ਪੰਜਾਬ ਪਹੁੰਚਿਆ ਓਮੀਕ੍ਰੋਨ ਵੇਰੀਐਂਟ, ਪੂਰੇ ਦੇਸ਼ ’ਚ 781 ਮਾਮਲੇ

Thursday, Dec 30, 2021 - 01:16 AM (IST)

ਚੰਡੀਗੜ੍ਹ/ਨਵੀਂ ਦਿੱਲੀ/ਮੁੰਬਈ(ਬਿਊਰੋ)– ਕੋਰੋਨਾ ਦਾ ਓਮੀਕ੍ਰੋਨ ਵੇਰੀਐਂਟ ਪੰਜਾਬ ਵਿਚ ਵੀ ਆ ਧਮਕਿਆ ਹੈ। ਸੂਬੇ ਵਿਚ ਓਮੀਕ੍ਰੋਨ ਕਾਰਨ ਇਨਫੈਕਸ਼ਨ ਦਾ ਪਹਿਲਾ ਮਾਮਲਾ ਸਾਹਮਣੇ ਆਇਆ ਹੈ। 36 ਸਾਲ ਦਾ ਇਕ ਵਿਅਕਤੀ 4 ਦਸੰਬਰ ਨੂੰ ਸਪੇਨ ਤੋਂ ਪੰਜਾਬ ਆਇਆ ਸੀ। ਉਹ ਨਵਾਂਸ਼ਹਿਰ ਵਿਚ ਆਪਣੇ ਰਿਸ਼ਤੇਦਾਰ ਕੋਲ ਗਿਆ ਸੀ। ਭਾਰਤ ਪਹੁੰਚਣ ਦੇ ਤੁਰੰਤ ਬਾਅਦ ਉਸਦੀ ਜਾਂਚ ਦੌਰਾਨ ਇਨਫੈਕਸ਼ਨ ਦੀ ਪੁਸ਼ਟੀ ਨਹੀਂ ਹੋਈ ਸੀ। 12 ਦਸੰਬਰ ਨੂੰ ਉਸਦੀ ਜਾਂਚ ਕਰਨ ’ਤੇ ਇਨਫੈਕਸ਼ਨ ਪਾਈ ਗਈ। ਇਸ ਪਿੱਛੋਂ ਉਸਨੂੰ ਹਸਪਤਾਲ ਵਿਚ ਦਾਖਲ ਕਰਵਾ ਕੇ ਉਸਦੇ ਨਮਨਿਆਂ ਨੂੰ ਜੀਨੋਮ ਸੀਕੁਐਂਸਿੰਗ ਲਈ ਪਟਿਆਲਾ ਦੇ ਸਰਕਾਰੀ ਮੈਡੀਕਲ ਕਾਲਜ ਵਿਚ ਭੇਜਿਆ ਗਿਆ। ਕੋਵਿਡ-19 ਲਈ ਰਾਜ ਨਿਗਰਾਨੀ ਅਧਿਕਾਰੀ ਡਾ. ਰਾਜੀਵ ਭਾਸਕਰ ਨੇ ਦੱਸਿਆ ਕਿ 28 ਦਸੰਬਰ ਨੂੰ ਆਈ ਜੀਨੋਮ ਸੀਕੁਐਂਸਿੰਗ ਰਿਪੋਰਟ ਵਿਚ ਉਸਦੇ ਓਮੀਕ੍ਰੋਨ ਤੋਂ ਪੀੜਤ ਹੋਣ ਦੀ ਪੁਸ਼ਟੀ ਹੋਈ ਹੈ।

