ਸ੍ਰੀ ਗੁਰੂ ਰਵਿਦਾਸ ਮੰਦਰ ਤੁਗਲਕਾਬਾਦ ਨੂੰ ਖੋਲ੍ਹਣਾ ਸੰਗਤਾਂ ਦੀ ਵੱਡੀ ਜਿੱਤ : ਸੰਤ ਨਿਰਮਲ ਦਾਸ

Monday, Jun 29, 2020 - 12:58 AM (IST)

ਸ੍ਰੀ ਗੁਰੂ ਰਵਿਦਾਸ ਮੰਦਰ ਤੁਗਲਕਾਬਾਦ ਨੂੰ ਖੋਲ੍ਹਣਾ ਸੰਗਤਾਂ ਦੀ ਵੱਡੀ ਜਿੱਤ : ਸੰਤ ਨਿਰਮਲ ਦਾਸ

ਜਲੰਧਰ, (ਜਤਿੰਦਰ, ਕੈਂਥ)- ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਪਵਿੱਤਰ ਚਰਨ ਛੋਹ ਪ੍ਰਾਪਤ ਸ੍ਰੀ ਗੁਰੂ ਰਵਿਦਾਸ ਮੰਦਰ ਤੁਗਲਕਾਬਾਦ ਦਿੱਲੀ ਨੂੰ ਭਾਰਤ ਸਰਕਾਰ ਅਤੇ ਦਿੱਲੀ ਸਰਕਾਰ ਵੱਲੋਂ ਪਿਛਲੇ ਸਾਲ ਮਾਣਯੋਗ ਅਦਾਲਤ ਦੇ ਹੁਕਮਾਂ ਅਨੁਸਾਰ ਤੋੜਿਆ ਗਿਆ ਅਤੇ ਮੁੱਖ ਦੁਆਰ ਅੱਗੇ ਦੀਵਾਰ ਬਣਾ ਕੇ ਸੰਗਤਾਂ ਦਾ ਆਉਣਾ-ਜਾਣਾ ਬੰਦ ਕਰ ਦਿੱਤਾ ਗਿਆ ਸੀ, ਜਿਸ ਦੇ ਵਿਰੋਧ ਵਿਚ ਸਮੁੱਚਾ ਸੰਤ ਸਮਾਜ, ਅਤੇ ਸੰਗਤਾਂ ਵੱਲੋਂ ਭਾਰੀ ਵਿਰੋਧ ਕੀਤਾ ਗਿਆ, ਜਿਸ ਕਾਰਨ ਬਹੁਤ ਸਾਰੇ ਸ੍ਰੀ ਗੁਰੂ ਰਵਿਦਾਸ ਨਾਮਲੇਵਾ ਸੰਗਤਾਂ ’ਤੇ ਪਰਚੇ ਵੀ ਦਰਜ ਹੋਏ ਤੇ ਕਈਆਂ ਨੂੰ ਜੇਲ ਜਾਣਾ ਪਿਆ। ਅੱਜ ਸਰਕਾਰ ਵੱਲੋਂ ਉਸ ਦੀਵਾਰ ਨੂੰ ਹਟਾ ਕੇ ਸ੍ਰੀ ਗੁਰੂ ਰਵਿਦਾਸ ਮੰਦਰ ਤੁਗਲਕਾਬਾਦ ਦਿੱਲੀ ਸੰਗਤਾਂ ਦੇ ਦਰਸ਼ਨਾਂ ਲਈ ਮੁੜ ਖੋਲ੍ਹ ਦਿੱਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸੰਤ ਬਾਬਾ ਨਿਰਮਲ ਦਾਸ ਜੀ ਪ੍ਰਧਾਨ ਗੁਰੂ ਰਵਿਦਾਸ ਸਾਧੂ ਸੰਪ੍ਰਦਾਇ ਸੋਸਾਇਟੀ ਰਜਿ ਪੰਜਾਬ ਨੇ ਕਿਹਾ ਕਿ ਦਿੱਲੀ ਮੰਦਰ ਦੇ ਗੇਟ ਖੁੱਲ੍ਹਣ ਨਾਲ ਸ੍ਰੀ ਗੁਰੂ ਰਵਿਦਾਸ ਨਾਮਲੇਵਾ ਸੰਗਤਾਂ ਵਿਚ ਖੁਸ਼ੀ ਦੀ ਲਹਿਰ ਹੈ। ਇਹ ਸਤਿਗੁਰ ਰਵਿਦਾਸ ਜੀ ਨੂੰ ਮੰਨਣ ਵਾਲੀ ਸੰਗਤ ਦੀ ਜਿੱਤ ਹੈ। ਅਜਿਹਾ ਕਰਨਾ ਸਰਕਾਰ ਦਾ ਸ਼ਲਾਘਾਯੋਗ ਕੰਮ ਹੈ ਅਤੇ ਅਸੀਂ ਭਾਰਤ ਤੇ ਦਿੱਲੀ ਸਰਕਾਰ ਦਾ ਧੰਨਵਾਦ ਕਰਦੇ ਹਾਂ। ਇਸ ਦੇ ਨਾਲ-ਨਾਲ ਇਸ ਮੰਦਰ ਲਈ ਸੰਘਰਸ਼ ਕਰਨ ਵਾਲੇ ਸਮੁੱਚੇ ਸੰਤ ਸਮਾਜ, ਧਾਰਮਕ, ਸਮਾਜਕ ਤੇ ਸਮੁੱਚੇ ਰਵਿਦਾਸੀਆ ਸਮਾਜ ਦਾ ਧੰਨਵਾਦ ਕਰਦੇ ਹਾਂ, ਜਿਨ੍ਹਾਂ ਨੇ ਇਸ ਮੰਦਰ ਲਈ ਵੱਡਾ ਸੰਘਰਸ਼ ਕੀਤਾ। ਇਸ ਸਬੰਧੀ ਸੰਤੋਸ਼ ਕੁਮਾਰੀ ਪ੍ਰਧਾਨ ਨਾਰੀ ਸ਼ਕਤੀ ਫਾਊਂਡੇਸ਼ਨ ਭਾਰਤ ਨੇ ਵੀ ਖੁਸ਼ੀ ਜ਼ਾਹਰ ਕਰਦਿਆਂ ਕਿਹਾ ਕਿ ਸ੍ਰੀ ਗੁਰੂ ਰਵਿਦਾਸ ਜੀ ਦਾ ਆਲੀਸ਼ਾਨ ਮੰਦਰ ਮੁੜ ਉਸੇ ਜਗ੍ਹਾ ਉਸਾਰਿਆ ਜਾਵੇ ਅਤੇ ਉਸ ਦੇ ਨਾਲ ਸਤਿਗੁਰੂ ਰਵਿਦਾਸ ਜੀ ਦੇ ਨਾਮ ’ਤੇ ਇਕ ਯੂਨੀਵਰਸਿਟੀ ਵੀ ਬਣਾਈ ਜਾਵੇ।


author

Bharat Thapa

Content Editor

Related News