ਵਾਰਤਕ ਦਾ ਓਲੰਪੀਅਨ ਪ੍ਰਿੰਸੀਪਲ ਸਰਵਣ ਸਿੰਘ

Wednesday, Apr 22, 2020 - 01:59 PM (IST)

ਵਾਰਤਕ ਦਾ ਓਲੰਪੀਅਨ ਪ੍ਰਿੰਸੀਪਲ ਸਰਵਣ ਸਿੰਘ

ਜਗਬਾਣੀ ਸਾਹਿਤ ਵਿਸ਼ੇਸ਼

ਲੇਖਕ : ਨਵਦੀਪ ਗਿੱਲ

ਸਰਵਣ ਸਿੰਘ ਪੰਜਾਬੀ ਸਾਹਿਤ ਦਾ ‘ਸਰਵਣ ਪੁੱਤ’ ਹੈ ਜਿਨ੍ਹਾਂ ਦੀ ਵਾਰਤਕ ਦੀ ਵਿਲੱਖਣ ਸ਼ੈਲੀ ਨੇ ਪੰਜਾਬੀ ਪਾਠਕਾਂ ਦਾ ਘੇਰਾ ਬਹੁਤ ਵਿਸ਼ਾਲ ਕੀਤਾ ਹੈ। ਵਰਿਆਮ ਸੰਧੂ ਉਨ੍ਹਾਂ ਨੂੰ ‘ਪੰਜਾਬੀ ਵਾਰਤਕ ਦਾ ਉੱਚਾ ਬੁਰਜ’ ਲਿਖਦੇ ਹਨ ਅਤੇ ਸਾਹਿਤਕ ਮਹਿਫ਼ਲਾਂ ਵਿੱਚ ‘ਵਾਰਤਕ ਦਾ ਜਾਦੂਗਰ’। ਮੈਂ ਆਪਣੇ ਗੁਰੂ ਨੂੰ ‘ਵਾਰਤਕ ਦਾ ਓਲੰਪੀਅਨ’ ਕਹਾਗਾਂ ਜਿਨ੍ਹਾਂ ਦੀ ਖਿੱਚ ਭਰਪੂਰ ਵਾਰਤਕ ਨੇ ਖੇਡ ਸਾਹਿਤ ਨੂੰ ਨਾਵਲਾਂ, ਕਹਾਣੀਆਂ ਤੇ ਕਵਿਤਾਵਾਂ ਨਾਲੋਂ ਵੱਧ ਮਕਬੂਲੀਅਤ ਦਿਵਾਈ। ਉਹ ਸੱਚਮੁੱਚ ਵਾਰਤਕ ਦੇ ਓਲੰਪੀਅਨ ਹਨ। ਸਰਵਣ ਸਿੰਘ ਦੀ ਵਾਰਤਕ ਪਾਠਕ ਨੂੰ ਇੰਝ ਕਲਾਵੇ ਵਿੱਚ ਲੈਂਦੀ ਹੈ ਜਿਵੇਂ ਤਕੜਾ ਜਾਫੀ ਰੇਡਰ ਨੂੰ ਡੱਕ ਕੇ ਬਾਹਰ ਨਹੀਂ ਨਿਕਲਣ ਦਿੰਦਾ। ਉਨ੍ਹਾਂ ਦੇ ਖਿੱਚ ਭਰਪੂਰ ਸ਼ੈਲੀ ਵਾਲੇ ਵਾਕ ਹਾਕੀ ਖਿਡਾਰੀ ਵੱਲੋਂ ਕੀਤੀ ਜਾਂਦੀ ਡਰਿਬਲਿੰਗ ਕਰ ਰਿਹਾ ਹੋਵੇ। ਓਸੈਨ ਬੋਲਟ ਵਰਗੇ ਫਰਾਟਾ ਦੌੜਾਕ ਬਾਰੇ ਉਨ੍ਹਾਂ ਦਾ ਲਿਖਿਆ ਲੇਖ ਪੜ੍ਹਦਿਆਂ ਪਾਠਕ ਖੁਦ ਸਾਹੋ-ਸਾਹੀ ਹੋ ਜਾਂਦਾ ਹੈ। ਮੈਰਾਥਨ ਦੌੜਾਕ ਬਾਰੇ ਲੇਖ ਪੜ੍ਹਦਿਆਂ ਪਾਠਕ ਨੂੰ ਵੀ ਸਟੈਮਿਨਾ ਰੱਖਣਾ ਪੈਂਦਾ ਹੈ। ਵੱਡੀਆਂ ਥਰੋਆਂ ਤੇ ਉਚੀਆਂ-ਲੰਬੀਆਂ ਛਾਲਾਂ ਲਾਉਂਦੇ ਅਥਲੀਟਾਂ ਦੀ ਗਾਥਾ ਪੜ੍ਹਦਿਆਂ ਪਾਠਕ ਵੀ ਵਾਰਤਕ ਦੇ ਸਰੂਰ ਵਿੱਚ ਉੁਡਣ ਤੇ ਛਾਲਾਂ ਲਾਉਣ ਲੱਗ ਜਾਂਦਾ ਹੈ। ਉਨ੍ਹਾਂ ਆਪਣੀਆਂ ਵਾਰਤਕ ਦੀਆਂ ਜੁਗਤਾਂ ਨਾਲ ਸਰਦਾਰਾ ਸਿੰਘ ਜੌਹਲ, ਗੁਲਜ਼ਾਰ ਸਿੰਘ ਸੰਧੂ, ਸੁਰਜੀਤ ਪਾਤਰ ਜਿਹਿਆਂ ਨੂੰ ਖੇਡਾਂ ਬਾਰੇ ਸਾਹਿਤ ਪੜ੍ਹਨ ਲਈ ਮਜਬੂਰ ਕਰ ਦਿੱਤਾ ਜਿਨ੍ਹਾਂ ਦਾ ਖੇਡਾਂ ਨਾਲ ਦੂਰ-ਦੂਰ ਦਾ ਵਾਸਤਾ ਨਹੀਂ । ਸਰਵਣ ਸਿੰਘ ਜਦੋਂ ਲਿਖਦਾ ਹੈ ਤਾਂ ਪਹਿਲਾ ਫਿਕਰਾ ਪੜ੍ਹਨ ਤੋਂ ਬਾਅਦ ਪਾਠਕ ਉਸ ਵੱਲ ਇੰਜ ਖਿੱਚਿਆ ਜਾਂਦਾ ਹੈ ਕਿ ਲੇਖ ਜਾਂ ਪੁਸਤਕ ਨੂੰ ਪੜ੍ਹ ਕੇ ਹੀ ਦਮ ਲੈਂਦਾ ਹੈ। ਉਸ ਦਾ ਆਖਰੀ ਫਿਕਰਾ ਚੇਤੰਨ ਪਾਠਕ ਨੂੰ ਸੋਚਣ ਲਈ ਮਜਬੂਰ ਕਰ ਦਿੰਦਾ ਹੈ।

PunjabKesari
ਸਰਵਣ ਸਿੰਘ ਦੀ ਪਹਿਲੀ ਲਿਖਤ ਤੋਂ ਹੀ ਉਨ੍ਹਾਂ ਦੇ ਸਮਰੱਥ ਲੇਖਕ ਬਣਨ ਦਾ ਝਲਕਾਰਾ ਪੈ ਗਿਆ ਸੀ। ਫਾਜ਼ਿਲਕਾ ਕਾਲਜ ਵਿੱਚ ਜਦੋਂ ਉਨ੍ਹਾਂ ਦਾਖਲਾ ਲਿਆ ਤਾਂ ਪੰਜਾਬੀ ਦੇ ਪ੍ਰੋਫੈਸਰ ਵੱਲੋਂ ਸਾਰੇ ਵਿਦਿਆਰਥੀਆਂ ਨੂੰ ਕਾਲਜ ਵਿੱਚ ਪਹਿਲੇ ਦਿਨ ਬਾਰੇ ਕੁਝ ਸਤਰਾਂ ਲਿਖਣ ਨੂੰ ਕਿਹਾ ਗਿਆ। ਸਰਵਣ ਸਿੰਘ ਨੇ ਕਾਲਜ ਦੇ ਪਹਿਲੇ ਦਿਨ ਦਾ ਦ੍ਰਿਸ਼ ਕਾਗਜ਼ਾਂ ਵਿੱਚ ਆਪਣੀ ਕਲਮ ਰਾਹÄ ਅਜਿਹਾ ਉਤਾਰਿਆ ਕਿ ਕਾਲਜ ਵਾਲਿਆਂ ਨੇ ਉਸ ਲੇਖ ਨੂੰ ਕਾਲਜ ਦੇ ਸਾਲਾਨਾ ਮੈਗਜ਼ੀਨ ਵਿੱਚ ਛਾਪਣ ਲਈ ਸਾਂਭ ਲਿਆ। ਸਰਵਣ ਸਿੰਘ ਨੇ ਕਾਲਜ ਵਿੱਚ ਗੇਟ ਅੰਦਰ ਦਾਖਲੇ ਤੋਂ ਪੂਰਾ ਮਾਹੌਲ ਬੰਨ੍ਹ ਦਿੱਤਾ ਜਿਸ ਵਿੱਚ ਪਾਣੀ ਵਾਲੇ ਨਲਕੇ ਦੇ ਚੀਂ-ਚੀਂ ਦੀ ਆਵਾਜ਼ ਤੋਂ ਗਰਾਊਂਡ ਵਿੱਚ ਘਾਹ, ਫੁੱਲ-ਬੂਟਿਆਂ ਦੇ ਰੰਗ, ਦੀਵਾਰਾਂ, ਕਲਾਸ ਰੂਮ ਦੇ ਕਮਰਿਆਂ ਦੀ ਦਿੱਖ ਅਤੇ ਵਿਦਿਆਰਥੀਆਂ ਦੇ ਪਹਿਰਾਵੇ ਤੱਕ ਸਭ ਕੁਝ ਵਰਣਨ ਕਰ ਦਿੱਤਾ। ਬਾਅਦ ਵਿੱਚ ਸਰਵਣ ਸਿੰਘ ਨੇ ਇੰਝ ਹੀ ਖੇਡ ਮੇਲਿਆਂ ਦੇ ਦ੍ਰਿਸ਼ ਖੇਡ ਪੇ੍ਰਮੀਆਂ ਨੂੰ ਆਪਣੀਆਂ ਲਿਖਤਾਂ ਵਿੱਚ ਦਿਖਾਏ। ਉਹ ਫਾਜ਼ਿਲਕਾ ਕਾਲਜ ਨੂੰ ਆਪਣੀ ਸਾਹਿਤ ਦੀ ਪਹਿਲੀ ਜਮਾਤ ਦੱਸਦੇ ਹਨ। ਫਾਜ਼ਿਲਕਾ ਵਿੱਚ ਸਭ ਖਿੱਤੇ ਦੇ ਲੋਕ ਵਸਦੇ ਹੋਣ ਕਰ ਕੇ ਉਥੇ ਕਈ ਉਪ ਭਾਸ਼ਾਵਾਂ ਦਾ ਬੋਲਬਾਲਾ ਸੀ। ਇਸੇ ਕਰ ਕੇ ਸਰਵਣ ਸਿੰਘ ਦੀਆਂ ਲਿਖਤਾਂ ਵਿੱਚ ਵੀ ਪੰਜਾਬੀ ਦੀਆਂ ਉਪ ਭਾਸ਼ਾਵਾਂ ਦੀ ਭਰਮਾਰ ਹੈ। ਉਨ੍ਹਾਂ ਦਾ ਪਾਠਕ ਚਾਹੇ ਮਲਵਈ ਹੋਵੇ ਜਾਂ ਮਝੈਲ ਜਾਂ ਫੇਰ ਦੋਆਬੀਆ ਤੇ ਪੁਆਧੀ, ਸਭ ਨੂੰ ਉਨ੍ਹਾਂ ਦੀਆਂ ਲਿਖਤਾਂ ਨਾਲ ਆਪਣਾਪਣ ਮਹਿਸੂਸ ਹੁੰਦਾ ਹੈ।

PunjabKesari