ਇਹ ਵੀ ਪੜ੍ਹੋ- Year Ender 2021: ਪੰਜਾਬ ਦੇ ਇਸ ਜ਼ਿਲ੍ਹੇ ਲਈ ਬੇਹੱਦ ਦੁਖਦ ਰਿਹਾ ਇਹ ਸਾਲ
ਇਸ ਦੌਰਾਨ ਦੇਸ਼ ਵਿਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਦੇ 9195 ਨਵੇਂ ਮਾਮਲੇ ਸਾਹਮਣੇ ਆਏ ਹਨ। 302 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਪੂਰੇ ਦੇਸ਼ ਵਿਚ ਹੁਣ ਤੱਕ ਕੋਰੋਨਾ ਦੇ ਨਵੇਂ ਵੇਰੀਐਂਟ ਓਮੀਕ੍ਰੋਨ ਦੇ ਕੁੱਲ 781 ਮਾਮਲੇ ਦਰਜ ਹੋਏ ਹਨ। ਮੌਜੂਦਾ ਸਮੇਂ ਵਿਚ ਦੇਸ਼ ਵਿਚ ਸਭ ਤੋਂ ਵੱਧ ਸਰਗਰਮ ਮਾਮਲੇ ਕੇਰਲ ਵਿਚ ਹਨ। ਓਧਰ ਦਿੱਲੀ ਦੇ ਸਿਹਤ ਮੰਤਰੀ ਸਤੇਂਦਰ ਜੈਨ ਨੇ ਕਿਹਾ ਹੈ ਕਿ ਕੌਮਾਂਤਰੀ ਉਡਾਣਾਂ ਕਾਰਨ ਕੋਵਿਡ-19 ਦੇ ਮਾਮਲੇ ਵਧ ਰਹੇ ਹਨ।
ਉਨ੍ਹਾਂ ਕਿਹਾ ਕਿ ਕਈ ਕੌਮਾਂਤਰੀ ਮੁਸਾਫਿਰ ਜਿਨ੍ਹਾਂ ਦੀ ਹਵਾਈ ਅੱਡੇ ’ਤੇ ਜਾਂਚ ਰਿਪੋਰਟ ਨੈਗੇਟਿਵ ਆਈ ਸੀ, ਕੁਝ ਦਿਨ ਬਾਅਦ ਇਨਫੈਕਸ਼ਨ ਦਾ ਸ਼ਿਕਾਰ ਪਾਏ ਜਾ ਰਹੇ ਹਨ। ਇਸ ਮਿਆਦ ਦੌਰਾਨ ਉਨ੍ਹਾਂ ਦੇ ਪਰਿਵਾਰ ਦੇ ਮੈਂਬਰ ਵੀ ਪੀੜਤ ਹੋ ਰਹੇ ਹਨ। ਦਿੱਲੀ ਵਿਚ ਬੁੱਧਵਾਰ ਰਾਤ ਤੱਕ ਓਮੀਕ੍ਰੋਨ ਦੇ 238 ਮਾਮਲੇ ਆ ਚੁੱਕੇ ਸਨ। ਇਕ ਦਿਨ ਪਹਿਲਾਂ ਵਾਇਰਸ ਦੇ ਨਵੇਂ ਵੇਰੀਐਂਟ ਦੇ 165 ਮਾਮਲੇ ਸਾਹਮਣੇ ਆਏ ਸਨ।

ਇਹ ਵੀ ਪੜ੍ਹੋ- ਆਬਕਾਰੀ ਵਿਭਾਗ ਦੀ ਪੰਜਾਬ ਪੁਲਸ ਨਾਲ ਸਾਂਝੀ ਕਾਰਵਾਈ ਦੌਰਾਨ 25 ਹਜ਼ਾਰ ਲੀਟਰ ਨਜਾਇਜ਼ ENA ਜ਼ਬਤ

