3 ਪਿਸਤੌਲਾਂ ਤੇ 6 ਜ਼ਿੰਦਾ ਰੌਂਦ ਸਣੇ 1 ਨੌਜਵਾਨ ਗ੍ਰਿਫ਼ਤਾਰ, ਵੱਡੀ ਵਾਰਦਾਤ ਲਈ ਗੈਂਗਸਟਰਾਂ ਨੂੰ ਕਰਨੇ ਸੀ ਸਪਲਾਈ
Sunday, Jul 17, 2022 - 11:05 AM (IST)
ਮੁਕੇਰੀਆਂ (ਨਾਗਲਾ)- ਐੱਸ. ਐੱਸ. ਪੀ. ਹੁਸ਼ਿਆਰਪੁਰ ਸਰਤਾਜ ਸਿੰਘ ਚਾਹਲ ਵੱਲੋਂ ਜਾਰੀ ਦਿਸ਼ਾ-ਨਿਰਦੇਸ਼ ਅਨੁਸਾਰ ਐੱਸ. ਪੀ. ਇਨਵੈਸਟੀਗੇਸ਼ਨ ਮਨਪ੍ਰੀਤ ਸਿੰਘ ਢਿੱਲੋਂ, ਡੀ. ਐੱਸ. ਪੀ. ਕੁਲਵਿੰਦਰ ਸਿੰਘ ਵਿਰਕ, ਡੀ. ਐੱਸ. ਪੀ. (ਡੀ) ਰਜੇਸ਼ ਕੱਕੜ ਦੀ ਅਗਵਾਈ ਹੇਠ ਗੈਂਗਸਟਰਾਂ ’ਤੇ ਸ਼ਿਕੰਜਾ ਕੱਸਣ ਦੇ ਮਕਸਦ ਨਾਲ ਮੁਹਿੰਮ ਸ਼ੁਰੂ ਕੀਤੀ ਗਈ ਹੈ। ਇਸ ਮੁਹਿੰਮ ਤਹਿਤ ਥਾਣਾ ਇੰਚਾਰਜ ਹਰਜਿੰਦਰ ਸਿੰਘ ਰੰਧਾਵਾ ਅਤੇ ਸੀ. ਆਈ. ਏ. ਸਟਾਫ਼ ਦੇ ਇੰਚਾਰਜ ਬਲਵਿੰਦਰ ਪਾਲ ਦੀ ਸਾਂਝੀ ਕਾਰਵਾਈ ਦੌਰਾਨ ਐੱਸ. ਆਈ. ਗੁਰਸੇਵਕ ਸਿੰਘ ਨੇ ਵਿਸ਼ਾਲ ਉਰਫ਼ ਸ਼ਾਲਾ ਪੁੱਤਰ ਰਾਜ ਗੋਪਾਲ ਵਾਸੀ ਮਨਸੂਰਪੁਰ (ਮੁਕੇਰੀਆਂ) ਨੂੰ ਟਾਂਡਾ ਰਾਮ ਸਹਾਏ ਮੋੜ ਵਿਖੇ ਕਾਬੂ ਕਰਕੇ ਉਸ ਦੇ ਕਬਜ਼ੇ ’ਚੋਂ 3 ਪਿਸਤੌਲ 32 ਬੋਰ ਅਤੇ 6 ਜ਼ਿੰਦਾ ਰੌਂਦ ਬਰਾਮਦ ਕਰਨ ’ਚ ਸਫ਼ਲਤਾ ਹਾਸਲ ਕੀਤੀ ਹੈ।
ਇਹ ਵੀ ਪੜ੍ਹੋ: ਭੈਣ ਨੂੰ ਛੱਡ ਕੇ ਘਰ ਵਾਪਸ ਜਾ ਰਹੇ ਭਰਾ ਨਾਲ ਵਾਪਰੇ ਭਾਣੇ ਨੇ ਘਰ 'ਚ ਪੁਆਏ ਵੈਣ