ਸਰਵਣ ਸਿੰਘ ਪਾਠਕਾਂ ਦੇ ਰੂਬਰੂ ਸਮਾਗਮਾਂ ਵਿੱਚ ਪੰਜਾਬੀ ਭਾਸ਼ਾ ਦੀ ਅਮੀਰੀ ਬਾਰੇ ਹੋਕਾ ਦਿੰਦੇ ਹਨ। ਉਹ ਕਹਿੰਦੇ ਨੇ ਕਿ ਜੋ ਭਾਸ਼ਾ ਭੰਡਾਰ ਪੰਜਾਬੀ ਕੋਲ ਹੈ, ਹੋਰ ਕਿਸੇ ਵੀ ਭਾਸ਼ਾ ਕੋਲ ਨਹੀਂ  ਹੈ ਜਿਸ ਕਾਰਨ ਪੰਜਾਬੀ ਦੇ ਭਵਿੱਖ ਬਾਰੇ ਚਿੰਤਤ ਹੋਣ ਦੀ ਲੋੜ ਨਹੀਂ  ਹੈ। ਇਸ ਦੀ ਉਦਾਹਰਨ ਦਿੰਦੇ ਉਹ ਦੱਸਦੇ ਹਨ ਕਿ ਅੰਗਰੇਜ਼ੀ ਦੇ ਸੱਤ ਰੰਗ ਹਨ ਤੇ ਪੰਜਾਬੀ ਵਿੱਚ ਸੱਤਰ ਰੰਗ ਹਨ। ਜਿਵੇਂ ਕਿ ਆਥਣ ਵੇਲੇ ਉਹ ਦੋਸਤਾਂ ਨਾਲ ਮਹਿਫਲ ਵਿੱਚ ਹਵਾ ਪਿਆਜ਼ੀ ਹੋ ਜਾਂਦੇ ਹਨ। ਸਰਵਣ ਸਿੰਘ ਨੇ ਕਦੇ ਆਲੋਚਕਾਂ ਤੇ ਭਾਸ਼ਾ ਵਿਗਿਆਨੀਆਂ ਦੀ ਪਰਵਾਹ ਨਹੀਂ  ਕੀਤੀ ਜਿਨ੍ਹਾਂ ਉਨ੍ਹਾਂ ਨੂੰ ਸਾਹਿਤਕਾਰ ਵਜੋਂ ਉਹ ਮਾਨਤਾ ਨਹੀਂ ਦਿੱਤੀ ਜਿਸ ਦੇ ਉਹ ਹੱਕਦਾਰ ਹਨ। ਨਾਵਲ-ਕਹਾਣੀਆਂ ਲਿਖਣ ਵਾਲਿਆਂ ਨੂੰ ਹੀ ਲੇਖਕ ਸਮਝਣ ਵਾਲੇ ਸਮਝਦੇ ਹਨ ਕਿ ਖੇਡਾਂ ਬਾਰੇ ਵੀ ਲਿਖਣਾ ਕੋਈ ਸਾਹਿਤ ਹੰੁਦਾ ਹੈ। ਸਰਵਣ ਸਿੰਘ ਨੂੰ ਮਾਣ ਹੈ ਕਿ ਉਹ ਖੇਡਾਂ ਬਾਰੇ ਲਿਖਦੇ ਹਨ ਜਿਸ ਦੇ ਬਲਬੂਤੇ ਉਨ੍ਹਾਂ ਤਖਤੂਪੁਰੇ ਦੇ ਮੇਲੇ ਦੀ ਚੰਡੋਲ ਤੋਂ ਲੈ ਕੇ ਹਜ਼ਾਰਾਂ ਵਾਰ ਜਹਾਜ਼ਾਂ ਦੇ ਝੂਟੇ ਲੈਂਦਿਆਂ ਦੁਨੀਆਂ ਦਾ ਹਰ ਵੱਡਾ ਖੇਡ ਮੇਲਾ ਦੇਖਿਆ। ਖੇਡ ਮੇਲਿਆਂ ਦੌਰਾਨ ਲੱਖਾਂ ਦਰਸ਼ਕਾਂ ਨੇ ਸਰਵਣ ਸਿੰਘ ਦੀ ਕੁਮੈਂਟਰੀ ਕਲਾ ਦਾ ਵੀ ਆਨੰਦ ਮਾਣਿਆ ਹੈ ਜੋ ਉਨ੍ਹਾਂ ਦੀ ਵਾਰਤਕ ਲੇਖਣੀ ਪੜ੍ਹਨ ਨਾਲੋਂ ਘੱਟ ਨਹੀਂ ਹੈ। ਚੰਨਾ ਆਲਮਗੀਰ ਦੇ ਪਿੰਡ ਹੁਕਮੇ ਦੀ ਗੱਲ ਜਿਸ ਕਥਾ ਰਸ ਨਾਲ ਉਹ ਸੁਣਾਉਂਦੇ ਹਨ, ਉਨ੍ਹਾਂ ਕੋਲੋਂ ਸੁਣਨ ਨੂੰ ਦਿਲ ਕਰਦਾ ਹੈ। ਮਹਿਫਲਾਂ ਅਤੇ ਸਾਹਿਤਕ ਸਮਾਗਮਾਂ ਵਿੱਚ ਉਹ ਸਹਿਜ ਸੁਭਾਅ ਬੋਲਦੇ ਹਨ ਅਤੇ ਹੌਲੀ ਹੌਲੀ ਆਪਣੀ ਸ਼ੈਲੀ ਨਾਲ ਸਰੋਤਿਆਂ ਨੂੰ ਆਪਣੇ ਕਲਾਵੇ ਵਿੱਚ ਲੈ ਲੈਂਦੇ ਹਨ। 

PunjabKesari
ਸਰਵਣ ਸਿੰਘ ਦੀ 2018 ਵਿੱਚ 38ਵੀਂ ਪੁਸਤਕ ‘ਮੇਰੇ ਵਾਰਤਕ ਦੇ ਰੰਗ’ ਆਈ ਜਿਹੜੀ ਕਿ ਪੰਜਾਬੀ ਸਾਹਿਤ ਦੇ ਵਿਦਿਆਰਥੀਆਂ ਖਾਸ ਕਰ ਕੇ ਵਾਰਤਕ ਦੇ ਪਾਠਕਾਂ ਲਈ ਅਨਮੋਲ ਤੋਹਫਾ ਹੈ। ਖੇਡ ਲਿਖਾਰੀ ਵਜੋਂ ਮਕਬੂਲ ਹੋਏ ਸਰਵਣ ਸਿੰਘ ਹੁਰਾਂ ਦੀ ਲਿਖਤਾਂ ਸਾਹਿਤਕ ਨਜ਼ਰੀਏ ਤੋਂ ਵੀ ਉਚ ਕੋਟੀ ਦੀਆਂ ਹਨ। ਉਨ੍ਹਾਂ ਬਾਰੇ ਲਿਖਦਿਆਂ ਪਤਾ ਨਹੀਂ  ਕਿੰਨੀਆਂ ਕੁ ਵੱਡਮੁੱਲੀਆਂ ਗੱਲਾਂ ਜ਼ਿਹਨ ਵਿੱਚ ਆ ਗਈਆਂ ਪਰ ਉਨ੍ਹਾਂ ਨੂੰ ਸਮੇਟਣਾ ਮੇਰੇ ਵਰਗੇ ਦਾ ਵੱਸ ਦਾ ਰੋਗ ਨਹੀਂ । ਉਨ੍ਹਾਂ ਦੀ ਸ਼ਖ਼ਸੀਅਤ ਨੂੰ ਇਕ ਲੇਖ ਵਿੱਚ ਸਮੇਟਣਾ ਵੀ ਔਖਾ ਹੈ। 
ਪਿ੍ਰੰਸੀਪਲ ਸਰਵਣ ਸਿੰਘ ਪੰਜਾਬੀ ਵਿੱਚ ਖੇਡਾਂ ਤੇ ਖਿਡਾਰੀਆਂ ਬਾਰੇ ਲਿਖਣ ਵਾਲੇ ਪਹਿਲੇ, ਵੱਡੇ ਤੇ ਪ੍ਰਮਾਣਿਕ ਲੇਖਕ ਹਨ ਜੋ ਉਮਰ ਦੇ ਸੱਤਰਵੇਂ ਦਹਾਕੇ ਵਿੱਚ ਵੀ ਸਰਗਰਮ ਹਨ। ਇਸ ਖੇਤਰ ਵਿਚ ਉਨ੍ਹਾਂ ਦਾ ਕੋਈ ਸਾਨੀ ਨਹੀਂ। ਅੱਜ ਵੀ ਉਹ ਖੇਡ ਲਿਖਾਰੀਆਂ ਲਈ ਆਦਰਸ਼ ਹਨ ਅਤੇ ਹਰ ਖੇਡ ਮੁਕਾਬਲੇ ਅਤੇ ਖਿਡਾਰੀ ਬਾਰੇ ਉਨ੍ਹਾਂ ਦੇ ਲਿਖੇ ਲੇਖਾਂ ਦੀ ਖੇਡ ਪ੍ਰੇਮੀਆਂ ਨੂੰ ਉਡੀਕ ਰਹਿੰਦੀ ਹੈ। ਉਨ੍ਹਾਂ ਤੋਂ ਅਗਵਾਈ ਲੈ ਕੇ ਖੇਡ-ਲੇਖਕ ਮੈਦਾਨ ਵਿਚ ਉੱਤਰੇ ਹਨ। ਕੌਮਾਂਤਰੀ ਪੱਧਰ ਦੇ ਪੰਜਾਬੀ ਖਿਡਾਰੀਆਂ ਦੇ ਰੇਖਾ ਚਿੱਤਰ ਲਿਖਣ ਤੋਂ ਉਨ੍ਹਾਂ ਖੇਡ ਲਿਖਣੀ ਦੀ ਸ਼ੁਰੂਆਤ ਕੀਤੀ। ਉਨ੍ਹਾਂ ਰੇਖਾ ਚਿੱਤਰ ਕਮਾਲ ਦੀ ਹੁਨਰਮੰਦੀ ਨਾਲ ਉਲੀਕੇ। ਉਹ ਖਿਡਾਰੀ ਨਾਲ ਜੁੜੇ ਸਾਰੇ ਜੀਵਨ ਵੇਰਵੇ ਅਜਿਹੇ ਤਰੀਕੇ ਨਾਲ ਪੇਸ਼ ਕਰਦੇ ਹਨ ਕਿ ਖਿਡਾਰੀ ਦਾ ਪਿਛੋਕੜ, ਉਹਦੀ ਮਾਨਸਿਕਤਾ ਤੇ ਉਹਦਾ ਵਿਹਾਰ ਸਜਿੰਦ ਰੂਪ ਵਿਚ ਉਭਰ ਕੇ ਸਾਹਮਣੇ ਆ ਜਾਂਦਾ ਹੈ। ਜਦੋਂ ਉਹ ਮਿਲਖਾ ਸਿੰਘ ਨੂੰ ਦੌੜਦਿਆਂ ਵਿਖਾਉਂਦੇ ਹਨ ਤਾਂ ਸ਼ਬਦਾਂ ਤੇ ਵਾਕਾਂ ਨੂੰ ਅਜਿਹੀ ਕਲਾਤਮਕਤਾ ਨਾਲ ਸੰਜੋਦੇ ਹਨ ਕਿ ਪਾਠਕ ਖ਼ੁਦ ਮਿਲਖਾ ਸਿੰਘ ਨਾਲ ਸਾਹੋ ਸਾਹ ਹੋਇਆ ਦੌੜਦਾ ਹੈ। ਭਾਵੇਂ ‘ਧਰਤੀ ਧੱਕ’ ਵਾਲਾ ਪਰਵੀਨ ਕੁਮਾਰ ਹੋਏ, ਮੁੜਕੇ ਦੇ ਮੋਤੀ ਗੁਰਬਚਨ ਸਿੰਘ ਰੰਧਾਵਾ ਤੇ ਭਾਵੇਂ ‘ਅੱਗ ਦੀ ਨਾਲ’ ਜਾਂ ‘ਅਲਸੀ ਦਾ ਫੁੱਲ’ ਦੇ ਨਾਇਕ ਮਹਿੰਦਰ ਸਿੰਘ ਗਿੱਲ ਜਾਂ ਫੇਰ ਪ੍ਰਦੁੱਮਣ ਸਿੰਘ, ਉਹ ਆਪਣੀ ਵਾਰਤਕ ਦੀ ਜਾਦੂਗਰੀ ਨਾਲ ਸ਼ਬਦਾਂ ਦਾ ਅਜਿਹਾ ਜਾਲ ਬੁਣਦੇ ਹਨ ਕਿ ਕੋਈ ਵੀ ਪਾਠਕ ਉਨ੍ਹਾਂ ਦਾ ਪੂਰਾ ਲੇਖ ਪੜ੍ਹੇ ਬਿਨਾਂ ਇਸ ਜਾਲ ਵਿੱਚੋਂ ਨਿਕਲ ਨਹੀਂ  ਸਕਦਾ। ਉਨ੍ਹਾਂ ਦਾ ਇਕ-ਇਕ ਸ਼ਬਦ ਪਾਠਕਾਂ ਦੇ ਚੇਤਿਆਂ ਵਿੱਚ ਸਦਾ ਲਈ ਵਸ ਜਾਂਦਾ ਹੈ। ਪਾਠਕਾਂ ਨੂੰ ਬਿਨਾਂ ਖੇਡ ਮੈਦਾਨ ਵਿੱਚ ਬੈਠਿਆਂ ਹੀ ਖਿਡਾਰੀ ਦੇ ਹਰ ਕਦਮ, ਹਰਕਤ, ਮਾਨਸਿਕ ਵਿਵਹਾਰ ਸਮੇਤ ਖੇਡ ਮੈਦਾਨ ਦੇ ਚੱਪੇ-ਚੱਪੇ ਦੇ ਦਰਸ਼ਨ ਲੇਖ ਪੜ੍ਹਦਿਆਂ ਹੀ ਹੋ ਜਾਂਦੇ ਹਨ। ਪਾਠਕ ਉਨ੍ਹਾਂ ਦੀ ਲਿਖਤ ਪੜ੍ਹਦਿਆਂ ਰੰਗ, ਰਸ, ਗੰਧ ਦਾ ਸਵਾਦ ਵੀ ਮਾਣਦਾ ਹੈ; ਹੱਸਦਾ-ਮੁਸਕਰਾਉਂਦਾ ਵੀ ਹੈ; ਮੁੜ੍ਹਕੋ-ਮੁੜ੍ਹਕੀ ਵੀ ਹੁੰਦਾ ਹੈ; ਜਿੱਤ ਦੇ ਮੰਚ ’ਤੇ ਖਿਡਾਰੀ ਨਾਲ ਖਲੋ ਕੇ ਆਨੰਦਤ ਵੀ ਹੁੰਦਾ ਹੈ।

PunjabKesari