ਓਮੀਕ੍ਰੋਨ ਵਧਣ ’ਤੇ ਪੀ. ਐੱਮ. ਮੋਦੀ ਦਾ ਯੂ. ਏ. ਈ. ਅਤੇ ਕੁਵੈਤ ਦਾ ਦੌਰਾ ਟਲਿਆ
ਕੋਰੋਨਾ ਵਾਇਰਸ ਦੇ ਨਵੇਂ ਵੇਰੀਐਂਟ ਓਮੀਕ੍ਰੋਨ ਦੇ ਖਤਰੇ ਨੂੰ ਧਿਆਨ ਵਿਚ ਰੱਖਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਯੂ. ਏ. ਈ. ਅਤੇ ਕੁਵੈਤ ਦਾ ਦੌਰਾ ਫਿਲਹਾਲ ਟਾਲ ਦਿੱਤਾ ਗਿਆ ਹੈ। ਭਾਰਤ ਹੀ ਨਹੀਂ, ਦੁਨੀਆ ਦੇ ਕਈ ਦੇਸ਼ਾਂ ਵਿਚ ਓਮੀਕ੍ਰੋਨ ਵੇਰੀਐਂਟ ਦੇ ਮਾਮਲਿਆਂ ਵਿਚ ਵਾਧਾ ਦੇਖਿਆ ਜਾ ਰਿਹਾ ਹੈ। ਪ੍ਰਧਾਨ ਮੰਤਰੀ ਦਾ ਇਹ ਦੌਰਾ ਚੜ੍ਹਦੇ ਸਾਲ 6 ਜਨਵਰੀ ਦੇ ਆਸ-ਪਾਸ ਹੋਣ ਦੀ ਸੰਭਾਵਨਾ ਸੀ। ਦੋਵੇਂ ਇਸ ਦੀ ਮਿਤੀ ਤੈਅ ਕਰਨ ਲਈ ਵਿਚਾਰ ਕਰ ਰਹੇ ਸਨ। ਪ੍ਰਧਾਨ ਮੰਤਰੀ ਦੀ ਰਣਨੀਤਕ ਪੱਖੋਂ ਅਹਿਮ ਖਾੜੀ ਦੇਸ਼ਾਂ ਦੀ ਯਾਤਰਾ ਅਜਿਹੇ ਸਮੇਂ ਹੋ ਰਹੀ ਸੀ, ਜਦੋਂ ਦੋਵੇਂ ਦੇਸ਼ ਆਪਣੇ ਡਿਪਲੋਮੈਟਿਕ ਸਬੰਧਾਂ ਦੇ 50 ਸਾਲ ਪੂਰੇ ਕਰ ਰਹੇ ਸਨ।

ਇਹ ਵੀ ਪੜ੍ਹੋ- ਤੂਰਾਂ ਨਹਿਰ ਪੁਲ 'ਤੇ ਦੋ ਵਾਹਨਾਂ ਦੀ ਸਿੱਧੀ ਤੇ ਭਿਆਨਕ ਟੱਕਰ, 4 ਗੰਭੀਰ ਜਖ਼ਮੀ

ਤੀਜੀ ਲਹਿਰ ਦੀ ਆਹਟ: ਦਿੱਲੀ ਤੇ ਮਹਾਰਾਸ਼ਟਰ ਵਿਚ 82 ਫੀਸਦੀ ਮਾਮਲੇ ਵਧੇ
ਮਹਾਰਾਸ਼ਟਰ ਅਤੇ ਦਿੱਲੀ ਕੋਰੋਨਾ ਦੀ ਤੀਜੀ ਲਹਿਰ ਵੱਲ ਵਧਦੇ ਨਜ਼ਰ ਆ ਰਹੇ ਹਨ। ਦੋਵਾਂ ਸੂਬਿਆਂ ਵਿਚ ਕੋਰੋਨਾ ਪੀੜਤਾਂ ਦੀ ਗਿਣਤੀ ਵਿਚ ਇਕ ਹੀ ਦਿਨ ਵਿਚ ਰਿਕਾਰਡ ਉਛਾਲ ਦਰਜ ਕੀਤਾ ਗਿਆ ਹੈ। ਦਿੱਲੀ ਵਿਚ ਪਿਛਲੇ 24 ਘੰਟਿਆਂ ਦੌਰਾਨ 86 ਅਤੇ ਮੁੰਬਈ ਵਿਚ 82 ਫੀਸਦੀ ਇਨਫੈਕਸ਼ਨ ਦੇ ਮਾਮਲੇ ਵਧੇ ਹਨ। ਦਿੱਲੀ ਵਿਚ 24 ਘੰਟਿਆਂ ਦੌਰਨ 923 ਮਾਮਲੇ ਧਿਆਨ ਵਿਚ ਆਏ, ਜੋ ਇਸ ਸਾਲ 30 ਮਈ ਤੋਂ ਬਾਅਦ ਸਭ ਤੋਂ ਵੱਧ ਹਨ। ਮੁੰਬਈ ਵਿਚ ਵੀ ਬੁੱਧਵਾਰ ਨੂੰ 2510 ਨਵੇਂ ਮਾਮਲੇ ਦਰਜ ਕੀਤੇ ਗਏ।

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


Bharat Thapa

Content Editor

Related News