ਲੋਕਾਂ ਦੀਆਂ ਸਮੱਸਿਆਵਾਂ ਸਰਕਾਰ ਤੱਕ ਪਹੁੰਚਾਉਣਾ ਵਿਰੋਧੀ ਧਿਰ ਦੀ ਮੁੱਖ ਡਿਊਟੀ: ਭਗਵੰਤ ਮਾਨ

Sunday, May 10, 2020 - 11:20 PM (IST)

ਲੋਕਾਂ ਦੀਆਂ ਸਮੱਸਿਆਵਾਂ ਸਰਕਾਰ ਤੱਕ ਪਹੁੰਚਾਉਣਾ ਵਿਰੋਧੀ ਧਿਰ ਦੀ ਮੁੱਖ ਡਿਊਟੀ: ਭਗਵੰਤ ਮਾਨ

ਚੰਡੀਗੜ੍ਹ,(ਰਮਨਜੀਤ)- ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੂਬਾ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਪੰਜਾਬ ਸਰਕਾਰ ਵਲੋਂ ਸਾਰੇ ਸਰਕਾਰੀ ਕਰਮਚਾਰੀਆਂ ਸਮੇਤ ਠੇਕਾ ਆਧਾਰਿਤ (ਕੰਟਰੈਕਟ) ਅਤੇ ਆਊਟ ਸੋਰਸਿੰਗ 'ਤੇ ਆਧਾਰਿਤ ਕੱਚੇ ਮੁਲਾਜ਼ਮਾਂ ਨੂੰ 'ਕੋਰੋਨਾ ਸ਼ਹੀਦ' ਵਜੋਂ 50 ਲੱਖ ਰੁਪਏ ਦਾ ਮੁਆਵਜ਼ਾ ਦੇਣ ਦੇ ਐਲਾਨ ਦਾ ਸਵਾਗਤ ਕਰਦਿਆਂ ਇਸ ਨੂੰ ਪੀ. ਆਰ. ਟੀ. ਸੀ. ਦੇ ਮ੍ਰਿਤਕ ਡਰਾਈਵਰ ਮਨਜੀਤ ਸਿੰਘ ਦੇ ਹੱਕ 'ਚ ਵਿੱਢੀ ਮੁਹਿੰਮ ਦਾ ਸਕਾਰਾਤਮਕ ਪ੍ਰਭਾਵ ਦੱਸਿਆ ਹੈ। ਮਾਨ ਨੇ ਕਿਹਾ ਕਿ ਜਦੋਂ ਕੋਰੋਨਾ ਮਹਾਮਾਰੀ ਦੌਰਾਨ ਸ੍ਰੀ ਹਜ਼ੂਰ ਸਾਹਿਬ 'ਚ ਫਸੀ ਸੰਗਤ ਨੂੰ ਲੈਣ ਜਾ ਰਹੇ ਪੀ. ਆਰ. ਟੀ. ਸੀ. ਦੇ ਡਰਾਈਵਰ ਮਨਜੀਤ ਸਿੰਘ ਦੀ ਰਸਤੇ 'ਚ ਮੌਤ ਹੋ ਜਾਣ ਉਪਰੰਤ ਪੰਜਾਬ ਸਰਕਾਰ ਨੇ ਉਸ ਦੇ ਪਰਿਵਾਰ ਨੂੰ ਸਿਰਫ਼ 10 ਲੱਖ ਰੁਪਏ ਦਾ ਐਲਾਨ ਕੀਤਾ ਤਾਂ ਆਮ ਆਦਮੀ ਪਾਰਟੀ ਨੇ ਪਹਿਲੀ ਮਈ (ਮਜ਼ਦੂਰ ਦਿਵਸ) 'ਤੇ ਪੰਜਾਬ ਭਰ 'ਚ 'ਮੈਂ ਵੀ ਮਨਜੀਤ ਸਿੰਘ ਹਾਂ' ਮੁਹਿੰਮ ਤਹਿਤ ਮਨਜੀਤ ਸਿੰਘ ਨੂੰ ਵੀ 'ਕੋਰੋਨਾ ਸ਼ਹੀਦ' ਵਜੋਂ 50 ਲੱਖ ਰੁਪਏ ਦੀ ਮੁਆਵਜ਼ਾ ਰਾਸ਼ੀ ਅਤੇ ਉਸ ਦੇ ਪਰਿਵਾਰ ਦੇ ਯੋਗ ਮੈਂਬਰ ਨੂੰ ਸਰਕਾਰੀ ਨੌਕਰੀ ਦੇਣ ਦੀ ਮੰਗ ਕੀਤੀ ਸੀ।