ਸਰਵਣ ਸਿੰਘ ਦੀ ਸ਼ਖ਼ਸੀਅਤ ਹੀ ਅਜਿਹੀ ਹੈ ਕਿ ਇਕ ਵਾਰ ਉਨ੍ਹਾਂ ਦੇ ਦਾਇਰੇ ਵਿੱਚ ਆਇਆ ਇਨਸਾਨ ਸਦਾ ਲਈ ਉਨ੍ਹਾਂ ਦਾ ਹੋ ਜਾਂਦਾ ਹੈ। ਉਨ੍ਹਾਂ ਦੀ ਵਾਰਤਕ ਸ਼ੈਲੀ ਨਿਵੇਕਲੀ ਹੋਣ ਦੇ ਨਾਲ ਗੱਲ ਕਰਨ ਦਾ ਲਹਿਜ਼ਾ ਵੀ ਵੱਖਰਾ ਹੈ। ਉਹ ਕਿਸੇ ਵੀ ਆਦਮੀ ਦਾ ਜ਼ਿਕਰ ਕਰਨਗੇ ਤਾਂ ਉਸ ਦੇ ਚਿਹਰੇ ਦੇ ਹਾਵ-ਭਾਵ, ਨੈਣ-ਨਕਸ਼, ਰੰਗ-ਰੂਪ ਤੇ ਭਾਰ ਸਭ ਜ਼ੁਬਾਨੀ ਦੱਸ ਦਿੰਦੇ ਹਨ। ਕਿਸੇ ਵੀ ਮਿਲਣ ਵਾਲੇ ਨੂੰ ਦੂਜੀ ਵਾਰ ਮਿਲਦਿਆਂ ਉਹ ਇਹੋ ਕਹਿਣਗੇ, ‘‘ਪਿਛਲੇ ਸਾਲ ਤੇਰਾ ਭਾਰ ਢਾਈ ਕੁ ਮਣ ਸੀ ਤੇ ਐਤਕÄ ਲੱਗਦਾ ਸਵਾ ਦੋ ਮਣ ਤਾਂ ਹੋਵੇਗਾ ਹੀ।’’ ਮੈਨੂੰ ਉਹ ਆਪਣਾ ਲਾਡਲਾ ਸ਼ਾਗਿਰਦ ਹੋਣ ਕਰ ਕੇ ਪਿਆਰ ਨਾਲ ਬਰਖ਼ੁਦਾਰ ਕਹਿ ਕੇ ਸੰਬੋਧਨ ਕਰਦੇ ਹਨ। ਖੇਡਾਂ ਤੇ ਖਿਡਾਰੀਆਂ ਬਾਰੇ ਲਿਖਣ ਦੇ ਭੀਸ਼ਮ ਪਿਤਾਪਾ ਪਿ੍ਰੰਸੀਪਲ ਸਾਬ੍ਹ ਆਪਣੀ ਸਿਹਤ ਦਾ ਵੀ ਪੂਰਾ ਖਿਆਲ ਰੱਖਦੇ ਹਨ। ਉਹ ਨਾਪ-ਤੋਲ ਕੇ ਖੁਰਾਕ ਖਾਂਦੇ ਹਨ। ਵਾਧੂ ਖਾਣੇ ਤੋਂ ਪਰਹੇਜ਼ ਕਰਦੇ ਹਨ। ਉਹ ਸਿਹਤਕਾਰ ਜੋ ਹਨ। ਫਰਵਰੀ 2019 ਵਿੱਚ ਕੇਂਦਰੀ ਪੰਜਾਬੀ ਲੇਖਕ ਸਭਾ ਵੱਲੋਂ ਕਲਾ ਭਵਨ ਚੰਡੀਗੜ੍ਹ ਵਿਖੇ ਕਰਵਾਈ ਆਲਮੀ ਪੰਜਾਬੀ ਕਾਨਫਰੰਸ ਵਿੱਚ ਸ਼ਿਰਕਤ ਕਰਨ ਲਈ ਉਨ੍ਹਾਂ ਆਉਣਾ ਸੀ। ਬੱਸ ਅੱਡੇ ਤੋਂ ਉਨ੍ਹਾਂ ਨੂੰ ਲੈਂਦਿਆਂ ਕਾਨਫਰੰਸ ਵਿੱਚ ਜਾਣ ਤੋਂ ਪਹਿਲਾਂ ਮੈਂ ਪਿ੍ਰੰਸੀਪਲ ਸਾਬ੍ਹ ਨੂੰ ਆਪਣੇ ਘਰ ਲੈ ਗਿਆ। ਮੈਂ ਜ਼ਿੱਦ ਕਰਦਿਆਂ ਉਨ੍ਹਾਂ ਨੂੰ ਧੱਕੇ ਨਾਲ ਦੋ ਪਰੌਂਠੇ ਖਵਾਏ। ਘਰੋਂ ਤੁਰਦਿਆਂ ਕਾਰ ਵਿੱਚ ਉਹ ਕਹਿਣ ਲੱਗੇ, ‘‘ਸਵੇਰੇ ਮੈਂ ਦੁੱਧ ਤੇ ਅੰਡੇ ਖਾ ਕੇ ਆਇਆ ਸੀ ਜੋ ਦੋ-ਢਾਈ ਸੌ ਕੈਲਰੀ ਖੁਰਾਕ ਬਣਦੀ ਹੈ। ਹੁਣ ਤੂੰ ਦੋ ਪਰੌਂਠੇ ਖਵਾ ਦਿੱਤੇ ਜਿਹੜੇ ਤਿੰਨ ਸੌ ਕੈਲਰੀ ਦੇ ਹੋਣਗੇ। ਹੁਣ ਆਥਣ ਤੱਕ ਆਪਾਂ ਖਾਣੇ ਵੱਲ ਝਾਕਣਾ ਨਹੀਂ। 
    ਖਿਡਾਰੀਆਂ ਤੋਂ ਇਲਾਵਾ ਸਾਹਿਤ ਤੇ ਸੱਭਿਆਚਾਰ ਦੀਆਂ ਚੋਟੀ ਦੀਆਂ ਸ਼ਖ਼ਸੀਅਤਾਂ ਬਾਰੇ ਲਿਖੇ ਉਨ੍ਹਾਂ ਦੇ ਰੇਖਾ ਚਿੱਤਰ ਬਹੁਤ ਮਕਬੂਲ ਹੋਏ ਹਨ। ਸਿਰਫ ਖੇਡ ਲੇਖਕ ਵਜੋਂ ਹੀ ਨਹੀਂ ਸਗੋਂ ਸਫ਼ਰਨਾਮਾ ਲੇਖਕ ਵਜੋਂ ਤੇ ਤਿੱਖੀ ਵਿਅੰਗਆਤਮਕ ਵਾਰਤਕ ਲਿਖਣ ਪੱਖੋਂ ਵੀ ਉਨ੍ਹਾਂ ਨੇ ਆਪਣੀ ਵੱਖਰੀ ਪੈਂਠ ਤੇ ਪਛਾਣ ਬਣਾਈ ਹੈ। ਆਪਣੇ ਮੁੱਢਲੇ ਦੌਰ ਵਿਚ ਉਨ੍ਹਾਂ ਨੇ ਬਾਕਮਾਲ ਕਹਾਣੀਆਂ ਵੀ ਲਿਖੀਆਂ। ਜੇ ਉਹ ਕਹਾਣੀਆਂ ਲਿਖਣਾ ਜਾਰੀ ਰੱਖਦੇ ਤਾਂ ਅੱਜ ਉਨ੍ਹਾਂ ਦੀ ਗਿਣਤੀ ਚੋਟੀ ਦੇ ਕਹਾਣੀਕਾਰਾਂ ਵਿੱਚ ਹੁੰਦੀ। ਗਿਣਤੀ ਹੁਣ ਵੀ ਉਨ੍ਹਾਂ ਦੀ ਚੋਟੀ ਦੇ ਵਾਰਤਕ ਲਿਖਣ ਵਾਲੇ ਲਿਖਾਰੀਆਂ ਵਿੱਚ ਹੁੰਦੀ ਹੈ। ਵੈਸੇ ਉਨ੍ਹਾਂ ਨੇ ਕਹਾਣੀਆਂ, ਰੇਖਾ ਚਿੱਤਰ, ਸਫ਼ਰਨਾਮੇ, ਹਾਸ ਵਿਅੰਗ, ਜੀਵਨੀਆਂ, ਸਵੈ-ਜੀਵਨੀ ਤੇ ਪੇਂਡੂ ਜੀਵਨ ਬਾਰੇ ਫੁਟਕਲ ਆਰਟੀਕਲ ਵੀ ਲਿਖੇ ਹਨ। ਅੰਗਰੇਜ਼ੀ ਤੋਂ ਪੰਜਾਬੀ ਵਿੱਚ ਪੁਸਤਕ ਅਨੁਵਾਦ ਕੀਤੀ ਅਤੇ ਕੁਝ ਕੁ ਪੁਸਤਕਾਂ ਸੰਪਾਦਿਤ ਕੀਤੀਆਂ। ਅੱਜ ਵੀ ਉਹ ਵਾਰਤਕ ਲੇਖਣੀ ਵਿੱਚ ਪੰਜਾਬੀ ਦੇ ਚੋਟੀ ਦੇ ਲਿਖਾਰੀ ਹਨ ਅਤੇ ਸਾਹਿਤਕ ਹਲਕਿਆਂ ਵਿੱਚ ਉਨ੍ਹਾਂ ਦੀ ਪਛਾਣ ਖੇਡ ਲੇਖਕ ਦੀ ਹੈ ਜਿਸ ਪਛਾਣ ਨੂੰ ਲੈ ਕੇ ਉਹ ਖੁਸ਼ੀ ਤੇ ਮਾਣ ਮਹਿਸੂਸ ਕਰਦੇ ਹਨ। ਉਨ੍ਹਾਂ ਕੋਲ ਸ਼ਬਦਾਂ ਦੇ ਹੁਸਨ ਨੂੰ ਪਛਾਣਨ ਤੇ ਵਿਉਂਤਣ ਦੀ ਅਲੋਕਾਰੀ ਸਮਰੱਥਾ ਹੈ। ਉਹ ਕਵਿਤਾ ਲਿਖਣ ਵਾਂਗ ਸ਼ਬਦਾਂ ਤੇ ਵਾਕਾਂ ਨੂੰ ਜੋੜਦੇ ਤੇ ਬੀੜਦੇ ਹਨ। ਸ਼ਬਦਾਂ ਦੀ ਇਸ ਸੁਹਜੀਲੀ ਜੜਤ ਦੇ ਜਲੌਅ ਵਿਚੋਂ ਜ਼ਿੰਦਗੀ ਦੇ ਬਹੁਰੰਗੇ ਝਲਕਾਰੇ ਮਿਲਦੇ ਹਨ।

PunjabKesari
    ਉਨ੍ਹਾਂ ਦੀ ਲੇਖਣੀ ਵਿੱਚ ਜਿੰਨਾ ਵਧੀਆ ਕਥਾ-ਰਸ ਹੁੰਦਾ ਉਨ੍ਹਾਂ ਹੀ ਮਹਿਫਲ ਵਿੱਚ ਉਨ੍ਹਾਂ ਦੀਆਂ ਗੱਲਾਂ ਸੁਣਨ ਵਿੱਚ। ਗੱਲਾਂ ਕਰਦਿਆਂ ਇੰਝ ਲੱਗੀ ਜਾਵੇਗਾ ਜਿਵੇਂ ਉਨ੍ਹਾਂ ਦੀ ਕਿਤਾਬ ਨੂੰ ਪੜ੍ਹ ਰਹੇ ਹਾਂ ਅਤੇ ਕਿਤਾਬ ਪੜ੍ਹਦਿਆਂ ਲੱਗੇਗਾ ਕਿ ਖੁਦ ਉਨ੍ਹਾਂ ਦੀ ਜ਼ੁਬਾਨੀ ਕਿਸੇ ਖਿਡਾਰੀ ਜਾਂ ਖੇਡ ਮੇਲੇ ਦਾ ਬਿਰਤਾਂਤ ਸੁਣ ਰਹੇ ਹਨ। ਦੋਵੇਂ ਸੂਰਤਾਂ ਵਿੱਚ ਪਾਠਕ/ਸਰੋਤਾ ਮੰਤਰ-ਮੁਗਧ ਹੋ ਜਾਂਦਾ ਹੈ। ਉਨ੍ਹਾਂ ਦੀ ਇਕ ਗੈਰ ਰਸਮੀ ਮਹਿਫਲ ਮਾਣਨ ਵਾਲੇ ਅਜਨਬੀ ਵਿਅਕਤੀ ਦਾ ਮਨ ਕਰੇਗਾ ਕਿ ਵਾਰ-ਵਾਰ ਪਿ੍ਰੰਸੀਪਲ ਸਾਬ੍ਹ ਦੀ ਸੰਗਤ ਵਿੱਚ ਬੈਠਿਆ ਜਾਵੇ। ਉਨ੍ਹਾਂ ਨੂੰ ਇਕ ਵਾਰ ਪੜ੍ਹਨ ਜਾਂ ਸੁਣਨ ਵਾਲਾ ਕੀਲਿਆ ਹੀ ਜਾਂਦਾ ਹੈ। ਸਮੇਂ ਦੇ ਹਾਣੀ ਰਹੇ ਸਰਵਣ ਸਿੰਘ ਹੁਰਾਂ ਨੇ ਕੰਪਿਊਟਰ ਦੇ ਯੁੱਗ ਵਿੱਚ ਹੱਥ ਲਿਖਤਾਂ ਦੀ ਬਜਾਏ ਆਰਟੀਕਲ ਨੂੰ ਖੁਦ ਟਾਈਪ ਕਰ ਕੇ ਲਿਖਣਾ ਸ਼ੁਰੂ ਕੀਤਾ ਜਿਸ ਦਾ ਸਿਹਰਾ ਉਹ ਕਿਰਪਾਲ ਸਿੰਘ ਪੰਨੂੰ ਸਿਰ ਬੰਨ੍ਹਦੇ ਹਨ। ਫੇਸਬੁੱਕ ਪੇਜ਼ ਉਤੇ ਉਹ ਨਿਰੰਤਰ ਆਪਣੇ ਰੇਖਾ ਚਿੱਤਰ, ਲੇਖ ਅਤੇ ਟਿੱਪਣੀਆਂ ਲਿਖ ਕੇ ਨਵੀਂ ਉਮਰ ਦੇ ਲਿਖਾਰੀਆਂ ਨੂੰ ਵੀ ਪਛਾੜ ਰਹੇ ਹਨ। ਸਰਵਣ ਸਿੰਘ ਹੁਰਾਂ ਨੇ ਦੇਸ਼ ਵਿਦੇਸ਼ ਦੇ ਸੈਂਕੜੇ ਖੇਡ ਮੇਲੇ ਵੇਖੇ, ਕੁਮੈਂਟਰੀ ਕੀਤੀ ਅਤੇ ਖੇਡ ਮੇਲਿਆਂ ਤੇ ਖਿਡਾਰੀਆਂ ਬਾਰੇ ਲਿਖਿਆ। ਉਨ੍ਹਾਂ ਨੇ ਅਨੇਕਾਂ ਕਾਨਫਰੰਸਾਂ ਤੇ ਗੋਸ਼ਟੀਆਂ ਵਿਚ ਭਾਗ ਲਿਆ ਹੈ। ਪ੍ਰਿੰਸੀਪਲ ਵਜੋਂ ਰਿਟਾਇਰ ਹੋਣ ਪਿੱਛੋਂ ਉਹ ਖੇਡ ਮੇਲੇ ਵੇਖਣ, ਕਬੱਡੀ ਦੀ ਕੁਮੈਂਟਰੀ ਕਰਨ ਤੇ ਪੜ੍ਹਨ ਲਿਖਣ ਵਿਚ ਰੁੱਝੇ ਹੋਏ ਹਨ। ਹਰ ਸਾਲ ਉਹ ਇਕ ਕਿਤਾਬ ਪਾਠਕਾਂ ਦੀ ਝੋਲੀ ਪਾ ਰਹੇ ਹਨ।
