ਕਦੇ ਅਕਾਲੀਆਂ ਦੇ ਦੁਸ਼ਮਣ ਰਹੇ 3 BJP ਆਗੂ ਗਠਜੋੜ ਲਈ ਲਾ ਰਹੇ ਪੂਰਾ ਜ਼ੋਰ, ਪੜ੍ਹੋ ਪੂਰੀ ਖ਼ਬਰ
Saturday, Feb 10, 2024 - 04:38 PM (IST)
ਚੰਡੀਗੜ੍ਹ : ਇਕ ਸਮੇਂ ਦੌਰਾਨ ਸ਼੍ਰੋਮਣੀ ਅਕਾਲੀ ਦਲ ਖ਼ਾਸ ਕਰਕੇ ਬਾਦਲ ਪਰਿਵਾਰ ਦੇ ਕੱਟੜ ਦੁਸ਼ਮਣ ਰਹਿ ਚੁੱਕੇ ਕੈਪਟਨ ਅਮਰਿੰਦਰ ਸਿੰਘ, ਸੁਨੀਲ ਜਾਖੜ ਅਤੇ ਮਨਪ੍ਰੀਤ ਬਾਦਲ ਹੁਣ ਭਾਜਪਾ ਅਤੇ ਅਕਾਲੀ ਦਲ ਵਿਚਾਲੇ ਦੁਬਾਰਾ ਗਠਜੋੜ ਕਰਾਉਣ ਨੂੰ ਲੈ ਕੇ ਅਹਿਮ ਭੂਮਿਕਾ ਨਿਭਾਅ ਰਹੇ ਹਨ। ਦੋਹਾਂ ਪਾਰਟੀਆਂ ਦੇ ਆਗੂ ਹਿੰਦੂ-ਸਿੱਖ ਭਾਈਚਾਰਾ ਮਜ਼ਬੂਤ ਕਰਨ 'ਤੇ ਜ਼ੋਰ ਦੇ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ ਆਉਣ ਵਾਲੇ ਦਿਨਾਂ ਦੌਰਾਨ ਕੀਤੇ ਜਾਣ ਵਾਲਾ ਗਠਜੋੜ ਦਾ ਐਲਾਨ ਇਸ 'ਤੇ ਹੀ ਆਧਾਰਿਤ ਹੋਵੇਗਾ। ਗਠਜੋੜ ਦੌਰਾਨ ਕੈਪਟਨ ਅਮਰਿੰਦਰ ਸਿੰਘ ਜੋ ਕਿ ਇਸ ਵੇਲੇ ਭਾਜਪਾ 'ਚ ਹਨ, ਅਕਾਲੀ ਦਲ ਦੇ ਸੁਖਬੀਰ ਬਾਦਲ ਨਾਲ ਮੰਚ ਸਾਂਝਾ ਕਰਦੇ ਦਿਖਣਗੇ।
ਇਹ ਵੀ ਪੜ੍ਹੋ : PSEB ਦੀਆਂ ਪ੍ਰੀਖਿਆਵਾਂ ਲਈ ਆਬਜ਼ਰਵਰਾਂ ਨੂੰ ਸਖ਼ਤ ਹੁਕਮ ਜਾਰੀ, ਨਾ ਮੰਨਣ 'ਤੇ ਹੋਵੇਗੀ ਕਾਰਵਾਈ
ਸੁਖਬੀਰ ਬਾਦਲ ਦੇ ਚਚੇਰੇ ਭਰਾ ਮਨਪ੍ਰੀਤ ਬਾਦਲ ਨੇ ਅਕਾਲੀ ਦਲ ਨੂੰ ਛੱਡ ਕੇ ਪੀਪਲਜ਼ ਪਾਰਟੀ ਆਫ ਪੰਜਾਬ (ਪੀਪੀਪੀ) ਬਣਾਈ ਸੀ ਅਤੇ ਬਾਅਦ 'ਚ ਉਹ ਕਾਂਗਰਸ 'ਚ ਸ਼ਾਮਲ ਹੋ ਗਏ ਹਨ। ਪਿਛਲੇ ਸਾਲ ਮਨਪ੍ਰੀਤ ਬਾਦਲ ਭਾਜਪਾ 'ਚ ਸ਼ਾਮਲ ਹੋ ਗਏ ਅਤੇ ਗਠਜੋੜ ਤੋਂ ਬਾਅਦ ਉਨ੍ਹਾਂ ਦਾ ਵੀ ਅਕਾਲੀਆਂ ਨਾਲ ਦੁਬਾਰਾ ਮੇਲ ਹੋ ਜਾਵੇਗਾ। ਸੂਤਰਾਂ ਦਾ ਕਹਿਣਾ ਹੈ ਕਿ ਮਨਪ੍ਰੀਤ ਬਾਦਲ ਨੇ ਕੈਪਟਨ ਅਤੇ ਸੁਨੀਲ ਜਾਖੜ ਦੀ ਹਮਾਇਤ ਨਾਲ ਅਕਾਲੀ ਦਲ ਅਤੇ ਭਾਜਪਾ ਵਿਚਾਲੇ ਮਤਭੇਦ ਦੂਰ ਕਰ ਦਿੱਤੇ ਹਨ।
ਇਹ ਵੀ ਪੜ੍ਹੋ : ਪੰਜਾਬ ਦਾ Main Highway ਰਹੇਗਾ ਬੰਦ, ਘਰੋਂ ਨਿਕਲ ਰਹੇ ਹੋ ਤਾਂ ਪਹਿਲਾਂ ਪੜ੍ਹੋ ਪੂਰੀ ਖ਼ਬਰ
