ਔਰਤ ਦੀ ਵਾਲੀ ਝਪਟ ਕੇ ਭੱਜੇ 2 ਲੁਟੇਰਿਆਂ ''ਚੋਂ 1 ਕਾਬੂ

Saturday, Aug 12, 2017 - 12:45 AM (IST)

ਔਰਤ ਦੀ ਵਾਲੀ ਝਪਟ ਕੇ ਭੱਜੇ 2 ਲੁਟੇਰਿਆਂ ''ਚੋਂ 1 ਕਾਬੂ

ਬੁੱਲ੍ਹੋਵਾਲ, (ਰਣਧੀਰ)- ਹਰਿਆਣਾ-ਸ਼ਾਮਚੁਰਾਸੀ ਰੋਡ 'ਤੇ ਪਿੰਡ ਮਿਰਜ਼ਾਪੁਰ ਨੇੜੇ ਦੋ ਲੁਟੇਰਿਆਂ ਵੱਲੋਂ ਇਕ ਔਰਤ ਦੀ ਵਾਲੀ ਝਪਟ ਕੇ ਰਫੂਚੱਕਰ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਕੱਤਰ ਜਾਣਕਾਰੀ ਅਨੁਸਾਰ ਬੀਤੀ ਸ਼ਾਮ ਲਗਭਗ 5 ਕੁ ਵਜੇ ਲੱਕੀ ਕੁਮਾਰ ਪਿੰਡ ਗੋਰੇ ਜ਼ਿਲਾ ਕਪੂਰਥਲਾ ਆਪਣੀ ਮਾਤਾ ਚਾਂਦ ਰਾਣੀ ਨਾਲ ਮੋਟਰਸਾਈਕਲ 'ਤੇ ਪਿੰਡ ਬੱਸੀ ਵਜੀਦ ਵਿਚ ਆਪਣੇ ਰਿਸ਼ਤੇਦਾਰਾਂ ਨੂੰ ਮਿਲ ਕੇ ਵਾਪਸ ਆਪਣੇ ਪਿੰਡ ਗੇਰਾ ਨੂੰ ਜਾ ਰਿਹਾ ਸਨ। ਜਦੋਂ ਉਹ ਭੂੰਗੀ ਚੋਈ ਡਡਿਆਣਾ ਨੇੜੇ ਪਹੁੰਚੇ ਤਾਂ ਪਿੱਛਿਓਂ ਆਏ ਦੋ ਮੋਟਰਸਾਈਕਲ ਸਵਾਰ ਮਾਤਾ ਚਾਂਦ ਰਾਣੀ ਦੇ ਕੰਨਾਂ 'ਚੋਂ ਇਕ ਵਾਲੀ ਝਪਟ ਕੇ ਅੱਡਾ ਦੁਸੜਕਾ ਵੱਲ ਨੂੰ ਭੱਜੇ। 
ਲੱਕੀ ਕੁਮਾਰ ਵੱਲੋਂ ਰੌਲਾ ਪਾਉਣ 'ਤੇ ਧਾਲੀਵਾਲ ਦੇ ਇਕ ਨੌਜਵਾਨ ਦੀਪਕ ਨੇ ਲੁਟੇਰਿਆਂ ਪਿੱਛੇ ਆਪਣੀ ਗੱਡੀ ਲਾ ਦਿੱਤੀ। ਪਿੰਡ ਖਡਿਆਲਾ ਸੈਣੀਆਂ ਵਿਖੇ ਕੋਈ ਵਾਹ ਨਾ ਚਲਦੀ ਦੇਖ ਮੋਟਰਸਾਈਕਲ ਦੇ ਪਿੱਛੇ ਬੈਠੇ ਲੁਟੇਰੇ ਨੇ ਛਾਲ ਮਾਰ ਕੇ ਕਮਾਦ ਦੇ ਖੇਤ 'ਚ ਲੁਕਣ ਦੀ ਕੋਸ਼ਿਸ਼ ਕੀਤੀ। ਖਡਿਆਲਾ ਸੈਣੀਆਂ ਦੇ ਨੌਜਵਾਨਾਂ ਨੇ ਉਪਰੋਕਤ ਲੁਟੇਰੇ ਨੂੰ ਫੜ ਕੇ ਥਾਣਾ ਬੁੱਲ੍ਹੋਵਾਲ ਦੀ ਪੁਲਸ ਦੇ ਹਵਾਲੇ ਕਰ ਦਿੱਤਾ, ਜਦਕਿ ਮੋਟਰਸਾਈਕਲ ਚਾਲਕ ਭੱਜਣ 'ਚ ਸਫ਼ਲ ਰਿਹਾ। ਖ਼ਬਰ ਲਿਖੇ ਜਾਣ ਤੱਕ ਪੁਲਸ ਥਾਣਾ ਬੁੱਲ੍ਹੋਵਾਲ ਵੱਲੋਂ ਕਾਬੂ ਲੁਟੇਰੇ ਤੋਂ ਪੁੱਛਗਿੱਛ ਜਾਰੀ ਸੀ।


Related News