ਲੁਧਿਆਣਾ ਦੇ ਸਮਰਾਲਾ ਦੀ ਬਜ਼ੁਰਗ ਔਰਤ ਦੀ ਰਿਪੋਰਟ ਆਈ ਕੋਰੋਨਾ ਪਾਜ਼ੇਟਿਵ

Thursday, May 21, 2020 - 06:23 PM (IST)

ਸਮਰਾਲਾ (ਗਰਗ)— ਇਥੋਂ ਦੇ ਨੇੜਲੇ ਪਿੰਡ ਗੋਹ ਦੀ ਇਕ 62 ਸਾਲਾ ਬਜ਼ੁਰਗ ਔਰਤ ਦੇ ਲਏ ਗਏ ਕਰੋਨਾਂ ਟੈਸਟ ਦੀ ਰਿਪੋਰਟ ਪਾਜ਼ੇਟਿਵ ਆਈ ਹੈ। ਪਿਛਲੇ 15 ਦਿਨਾਂ ਤੋਂ ਬੀਮਾਰ ਚੱਲ ਰਹੀ ਇਸ ਔਰਤ ਨੂੰ ਹਾਲਤ ਖਰਾਬ ਹੋਣ 'ਤੇ ਇਲਾਜ਼ ਲਈ ਪੀ. ਜੀ. ਆਈ. ਚੰਡੀਗੜ੍ਹ ਭਰਤੀ ਕਰਵਾਇਆ ਗਿਆ ਹੈ। ਪ੍ਰਸਾਸ਼ਨ ਵੱਲੋਂ ਪਿੰਡ ਨੂੰ ਸੀਲ ਕੀਤੇ ਜਾਣ ਸਮੇਤ ਹੋਰ ਜ਼ਰੂਰੀ ਕਦਮ ਚੁੱਕੇ ਗਏ ਹਨ।

ਐੱਸ. ਐੱਮ. ਓ. ਮਾਨੂੰਪੁਰ ਡਾ. ਅਜੀਤ ਸਿੰਘ ਨੇ ਇਸ ਔਰਤ ਦੀ ਰਿਪੋਰਟ ਪਾਜ਼ੇਟਿਵ ਆਉਣ ਦੀ ਪੁਸ਼ਟੀ ਕਰਦੇ ਹੋਏ ਦੱਸਿਆ ਕਿ ਇਹ ਔਰਤ ਪਿਛਲੀ 5 ਮਈ ਤੋਂ ਹੀ ਬੀਮਾਰ ਸੀ ਅਤੇ ਪਿੰਡ ਦੇ ਹੀ ਕਿਸੇ ਡਾਕਟਰ ਕੋਲੋ ਦਵਾਈ ਲੈਂਦੀ ਰਹੀ। 12 ਮਈ ਨੂੰ ਕਿਸੇ ਹੋਰ ਡਾਕਟਰ ਕੋਲੋ ਚੈਕਅਪ ਕਰਵਾਇਆ ਗਿਆ ਤਾਂ ਛਾਤੀ 'ਚ ਇਨਫੈਕਸ਼ਨ ਆਉਣ 'ਤੇ ਕਰੋਨਾ ਹੋਣ ਦਾ ਸ਼ਕ ਹੋਇਆ। ਜਿਸ ਮਗਰੋਂ ਇਸ ਔਰਤ ਦਾ ਕਰੋਨਾ ਟੈਸਟ ਲਈ ਸੈਂਪਲ ਲਿਆ ਗਿਆ ਅਤੇ ਇਸ ਦੀ ਰਿਪੋਰਟ ਪਾਜ਼ੇਟਿਵ ਆ ਗਈ। ਇਹ ਵੀ ਪਤਾ ਲੱਗਿਆ ਹੈ ਕਿ ਇਹ ਔਰਤ ਨੇੜੇ ਦੇ ਪਿੰਡ ਰਸੂਲੜਾ ਵਿਖੇ ਇਕ ਵਿਆਹ ਸਮਾਗਮ 'ਚ ਸ਼ਾਮਲ ਹੋਈ ਸੀ।

ਇਸ ਤੋਂ ਇਲਾਵਾ ਪਿੰਡ ਬੇਰਕਲਾਂ ਵਿਖੇ ਕਿਸੇ ਭੋਗ ਸਮਾਗਮ 'ਚ ਵੀ ਇਸ ਔਰਤ ਵੱਲੋਂ ਸ਼ਮੂਲੀਅਤ ਕਰਨ ਦੀ ਜਾਣਕਾਰੀ ਸਾਹਮਣੇ ਆ ਰਹੀ ਹੈ। ਸਿਹਤ ਵਿਭਾਗ ਦੀਆਂ ਟੀਮਾਂ ਪਿੰਡ 'ਚ ਪਹੁੰਚ ਚੁਕੀਆਂ ਹਨ ਅਤੇ ਇਸ ਦੇ ਬਾਕੀ ਪਰਿਵਾਰਕ ਮੈਂਬਰਾਂ ਨੂੰ ਆਈਸੋਲੇਟ ਕੀਤਾ ਗਿਆ ਹੈ। ਇਸ ਔਰਤ ਦੇ ਸੰਪਰਕ 'ਚ ਆਉਣ ਵਾਲੇ ਵਿਅਕਤੀਆਂ ਦੀ ਸੂਚੀ ਵੀ ਤਿਆਰ ਕੀਤੀ ਜਾ ਰਹੀ ਹੈ।


shivani attri

Content Editor

Related News