ਪੁਲਸ ਨੇ ਯੂ. ਪੀ. ਤੋਂ ਆਈ ਇਕ ਕਿਲੋ ਅਫੀਮ ਫੜੀ, 2 ਗ੍ਰਿਫਤਾਰ

07/01/2018 6:50:01 AM

ਜਲੰਧਰ, (ਮਹੇਸ਼)- ਐੱਸ. ਟੀ. ਐੱਫ. ਅਤੇ ਥਾਣਾ ਪਤਾਰਾ ਦੀ ਪੁਲਸ ਨੇ ਸੰਯੁਕਤ ਰੂਪ ਨਾਲ ਯੂ. ਪੀ. ਤੋਂ ਆਈ ਇਕ ਕਿਲੋ ਅਫੀਮ ਬਰਾਮਦ ਕਰਦੇ ਹੋਏ 2 ਸਮੱਗਲਰਾਂ ਨੂੰ ਗ੍ਰਿਫਤਾਰ ਕੀਤਾ ਹੈ, ਜੋ ਕਿ ਯੂ. ਪੀ. ਦੇ ਰਹਿਣ ਵਾਲੇ ਹਨ। ਉਨ੍ਹਾਂ ਨੇ ਇਹ ਅਫੀਮ ਤੱਲ੍ਹਣ ਦੇ ਨੇੜੇ ਕਿਸੇ ਨੂੰ ਸਪਲਾਈ ਕਰਨੀ ਸੀ, ਜਿਸ ਦੀ ਸੂਚਨਾ ਪਹਿਲਾਂ ਹੀ ਪੁਲਸ ਦੇ ਹੱਥ ਲੱਗ ਗਈ ਅਤੇ ਪੁਲਸ ਨੇ ਉਨ੍ਹਾਂ ਨੂੰ ਆਪਣੀ ਮੰਜ਼ਿਲ 'ਤੇ ਪਹੁੰਚਣ ਤੋਂ ਪਹਿਲਾਂ ਹੀ ਫੜ ਲਿਆ। 
ਉਕਤ ਜਾਣਕਾਰੀ ਦਿੰਦੇ ਹੋਏ ਐੱਸ. ਐੱਚ. ਓ. ਪਤਾਰਾ ਸਤਪਾਲ ਸਿੱਧੂ ਨੇ ਦੱਸਿਆ ਕਿ ਏ. ਐੱਸ. ਆਈ. ਜੋਗਿੰਦਰ ਸਿੰਘ, ਏ. ਐੱਸ. ਆਈ. ਕੇਵਲ ਸਿੰਘ, ਏ. ਐੱਸ. ਆਈ. ਰਾਮ ਪ੍ਰਕਾਸ਼ ਵਲੋਂ ਪੂਰਨਪੁਰ ਨੇੜਿਓਂ ਫੜੇ ਗਏ ਅਫੀਮ ਸਮੱਗਲਰਾਂ ਦੀ ਪਛਾਣ ਸਤਵੰਤ ਸਿੰਘ ਉਰਫ ਸੰਤ ਪੁੱਤਰ ਜੋਗਿੰਦਰ ਸਿੰਘ ਵਾਸੀ ਮਹਿਤੋਸ਼, ਥਾਣਾ ਖਜੂਰੀਆ ਜ਼ਿਲਾ ਰਾਮਪੁਰ ਯੂ. ਪੀ. ਤੇ ਜੈ ਕਿਸ਼ੋਰ ਪੁੱਤਰ ਦਾਤਾ ਰਾਮ ਵਾਸੀ ਪਿੰਡ ਬਰਮੋਹਗ ਥਾਣਾ ਸਾਹੀ ਜ਼ਿਲਾ ਬਰੇਲੀ ਯੂ. ਪੀ. ਵਜੋਂ ਹੋਈ ਹੈ। ਐੱਸ. ਐੱਚ. ਓ. ਸਤਪਾਲ ਸਿੱਧੂ ਨੇ ਦੱਸਿਆ ਕਿ ਮੁਲਜ਼ਮਾਂ ਖਿਲਾਫ ਥਾਣਾ ਪਤਾਰਾ/ਆਦਮਪੁਰ ਵਿਚ ਐੱਨ. ਡੀ. ਪੀ. ਐੱਸ. ਐਕਟ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ। ਹੁਣ ਤਕ ਦੀ ਜਾਂਚ 'ਚ ਪਤਾ ਲੱਗਾ ਹੈ ਕਿ ਦੋਵੇਂ ਯੂ. ਪੀ. ਤੋਂ ਸਸਤੇ ਰੇਟ 'ਤੇ ਅਫੀਮ ਲਿਆ ਕੇ ਪੰਜਾਬ 'ਚ ਮਹਿੰਗੇ ਰੇਟਾਂ 'ਤੇ ਸਪਲਾਈ ਕਰਦੇ ਸਨ। ਥਾਣਾ ਮੁਖੀ ਪਤਾਰਾ ਨੇ ਕਿਹਾ ਕਿ ਮੁਲਜ਼ਮਾਂ ਨੂੰ ਕੱਲ ਮਾਣਯੋਗ ਅਦਾਲਤ 'ਚ ਪੇਸ਼ ਕਰ ਕੇ ਪੁਲਸ ਰਿਮਾਂਡ ਹਾਸਲ ਕੀਤਾ ਜਾਵੇਗਾ ਤਾਂ ਜੋ ਉਨ੍ਹਾਂ ਦੇ ਇਸ ਗੈਰ-ਕਾਨੂੰਨੀ ਧੰਦੇ ਨਾਲ ਜੁੜੇ ਹੋਰ ਲੋਕਾਂ ਨੂੰ ਬੇਨਕਾਬ ਕੀਤਾ ਜਾ ਸਕੇ। 


Related News