ਪੰਜਾਬ ਆਨਲਾਈਨ ਰਜਿਸਟਰੀਆਂ ਕਰਨ ਵਾਲਾ ਪਹਿਲਾ ਸੂਬਾ ਬਣਿਆ
Wednesday, Jun 27, 2018 - 07:29 AM (IST)
ਚੰਡੀਗੜ੍ਹ (ਭੁੱਲਰ) - ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ 27 ਜੂਨ ਨੂੰ ਜ਼ਿਲਾ ਅੰਮ੍ਰਿਤਸਰ ਵਿਚ ਆਨਲਾਈਨ ਜਾਇਦਾਦ ਰਜਿਸਟ੍ਰੇਸ਼ਨ ਪ੍ਰਣਾਲੀ ਨੂੰ ਵੀਡੀਓ ਕਾਨਫਰੰਸ ਰਾਹੀਂ ਸ਼ੁਰੂ ਕਰਨਗੇ, ਜਿਸ ਨਾਲ ਸਾਰੇ ਪੰਜਾਬ ਵਿਚ ਆਨਲਾਈਨ ਰਜਿਸਟਰੀਆਂ ਸ਼ੁਰੂ ਹੋ ਜਾਣਗੀਆਂ ਅਤੇ ਅਜਿਹਾ ਕਰਨ ਵਾਲਾ ਪੰਜਾਬ ਦੇਸ਼ ਦਾ ਪਹਿਲਾ ਸੂਬਾ ਬਣ ਗਿਆ ਹੈ। ਕਲਾਊਡ-ਬੇਸਡ ਐੱਨ. ਜੀ. ਡੀ. ਆਰ. ਐੱਸ (ਨੈਸ਼ਨਲ ਜੈਨਰਿਕ ਡਾਕੂਮੈਂਟ ਰਜਿਸਟ੍ਰੇਸ਼ਨ ਸਿਸਟਮ) ਪ੍ਰਣਾਲੀ ਰਾਹੀਂ ਹੋਣ ਵਾਲੀਆਂ ਆਨਲਾਈਨ ਰਜਿਸਟਰੀਆਂ ਨਾਲ ਆਮ ਲੋਕਾਂ ਨੂੰ ਖੱਜਲ-ਖੁਆਰੀ ਅਤੇ ਦਫਤਰਾਂ ਦੇ ਵਾਧੂ ਚੱਕਰਾਂ ਤੋਂ ਨਿਜਾਤ ਮਿਲੇਗੀ।
ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਨੇ ਆਨਲਾਈਨ ਰਜਿਸਟਰੀਆਂ ਦੇ ਪਾਇਲਟ ਪ੍ਰਾਜੈਕਟ ਦੀ ਸ਼ੁਰੂਆਤ ਪਿਛਲੇ ਸਾਲ ਨਵੰਬਰ 'ਚ ਮੋਗਾ ਅਤੇ ਆਦਮਪੁਰ ਤੋਂ ਕੀਤੀ ਸੀ ਅਤੇ ਸਿਰਫ ਅੱਠ ਮਹੀਨਿਆਂ ਦੇ ਸਮੇਂ ਵਿਚ ਇਸ ਪ੍ਰਾਜੈਕਟ ਨੂੰ 21 ਜ਼ਿਲਿਆਂ ਦੇ 162 ਸਬ-ਰਜਿਸਟਰਾਰ ਦਫਤਰਾਂ ਵਿਚ ਲਾਗੂ ਕੀਤਾ ਜਾ ਚੁੱਕਾ ਹੈ। ਅੰਮ੍ਰਿਤਸਰ ਜ਼ਿਲੇ ਵਿਚ ਇਹ ਸਿਸਟਮ ਸ਼ੁਰੂ ਹੋਣ ਬਾਅਦ ਇਸ ਪ੍ਰਾਜੈਕਟ ਅਧੀਨ ਸਾਰਾ ਪੰਜਾਬ ਆ ਜਾਵੇਗਾ।
ਮਾਲ ਮੰਤਰੀ ਸੁਖਬਿੰਦਰ ਸਿੰਘ ਸਰਕਾਰੀਆ ਨੇ ਕਿਹਾ ਕਿ ਕਾਗਜ਼ ਮੁਕਤ ਅਤੇ ਲੋਕ ਪੱਖੀ ਇਸ ਪ੍ਰਾਜੈਕਟ ਦਾ ਲੋਕਾਂ ਨੂੰ ਫਾਇਦਾ ਮਿਲ ਰਿਹਾ ਹੈ ਅਤੇ ਜਾਇਦਾਦ ਦੀ ਰਜਿਸਟਰੀ ਲਈ ਸਮਾਂ ਲੈਣ ਦੀ 'ਤਤਕਾਲ' ਸੁਵਿਧਾ ਵੀ ਜਲਦੀ ਸ਼ੁਰੂ ਕੀਤੀ ਜਾਵੇਗੀ। ਵਧੀਕ ਮੁੱਖ ਸਕੱਤਰ-ਕਮ-ਵਿੱਤੀ ਕਮਿਸ਼ਨਰ ਮਾਲ ਵਿੰਨੀ ਮਹਾਜਨ ਨੇ ਦੱਸਿਆ ਕਿ ਇਸ ਪ੍ਰਾਜੈਕਟ ਤਹਿਤ ਹੁਣ ਤੱਕ 90486 ਆਨਲਾਈਨ ਰਜਿਸਟਰੀਆਂ ਹੋ ਚੁੱਕੀਆਂ ਹਨ। ਉਨ੍ਹਾਂ ਦੱਸਿਆ ਕਿ ਮੈਨੂਅਲ ਰਜਿਸਟ੍ਰੇਸ਼ਨ ਪ੍ਰਕਿਰਿਆ ਦੀ ਥਾਂ 'ਤੇ ਆਨਲਾਈਨ ਜਾਇਦਾਦ ਰਜਿਸਟ੍ਰੇਸ਼ਨ ਪ੍ਰਕਿਰਿਆ ਅਪਣਾਉਣ ਦੇ ਸਾਰਥਿਕ ਨਤੀਜੇ ਸਾਹਮਣੇ ਆਏ ਹਨ।
