ਮਨਮਾਨੇ ਢੰਗ ਨਾਲ ''ਪਿਆਜ'' ਨਹੀਂ ਰੱਖਣ ਸਕਣਗੇ ਵਿਕਰੇਤਾ

10/05/2019 11:38:23 AM

ਚੰਡੀਗੜ੍ਹ (ਸਾਜਨ) : ਪ੍ਰਸ਼ਾਸਨ ਨੇ ਸ਼ਹਿਰ 'ਚ ਜਮ੍ਹਾਂਖੋਰੀ 'ਤੇ ਸ਼ਿਕੰਜਾ ਕੱਸਦੇ ਹੋਏ ਸ਼ੁੱਕਰਵਾਰ ਨੂੰ ਸਭ ਤੋਂ ਮਹਿੰਗੇ ਚੱਲ ਰਹੇ ਪਿਆਜ ਨੂੰ ਇਕ ਲਿਮਟ ਤੱਕ ਰੱਖਣ ਦੀ ਸੀਮਾ ਤੈਅ ਕਰ ਦਿੱਤੀ ਹੈ। ਇਸ ਹੁਕਮ ਤੋਂ ਬਾਅਦ ਸਬਜ਼ੀ ਦੇ ਰਿਟੇਲ ਵਿਕਰੇਤਾ ਅਤੇ ਹੋਲਸੇਲ ਵਿਕਰੇਤਾ ਮਨਮਾਨੇ ਢੰਗ ਨਾਲ ਪਿਆਜ ਆਪਣੇ ਕੋਲ ਨਹੀਂ ਰੱਖ ਸਕਣਗੇ। ਸ਼ੁੱਕਰਵਾਰ ਤੋਂ ਪਹਿਲਾਂ ਅਜਿਹੀ ਕੋਈ ਪਾਬੰਦੀ ਨਹੀਂ ਲਾਈ ਗਈ ਸੀ।
ਸ਼ੁੱਕਰਵਾਰ ਨੂੰ ਪ੍ਰਸ਼ਾਸਨ ਵਲੋਂ ਜਾਰੀ ਨਿਰਦੇਸ਼ਾਂ ਮੁਤਾਬਕ ਕੋਈ ਵੀ ਪਿਆਜ ਦਾ ਹੋਲਸੇਲ ਵਿਕਰੇਤਾ 500 ਕੁਇੰਟਲ ਤੋਂ ਜ਼ਿਆਦਾ ਪਿਆਜ ਆਪਣੇ ਗੋਦਾਮ 'ਚ ਨਹੀਂ ਰੱਖ ਸਕੇਗਾ। ਇਸੇ ਤਰ੍ਹਾਂ ਕੋਈ ਵੀ ਸਬਜ਼ੀ ਦਾ ਰਿਟੇਲ ਵਿਕਰੇਤਾ 100 ਕੁਇੰਟਲ ਤੋਂ ਜ਼ਿਆਦਾ ਪਿਆਜ ਆਪਣੇ ਕੋਲ ਨਹੀਂ ਰੱਖ ਸਕੇਗਾ। ਪ੍ਰਸ਼ਾਸਨ ਨੇ ਚਿਤਾਵਨੀ ਵੀ ਦਿੱਤੀ ਹੈ ਕਿ ਜੇਕਰ ਕੋਈ ਹੋਲਸੇਲ ਵਿਕਰੇਤਾ ਜਾਂ ਰਿਟੇਲ ਵਿਕਰੇਤਾ ਇਨ੍ਹਾਂ ਹੁਕਮਾਂ ਦਾ ਉਲੰਘਣ ਕਰਦਾ ਹੋਇਆ ਫੜ੍ਹਿਆ ਗਿਆ ਤਾਂ ਉਸ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ। ਪ੍ਰਸ਼ਾਸਨ ਅਗਲੇ ਕੁਝ ਦਿਨਾਂ 'ਚ ਟੀਮਾਂ ਬਣਾ ਕੇ ਚੈਕਿੰਗ ਮੁਹਿੰਮ ਵੀ ਚਲਾਉਣ ਜਾ ਰਿਹਾ ਹੈ।
ਦੱਸਣਯੋਗ ਹੈ ਕਿ ਪਿਆਜ ਦੀਆਂ ਤੇਜ਼ੀ ਨਾਲ ਵਧਦੀਆਂ ਕੀਮਤਾਂ ਨੇ ਦੇਸ਼ ਭਰ 'ਚ ਲੋਕਾਂ ਲਈ ਪਰੇਸ਼ਾਨੀ ਖੜ੍ਹੀ ਕੀਤੀ ਹੋਈ ਹੈ। ਹਰ ਸਬਜ਼ੀ 'ਚ ਪੈਣ ਵਾਲਾ ਪਿਆਜ ਲੋਕਾਂ ਦੀ ਪਹੁੰਚ ਤੋਂ ਬਾਹਰ ਹੁੰਦਾ ਜਾ ਰਿਹਾ ਹੈ। ਬੀਤੇ ਦਿਨੀਂ ਪ੍ਰਸ਼ਾਸਨ ਨੇ ਲੋਕਾਂ ਨੂੰ ਰਾਹਤ ਦੇਣ ਲਈ ਸ਼ਹਿਰ ਦੀਆਂ 5 ਥਾਵਾਂ 'ਤੇ ਸਸਤੇ ਭਾਅ 'ਤੇ ਪਿਆਜ ਵੇਚਣ ਦਾ ਵੀ ਫੈਸਲਾ ਕੀਤਾ ਸੀ ਹੁਣ ਜਮ੍ਹਾਂਖੋਰਾਂ 'ਤੇ ਸ਼ਿਕੰਜਾ ਕੱਸਣ ਲਈ ਪ੍ਰਸ਼ਾਸਨ ਨੇ ਪਿਆਜ ਦੀ ਖੇਪ ਰੱਖਣ ਦੀ ਸੀਮਾ ਤੈਅ ਕਰ ਦਿੱਤੀ ਹੈ।


Babita

Content Editor

Related News