    ਸਰਵਣ ਸਿੰਘ ਦਾ ਜਨਮ 8 ਜੁਲਾਈ 1940 ਨੂੰ ਲੁਧਿਆਣਾ ਜ਼ਿਲ੍ਹੇ ਵਿੱਚ ਮੋਗਾ ਤੇ ਬਰਨਾਲਾ ਜ਼ਿਲਿ੍ਹਆਂ ਦੀ ਹੱਦ ਨਾਲ ਲੱਗਦੇ ਪਿੰਡ ਚਕਰ ਵਿੱਚ ਸ. ਬਾਬੂ ਸਿੰਘ ਸੰਧੂ ਦੇ ਘਰ ਮਾਤਾ ਸ੍ਰੀਮਤੀ ਕਰਤਾਰ ਕੌਰ ਦੀ ਕੁੱਖੋਂ ਹੋਇਆ। ਚਕਰ ਤੋਂ ਮੁੱਢਲੀ ਸਿੱਖਿਆ ਉਪਰੰਤ ਮੱਲ੍ਹੇ ਤੋਂ ਮੈਟ੍ਰਿਕ ਕੀਤੀ। ਕਾਲਜ ਦੀ ਪੜ੍ਹਾਈ ਫਾਜ਼ਿਲਕਾ ਵਿਖੇ ਭੂਆ ਕੋਲ ਰਹਿੰਦਿਆਂ ਕੀਤੀ ਅਤੇ ਫੇਰ ਬੀ.ਐਡ. ਮੁਕਤਸਰ ਸਾਹਿਬ ਤੋਂ ਕੀਤੀ। ਪੰਜਾਬੀ ਦੀ ਐਮ.ਏ. ਦਿੱਲੀ ਜਾ ਕੇ ਕੀਤੀ ਜਿਸ ਪਿੱਛੇ ਵੀ ਇਕ ਦਿਲਚਸਪ ਘਟਨਾ ਹੈ, ਜੋ ਉਹ ਅਕਸਰ ਹੀ ਸੁਣਾਉਂਦੇ ਹਨ ਕਿ ਕਿਵੇਂ ਖਾਲਸਾ ਕਾਲਜ ਅੰਮਿ੍ਰਤਸਰ ਜਾਂਦਿਆਂ ਦਿੱਲੀ ਦੇ ਖਾਲਸਾ ਕਾਲਜ ਵਿੱਚ ਦਾਖਲਾ ਲੈ ਲਿਆ। ਪਿੰਡੋਂ ਦਾਖਲਾ ਲੈਣ ਤਾਂ ਖਾਲਸਾ ਕਾਲਜ ਅੰਮਿ੍ਰਤਸਰ ਚੱਲੇ ਸਨ ਪਰ ਬੱਧਨੀ ਪਾਰ ਕਰਦਿਆਂ ਮੋਗੇ ਤੋਂ ਪਹਿਲਾਂ ਬੱਸ ਖੁੱਭ ਜਾਣ ਕਾਰਨ ਉਨ੍ਹਾਂ ਦੀ ਮੋਗੇ ਤੋਂ ਅੰਮਿ੍ਰਤਸਰ ਦੀ ਬੱਸ ਨਿਕਲ ਗਈ। ਇਸ ਦੌਰਾਨ ਉਨ੍ਹਾਂ ਮੋਗੇ ਬੁੱਗੀਪੁਰੇ ਚੌਕ ਵਿੱਚ ਕਿਸੇ ਟਰੱਕ ਡਰਾਈਵਰ ਨੂੰ ਸਹਿਜ-ਸੁਭਾਅ ਹੀ ਦਿੱਲੀ ਜਾਣ ਲਈ ਰਾਹ ਪੁੱਛ ਲਿਆ ਤਾਂ ਅੱਗਿਓ ਟਰੱਕ ਵਾਲੇ ਨੇ ਆਪਣੇ ਨਾਲ ਹੀ ਦਿੱਲੀ ਲਿਜਾਣ ਦੀ ਅਜਿਹੀ ਆਫਰ ਦਿੱਤੀ ਕਿ ਉਨ੍ਹਾਂ ਦਿੱਲੀ ਵੱਲ ਰੁਖ਼ ਕਰ ਲਿਆ ਅਤੇ ਉਥੇ ਜਾ ਕੇ ਖਾਲਸਾ ਕਾਲਜ ਦਿੱਲੀ ਵਿਖੇ ਦਾਖਲਾ ਲੈ ਲਿਆ। ਦਿੱਲੀ ਹੀ ਉਨ੍ਹਾਂ ਲੇਖਣੀ ਦੀ ਸ਼ੁਰੂਆਤ ਹੋਈ। ਉਸ ਵੇਲੇ ਕੌਮੀ ਰਾਜਧਾਨੀ ਪੰਜਾਬੀ ਸਾਹਿਤਕਾਰਾਂ ਦਾ ਗੜ੍ਹ ਹੁੰਦੀ ਸੀ। 1962 ਦੀਆਂ ਜਕਾਰਤਾ ਏਸ਼ਿਆਈ ਖੇਡਾਂ ਦਾ ਕੈਂਪ ਦਿੱਲੀ ਦੇ ਜਵਾਹਰ ਲਾਲ ਨਹਿਰੂ ਸਟੇਡੀਅਮ ਵਿਖੇ ਲੱਗਿਆ ਸੀ। ਇਸ ਕੈਂਪ ਵਿੱਚ ਉਸ ਵੇਲੇ ਦੇ ਚੋਟੀ ਦੇ ਅਥਲੀਟਾਂ ਮਿਲਖਾ ਸਿੰਘ, ਪ੍ਰਦੁੱਮਣ ਸਿੰਘ, ਪਰਵੀਨ ਕੁਮਾਰ, ਗੁਰਬਚਨ ਸਿੰਘ ਰੰਧਾਵਾ ਆਦਿ ਅਗਲੀਆਂ ਖੇਡਾਂ ਦੀ ਤਿਆਰੀ ਕਰ ਰਹੇ ਸਨ ਪ੍ਰੰਤੂ ਇਹ ਕੈਂਪ ਸਰਵਣ ਸਿੰਘ ਹੁਰਾਂ ਲਈ ਖੇਡ ਲੇਖਣੀ ਦੀ ਸ਼ੁਰੂਆਤ ਦਾ ਵੱਡਾ ਕਾਰਨ ਬਣਿਆ। ਉਸ ਕੈਂਪ ਦੌਰਾਨ ਖਿਡਾਰੀਆਂ ਨਾਲ ਕੀਤੀਆਂ ਮੁਲਾਕਾਤਾਂ ਨੂੰ ਉਨ੍ਹਾਂ ਰੇਖਾ ਚਿੱਤਰਾਂ ਰਾਹੀਂ ਪੇਸ਼ ਕੀਤਾ। ਉਸ ਕੈਂਪ ਤੋਂ ਸਰਵਣ ਸਿੰਘ ਹੁਰਾਂ ਨੂੰ 100 ਮੀਟਰ ਦੀ ਦੌੜ ਵਾਲਾ ਸਟਾਰਟ ਮਿਲਿਆ ਜੋ ਬਾਅਦ ਵਿੱਚ ਉਨ੍ਹਾਂ ਦੇ ਸਟੈਮਿਨੇ ਕਾਰਨ ਮੈਰਾਥਨ ਦੌੜ ਨੂੰ ਪਾਰ ਕਰ ਗਿਆ। ਮੈਰਾਥਨ ਦੌੜ ਤਾਂ 42 ਕਿਲੋਮੀਟਰ ਬਾਅਦ ਖਤਮ ਹੋ ਜਾਂਦੀ ਹੈ ਪਰ ਸਰਵਣ ਸਿੰਘ ਨੂੰ ਲਿਖਦਿਆਂ ਉਨ੍ਹਾਂ ਦੀ ਹਿੰਮਤ, ਲੇਖਣੀ ਕਲਾ ਅਤੇ ਪਾਠਕਾਂ ਵੱਲੋਂ ਮਿਲੇ ਪਿਆਰ ਸਦਕਾ ਅੱਧੀ ਸਦੀ ਪਾਰ ਹੋ ਗਈ ਹੈ। ਇਸ ਬਾਰੇ ਉਹ ਖੁਦ ਹੀ ਲਿਖਦੇ ਹਨ, ‘‘ਮੈਰਾਥਨ ਦੌੜ ਬਤਾਲੀ ਕਿਲੋਮੀਟਰ ਦੀ ਹੁੰਦੀ ਹੈ। ਮੈਨੂੰ ਖੇਡਾਂ ਤੇ ਖਿਡਾਰੀਆਂ ਬਾਰੇ ਲਿਖਦਿਆਂ ਪੰਜਾਹ ਸਾਲ ਤੋਂ ਵੀ ਵੱਧ ਹੋ ਚੱਲੇ ਹਨ। ਜਿਵੇਂ ਮੈਰਾਥਨ ਦੌੜਾਕ ਦੌੜ ਮੁੱਕਣ ਦੇ ਨੇੜੇ ਸਿਰੜ ਨਾਲ ਹੋਰ ਤੇਜ਼ ਦੌੜਨ ਲੱਗਦੇ ਹਨ ਉਵੇਂ ਮੈਂ ਵੀ ਆਪਣੀ ਲਿਖਣ ਦੀ ਚਾਲ ਹੋਰ ਤੇਜ਼ ਕਰ ਦਿੱਤੀ ਹੈ।’’ 1965 ਵਿਚ ਪੰਜਾਬੀ ਸਾਹਿਤ ਵਿੱਚ ਵੱਡਾ ਸਥਾਨ ਰੱਖਦੇ ਦਿੱਲੀ ਦੇ ਸਾਹਿਤਕ ਪਰਚੇ ‘‘ਆਰਸੀ’’ ਵਿੱਚ ਲਿਖਣ ਦਾ ਸਫਰ ਸ਼ੁਰੂ ਕੀਤਾ।
ਦਿੱਲੀ ਦੇ ਕਾਲਜ ਤੋਂ ਹੀ ਪੰਜਾਬੀ ਪੜ੍ਹਾਉਣ ਲੱਗੇ ਸਰਵਣ ਸਿੰਘ ਚੋਟੀ ਦੇ ਨਾਵਲਕਾਰ ਜਸਵੰਤ ਸਿੰਘ ਕੰਵਲ ਦੇ ਪ੍ਰੇਰਨਾਦਾਇਕ ਮਿਹਣੇ ਕਾਰਨ ਵਾਪਸ ਪੰਜਾਬ ਆ ਕੇ ਢੁੱਡੀਕੇ ਦੇ ਲਾਲਾ ਲਾਜਪਤ ਰਾਏ ਸਰਕਾਰੀ ਕਾਲਜ ਪੜ੍ਹਾਉਣ ਲੱਗੇ। ਕੰਵਲ ਹੁਰਾਂ ਨੇ ਦਿੱਲੀ ਜਾ ਕੇ ਸਰਵਣ ਸਿੰਘ ਨੂੰ ਮਿਹਣਾ ਮਾਰਿਆ ਕਿ ਜੇਕਰ ਪਿੰਡਾਂ ਵਾਲੇ ਮੁੰਡਿਆਂ ਨੇ ਪੜ੍ਹ-ਲਿਖ ਕੇ ਪਿੰਡਾਂ ਦੀ ਬਜਾਏ ਵੱਡੇ ਸ਼ਹਿਰਾਂ ਵਿੱਚ ਹੀ ਪੜ੍ਹਾਉਣ ਲੱਗ ਜਾਣਾ ਹੈ ਤਾਂ ਪਿੰਡਾਂ ਵਾਲਿਆਂ ਨੂੰ ਆਪਣੇ ਮੁੰਡੇ ਬਿਲਕੁਲ ਵੀ ਨਹੀਂ  ਪੜ੍ਹਾਉਣੇ ਚਾਹੀਦੇ। ਉਨ੍ਹਾਂ ਕੰਵਲ ਸਾਹਬ ਦੀ ਗੱਲ ਮੰਨ ਲਈ। ਜੁਲਾਈ 1967 ਵਿਚ ਉਹ ਜਦੋਂ ਦਿੱਲੀ ਛੱਡ ਕੇ ਢੁੱਡੀਕੇ ਆ ਗਏ ਤਾਂ ਖੇਡ-ਖਿਡਾਰੀਆਂ ਨਾਲੋਂ ਨਾਤਾ ਟੁੱਟ ਜਾਣ ਕਾਰਨ ਕੁਝ ਸਮੇਂ ਲਈ ਲਿਖਣ ਦੀ ਰਫ਼ਤਾਰ ਘਟ ਗਈ। ਇਸ ਸਮੇਂ ਦੌਰਾਨ ਉਨ੍ਹਾਂ ਸਾਰਾਦਿੰਦੂ ਸਾਨਿਆਲ ਦੀ ਅੰਗਰੇਜ਼ੀ ਪੁਸਤਕ ਦਾ ‘‘ਭਾਰਤ ਵਿਚ ਹਾਕੀ’’ ਨਾਂ ਹੇਠ ਅਨੁਵਾਦ ਕੀਤਾ ਤੇ ਕੁਝ ਫੁਟਕਲ ਆਰਟੀਕਲ ਲਿਖੇ। ਢੁੱਡੀਕੇ ਵਿਖੇ ਹੀ ਉਨ੍ਹਾਂ ਦੀ ਪਹਿਲੀ ਪੁਸਤਕ ਛਪੀ ਜੋ ਹੁਣ ਤੱਕ ਨਿਰੰਤਰ ਛਪਣੀਆਂ ਜਾਰੀ ਹਨ। 
