ਤਨਖਾਹ ''ਚ ਕਟੌਤੀ ਦੇ ਫੈਸਲੇ ਦਾ ਵਿਰੋਧ

ਨਵਾਂਸ਼ਹਿਰ, (ਤ੍ਰਿਪਾਠੀ)- ਕੰਪਿਊਟਰ ਅਧਿਆਪਕ ਯੂਨੀਅਨ ਪੰਜਾਬ ਦੀ ਜ਼ਿਲਾ ਇਕਾਈ ਦੀ ਇਕ ਮੀਟਿੰਗ ਹੋਈ। ਜਾਣਕਾਰੀ ਦਿੰਦੇ ਹੋਏ ਯੂਨੀਅਨ ਆਗੂ ਹਰਜਿੰਦਰ ਸਿੰਘ, ਯੋਨਸ, ਸੁਰਿੰਦਰਪਾਲ, ਰਾਜਵਿੰਦਰ ਲਾਖਾ, ਅਮਨਦੀਪ, ਰੋਹਿਤ ਗੌਤਮ ਤੇ ਸੁਖਵਿੰਦਰ ਕੁਮਾਰ ਨੇ ਦੱਸਿਆ ਕਿ ਸੂਬਾ ਸਰਕਾਰ ਪਹਿਲਾਂ ਤੋਂ ਹੀ ਰੈਗੂਲਰ ਕੰਪਿਊਟਰ ਅਧਿਆਪਕ, ਜੋ ਪਿਛਲੇ ਕਰੀਬ 13-14 ਸਾਲ ਤੋਂ ਸੇਵਾਵਾਂ ਦੇ ਰਹੇ ਹਨ ਤੇ ਕਰੀਬ 50 ਹਜ਼ਾਰ ਰੁਪਏ ਮਹੀਨਾ ਤਨਖਾਹ ਲੈ ਰਹੇ ਹਨ, ਸਿੱਖਿਆ ਵਿਭਾਗ 'ਚ ਨਵੀਂ ਨਿਯੁਕਤੀ ਦੇ ਬਹਾਨੇ ਮੁੱਢਲਾ ਸਕੇਲ 10300 ਰੁਪਏ 'ਤੇ ਲਿਆਉਣ ਦੀ ਤਿਆਰੀ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਸਾਲ 2010 ਦੇ ਨੋਟੀਫਿਕੇਸ਼ਨ ਅਨੁਸਾਰ ਕੰਪਿਊਟਰ ਅਧਿਆਪਕਾਂ ਦੀਆਂ ਸੇਵਾਵਾਂ 1 ਜੁਲਾਈ, 2011 ਤੋਂ ਵੋਕੇਸ਼ਨਲ ਮਾਸਟਰ ਗਰੇਡ ਸਮੇਤ ਰੈਗੂਲਰ ਕੀਤੀਆਂ ਗਈਆਂ ਸੀ, ਜਿਸ ਤਹਿਤ ਅਧਿਆਪਕਾਂ 'ਤੇ ਸਿਵਲ ਸਰਵਿਸਿਜ਼ ਰੂਲਜ਼ ਲਾਗੂ ਕੀਤੇ ਗਏ ਸਨ। ਸੂਬਾ ਸਰਕਾਰ ਸਿੱਖਿਆ ਵਿਭਾਗ 'ਚ ਨਿਯੁਕਤੀ ਦੇਣ ਦੇ ਬਹਾਨੇ ਅਧਿਆਪਕਾਂ ਦੀ 80-90 ਫ਼ੀਸਦੀ ਤਨਖਾਹ 'ਤੇ ਕੱਟ ਲਾਉਣ ਦੀ ਤਿਆਰੀ ਕਰ ਰਹੀ ਹੈ, ਜਿਸ ਨੂੰ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਕੰਪਿਊਟਰ ਅਧਿਆਪਕਾਂ ਨੂੰ ਬਿਨਾਂ ਸ਼ਰਤ ਮੌਜੂਦਾ ਤਨਖਾਹ 'ਤੇ ਸਿੱਖਿਆ ਵਿਭਾਗ ਅਧੀਨ ਕੀਤਾ ਜਾਵੇ। ਜੇਕਰ ਕੰਪਿਊਟਰ ਅਧਿਆਪਕਾਂ ਖਿਲਾਫ਼ ਕੋਈ ਫੈਸਲਾ ਲਾਗੂ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਦੀ ਯੂਨੀਅਨ ਸਰਕਾਰ ਖਿਲਾਫ਼ ਤਿੱਖਾ ਸੰਘਰਸ਼ ਕਰੇਗੀ। ਇਸ ਸੰਘਰਸ਼ ਤਹਿਤ 6 ਮਾਰਚ ਨੂੰ ਮੋਹਾਲੀ 'ਚ ਆਯੋਜਿਤ ਹੋਣ ਜਾ ਰਹੀ ਸੂਬਾ ਪੱਧਰੀ ਰੈਲੀ 'ਚ ਜ਼ਿਲਾ ਸ਼ਹੀਦ ਭਗਤ ਸਿੰਘ ਨਗਰ ਤੋਂ ਭਾਰੀ ਗਿਣਤੀ 'ਚ ਕੰਪਿਊਟਰ ਅਧਿਆਪਕ ਰਵਾਨਾ ਹੋਣਗੇ। ਇਸ ਮੌਕੇ ਸੁਖਵਿੰਦਰ ਕੁਮਾਰ, ਸੰਜੇ ਸੀਰਾ, ਸੁਸ਼ੀਲ ਕੁਮਾਰ, ਹਰਪ੍ਰੀਤ ਸਿੰਘ, ਸੁਰਿੰਦਰ ਸਿੰਘ, ਰੇਨੂ ਸ਼ਰਮਾ ਤੇ ਸ਼ਵੀਨਾ ਵੀ ਮੌਜੂਦ ਸਨ।


Related News