ਭਗਵੰਤ ਮਾਨ ਨੇ ਕਿਹਾ ਕਿ ਵਿਰੋਧੀ ਧਿਰ ਵਜੋਂ 'ਆਪ' ਵਲੋਂ ਵਿੱਢੀ ਉਸ ਮੁਹਿੰਮ ਦਾ ਸਕਾਰਾਤਮਕ ਅਸਰ ਇਹ ਰਿਹਾ ਕਿ ਮੁੱਖ ਮੰਤਰੀ ਕੈ. ਅਮਰਿੰਦਰ ਸਿੰਘ ਨੇ ਅੱਜ ਐਲਾਨ ਕੀਤਾ ਹੈ ਕਿ ਕੋਰੋਨਾ ਵਾਇਰਸ ਵਿਰੁੱਧ ਮੋਹਰਲੀ ਕਤਾਰ 'ਚ ਖੜ੍ਹੇ ਹੋ ਕੇ ਲੜਾਈ ਲੜਦੇ ਹੋਏ ਜਾਨ ਗਵਾ ਬੈਠੇ ਕੰਟਰੈਕਟ ਅਤੇ ਆਊਟ ਸੋਰਸਿੰਗ ਕਰਮਚਾਰੀਆਂ ਸਮੇਤ ਸਾਰੇ ਸਰਕਾਰੀ ਕਰਮਚਾਰੀਆਂ ਨੂੰ 50 ਲੱਖ ਰੁਪਏ ਦਾ ਮੁਆਵਜ਼ਾ ਦਿੱਤਾ ਜਾਵੇਗਾ। ਭਗਵੰਤ ਮਾਨ ਨੇ ਕਿਹਾ ਕਿ ਆਮ ਆਦਮੀ ਪਾਰਟੀ ਕੈਪਟਨ ਸਰਕਾਰ ਦੇ ਇਸ ਸ਼ਲਾਘਾਯੋਗ ਫ਼ੈਸਲੇ ਦਾ ਸਵਾਗਤ ਕਰਦੀ ਹੈ । ਮੁੱਖ ਵਿਰੋਧੀ ਧਿਰ ਵਜੋਂ ਆਮ ਆਦਮੀ ਪਾਰਟੀ ਬੁਨਿਆਦੀ ਜ਼ਿੰਮੇਵਾਰੀ ਨਿਭਾਉਂਦਿਆਂ ਲੋਕਾਂ ਦੇ ਮਸਲੇ ਸਰਕਾਰ ਦੇ ਕੰਨਾਂ ਤੱਕ ਪਹੁੰਚਾਉਂਦੀ ਹੈ ਅਤੇ ਸਿਆਸੀ ਦਬਾਅ ਬਣਾਉਂਦੀ ਹੈ। ਉਨ੍ਹਾਂ ਕਿਹਾ ਕਿ ਜਦੋਂ ਸਰਕਾਰ ਲੋਕਾਂ ਦੇ ਮੁੱਦੇ ਅਤੇ ਮਸਲੇ ਨਜ਼ਰਅੰਦਾਜ਼ ਕਰਦੀ ਹੈ ਤਾਂ ਸਰਕਾਰ ਦੀ ਹਰ ਪਾਸਿਓਂ ਆਲੋਚਨਾ ਅਤੇ ਘੇਰਾਬੰਦੀ ਕਰਨੀ 'ਆਪ' ਦੀ ਡਿਊਟੀ ਹੈ ਪਰ ਜਦੋਂ ਸਰਕਾਰ ਲੋਕਹਿਤ 'ਚ ਕੋਈ ਕਦਮ ਉਠਾਉਂਦੀ ਹੈ ਤਾਂ 'ਆਪ' ਉਸ ਫ਼ੈਸਲੇ ਦੀ ਸ਼ਲਾਘਾ ਕਰਨ 'ਚ ਵੀ ਕੋਈ ਗੁਰੇਜ਼ ਨਹੀਂ ਕਰਦੀ।


author

Bharat Thapa

Content Editor

Related News