ਪਿਛਲੇ 10 ਦਿਨਾਂ ਦੌਰਾਨ ਭਾਜਪਾ ਦੀ ਕੇਂਦਰੀ ਲੀਡਰਸ਼ਿਪ ਅਤੇ ਅਕਾਲੀ ਦਲ ਦੇ ਆਗੂਆਂ ਸਮੇਤ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ, ਪ੍ਰੇਮ ਸਿੰਘ ਚੰਦੂਮਾਜਰਾ, ਬੀ. ਐੱਸ. ਭੂੰਦੜ ਅਤੇ ਸਿਕੰਦਰ ਸਿੰਘ ਮਲੂਕਾ ਨੇ ਕਈ ਦੌਰ ਦੀਆਂ ਮੀਟਿੰਗਾਂ ਕੀਤੀਆਂ ਹਨ। ਹਾਲਾਂਕਿ ਇਸ ਬਾਰੇ ਅਕਾਲੀਆਂ ਦੀ ਨਾਂਹ-ਨੁੱਕਰ ਸੀ ਪਰ ਭਾਜਪਾ ਦੇ ਸੂਤਰਾਂ ਨੇ ਮੀਟਿੰਗਾਂ ਅਤੇ ਸਮਝੌਤੇ ਦੀਆਂ ਉੱਚ ਸੰਭਾਵਨਾਵਾਂ ਦੀ ਪੁਸ਼ਟੀ ਕੀਤੀ ਹੈ। ਇਹ ਵੀ ਕਿਹਾ ਜਾ ਰਿਹਾ ਹੈ ਕਿ ਅਕਾਲੀ ਦਲ ਪੰਜਾਬ 'ਚ ਭਾਜਪਾ ਦੀ ਇੱਛਾ ਮੁਤਾਬਕ ਸੀਟ ਸ਼ੇਅਰਿੰਗ ਲਈ ਤਿਆਰ ਹੈ। ਸੂਤਰਾਂ ਦੇ ਮੁਤਾਬਕ ਇਸ ਦੇ ਨਾਲ ਹੀ ਪੰਜਾਬ ਦੇ ਰਵਾਇਤੀ ਭਾਜਪਾ ਆਗੂ ਅਤੇ ਆਰ. ਐੱਸ. ਐੱਸ. ਇਸ ਗਠਜੋੜ ਦੇ ਖ਼ਿਲਾਫ਼ ਹੈ।
ਉਕਤ ਆਗੂਆਂ ਦਾ ਕਹਿਣਾ ਹੈ ਕਿ ਪਾਰਟੀ ਦੇ ਆਪਣੇ ਦਮ 'ਤੇ ਕੁੱਝ ਸੀਟਾਂ ਜਿੱਤਣ ਦੀਆਂ ਸੰਭਾਵਨਾਵਾਂ ਹਨ ਅਤੇ ਪਾਰਟੀ ਨੂੰ ਇਕ ਬਣਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਸੂਤਰਾਂ ਦੇ ਮੁਤਾਬਕ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਭਾਜਪਾ 'ਚ ਸ਼ਾਮਲ ਹੋਏ ਕਾਂਗਰਸੀ ਆਗੂਆਂ ਦੇ ਇਕ ਧੜੇ ਦਾ ਇਹ ਮੰਨਣਾ ਹੈ ਕਿ ਅਕਾਲੀ ਦਲ ਨਾਲ ਗਠਜੋੜ ਕਰਕੇ ਹੀ ਆਮ ਆਦਮੀ ਪਾਰਟੀ ਲਈ ਚੁਣੌਤੀ ਪੈਦਾ ਕੀਤੀ ਜਾ ਸਕਦੀ ਹੈ, ਜੋ ਕਿ 2022 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਵੱਡੇ ਫ਼ਤਵੇ ਨਾਲ ਸੱਤਾ 'ਚ ਆਈ ਹੈ। ਇਹ ਵੀ ਪਤਾ ਲੱਗਿਆ ਹੈ ਕਿ ਭਾਜਪਾ ਪੰਜਾਬ 'ਚ 6 ਜਾਂ ਇਸ ਤੋਂ ਜ਼ਿਆਦਾ ਲੋਕ ਸਭਾ ਸੀਟਾਂ 'ਤੇ ਚੋਣ ਲੜ ਸਕਦੀ ਹੈ।
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8