ਦੇਸ਼ ’ਚ ਲਗਾਤਾਰ ਪੈਰ ਪਸਾਰ ਰਿਹੈ ਓਮੀਕਰੋਨ, ਪੰਜਾਬ ਸਮੇਤ ਇਨ੍ਹਾਂ ਸੂਬਿਆਂ 'ਚ ਲੱਗੀਆਂ ਸਖ਼ਤ ਪਾਬੰਦੀਆਂ

Tuesday, Jan 04, 2022 - 11:45 AM (IST)

ਦੇਸ਼ ’ਚ ਲਗਾਤਾਰ ਪੈਰ ਪਸਾਰ ਰਿਹੈ ਓਮੀਕਰੋਨ, ਪੰਜਾਬ ਸਮੇਤ ਇਨ੍ਹਾਂ ਸੂਬਿਆਂ 'ਚ ਲੱਗੀਆਂ ਸਖ਼ਤ ਪਾਬੰਦੀਆਂ

ਨਵੀਂ ਦਿੱਲੀ/ਪਣਜੀ/ਪਟਨਾ(ਏਜੰਸੀਆਂ)- ਭਾਰਤ ਦੇ ਸਾਰੇ ਸੂਬਿਆਂ ਅਤੇ ਵੱਡੇ ਸ਼ਹਿਰਾਂ ’ਚ ਕੋਵਿਡ ਦੇ ਮਾਮਲਿਆਂ ’ਚ ਤੇਜ਼ ਵਾਧਾ ਵੇਖਿਆ ਗਿਆ ਹੈ, ਜੋ ਤਿਓਹਾਰਾਂ ਦੇ ਮੌਸਮ ’ਚ ਵੀ ਨਹੀਂ ਵੇਖਿਆ ਗਿਆ ਸੀ। ਜਿਸ ਨੂੰ ਮਾਹਿਰ ਓਮੀਕ੍ਰੋਨ ਦੇ ਰੂਪ ਦੇ ਨਾਲ ਹੀ ਦੇਸ਼ ’ਚ ਕੋਰੋਨਾ ਦੀ ਤੀਜੀ ਲਹਿਰ ਦੀ ਦਸਤਕ ਦੇ ਰੂਪ ’ਚ ਵੇਖ ਰਹੇ ਹਨ। ਭਾਰਤ ’ਚ ਹੁਣ ਤੱਕ ਕੋਰੋਨਾ ਦੇ ਨਵੇਂ ਰੂਪ ‘ਓਮੀਕ੍ਰੋਨ’ ਦੇ 1892 ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ ਵਿਚੋਂ 766 ਲੋਕ ਤੰਦਰੁਸਤ ਹੋ ਚੁੱਕੇ ਹਨ। ਪਿਛਲੇ 24 ਘੰਟਿਆਂ ’ਚ ਕੋਰੋਨਾ ਦੇ 37379 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਦੇ ਨਾਲ ਹੀ ਦੇਸ਼ ’ਚ ਕੋਰੋਨਾ ਰੋਗੀਆਂ ਦੀ ਗਿਣਤੀ ਇਕ ਲੱਖ 71 ਹਜ਼ਾਰ 830 ਹੋ ਗਈ ਹੈ। ਇਹ ਸੰਕ੍ਰਮਿਤ ਮਾਮਲਿਆਂ ਦਾ 0.49 ਫੀਸਦੀ ਹੈ। ਰੋਜ਼ਾਨਾ ਸੰਕਰਮਣ ਦਰ 3.24 ਫੀਸਦੀ ਹੋ ਗਈ ਹੈ। ਕੇਂਦਰੀ ਸਿਹਤ ਅਤੇ ਪਰਿਵਾਰ ਕਲਿਆਣ ਮੰਤਰਾਲਾ ਨੇ ਮੰਗਲਵਾਰ ਨੂੰ ਇੱਥੇ ਦੱਸਿਆ ਕਿ ਪਿਛਲੇ 24 ਘੰਟਿਆਂ ’ਚ ਦੇਸ਼ ’ਚ 99 ਲੱਖ 27 ਹਜ਼ਾਰ 797 ਕੋਰੋਨਾ ਟੀਕੇ ਲਾਏ ਗਏ ਹਨ। ਇਸ ਦੇ ਨਾਲ ਹੀ ਅੱਜ ਯਾਨੀ ਮੰਗਲਵਾਰ ਸਵੇਰੇ 7 ਵਜੇ ਤੱਕ ਇਕ ਅਰਬ 46 ਕਰੋੜ 70 ਲੱਖ 18 ਹਜ਼ਾਰ 464 ਕੋਰੋਨਾ ਟੀਕੇ ਦਿੱਤੇ ਜਾ ਚੁਕੇ ਹਨ।