ਕੰਵਲ ਤੇ ਸਰਵਣ ਸਿੰਘ ਹੁਰਾਂ ਦੀ ਆੜੀ ਵੇਲੇ ਦੀ ਪਈ, ਹੁਣ ਤੱਕ ਜਾਰੀ ਹੈ ਅਤੇ ਇਹ ਸਮਾਂ ਬੀਤਣ ਨਾਲ ਹੋਰ ਪੀਡੀ ਹੁੰਦੀ ਗਈ। ਦੋਵਾਂ ਦੀ ਉਮਰ ਵਿੱਚ ਢਾਈ ਦਹਾਕਿਆਂ ਦੇ ਫਰਕ ਦੇ ਬਾਵਜੂਦ ਉਨ੍ਹਾਂ ਨੂੰ ਰਾਮ-ਲਛਮਣ ਦੀ ਜੋੜੀ ਨਾਲ ਵੀ ਪੁਕਾਰਿਆ ਜਾਂਦਾ ਹੈ। ਸਰਵਣ ਸਿੰਘ ਹੁਰਾਂ ਦੀ ਦਿਲੀ ਇੱਛਾ ਹੈ ਕਿ ਜਸਵੰਤ ਸਿੰਘ ਕੰਵਲ ਉਮਰ ਦਾ ਸੈਂਕੜਾ ਪੂਰਾ ਕਰਨ। ਉਹ ਦੱਸਦੇ ਹਨ ਕਿ ਹਾਲੇ ਤੱਕ ਕਿਸੇ ਵੀ ਸਾਹਿਤਕਾਰ ਨੇ ਉਮਰ ਦਾ ਸੈਂਕੜਾ ਨਹੀਂ  ਮਾਰਿਆ। ਅੱਜ ਕੱਲ੍ਹ ਉਹ ਕੰਵਲ ਸਾਹਬ ਬਾਰੇ ਪੁਸਤਕ ਲਿਖ ਰਹੇ ਹਨ। ਸਰਵਣ ਸਿੰਘ ਨੇ ਨੱਬੇ ਤੋਂ ਸੌ ਸਾਲ ਦੇ ਵਿਚਾਲੇ ਫੌਤ ਹੋਣ ਵਾਲੇ ਸਾਹਿਤਕਾਰਾਂ ਦਾ ਵੇਰਵਾ ਦਿੰਦਿਆ ਲੇਖ ਵੀ ਲਿਖਿਆ ਕਿ ਹਾਲੇ ਤੱਕ ਕਿਸੇ ਵੀ ਸਾਹਿਤਕਾਰ ਨੇ ਸੌ ਸਾਲ ਪੂਰੇ ਨਹੀਂ  ਕੀਤੇ। ਉਨ੍ਹਾਂ ਦੀ ਇਹ ਵੀ ਦਿਲੀ ਇੱਛਾ ਹੈ ਕਿ ਕੰਵਲ ਸਾਬ੍ਹ ਤੋਂ ਬਾਅਦ ਹਾਕੀ ਦੇ ਮਹਾਨ ਖਿਡਾਰੀ ਬਲਬੀਰ ਸਿੰਘ ਸੀਨੀਅਰ ਵੀ ਸੌਵਾਂ ਜਨਮ ਮਨਾਉਣ। ਪਿਛਲੇ ਸਮੇਂ ਜਦੋਂ ਬਲਬੀਰ ਸਿੰਘ ਪੀ.ਜੀ.ਆਈ. ਦਾਖ਼ਲ ਸਨ ਤਾਂ ਉਨ੍ਹਾਂ ਦੀ ਸਿਹਤਯਾਬੀ ਲਈ ਸਭ ਤੋਂ ਵੱਧ ਦੁਆਵਾਂ ਸਰਵਣ ਸਿੰਘ ਹੁਰੀਂ ਦਿਨੀਂ ਦਿੱਲੀ ਤੋਂ ‘‘ਸਚਿੱਤਰ ਕੌਮੀ ਏਕਤਾ’ ਮੈਗਜ਼ੀਨ ਨਿਕਲਣਾ ਸ਼ੁਰੂ ਹੋਇਆ ਜਿਸ ਦੀ ਸਰਕੂਲੇਸ਼ਨ 50,000 ਤੋਂ ਵੀ ਟੱਪ ਗਈ। ਡਾ. ਹਰਿਭਜਨ ਸਿੰਘ ਨੇ ਸਰਵਣ ਸਿੰਘ ਹੁਰਾਂ ਨੂੰ ‘ਖੇਡਾਂ ਵਿੱਚ ਪੰਜਾਬੀ’ ਅੰਕ ਲਈ ਆਰਟੀਕਲ ਲਿਖਣ ਲਈ ਕਿਹਾ। ਪਹਿਲਾ ਲੇਖ ਉਨ੍ਹਾਂ ‘‘ਪੰਜਾਬ ਦੇ ਖਿਡਾਰੀ’’ ਭੇਜਿਆ ਜਿਸ ਦੇ ਛਪਣ ਤੋਂ ਬਾਅਦ ਉਨ੍ਹਾਂ ਨੂੰ ਮਨੀ ਆਰਡਰ ਮਿਲਿਆ ਜਿਸ ਦੀ ਉਨ੍ਹਾਂ ਨੂੰ ਬਹੁਤ ਖ਼ੁਸ਼ੀ ਹੋਈ। ਸਚਿੱਤਰ ਕੌਮੀ ਏਕਤਾ ਨੇ ਇਕ ਸਥਾਈ ਕਾਲਮ ‘ਖੇਡ ਮੈਦਾਨ ’ਚੋਂ’ ਸ਼ੁਰੂ ਕੀਤਾ ਜੋ ਉਨ੍ਹਾਂ ਲਗਭਗ 15 ਸਾਲ ਲਿਖਿਆ। 1978 ਵਿਚ ਸ਼ੁਰੂ ਹੋਏ ‘ਪੰਜਾਬੀ ਟ੍ਰਿਬਿਊਨ’’ ਨੇ ਸਰਵਣ ਸਿੰਘ ਦੀ ਲਿਖਣ ਚਾਲ ਹੋਰ ਤੇਜ਼ ਕਰਵਾ ਦਿੱਤੀ। ਹਫ਼ਤਾਵਾਰ ਖੇਡ-ਅੰਕ ਲਈ ਲਿਖਣ ਤੋਂ ਇਲਾਵਾ ਅਖ਼ਬਾਰ ਲਈ ਬੰਬਈ ਜਾ ਕੇ 1981-82  ਦਾ ਹਾਕੀ ਵਿਸ਼ਵ ਕੱਪ ਅਤੇ ਦਿੱਲੀ ਜਾ ਕੇ 1982 ਦੀਆਂ ਨਵੀਂ ਦਿੱਲੀ ਏਸ਼ਿਆਈ ਖੇਡਾਂ ਕਵਰ ਕੀਤੀਆਂ। ਇਸ ਤੋਂ ਇਲਾਵਾ 1986 ਵਿੱਚ ਸਿਓਲ ਦੀਆਂ ਏਸ਼ਿਆਈ ਖੇਡਾਂ ਬਾਰੇ ਵੀ ਲਿਖਿਆ। ‘ਪੰਜਾਬੀ ਟ੍ਰਿਬਿਊਨ’ ਦੇ ਤਤਕਾਲੀ ਸੰਪਾਦਕ ਬਰਜਿੰਦਰ ਸਿੰਘ ਹਮਦਰਦ ਨੇ ਸਰਵਣ ਸਿੰਘ ਨੂੰ ਪਹਿਲਾਂ ‘ਦ੍ਰਿਸ਼ਟੀ’,’ ਫਿਰ ‘ਪੰਜਾਬੀ ਟ੍ਰਿਬਿਊਨ’ ਤੇ ਹੁਣ ‘ਅਜੀਤ’’ ਨਾਲ ਜੋੜਿਆ ਹੋਇਆ ਹੈ। ਟੋਰਾਂਟੋ ਦੇ ‘ਪਰਵਾਸੀ’, ਵੈਨਕੂਵਰ ਦੇ ‘ਇੰਡੋ ਕੈਨੇਡੀਅਨ ਟਾਇਮਜ਼’ ਤੇ ਕੁਝ ਹੋਰ ਪਰਚਿਆਂ ਲਈ ਉਹ ਵਰਿ੍ਹਆਂ ਤੋਂ ਲਿਖ ਰਹੇ ਹਨ। ਇਸ ਦੌਰਾਨ ਉਨ੍ਹਾਂ ਰੰਗਦਾਰ ਸਚਿੱਤਰ ਰਸਾਲਾ ‘ਖੇਡ ਸੰਸਾਰ’ ਸ਼ੁਰੂ ਕੀਤਾ ਜਿਹੜਾ ਕਿ ਪੰਜਾਬੀ ਵਿੱਚ ਨਿਰੋਲ ਖੇਡਾਂ ਬਾਰੇ ਆਪਣੀ ਕਿਸਮ ਦਾ ਪਲੇਠਾ ਰਸਾਲਾ ਸੀ। ਸਰਵਣ ਸਿੰਘ ਖੁਦ ਦੱਸਦੇ ਹਨ ਕਿ ਹੁਣ ਤੱਕ ਉਨ੍ਹਾਂ ਦੇ ਛਪੇ ਆਰਟੀਕਲ ਉਨ੍ਹਾਂ ਨੇ ਗਿਣੇ ਤਾਂ ਨਹੀਂ ਪਰ ਲੱਗਦਾ ਹੈ ਕਿ ਇਨ੍ਹਾਂ ਦੀ ਗਿਣਤੀ ਹਜ਼ਾਰਾਂ ਵਿੱਚ ਜ਼ਰੂਰ ਹੈ।
ਢੁੱਡੀਕੇ ਤੋਂ ਬਾਅਦ ਸਰਵਣ ਸਿੰਘ ਹੁਰਾਂ ਨੇ ਰੁਖ਼ ਅਮਰਦੀਪ ਸਿੰਘ ਸ਼ੇਰਗਿੱਲ ਮੈਮੋਰੀਅਲ ਕਾਲਜ ਮੁਕੰਦਪੁਰ ਕੀਤਾ ਜਿੱਥੋਂ ਉਨ੍ਹਾਂ ਦੇ ਨਾਮ ਨਾਲ ਪੱਕੇ ਤੌਰ ’ਤੇ ‘ਪ੍ਰਿੰਸੀਪਲ’ ਜੁੜ ਗਿਆ। ਸ. ਗੁਰਚਰਨ ਸਿੰਘ ਸ਼ੇਰਗਿੱਲ ਨੇ ਆਪਣੇ ਇਕਲੌਤੇ ਪੁੱਤਰ ਅਮਰਦੀਪ ਸਿੰਘ ਦੇ ਬੇਵਕਤੀ ਚਲਾਣੇ ਤੋਂ ਬਾਅਦ ਪੁੱਤਰ ਦੀ ਯਾਦ ਸਦੀਵੀ ਕਾਇਮ ਰੱਖਣ ਅਤੇ ਦੋਆਬੇ ਦੇ ਨਵਾਂ ਸ਼ਹਿਰ ਜ਼ਿਲ੍ਹੇ ਦੇ ਇਸ ਪੇਂਡੂ ਖੇਤਰ ਵਿੱਚ ਸਿੱਖਿਆ ਦਾ ਚਾਨਣ ਬਿਖੇਰਨ ਲਈ ਕਾਲਜ ਬਣਾਇਆ। ਨਵੇਂ ਕਾਲਜ ਨੂੰ ਚਲਾਉਣ ਲਈ ਉਘੇ ਅਰਥ ਸਾਸ਼ਤਰੀ ਡਾ. ਸਰਦਾਰਾ ਸਿੰਘ ਜੌਹਲ ਨੂੰ ਪੇਂਡੂ ਪਿਛੋਕੜ ਵਾਲੇ ਇਕ ਤਜਰਬੇਕਾਰ, ਸੁਲਝੇ ਪਿ੍ਰੰਸੀਪਲ ਦੀ ਲੋੜ ਸੀ। ਸਰਵਣ ਸਿੰਘ ਹੁਰÄ ਇਸ ਲੋੜ ’ਤੇ ਖਰੇ ਉਤਰੇ ਅਤੇ ਅਮਰਦੀਪ ਕਾਲਜ ਦੇ ਪਿ੍ਰੰਸੀਪਲ ਵਜੋਂ 6 ਸਾਲ ਸ਼ਾਨਦਾਰ ਸੇਵਾਵਾਂ ਦੇ ਕੇ 2000 ਵਿੱਚ ਸੇਵਾਮੁਕਤ ਹੋਏ। ਇਸ ਸਮੇਂ ਦੌਰਾਨ ਉਨ੍ਹਾਂ ਆਪਣੀ ਪੱਕੀ ਰਿਹਾਇਸ਼ ਮੁਕੰਦਪੁਰ ਵਿਖੇ ਹੀ ਕਰ ਲਈ ਜਿੱਥੇ ਪਹਿਲਾਂ ਉਹ ਸਟਾਫ ਫਲੈਟ ਵਿੱਚ ਠਹਿਰੇ ਅਤੇ ਫੇਰ ਪੱਕਾ ਘਰ ਬਣਾ ਲਿਆ। 
