15ਵੇਂ ਦਿਨ 665 ਸ਼ਰਧਾਲੂਆਂ ਨੇ ਕੀਤੇ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਦੀਦਾਰ
Sunday, Nov 24, 2019 - 01:14 AM (IST)
ਡੇਰਾ ਬਾਬਾ ਨਾਨਕ,(ਵਤਨ)- ਅੱਜ ਭਾਰਤ-ਪਾਕਿ ਕੌਮਾਂਤਰੀ ਸਰਹੱਦ 'ਤੇ ਬਣੇ ਕਰਤਾਰਪੁਰ ਸਾਹਿਬ ਲਾਂਘੇ ਰਾਹੀਂ ਪਾਕਿਸਤਾਨ ਸਥਿਤ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ 15ਵੇਂ ਦਿਨ 665 ਸ਼ਰਧਾਲੂਆਂ ਨੇ ਪਾਕਿਸਤਾਨ ਜਾ ਕੇ ਗੁ. ਕਰਤਾਰਪੁਰ ਸਾਹਿਬ ਦੇ ਦਰਸ਼ਨ ਦੀਦਾਰ ਕੀਤੇ ਅਤੇ ਬਾਕੀ ਦਿਨਾਂ ਦੇ ਮੁਕਾਬਲੇ ਅੱਜ ਸੰਗਤਾਂ ਦੀ ਗਿਣਤੀ ਤਸੱਲੀਬਖਸ਼ ਰਹੀ ਅਤੇ ਕਰਤਾਰਪੁਰ ਦਰਸ਼ਨ ਸਥੱਲ 'ਤੇ ਵੀ ਵੱਡੀ ਗਿਣਤੀ ਵਿਚ ਸੰਗਤਾਂ ਨੇ ਪਹੁੰਚ ਕੇ ਦੂਰੋਂ ਹੀ ਪਾਕਿਸਤਾਨ ਸਥਿਤ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਦੀਦਾਰ ਕੀਤੇ, ਿਜਸ 'ਚ ਸਕੂਲਾਂ ਵੱਲੋਂ ਪੜ੍ਹਦੇ ਬੱਚਿਆਂ ਨੂੰ ਵੀ ਕਰਤਾਰਪੁਰ ਲਾਂਘੇ 'ਤੇ ਲਿਆ ਕੇ ਗੁ. ਕਰਤਾਰਪੁਰ ਸਾਹਿਬ ਦੇ ਦੂਰੋਂ ਦਰਸ਼ਨ ਦੀਦਾਰ ਕਰਵਾਏ ਗਏ।
ਇਥੇ ਤੁਹਾਨੂੰ ਦੱਸ ਦਈਏ ਕਿ ਪਿਛਲੇ ਕਾਫੀ ਦਿਨਾਂ ਤੋਂ ਸੰਗਤਾਂ ਦੀ ਗਿਣਤੀ ਵਿਚ ਕਾਫੀ ਗਿਰਾਵਟ ਆ ਗਈ ਸੀ ਅਤੇ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਗੁੰਝਲਦਾਰ ਪ੍ਰਕਿਰਿਆ ਕਾਰਣ ਸੰਗਤਾਂ ਵਿਚ ਨਿਰਾਸ਼ਾ ਫੈਲ ਗਈ ਸੀ ਪਰ ਜਿਉਂ-ਜਿਉਂ ਦਿਨ ਬੀਤ ਰਹੇ ਹਨ ਕਈ ਸਮਾਜਿਕ, ਧਾਰਮਿਕ ਸੰਸਥਾਵਾਂ ਸੰਗਤਾਂ ਨੂੰ ਕਰਤਾਰਪੁਰ ਦਰਸ਼ਨਾਂ ਲਈ ਆਨਲਾਈਨ ਅਪਲਾਈ ਕਰਨ ਦੀਆਂ ਸੇਵਾਵਾਂ ਦੇਣ ਲੱਗ ਪਈਆਂ ਹਨ ਅਤੇ ਭਾਰਤ ਸਰਕਾਰ ਵੱਲੋਂ ਵੀ ਸਾਫ ਕਰ ਦਿੱਤਾ ਗਿਆ ਹੈ ਕਿ ਪਾਸਪੋਰਟ ਰਾਹੀਂ ਹੀ ਸੰਗਤਾਂ ਕਰਤਾਰਪੁਰ ਸਾਹਿਬ ਜਾ ਕੇ ਦਰਸ਼ਨ ਦੀਦਾਰ ਕਰ ਸਕਣਗੀਆਂ।
ਇਸ ਲਈ ਸੰਗਤ ਹੁਣ ਆਨਲਾਈਨ ਅਪਲਾਈ ਕਰਨ ਲੱਗ ਪਈ ਹੈ ਅਤੇ ਆਪਣੀ ਵਾਰੀ ਦੀ ਉਡੀਕ ਕਰਦੀ ਨਜ਼ਰ ਆ ਰਹੀ ਹੈ। ਦੂਸਰੇ ਪਾਸੇ ਭਾਰਤ ਸਰਕਾਰ ਵੱਲੋਂ ਵੀ ਡੇਰਾ ਬਾਬਾ ਨਾਨਕ ਵਿਚ ਪਾਸੋਪਰਟ ਸੇਵਾ ਕੇਂਦਰ ਖੋਲ੍ਹਣ ਨਾਲ ਸੰਗਤਾਂ ਨੂੰ ਭਾਰੀ ਸਹੂਲਤ ਮਿਲੇਗੀ।