PunjabKesari

ਪੰਜਾਬ ’ਚ ਲੱਗਾ ਨਾਈਟ ਕਰਫਿਊ
ਸੂਬੇ ਵਿਚ ਲਗਾਤਾਰ ਵੱਧ ਰਹੇ ਕੋਰੋਨਾ ਮਾਮਲਿਆਂ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਨੇ ਵੱਡਾ ਫ਼ੈਸਲਾ ਲੈਂਦੇ ਹੋਏ ਪੰਜਾਬ ਵਿਚ ਨਾਈਟ ਕਰਫਿਊ ਲਗਾਉਣ ਦਾ ਐਲਾਨ ਕੀਤਾ ਹੈ। ਇਸ ਦੇ ਨਾਲ ਹੀ ਸਕੂਲ, ਕਾਲਜ ਯੂਨੀਵਰਸਿਟੀਆਂ ਵੀ ਬੰਦ ਕਰ ਦਿੱਤੀਆਂ ਗਈਆਂ ਹਨ। ਨਾਈਟ ਕਰਫਿਊ ਰਾਤ 10 ਵਜੇ ਤੋਂ ਸਵੇਰੇ 5 ਵਜੇ ਤੱਕ ਲਾਗੂ ਰਹੇਗਾ। ਜੇਕਰ ਇਸ ਸਮੇਂ ਦਰਮਿਆਨ ਕੋਈ ਬਿਨਾਂ ਕਿਸੇ ਜ਼ਰੂਰੀ ਕੰਮ ਜਾਂ ਮੈਡੀਕਲ ਜ਼ਰੂਰਤ ਦੀ ਬਿਨਾਂ ਘੁੰਮਦਾ ਪਾਇਆ ਗਿਆ ਤਾਂ ਉਸ ’ਤੇ ਸਖ਼ਤੀ ਨਾਲ ਕਾਰਵਾਈ ਕੀਤੀ ਜਾਵੇਗੀ।ਪੰਜਾਬ ਸਰਕਾਰ ਵਲੋਂ ਜਾਰੀ ਨਵੀਂ ਗਾਈਡਲਾਈਨਜ਼ ਅਨੁਸਾਰ, ਸਿਨੇਮਾ ਹਾਲ, ਰੈਸਟੋਰੈਂਟ ਆਦਿ 50 ਫੀਸਦੀ ਸਮਰੱਥਾ ਨਾਲ ਖੋਲ੍ਹਣ ਦੀ ਛੋਟ ਦਿੱਤੀ ਗਈ ਹੈ। ਨਾਈਟ ਕਰਫਿਊ ਫਿਲਹਾਲ 15 ਜਨਵਰੀ ਤਕ ਲਾਗੂ ਰਹੇਗਾ।

ਇਹ ਵੀ ਪੜ੍ਹੋ : ਨਜਾਇਜ਼ ਸੰਬੰਧਾਂ 'ਚ ਰੋੜਾ ਬਣੀ 3 ਸਾਲਾ ਮਾਸੂਮ ਨਾਲ ਹੈਵਾਨਗੀ, ਦਾਦੀ ਦੇ ਪ੍ਰੇਮੀ ਨੇ ਰੇਪ ਪਿੱਛੋਂ ਕੀਤਾ ਕਤਲ