ਸਰਵਣ ਸਿੰਘ ਬਤੌਰ ਪਿ੍ਰੰਸੀਪਲ ਬਹੁਤ ਕਾਮਯਾਬ ਰਹੇ। ਉਨ੍ਹਾਂ ਕਾਲਜ ਵਿੱਚ ਅਨੁਸ਼ਾਸਨ ਕਾਇਮ ਰੱਖਣ ਲਈ ਸਖਤੀ ਵੀ ਕੀਤੀ ਪਰ ਲਹਿਜਾ ਸ਼ਾਂਤੀ ਵਾਲਾ ਰਿਹਾ। ਗੁਰਚਰਨ ਸਿੰਘ ਸ਼ੇਰਗਿੱਲ ਦੇ ਗੁਆਂਢੀ ਬਣੇ ਪਿ੍ਰੰਸੀਪਲ ਸਰਵਣ ਸਿੰਘ ਸਾਇਬੇਰੀਅਨ ਕੂੰਜਾਂ ਵਾਂਗ ਹੁਣ ਜਦੋਂ ਸਿਆਲਾਂ ਦੀ ਰੁੱਤੇ ਕੈਨੇਡਾ ਤੋਂ ਭਾਰਤ ਚਾਰ ਮਹੀਨਿਆਂ ਲਈ ਆਉਂਦੇ ਹਨ ਤਾਂ ਮੁਕੰਦਪੁਰ ਹੀ ਰਹਿੰਦੇ ਹਨ। ਪੰਜਾਬ ਦੇ ਕੋਨੇ-ਕੋਨੇ ਵਿੱਚ ਘੰੁਮਦੇ ਫਿਰਦੇ ਹਨ। ਉਨ੍ਹਾਂ ਦਾ ਵੱਡਾ ਬੇਟਾ ਜਗਵਿੰਦਰ ਸਿੰਘ ਮੁਕੰਦਪੁਰ ਹੀ ਰਹਿੰਦਾ ਹੈ ਜੋ ਅਮਰਦੀਪ ਕਾਲਜ ਵਿੱਚ ਪੰਜਾਬੀ ਪੜ੍ਹਾਉਂਦਾ ਹੈ। ਛੋਟਾ ਬੇਟਾ ਗੁਰਵਿੰਦਰ ਸਿੰਘ ਕੈਨੇਡਾ ਰਹਿੰਦਾ ਹੈ। ਆਪਣੇ ਅਧਿਆਪਨ ਦੇ ਸਫਰ ਦੌਰਾਨ ਪਿ੍ਰੰਸੀਪਲ ਸਾਬ੍ਹ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਸੈਨੇਟ ਤੇ ਸਿੰਡੀਕੇਟ ਅਤੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਮੈਂਬਰ ਵੀ ਰਹੇ।

PunjabKesari
    ਸਰਵਣ ਸਿੰਘ ਹੁਰÄ ਦੱਸਦੇ ਹਨ ਕਿ ਅਕਸਰ ਹੀ ਉਨ੍ਹਾਂ ਕੋੋਲੋਂ ਪੁੱਛਿਆ ਜਾਂਦਾ ਰਿਹਾ ਕਿ ਉਹ ਕਹਾਣੀਆਂ ਲਿਖਦੇ ਹੋਏ ਖੇਡ ਸਾਹਿਤ ਵੱਲ ਕਿਵੇਂ ਆਏ। ਉਨ੍ਹਾਂ ਨੂੰ ਕੋਈ ਖਿਡਾਰੀ ਜਾਂ ਕੋਚ ਸਮਝਦਾ ਜਾਂ ਫਿਰ ਕੋਈ ਖੇਡ ਅਧਿਕਾਰੀ ਜਾਂ ਖੇਡਾਂ ਦਾ ਅਧਿਆਪਕ ਸਮਝਦਾ। ਉਨ੍ਹਾਂ ਨੂੰ ਕਦੇ-ਕਦੇ ਚਿੱਠੀਆਂ ਲਿਖਣ ਵਾਲੇ ਸਿਰਨਾਵੇਂ ’ਤੇ ‘ਸਰਵਣ ਸਿੰਘ ਖੇਡ ਇੰਚਾਰਜ’ ਵੀ ਲਿਖ ਦਿੰਦੇ। ਕਿੱਤੇ ਵਜੋਂ ਉਹ ਪੰਜਾਬੀ ਦੇ ਲੈਕਚਰਾਰ ਤੇ ਕਾਲਜ ਦੇ ਪ੍ਰਿੰਸੀਪਲ ਰਹੇ ਪਰ ਖੇਡਾਂ ਤੇ ਖਿਡਾਰੀਆਂ ਬਾਰੇ ਲਿਖਣਾ ਤੇ ਕਬੱਡੀ ਦੀ ਕੁਮੈਂਟਰੀ ਕਰਨੀ ਉਨ੍ਹਾਂ ਦਾ ਸ਼ੌਕ ਸੀ। ਉਨ੍ਹਾਂ ਨੇ ਸ਼ੌਕ ਨੂੰ ਕਿੱਤੇ ਵਾਂਗ ਹੀ ਅਪਣਾਇਆ ਅਤੇ ਸੇਵਾਮੁਕਤੀ ਤੋਂ ਬਾਅਦ ਲਿਖਣ ਵੱਲ ਕੁਲਵਕਤੀ ਹੋ ਗਏ। ਉਹ ਖੁਦ ਲਿਖਦੇ ਹਨ, ‘‘ਖੇਡਾਂ ਤੇ ਖਿਡਾਰੀਆਂ ਬਾਰੇ ਮੈਂ ਗਿਣ ਮਿਥ ਕੇ ਨਹੀਂ ਸਾਂ ਲਿਖਣ ਲੱਗਾ। ਮੇਰੇ ਨਾਲ ਤਾਂ ਉਵੇਂ ਹੋਈ ਜਿਵੇਂ ਸੁੰਘਿਆ ਸੀ ਫੁੱਲ ਕਰ ਕੇ ਰੌਂਅ ਗਿਆ ਹੱਡਾਂ ਵਿਚ ਸਾਰੇ।’’ ਸਰਵਣ ਸਿੰਘ ਹੁਰੀਂ ਖੇਡਾਂ ਦੀ ਦੁਨੀਆਂ ਨੂੰ ਵਚਿੱਤਰ ਤੇ ਬਹੁਰੰਗੀ ਦੱਸਦੇ ਹਨ ਜਿੱਥੇ ਹਜ਼ਾਰਾਂ ਖੇਡਾਂ ਜਲ, ਥਲ, ਬਰਫ਼ ਤੇ ਹਵਾ ਵਿਚ ਖੇਡੀਆਂ ਜਾ ਰਹੀਆਂ ਹਨ। ਕਿਤੇ ਜੁੱਸੇ ਦੇ ਜ਼ੋਰ ਦੀ ਪਰਖ ਹੈ, ਕਿਤੇ ਦਿਮਾਗ ਦੇ ਤੇਜ਼ ਹੋਣ ਦੀ ਤੇ ਕਿਤੇ ਚੁਸਤੀ ਫੁਰਤੀ ਦੀ। ਕੱੁਲ ਆਲਮ ਦੀਆਂ ਹਜ਼ਾਰਾਂ ਖੇਡਾਂ ’ਚੋਂ ਤੀਹ-ਪੈਂਤੀ ਖੇਡਾਂ ਹੀ ਹਨ ਜਿਨ੍ਹਾਂ ਦੇ ਮੁਕਾਬਲੇ ਮਹਾਂਦੀਪਾਂ ਤੇ ਓਲੰਪਿਕ ਪੱਧਰ ’ਤੇ ਹੋਣ ਲੱਗੇ ਹਨ। ਖੇਡਾਂ ਵਿਚ ਸੱਟਾਂ ਫੇਟਾਂ ਵੀ ਹਨ ਤੇ ਛੋਟੇ ਵੱਡੇ ਇਨਾਮ ਵੀ ਹਨ। ਖੇਡਦਿਆਂ ਕਿਸੇ ਖਿਡਾਰੀ ਦੀ ਮੌਤ ਵੀ ਹੋ ਸਕਦੀ ਹੈ। ਕਈ ਖੇਡਾਂ ਜਾਨ ਜ਼ੋਖ਼ਮ ਵਾਲੀਆਂ ਹਨ ਜਿਨ੍ਹਾਂ ਲਈ ਸੇਫ ਗਾਰਡ ਵਰਤੇ ਜਾਂਦੇ ਹਨ। ਖੇਡਾਂ ਦੇ ਆਲਮ ਤੇ ਗੱਲਾਂ ਦਾ ਕੋਈ ਪਾਰਾਵਾਰ ਨਹੀਂ।

PunjabKesari
ਗੱਲ ਮਈ 1966 ਦੀ ਹੈ, ਜਦੋਂ ਉਹ ਦਿੱਲੀ ਪੜ੍ਹਦੇ ਸਨ। ਗਰਮੀਆਂ ਦੀਆਂ ਛੁੱਟੀਆਂ ਦੌਰਾਨ ਉਹ ਦਿੱਲੀ ਤੋਂ ਪਿੰਡ ਚਕਰ ਆਏ ਸਨ। ਇਸ ਦੌਰਾਨ ਉਨ੍ਹਾਂ ਖਬਰ ਪੜ੍ਹੀ ਕਿ ਐਨ.ਆਈ.ਐਸ. ਪਟਿਆਲੇ ਵਿਖੇ ਕਿੰਗਸਟਨ ਦੀਆਂ ਰਾਸ਼ਟਰਮੰਡਲ ਖੇਡਾਂ ਲਈ ਕੌਮੀ ਪੱਧਰ ਦੇ ਅਥਲੀਟਾਂ ਦਾ ਕੋਚਿੰਗ ਕੈਂਪ ਲੱਗਾ ਹੈ। ਉਨ੍ਹਾਂ ਵਿੱਚ ਕੁਝ ਅਥਲੀਟ ਉਨ੍ਹਾਂ ਦੇ ਵਾਕਫ਼ ਵੀ ਸਨ ਜਿਨ੍ਹਾਂ ਨਾਲ ਉਹ ਖੁਦ ਖੇਡ ਅਭਿਆਸ ਕਰਦੇ ਰਹੇ ਸਨ। ਉਨ੍ਹੀਂ ਦਿਨੀਂ ਬਲਵੰਤ ਗਾਰਗੀ ਦੀ ਪੁਸਤਕ ‘ਨਿੰਮ ਦੇ ਪੱਤੇ’ ਚਰਚਿਤ ਸੀ ਅਤੇ ਉਸ ਵਿਚਲੇ ਸਾਹਿਤਕਾਰਾਂ ਦੇ ਰੇਖਾ ਚਿਤਰਾਂ ਨੇ ਸਰਵਣ ਸਿੰਘ ਨੂੰ ਖਿਡਾਰੀਆਂ ਦੇ ਰੇਖਾ ਚਿੱਤਰ ਲਿਖਣ ਲਈ ਟੁੰਬਿਆ। ਦੇਸ਼ ਦੇ ਚੋਟੀ ਦੇ ਅਥਲੀਟਾਂ ਨੂੰ ਮਿਲਣ ਲਈ ਉਹ ਪਟਿਆਲਾ ਚਲੇ ਗਏ। ਪਟਿਆਲਾ ਪਹੁੰਚਣ ’ਤੇ ਮਿਲੇ ਪਹਿਲੇ ਪ੍ਰਭਾਵ ਬਾਰੇ ਉਹ ਲਿਖਦੇ ਹਨ, ‘‘ਪਟਿਆਲੇ ਖਿਡਾਰੀਆਂ ਦੇ ਰਿਹਾਇਸ਼ੀ ਕਮਰਿਆਂ ਵਿਚ ਤਣੀਆਂ ’ਤੇ ਕੱਛੇ, ਬੁਨੈਣਾਂ ਤੇ ਜਾਂਘੀਏ ਸੁੱਕਣੇ ਪਾਏ ਹੋਏ ਸਨ। ਉਥੇ ਮੁੜ੍ਹਕੇ ਦੀ ਹਮਕ ਪਸਰੀ ਹੋਈ ਸੀ। ਕਿੱਲੀਆਂ ’ਤੇ ਰੰਗਦਾਰ ਧਾਰੀਆਂ ਵਾਲੇ ਨੀਲੇ ਲਾਲ ਟਰੈਕ ਸੂਟ ਲਟਕ ਰਹੇ ਸਨ। ਹੇਠਾਂ ਰੰਗ ਬਰੰਗੇ ਦੌੜਨ ਵਾਲੇ ਬੂਟ ਪਏ ਸਨ। ਉਥੇ ਖ਼ੁਸ਼-ਦਿਲ ਪਰਵੀਨ ਕੁਮਾਰ ਸੀ, ਸ਼ੌਂਕੀ ਮਹਿੰਦਰ ਗਿੱਲ, ਹਸਦਾ ਹਸਾਉਂਦਾ ਅਜਮੇਰ ਮਸਤ ਤੇ ਚੁੱਪ ਕੀਤਾ ਲਾਭ ਸਿੰਘ। ਨਿਰਮਲ ਸਿੰਘ ਦੇ ਪੱਟ ਉਤੇ ਸੱਪ ਖੁਣਿਆ ਹੋਇਆ ਸੀ ਤੇ ਗੁਰਬਚਨ ਰੰਧਾਵਾ ਲੱਤ ਚੁੱਕ ਕੇ ਤਾੜੀ ਮਾਰਦਾ ਸੀ। ਜਰਨੈਲ ਸਿੰਘ ਅਮਲੀਆਂ ਵਾਂਗ ਨਿਢਾਲ ਪਿਆ ਸੀ ਤੇ ਜੋਗਿੰਦਰ ਸਿੰਘ ਮੋਚਣੇ ਨਾਲ ਮੁੱਛਾਂ ਦੇ ਵਾਲ ਸੁਆਰ ਰਿਹਾ ਸੀ। ਬਲਵੰਤ ਸਿੰਘ ਨੇ ਸ਼ੱਕਰ ਘੋਲ ਕੇ ਪਿਆਈ ਤੇ ਬਲਦੇਵ ਸਿੰਘ ਨੇ ਬਦਾਮ ਦਿੱਤੇ।’’