ਇਸ ਸਬੰਧੀ ਆਯੋਜਿਤ ਪ੍ਰੈੱਸ ਕਾਨਫ਼ਰੰਸ ਦੌਰਾਨ ਜਾਣਕਾਰੀ ਦਿੰਦਿਆਂ ਡੀ. ਐੱਸ. ਪੀ. (ਡੀ) ਰਾਜੇਸ਼ ਕੱਕੜ ਨੇ ਦੱਸਿਆ ਕਿ ਕਾਬੂ ਕੀਤੇ ਨੌਜਵਾਨ ਵਿਸ਼ਾਲ ਕੁਮਾਰ ਖ਼ਿਲਾਫ਼ ਪਹਿਲਾਂ ਵੀ ਧਾਰਾ 302 ਅਤੇ 307 ਤਹਿਤ ਕੇਸ ਦਰਜ ਹਨ, ਜਿਸ ਕਾਰਨ ਉਹ ਅੱਜਕਲ੍ਹ ਜ਼ਮਾਨਤ ’ਤੇ ਆਇਆ ਹੋਇਆ ਸੀ। ਉਨ੍ਹਾਂ ਨੇ ਦੱਸਿਆ ਕਿ ਇਹ ਫੜੇ ਗਏ ਨਾਜਾਇਜ਼ ਹਥਿਆਰ ਨੌਜਵਾਨ ਨੇ ਕਿਸੇ ਗੈਂਗਵਾਰ ਵਿਚ ਵਰਤਣ ਅਤੇ ਗੈਂਗਸਟਰਾਂ ਨੂੰ ਸਪਲਾਈ ਕਰਨ ਲਈ ਰੱਖੇ ਹੋਏ ਸਨ।
ਉਨ੍ਹਾਂ ਦੱਸਿਆ ਕਿ ਫੜੇ ਗਏ ਨੌਜਵਾਨ ਤੋਂ ਪੁੱਛਗਿੱਛ ਲਈ ਮਾਣਯੋਗ ਅਦਾਲਤ ਵਿਚ ਪੇਸ਼ ਕਰਕੇ 2 ਦਿਨ ਦਾ ਰਿਮਾਂਡ ਹਾਸਲ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਪੁੱਛਗਿੱਛ ਦੌਰਾਨ ਹੋਰ ਵੀ ਖ਼ੁਲਾਸੇ ਹੋਣ ਦੀ ਸੰਭਾਵਨਾ ਹੈ। ਇਸ ਤੋਂ ਇਲਾਵਾ ਕਾਬੂ ਕੀਤੇ ਗਏ ਇਕ ਹੋਰ ਦੋਸ਼ੀ ਸਬੰਧੀ ਜਾਣਕਾਰੀ ਦਿੰਦੇ ਹੋਏ ਉਨ੍ਹਾਂ ਦੱਸਿਆ ਕਿ ਮਾਣਯੋਗ ਅਦਾਲਤ ਵੱਲੋਂ ਭਗੌੜਾ ਕਰਾਰ ਦਿੱਤੇ ਜਸਕਰਨ ਸਿੰਘ ਪੁੱਤਰ ਦਰਸ਼ਨ ਸਿੰਘ ਵਾਸੀ ਬਿਸ਼ਨਪੁਰ (ਮੁਕੇਰੀਆਂ) ਨੂੰ ਵੀ ਮੁਕੇਰੀਆਂ ਪੁਲਸ ਅਤੇ ਸੀ. ਆਈ. ਏ. ਸਟਾਫ਼ ਦੀ ਸਾਂਝੀ ਟੀਮ ਨੇ ਕਾਬੂ ਕਰਨ ’ਚ ਸਫ਼ਲਤਾ ਹਾਸਲ ਕੀਤੀ ਹੈ | ਉਨ੍ਹਾਂ ਨੇ ਦੱਸਿਆ ਕਿ ਜਸਕਰਨ ਸਿੰਘ ਮੁਕੇਰੀਆਂ ਪੁਲਸ ਨੂੰ ਧਾਰਾ 365 ਤਹਿਤ ਇਕ ਹੋਰ ਕੇਸ ਵਿਚ ਲੋੜੀਂਦਾ ਸੀ, ਜੋ ਅਕਸਰ ਆਪਣਾ ਪਤਾ ਬਦਲਦਾ ਰਹਿੰਦਾ ਸੀ।
ਇਹ ਵੀ ਪੜ੍ਹੋ: ਜਲੰਧਰ ਵਿਖੇ STF ਵੱਲੋਂ ਮਾਰੇ ਛਾਪੇ ਦੌਰਾਨ ਮਕਾਨ ਮਾਲਕ ਦੀ ਮੌਤ, ਪਰਿਵਾਰ ਨੇ ਲਾਏ ਗੰਭੀਰ ਦੋਸ਼
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