ਗੋਆ, ਮਹਾਰਾਸ਼ਟਰ ਸਮੇਤ ਇਨ੍ਹਾਂ ਸੂਬਿਆਂ ’ਚ ਲੱਗਾ ਕਰਫਿਊ
ਓਧਰ, ਗੋਆ ਅਤੇ ਮਹਾਰਾਸ਼ਟਰ ਸਰਕਾਰਾਂ ਨੇ ਆਪਣੇ-ਆਪਣੇ ਸੂਬੇ ’ਚ ਕੋਵਿਡ-19 ਦੇ ਮਾਮਲਿਆਂ ’ਚ ਵਾਧੇ ਨੂੰ ਵੇਖਦੇ ਹੋਏ ਨਾਈਟ ਕਰਫਿਊ ਅਤੇ ਸਕੂਲ-ਕਾਲਜ ਬੰਦ ਕਰਨ ਦਾ ਫ਼ੈਸਲਾ ਕੀਤਾ ਹੈ। ਮੁੱਖ ਮੰਤਰੀ ਪ੍ਰਮੋਦ ਸਾਵੰਤ ਨੇ ਸੋਮਵਾਰ ਨੂੰ ਕੋਵਿਡ-19 ’ਤੇ ਕਾਰਜ ਬਲ ਦੀ ਬੈਠਕ ਦੀ ਪ੍ਰਧਾਨਗੀ ਕੀਤੀ। ਉਨ੍ਹਾਂ ਦੱਸਿਆ ਕਿ 11ਵੀਂ ਅਤੇ 12ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਕੋਵਿਡ-19 ਟੀਕਾਕਰਨ ਲਈ ਸਕੂਲ ਆਉਣਾ ਹੋਵੇਗਾ। ਉਥੇ ਹੀ ਬਿਹਾਰ ’ਚ ਇਕ ਵਾਰ ਫਿਰ ਹੋਏ ਕੋਰੋਨਾ ਦੇ ਵਿਚ ਮੁੱਖ ਮੰਤਰੀ ਨਿਤੀਸ਼ ਕੁਮਾਰ ਦੇ ‘ਜਨਤਾ ਦਰਬਾਰ ’ਚ ਮੁੱਖ ਮੰਤਰੀ’ ਪ੍ਰੋਗਰਾਮ ’ਚ ਪੁੱਜੇ ਫਰਿਆਦੀਆਂ ’ਚੋਂ 11 ਕੋਰੋਨਾ ਪੀੜਤ ਪਾਏ ਗਏ ਹਨ ਤਾਂ ਬਿਹਾਰ ’ਚ ਸਾਬਕਾ ਮੁੱਖ ਮੰਤਰੀ ਅਤੇ ਹਿੰਦੁਸਤਾਨੀ ਆਵਾਮ ਮੋਰਚਾ (ਹਮ) ਦੇ ਕੌਮੀ ਪ੍ਰਧਾਨ ਜੀਤਨਰਾਮ ਮਾਂਝੀ, ਉਨ੍ਹਾਂ ਦੀ ਪਤਨੀ ਸ਼ਾਂਤੀ ਦੇਵੀ, ਪੁਤਰੀ ਪੁਸ਼ਪਾ ਮਾਂਝੀ ਅਤੇ ਨੂੰਹ ਦੀਪਾ ਮਾਂਝੀ ਦੇ ਨਾਲ ਹੀ ਪਰਿਵਾਰ ਨਾਲ ਜੁਡ਼ੇ 18 ਲੋਕ ਕੋਰੋਨਾ ਪੀੜਤ ਪਾਏ ਗਏ ਹਨ। ਉਥੇ ਹੀ ਕੋਲਕਾਤਾ ਦੇ 3 ਹਸਪਤਾਲਾਂ ’ਚ 100 ਤੋਂ ਜ਼ਿਆਦਾ ਡਾਕਟਰ ਪਿਛਲੇ 24 ਘੰਟੇ ’ਚ ਕੋਵਿਡ-19 ਤੋਂ ਪੀੜਤ ਪਾਏ ਗਏ ਹਨ। ਉੱਧਰ ਤਮਿਲਨਾਡੂ ’ਚ 10 ਜਨਵਰੀ ਤੱਕ ਲਾਕਡਾਊਨ ਲਗਾਉਣ ਅਤੇ ਸਕੂਲ-ਕਾਲਜ ਬੰਦ ਕਰਨ ਦਾ ਐਲਾਨ ਕਰ ਦਿੱਤਾ ਹੈ। ਉਥੇ ਹੀ ਝਾਰਖੰਡ ਸਰਕਾਰ ਨੇ ਸੋਮਵਾਰ ਨੂੰ ਮਹਾਮਾਰੀ ਸਬੰਧੀ ਬੰਦਿਸ਼ਾਂ ਨੂੰ ਦੁਬਾਰਾ ਲਾਗੂ ਕਰਨ ਦਾ ਫ਼ੈਸਲਾ ਕੀਤਾ ਅਤੇ 15 ਜਨਵਰੀ ਤੱਕ ਸਾਰੇ ਵਿੱਦਿਅਕ ਅਦਾਰੇ ਅਤੇ ਸੈਰ-ਸਪਾਟੇ ਵਾਲੀਆਂ ਥਾਵਾਂ ਨੂੰ ਬੰਦ ਕਰ ਦਿੱਤਾ। ਇਸ ਦੇ ਇਲਾਵਾ ਦਫਤਰਾਂ ’ਚ ਕਰਮਚਾਰੀਆਂ ਦੀ ਹਾਜ਼ਰੀ ਨੂੰ 50 ਫੀਸਦੀ ’ਤੇ ਸੀਮਿਤ ਕਰਨ ਦਾ ਹੁਕਮ ਦਿੱਤਾ ਗਿਆ ਹੈ। ਬਾਇਓਮੈਟ੍ਰਿਕ ਹਾਜ਼ਰੀ ’ਤੇ ਫਿਲਹਾਲ ਰੋਕ ਲਾਈ ਜਾ ਰਹੀ ਹੈ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


author

DIsha

Content Editor

Related News