ਸਰਕਾਰੀ ਸਕੂਲਾਂ ’ਚ 11ਵੀਂ ਜਮਾਤ ਦਾਖ਼ਲਿਆਂ ਲਈ ਆਨਲਾਈਨ ਰਜਿਸਟ੍ਰੇਸ਼ਨ ਦੀ ਮਿਤੀ ਵਧੀ
Saturday, Jun 27, 2026 - 01:56 PM (IST)
ਚੰਡੀਗੜ੍ਹ (ਸ਼ੀਨਾ) : ਸਿੱਖਿਆ ਵਿਭਾਗ ਨੇ ਸਰਕਾਰੀ ਸਕੂਲਾਂ ’ਚ 11ਵੀਂ ਜਮਾਤ ’ਚ ਦਾਖ਼ਲੇ ਲਈ ਅਰਜ਼ੀ ਦੇਣ ਵਾਲੇ ਵਿਦਿਆਰਥੀਆਂ ਨੂੰ ਰਾਹਤ ਦਿੰਦਿਆਂ ਵਿਭਾਗ ਨੇ ਆਨਲਾਈਨ ਅਰਜ਼ੀਆਂ ਦੀ ਆਖ਼ਰੀ ਮਿਤੀ 27 ਜੂਨ ਸ਼ਾਮ 5 ਵਜੇ ਤੱਕ ਵਧਾ ਦਿੱਤੀ ਹੈ। ਅਰਜ਼ੀਆਂ ਦੀ ਪਹਿਲਾਂ ਆਖ਼ਰੀ ਮਿਤੀ 25 ਜੂਨ ਸੀ, ਪਰ ਆਖ਼ਰੀ ਦਿਨ ਸਰਵਰ ਡਾਊਨਟਾਈਮ ਕਾਰਨ ਵੱਡੀ ਗਿਣਤੀ ’ਚ ਵਿਦਿਆਰਥੀ ਅਰਜ਼ੀ ਪ੍ਰਕਿਰਿਆ ਪੂਰੀ ਨਹੀਂ ਕਰ ਸਕੇ। ਸਿੱਖਿਆ ਵਿਭਾਗ ਅਨੁਸਾਰ ਭਾਰੀ ਲੋਡ ਕਾਰਨ ਪੋਰਟਲ ’ਚ ਆਖ਼ਰੀ ਦਿਨ ਤਕਨੀਕੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ, ਇਸ ਕਾਰਨ ਬਹੁਤ ਸਾਰੇ ਬਿਨੈਕਾਰ ਆਪਣੀਆਂ ਅਰਜ਼ੀਆਂ ਜਮ੍ਹਾਂ ਕਰਨ ਤੋਂ ਰੋਕੇ ਗਏ।
ਵਿਦਿਆਰਥੀਆਂ ਤੇ ਮਾਪਿਆਂ ਦੀਆਂ ਲਗਾਤਾਰ ਸ਼ਿਕਾਇਤਾਂ ਤੋਂ ਬਾਅਦ ਵਿਭਾਗ ਨੇ ਅਰਜ਼ੀ ਦੀ ਆਖ਼ਰੀ ਮਿਤੀ ਦੋ ਦਿਨ ਵਧਾਉਣ ਦਾ ਫ਼ੈਸਲਾ ਕੀਤਾ। ਵਿਭਾਗ ਨੇ ਦਿਲਚਸਪੀ ਰੱਖਣ ਵਾਲੇ ਵਿਦਿਆਰਥੀਆਂ ਨੂੰ ਆਖਰੀ ਮਿਤੀ ਦੀ ਉਡੀਕ ਕੀਤੇ ਬਿਨਾਂ 27 ਜੂਨ ਸ਼ਾਮ 5 ਵਜੇ ਤੋਂ ਪਹਿਲਾਂ ਆਪਣੀਆਂ ਅਰਜ਼ੀਆਂ ਆਨਲਾਈਨ ਜਮ੍ਹਾਂ ਕਰਨ ਦੀ ਅਪੀਲ ਕੀਤੀ ਹੈ। ਜਿਨ੍ਹਾਂ ਵਿਦਿਆਰਥੀਆਂ ਦੀਆਂ ਅਰਜ਼ੀਆਂ ਅਧੂਰੀਆਂ ਰਹਿ ਗਈਆਂ ਸਨ ਜਾਂ ਤਕਨੀਕੀ ਕਾਰਨਾਂ ਕਰਕੇ ਅਰਜ਼ੀ ਦੇਣ ’ਚ ਅਸਮਰੱਥ ਸਨ, ਉਹ ਹੁਣ ਨਿਰਧਾਰਤ ਸਮੇਂ ਦੇ ਅੰਦਰ ਪ੍ਰਕਿਰਿਆ ਪੂਰੀ ਕਰ ਸਕਦੇ ਹਨ।
