ਆਨਲਾਈਨ ਫੋਨ ਮੰਗਵਾਉਣਾ ਪਿਆ ਮਹਿੰਗਾ, ਪਾਰਸਲ ਖੋਲ ਉੱਡੇ ਹੋਸ਼

Tuesday, Oct 15, 2019 - 11:28 PM (IST)

ਆਨਲਾਈਨ ਫੋਨ ਮੰਗਵਾਉਣਾ ਪਿਆ ਮਹਿੰਗਾ, ਪਾਰਸਲ ਖੋਲ ਉੱਡੇ ਹੋਸ਼

 

ਭਵਾਨੀਗੜ੍ਹ,(ਵਿਕਾਸ)- ਆਨਲਾਇਨ ਸ਼ਾਪਿੰਗ ਕਰਨਾ ਅੱਜ-ਕੱਲ ਲੋਕਾਂ 'ਚ ਇੱਕ ਟ੍ਰੈਂਡ ਜਿਹਾ ਬਣਿਆ ਹੋਇਆ ਹੈ, ਉੱਥੇ ਹੀ ਕਈ ਵਾਰ ਲੋਕ ਆਨਲਾਇਨ ਸ਼ਾਪਿੰਗ ਕੰਪਨੀਆਂ ਦੀ ਠੱਗੀ ਦਾ ਸ਼ਿਕਾਰ ਵੀ ਹੋ ਜਾਂਦੇ ਹਨ। ਅਜਿਹਾ ਹੀ ਇਕ ਮਾਮਲਾ ਭਵਾਨੀਗੜ੍ਹ ਜ਼ਿਲੇ 'ਚ ਦੇਖਣ ਨੂੰ ਮਿਲਿਆ ਜਿਥੇ ਇਕ ਵਿਅਕਤੀ ਨੂੰ ਆਨਲਾਈਨ ਫੋਨ ਮੰਗਵਾਉਣਾ ਮਹਿੰਗਾ ਪੈ ਗਿਆ, ਜਦ ਉਸ ਨੇ ਆਨਲਾਈਨ ਆਇਆ ਪਾਰਸਲ ਖੋਲ੍ਹ ਕੇ ਦੇਖਿਆ ਤਾਂ ਉਸ ਦੇ ਹੋਸ਼ ਉਡ ਗਏ ਕਿਉਂਕਿ ਪਾਰਸਲ 'ਚੋਂ ਮੋਬਾਇਲ ਨਹੀਂ ਬਲਕਿ 50 ਰੁਪਏ ਦਾ ਇਕ ਡੰਮੀ ਫੋਨ ਨਿਕਲਿਆ। ਜਾਣਕਾਰੀ ਮੁਤਾਬਕ ਆਨਲਾਇਨ ਸ਼ਾਪਿੰਗ ਸਾਇਟ ਤੋਂ ਇੱਕ ਗ੍ਰਾਹਕ ਨੂੰ ਮੋਬਾਇਲ ਫੋਨ ਖਰੀਦਣਾ ਉਸ ਸਮੇਂ ਮਹਿੰਗਾ ਪੈ ਗਿਆ ਜਦੋਂ ਕੰਪਨੀ ਨੇ ਹਜ਼ਾਰਾਂ ਰੁਪਏ ਦੀ ਕੀਮਤ ਦੇ ਇੱਕ ਸਮਾਰਟ ਫੋਨ ਦੇ ਬਦਲੇ ਮਹਿਜ 50 ਰੁਪਏ ਦਾ ਇੱਕ ਡੰਮੀ ਫੋਨ ਹੀ ਗ੍ਰਾਹਕ ਨੂੰ ਭੇਜ ਦਿੱਤਾ। ਇਸ ਸਬੰਧੀ ਮਲਕੀਤ ਸਿੰਘ ਪੁੱਤਰ ਹਰਦੇਵ ਸਿੰਘ ਵਾਸੀ ਪ੍ਰੀਤ ਕਲੌਨੀ ਭਵਾਨੀਗੜ੍ਹ ਨੇ ਦੱਸਿਆ ਕਿ ਉਸਨੇ ਪਿਛਲੇ ਦਿਨੀਂ ਕਰੀਬ 14 ਹਜ਼ਾਰ ਦੀ ਕੀਮਤ ਵਾਲਾ ਇਕ ਸਮਾਰਟ ਫੋਨ ਇੱਕ ਨਾਮੀ ਆਨਲਾਇਨ ਸ਼ਾਪਿੰਗ ਕੰਪਨੀ ਦੇ ਜ਼ਰਿਏ ਆਰਡਰ ਕਰਕੇ ਮੰਗਵਾਇਆ ਸੀ, ਜਿਸ ਸਬੰਧੀ ਕੰਪਨੀ ਨੇ ਬੀਤੀ 10 ਅਕਤੂਬਰ ਨੂੰ ਉਸਦੇ ਦਿੱਤੇ ਪਤੇ 'ਤੇ ਇੱਕ ਪੈਕੇਟ ਡਿਲੀਵਰ ਕੀਤਾ। ਜਿਸ 'ਚੋਂ ਮੋਬਾਇਲ ਫੋਨ ਦੀ ਥਾਂ ਪੈਕੇਟ 'ਚੋਂ ਮੋਬਾਇਲ ਦੀ ਸਿਰਫ਼ ਟੁੱਟੀ ਹੋਈ ਡੰਮੀ ਹੀ ਨਿਕਲੀ ਜਿਸ ਨੂੰ ਕੋਈ ਗ੍ਰਾਹਕ 50 ਰੁਪਏ ਵਿੱਚ ਵੀ ਨਹੀਂ ਖਰੀਦੇਗਾ।
ਗ੍ਰਾਹਕ ਮੁਤਾਬਿਕ ਸ਼ਾਪਿੰਗ ਸਾਇਟ ਕੰਪਨੀ ਦੀ ਹੈਲਪਲਾਇਨ 'ਤੇ ਸ਼ਿਕਾਇਤ ਕਰਨ 'ਤੇ ਵੀ ਉਸਦੀ ਕੋਈ ਸੁਣਵਾਈ ਨਹੀਂ ਹੋਈ। ਕਈ ਵਾਰ ਕਾਲ ਕਰਨ ਮਗਰੋਂ ਕੰਪਨੀ ਦੇ ਮੁਲਾਜ਼ਮਾਂ ਨੇ ਗ੍ਰਾਹਕ ਤੋਂ ਦੋ ਦਿਨ ਦਾ ਸਮਾਂ ਮੰਗਦਿਆਂ ਕਿਹਾ ਕਿ ਉਹ ਇਸ ਬਾਰੇ ਆਪਣੇ ਉੱਚ ਅਧਿਕਾਰੀਆਂ ਨਾਲ ਗੱਲਬਾਤ ਕਰਨਗੇ ਪਰ ਕਈ ਦਿਨ ਬੀਤ ਜਾਣ ਦੇ ਬਾਵਜੂਦ ਕੰਪਨੀ ਦੇ ਕਿਸੇ ਵੀ ਅਧਿਕਾਰੀ ਵੱਲੋਂ ਉਨ੍ਹਾਂ ਨਾਲ ਕੋਈ ਸੰਪਰਕ ਨਹੀਂ ਕੀਤਾ ਗਿਆ। ਆਪਣੇ ਨਾਲ ਹੋਈ ਠੱਗੀ ਤੇ ਕੰਪਨੀ ਵੱਲੋਂ ਦਿਖਾਏ ਜਾ ਰਿਹੇ ਗੈਰ ਜਿੰਮੇਦਾਰਾਨਾ ਰਵੱਈਏ ਤੋਂ ਨਿਰਾਸ਼ ਗ੍ਰਾਹਕ ਨੇ ਕਿਹਾ ਕਿ ਉਹ ਕੰਪਨੀ ਨੂੰ ਸਬਕ ਸਿਖਾਉਣ ਲਈ ਖਪਤਕਾਰ ਅਦਾਲਤ ਵਿੱਚ ਜਾਵੇਗਾ ਤਾਂ ਜੋ ਕਿਸੇ ਹੋਰ ਉਪਭੋਗਤਾ ਨਾਲ ਕੰਪਨੀ ਅਜਿਹੇ ਢੰਗ ਨਾਲ ਠੱਗੀ ਨਾ ਕਰ ਸਕੇ।


author

Bharat Thapa

Content Editor

Related News