ਸਰਵਣ ਸਿੰਘ ਦਾ ਖਿਡਾਰੀਆਂ ਦੇ ਇਸ ਮਾਹੌਲ ਵਿੱਚ ਅਜਿਹਾ ਦਿਲ ਲੱਗਿਆ ਕਿ ਉਨ੍ਹਾਂ ਪਟਿਆਲਾ ਵਿਖੇ ਹੀ ਕੁਝ ਸਮਾਂ ਠਹਿਰਨ ਦਾ ਪ੍ਰਬੰਧ ਕਰ ਲਿਆ ਤਾਂ ਕਿ ਖਿਡਾਰੀਆਂ ਬਾਰੇ ਲਿਖਣ ਲਈ ਉਨ੍ਹਾਂ ਨੂੰ ਹੋਰ ਨੇੜਿਓ ਤੱਕਿਆ ਜਾਵੇ। ਖਿਡਾਰੀਆਂ ਨੂੰ ਖੇਡਦਿਆਂ, ਅਰਾਮ ਕਰਦਿਆਂ, ਗੱਲਾਂ ਕਰਦਿਆਂ, ਖਾਂਦਿਆਂ-ਪੀਦਿਆਂ ਦੇਖਣ ਦੀ ਲੋਚਣਾ ਵਿੱਚ ਸਰਵਣ ਸਿੰਘ ਪਹਿਲਾਂ ਤਾਂ ਚਾਰ ਪੰਜ ਰਾਤਾਂ ‘ਕਾਰਨਰ’ ਹੋਟਲ ਵਿੱਚ ਰਹੇ। ਇਸ ਪਿਛੋਂ ਮੇਰਾ ਮਹਿੰਦਰਾ ਕਾਲਜ ਦੇ ਸੁੰਨੇ ਪਏ ਹੋਸਟਲ ਵਿਚ ਰਹਿਣ ਦਾ ਜੁਗਾੜ ਕਰ ਲਿਆ। ਸਾਰਾ ਦਿਨ ਅਥਲੀਟਾਂ ਸੰਗ ਬਿਤਾਉਣ ਪਿਛੋਂ ਉਹ ਹੋਸਟਲ ਦੇ ਸੁੰਨੇ ਅਹਾਤੇ ਵਿਚ ਬਲਬ ਜਗਾ ਕੇ ਡਾਇਰੀ ’ਤੇ ਲਿਖਦੇ। ਇਸ ਮੌਕੇ ਮੰਡਰਾਉਂਦਾ ਮੱਛਰ ਵੀ ਉਨ੍ਹਾਂ ਖਿਡਾਰੀਆਂ ਬਾਰੇ ਲਿਖਣ ਦੀ ਸ਼ਿੱਦਤ ਨੇ ਭੁਲਾ ਦਿੱਤਾ। ਪਟਿਆਲਾ ਵਿਖੇ ਰਹਿੰਦਿਆਂ ਉਨ੍ਹਾਂ ਵੀਹ ਦਿਨਾਂ ਵਿੱਚ 20-22 ਖਿਡਾਰੀਆਂ ਬਾਰੇ 200-250 ਸਫੇ ਲਿਖ ਦਿੱਤੇ।
ਇਸ ਸਮੇਂ ਦੌਰਾਨ ਵਾਪਰੀਆਂ ਕਈ ਘਟਨਾਵਾਂ ਵਿੱਚੋਂ ਇਕ ਘਟਨਾ ਬਾਰੇ ਦੱਸਦੇ ਹੋਏ ਲਿਖਦੇ ਹਨ, ‘‘ਇਕ ਦਿਨ ਮੈਂ ਟਰੈਕ ਦੀਆਂ ਪੌੜੀਆਂ ’ਤੇ ਬੈਠਾ ਕੁਝ ਨੋਟ ਕਰ ਰਿਹਾ ਸਾਂ ਕਿ ਨੇੜੇ ਹੀ ਬੈਠੇ ਅਥਲੀਟ ਗੱਲਾਂ ਕਰਨ ਲੱਗੇ। ਅਜਮੇਰ ਮਸਤ ਕਹਿਣ ਲੱਗਾ, ‘‘ਉਹ ਜਿਹੜਾ ਲੰਡੂ ਜਿਅ੍ਹਾ ਅਫਸਰ ਐ ਨਾ, ਟੁੱਟੇ ਜੇ ਲੱਕ ਆਲਾ, ਸਫ਼ਰ ਥਰਡ ਕਲਾਸ ਕਰਦਾ ਤੇ ਟੀ. ਏ. ਫਸਟ ਕਲਾਸ ਦਾ ਲੈਂਦਾ। ਪਰ ਸਾਨੂੰ ਪਾਈਆ ਦੁੱਧ ਵਧਾਉਂਦੇ ਦੀ ਜਾਨ ਨਿਕਲਦੀ ਆ। ਮੇਰੀ ਡਾਇਰੀ ਖੋਲ੍ਹੀ ਹੋਈ ਸੀ। ਗੁਰਬਚਨ ਰੰਧਾਵੇ ਦੀ ਨਿਗ੍ਹਾਹ ਮੇਰੇ ’ਤੇ ਪਈ ਤਾਂ ਉਹ ਉਚੀ ਦੇਣੀ ਬੋਲਿਆ, ‘‘ਵੀਰਾ ਕਿਤੇ ਇਹ ਨਾ ਲਿਖ ਦੇਈਂ। ਇਹ ਤਾਂ ਅਸੀਂ ਹਸਦੇ ਆਂ, ਹੋਰ ਨਾ ਕਿਤੇ ਪਾਈਏ ਦੁੱਧ ਤੋਂ ਵੀ ਜਾਈਏ?” ਦਿੱਲੀ ਪਰਤ ਕੇ ਸਰਵਣ ਸਿੰਘ ਨੇ ਸਭ ਤੋਂ ਪਹਿਲਾਂ ਗੁਰਬਚਨ ਸਿੰਘ ਦਾ ਹੀ ਰੇਖਾ ਚਿੱਤਰ ਲਿਖਿਆ, ਜੋ ਉਸ ਸਮੇਂ ਦਾ ਅੱਵਲ ਨੰਬਰ ਅਥਲੀਟ ਸੀ। ਉਹ ਡਿਕੈਥਲਨ ਦਾ ਏਸ਼ੀਆ ਚੈਂਪੀਅਨ ਸੀ ਅਤੇ 1964 ਦੀਆਂ ਟੋਕੀਓ ਓਲੰਪਿਕ ਖੇਡਾਂ ਵਿੱਚ ਪੰਜਵੇਂ ਨੰਬਰ ’ਤੇ ਆਇਆ ਸੀ। ਉਹਦਾ ਸਿਰਲੇਖ ‘‘ਮੁੜ੍ਹਕੇ ਦਾ ਮੋਤੀ’’ ਰੱਖਿਆ ਜੀਹਨੂੰ ਸਾਹਿਤਕ ਪਰਚੇ ‘‘ਆਰਸੀ’’ ਨੇ ਛਾਪਿਆ। ਉਸ ਦਾ ਅਰੰਭ ਇਸ ਤਰ੍ਹਾਂ ਸੀ, ‘‘ਗੁਰਬਚਨ ਸਿੰਘ ਜਿੰਨਾ ਤਕੜਾ ਅਥਲੀਟ ਹੈ ਉਨਾ ਹੀ ਤਕੜਾ ਗਾਲੜੀ। ਉਹ ਇਕੋ ਸਾਹ ਪਿੰਡਾਂ ਦੀ ਰੂੜੀ ਮਾਰਕਾ ਤੋਂ ਲੈ ਕੇ ਓਲੰਪਿਕ ਦੀ ਫਾਈਨਲ ਦੌੜ ਤਕ ਗੱਲਾਂ ਕਰੀ ਜਾਵੇਗਾ...।” ਆਰਟੀਕਲ ਛਪਣ ਪਿਛੋਂ ਗੁਰਬਚਨ ਸਰਵਣ ਸਿੰਘ ਨੂੰ ਕਨਾਟ ਪਲੇਸ ਵਿਚ ਮਿਲਿਆ ਤੇ ਪੈਂਦੀ ਸੱਟੇ, ‘ਉਹ ਕੀ ਲਿਖ ਮਾਰਿਆ ਈ ਭਾਊ’ ਦਾ ਉਲਾਂਭਾ ਦੇ ਕੇ ਬਿਨਾਂ ਹੱਥ ਮਿਲਾਏ ਚਲਦਾ ਬਣਿਆ। ਉਸੇ ਆਰਟੀਕਲ ਵਿੱਚ ਲਿਖਿਆ ਸੀ, ‘‘ਅਥਲੈਟਿਕ ਗੁਰਬਚਨ ਸਿੰਘ ਦੇ ਲਹੂ ਵਿਚ ਹੈ। ਇਹਦੇ ਵਿਚ ਅੱਗੇ ਤੋਂ ਅੱਗੇ ਆਉਣ ਲਈ ਉਹਨੇ ਦਿਨ ਰਾਤ ਮੁੜ੍ਹਕਾ ਡੋਲਿ੍ਹਆ ਹੈ ਤੇ ਹੁਣ ਉਹ ਹਰਡਲਾਂ ਉਤੇ ਬਾਜ਼ ਵਾਂਗ ਉਡ ਰਿਹੈ...! ਹੱਸ ਹੱਸ ਮਿਲਦੇ ਉਸ ਸੋਹਣੇ ਸੱਜਣ ਨੂੰ ਰੋਸੇ ਵਿਚ ਰੁਖ਼ਸਤ ਹੋ ਗਿਆ ਤਕ ਕੇ ਮੇਰੀਆਂ ਅੱਖਾਂ ਭਰ ਆਈਆਂ ਤੇ ਮੈਂ ਵਰਾਂਡੇ ਦੀ ਨੁੱਕਰ ਵਿਚ ਜਾ ਖੜ੍ਹਾ ਹੋਇਆ।’’
ਗੁਰਬਚਨ ਸਿੰਘ ਰੰਧਾਵਾ ਦਾ ਰੇਖਾ ਚਿੱਤਰ ਛਪਣ ਤੋਂ ਬਾਅਦ ਆਰਸੀ ਦੇ ਐਡੀਟਰ ਭਾਪਾ ਪ੍ਰੀਤਮ ਸਿੰਘ ਨੇ ਸਰਵਣ ਸਿੰਘ ਹੁਰਾਂ ਤੋਂ ਕਿਸੇ ਹੋਰ ਖਿਡਾਰੀ ਦਾ ਰੇਖਾ ਚਿਤਰ ਮੰਗਿਆ। ਉਨ੍ਹਾਂ ਪਰਵੀਨ ਕੁਮਾਰ ਬਾਰੇ ਲਿਖਿਆ ਤੇ ਉਹਦਾ ਸਿਰਲੇਖ ‘ਧਰਤੀ ਧੱਕ’’ ਰੱਖਿਆ। ਪਰਵੀਨ ਕੁਮਾਰ ਨੂੰ ਅੱਜ ਦੀ ਪੀੜ੍ਹੀ ਜ਼ਿਆਦਾਤਰ ‘ਮਹਾਂਭਾਰਤ’ ਵਿੱਚ ਨਿਭਾਏ ਪਾਂਡਵ ਪੁੱਤਰ ਭੀਮ ਦੇ ਕਿਰਦਾਰ ਕਰਕੇ ਹੀ ਜਾਣਦੇ ਹਰ ਪਰ ਖੇਡ ਪ੍ਰੇਮੀਆਂ ਦੇ ਨਜ਼ਰ ਵਿੱਚ ਉਹ ਦੇਸ਼ ਦਾ ਚੋਟੀ ਦਾ ਅਥਲੀਟ ਹੈ ਜਿਸ ਦੀਆਂ ਪ੍ਰਾਪਤੀਆਂ ਮਿਲਖਾ ਸਿੰਘ, ਪ੍ਰਦੁੱਮਣ ਸਿੰਘ ਤੇ ਗੁਰਬਚਨ ਸਿੰਘ ਰੰਧਾਵਾ ਤੋਂ ਘੱਟ ਨਹੀਂ ਹੈ। ਪਰਵੀਨ ਕੁਮਾਰ ਨੇ ਡਿਸਕਸ ਥਰੋਅ ਵਿੱਚ 1966 ’ਚ ਬੈਂਕਾਕ ਅਤੇ 1970 ਵਿੱਚ ਵੀ ਬੈਂਕਾਕ ਵਿਖੇ ਹੋਈਆਂ ਏਸ਼ਿਆਈ ਖੇਡਾਂ ਵਿੱਚ ਸੋਨੇ ਦਾ ਤਮਗਾ ਅਤੇ 1974 ਦੀਆਂ ਤਹਿਰਾਨ ਏਸ਼ਿਆਈ ਖੇਡਾਂ ਵਿੱਚ ਚਾਂਦੀ ਦਾ ਤਮਗਾ ਜਿੱਤਿਆ ਸੀ। ਹੈਮਰ ਥਰੋਅ ਵਿੱਚ ਵੀ ਉਸ ਨੇ 1966 ਵਿੱਚ ਬੈਂਕਾਕ ਏਸ਼ੀਆਡ ਅਤੇ ਕਿੰਗਸਟਨ ਏਸ਼ਿਆਈ ਖੇਡਾਂ ਵਿੱਚ ਚਾਂਦੀ ਦੇ ਤਮਗੇ ਜਿੱਤੇ ਹਨ। ਪਰਵੀਨ ਕੁਮਾਰ ਬਾਰੇ ਲਿਖਿਆ ਉਨ੍ਹਾਂ ਦਾ ਰੇਖ ਚਿੱਤਰ ਆਰਸੀ ਨੇ ਮੂਹਰੇ ਕਰ ਕੇ ਛਾਪਿਆ। ਪਾਠਕਾਂ ਨੇ ਰੱਜਵੀਂ ਪ੍ਰਸੰਸਾ ਕੀਤੀ। ਪਰਵੀਨ ਦੇ ਰੇਖਾ ਚਿੱਤਰ ਵਿੱਚ ਉਨ੍ਹਾਂ ਲਿਖਿਆ, ‘‘ਪਰਵੀਨ ਦੀਆਂ ਗੱਲਾਂ ਬਾਤਾਂ ਹਾਸੇ ਮਖੌਲ ਨਾਲ ਲੱਦੀਆਂ ਹੋਈਆਂ ਸਨ। ਮੈਂ ਵੀ ਕਸਰ ਨਹੀਂ ਸੀ ਛੱਡੀ। ਲਿਖਿਆ ਸੀ, ਸਵਾ ਕੁਇੰਟਲ ਦਾ ਪਰਵੀਨ ਜਦੋਂ ਰੇਡੀਓ ਦੇ ਗਾਣੇ ’ਤੇ ਨੱਚਦਾ ਹੈ ਤਾਂ ਮੋਢਿਆਂ ਨਾਲ ਲੱਕ ਵੀ ਹਿਲਾਉਂਦਾ ਹੈ। ਉਹਦਾ ਹਿਲਦਾ ਲੱਕ ਇਓਂ ਲਗਦਾ ਹੈ ਜਿਵੇਂ ਬੋਰੀ ਹਿਲਦੀ ਹੋਵੇ!” ਪਰਵੀਨ ਕੁਮਾਰ ਤੋਂ ਬਾਅਦ ਉਨ੍ਹਾਂ ਆਰਸੀ ਵਿੱਚ ‘ਅੱਗ ਦੀ ਨਾਲ’’ ਛਾਪਿਆ ਜਿਸ ਉਤੇ ਇਕ ਪਾਠਕ ਨੇ ਲਿਖਿਆ ਕਿ ਲਿਖਣ ਵਾਲਾ ਵੀ ਸਰਦਾਰ ਤਾਂ ਅੱਗ ਦੀ ਨਾਲ ਹੈ ਈ। 

PunjabKesari
ਮੁੱਢਲੇ ਰੇਖਾ ਚਿੱਤਰਾਂ ਤੋਂ ਮਿਲੀ ਦਾਦ ਕਾਰਨ ਸਰਵਣ ਸਿੰਘ ਹੁਰਾਂ ਦਾ ਹੌਂਸਲਾ ਵੱਧ ਗਿਆ ਅਤੇ ਫੇਰ ‘ਸ਼ਹਿਦ ਦਾ ਘੁੱਟ’’, ‘‘ਅਲਸੀ ਦਾ ਫੁੱਲ’’, ‘‘ਕਲਹਿਰੀ ਮੋਰ’, ‘ਪੱਤੋ ਵਾਲਾ’, ‘ਨਾਨਕ ਦਾ ਗਰਾਈ’, ਤੇ ‘ਪੌਣ ਦਾ ਹਾਣੀ’’ ਆਦਿ 10-12 ਰੇਖਾ ਚਿੱਤਰ ਆਰਸੀ ਲਈ ਲਗਾਤਾਰ ਲਿਖੇ। ਉਨ੍ਹਾਂ ਵੱਲੋਂ ਲਿਖੇ ਦਿਲ-ਟੰੁਬਵੇਂ ਅਤੇ ਤਿੱਖੇ ਸਿਰਲੇਖ ਅੱਜ ਵੀ ਚਾਰ ਦਹਾਕਿਆਂ ਬਾਅਦ ਲੋਕਾਂ ਦੇ ਮੂੰਹ ਚੜ੍ਹੇ ਹੋਏ ਹਨ। ਅਸੀਂ ਜਦੋਂ ਵੀ ਹੁਣ ਕਿਤੇ ਗੁਰਬਚਨ ਰੰਧਾਵਾ ਨੂੰ ਮਿਲਦੇ ਹਨ ਤਾਂ ਆਪ ਮੁਹਾਰੇ ‘ਮੁੜਕੇ ਦੇ ਮੋਤੀ’ ਸ਼ਬਦ ਮੂੰਹੋ ਨਿਕਲ ਜਾਂਦਾ ਹੈ। ਪਿ੍ਰੰਸੀਪਲ ਸਾਬ ਦਾ ਮੰਨਣਾ ਸੀ ਕਿ ਖੇਡਾਂ ਤੇ ਖਿਡਾਰੀਆਂ ਬਾਰੇ ਰਚੀਆਂ ਜਾਂਦੀਆਂ ਰਚਨਾਵਾਂ ਮਨੁੱਖ ਦੀ ਜਿੱਤਾਂ ਜਿੱਤਣ ਲਈ ਜੂਝ ਰਹੀ ਸ਼ਕਤੀ ਦਾ ਬਿਰਤਾਂਤ ਹੋਣ ਕਾਰਨ ਅਗਾਂਹਵਧੂ ਹੁੰਦੀਆਂ ਹਨ ਤੇ ਪ੍ਰਗਤੀਸ਼ੀਲ ਸਾਹਿਤ ਦਾ ਭਾਗ ਬਣਦੀਆਂ ਹਨ। ਇਸ ਤੋਂ ਇਲਾਵਾ ਖੇਡਾਂ ਦੇ ਨਾਇਕਾਂ ਦੀ ਸਿਰਜਣਾ ਨੌਜੁਆਨਾਂ ਲਈ ਪ੍ਰੇਰਨਾ ਦਾ ਸੋਮਾ ਹੁੰਦੀਆਂ ਹਨ ਅਤੇ ਉਨ੍ਹਾਂ ਖਿਡਾਰੀਆਂ ਨੂੰ ਹੀਰੋ ਵਜੋਂ ਪੇਸ਼ ਕੀਤਾ।
ਪੰਜਾਬੀ ਖੇਡ ਸਾਹਿਤ ਦੇ ਵਾਧੇ ਲਈ ਅਨੇਕਾਂ ਅਖ਼ਬਾਰ ਤੇ ਰਸਾਲਿਆਂ ਦੇ ਖੇਡ ਅੰਕ ਨਿਕਲ ਰਹੇ ਸਨ। ਸਰਵਣ ਸਿੰਘ ਹੁਰਾਂ ਦੀ ਰੀਸੇ ਬਹੁਤ ਸਾਰੀਆਂ ਨਵੀਆਂ ਕਲਮਾਂ ਨੇ ਇਸ ਪਾਸੇ ਲਿਖਣਾ ਸ਼ੁਰੂ ਕੀਤਾ ਹੈ। ਪੰਜਾਬੀ ਵਿਚ ਸੌ ਦੇ ਕਰੀਬ ਖੇਡ ਪੁਸਤਕਾਂ ਵਜੂਦ ਵਿਚ ਆ ਚੁੱਕੀਆਂ ਹਨ ਜਿਨ੍ਹਾਂ ਵਿਚ 21 ਤਾਂ ਖੁਦ ਸਰਵਣ ਸਿੰਘ ਦੀਆਂ ਹੀ ਹਨ। ਇਕ ਸਾਹਿਤਕ ਗੋਸ਼ਟੀ ਵਿਚ ਜਦੋਂ ਇਕ ਆਲੋਚਕ ਨੇ ਖੇਡ ਲੇਖਕਾਂ ਨੂੰ ਸਾਹਿਤਕਾਰ ਮੰਨਣੋਂ ਹੀ ਇਨਕਾਰ ਕਰ ਦਿੱਤਾ ਤਾਂ ਸਰਵਣ ਸਿੰਘ ਨੇ ਅਜਿਹਾ ਜਵਾਬ ਦਿੱਤਾ ਕਿ ਉਨ੍ਹਾਂ ਦੇ ਕਹੇ ਵਚਨਾਂ ਨੂੰ ਖੇਡ ਲਿਖਾਰੀਆਂ ਨੇ ਪੂਰਾ ਕਰ ਦਿੱਤਾ। ਸਰਵਣ ਸਿੰਘ ਉਸ ਗੋਸ਼ਟੀ ਵਿੱਚ ਦਿੱਤੇ ਜਵਾਬ ਬਾਰੇ ਖੁਦ ਲਿਖਦੇ ਹਨ, ‘‘ਤੁਸੀ ਸਾਨੂੰ ਸਾਹਿਤਕਾਰ ਨਹੀਂ ਸਮਝਦੇ ਤਾਂ ਸਿਹਤਕਾਰ ਹੀ ਸਮਝ ਲਓ। ਜੇਕਰ ਸਾਡੇ ’ਚ ਦਮ ਹੋਇਆ ਤਾਂ ਵੇਖਦੇ ਰਿਹੋ ਅਸੀਂ ਪੰਜਾਬੀ ਦੇ ਖੇਡ ਅਦਬ ਦੀ ਵੱਖਰੀ ਅਲਮਾਰੀ ਸ਼ਿੰਗਾਰ ਕੇ ਵਿਖਾਵਾਂਗੇ। ਸਾਡੇ ਵਿਚ ਸਪਰਿੰਟਾਂ ਲਾਉਣ ਵਾਲੇ ਵੀ ਹਨ ਤੇ ਮੈਰਾਥਨ ਲਾਉਣ ਵਾਲੇ ਵੀ। ਲੰਮੇ ਸਫ਼ਰ ਲਈ ਸਾਡੇ ਜੇਰੇ ਬੁਲੰਦ ਹਨ ਤੇ ਅਸੀਂ ਹਰ ਹਾਲਤ ਵਿਚ ਮੰਜ਼ਿਲਾਂ ਸਰ ਕਰਾਂਗੇ।’’ 
ਪਿ੍ਰੰਸੀਪਲ ਸਰਵਣ ਸਿੰਘ ਸਿਰ ਇਹ ਸਿਹਰਾ ਵੀ ਬੱਝਦਾ ਹੈ ਕਿ ਪੰਜਾਬੀ ਦੇ ਅਖਬਾਰਾਂ ਵਿੱਚ ਖੇਡਾਂ ਦੀਆਂ ਖਬਰਾਂ ਬਾਰੇ ਵੱਖਰਾ ਪੰਨਾ ਪ੍ਰਕਾਸ਼ਿਤ ਹੋਣ ਲੱਗਿਆ ਅਤੇ ਖੇਡਾਂ ਬਾਰੇ ਟਿੱਪਣੀਆਂ, ਖਿਡਾਰੀਆਂ ਬਾਰੇ ਰੇਖਾ ਚਿੱਤਰਾਂ ਆਦਿ ਸਮੱਗਰੀ ਵਾਲਾ ਸਪਤਾਹਿਕ ਖੇਡ ਅੰਕ ਵੀ ਅਖਬਾਰਾਂ ਦੇ ਅੰਗ ਬਣੇ। ਪਿ੍ਰੰਸੀਪਲ ਸਰਵਣ ਸਿੰਘ ਨੇ ਖੇਡ ਲੇਖਣੀ ਵਿੱਚ ਅਜਿਹੇ ਪੂਰਨੇ ਪਾਏ ਕਿ ਸਾਡੇ ਵਰਗੇ ਅਨੇਕਾਂ ਉਨ੍ਹਾਂ ਦੇ ਪੂਰਨਿਆਂ ਮਗਰ ਚੱਲਣ ਲੱਗੇ। ਉਨ੍ਹਾਂ ਵੱਲੋਂ ਖੇਡਾਂ ਤੇ ਖਿਡਾਰੀਆਂ ਬਾਰੇ ਲਿਖਣ ਦੀ ਪਾਈ ਲੀਹ ਸਾਡੇ ਲਈ ਮਾਰਗ ਦਰਸ਼ਕ ਬਣੀ। ਉਨ੍ਹਾਂ ਪਾਠਕਾਂ ਦੀ ਝੋਲੀ 38 ਪੁਸਤਕਾਂ ਪਾਈਆਂ ਜਿਨ੍ਹਾਂ ਵਿੱਚੋਂ 32 ਪੁਸਤਕਾਂ ਮੂਲ ਰੂਪ ਵਿੱਚ ਲਿਖੀਆਂ ਜਿਨ੍ਹਾਂ ਵਿਚੋਂ 21 ਪੁਸਤਕਾਂ ਖੇਡਾਂ ਤੇ ਖਿਡਾਰੀਆਂ ਬਾਰੇ ਹੀ ਹਨ। ਇਸ ਤੋਂ ਇਲਾਵਾ ਦੋ ਪੁਸਤਕਾਂ ਅਨੁਵਾਦ ਕੀਤੀਆਂ, ਤਿੰਨ ਸੰਪਾਦਿਤ ਕੀਤੀਆਂ ਅਤੇ ਉਨ੍ਹਾਂ ਦੀਆਂ ਲਿਖੀਆਂ ਦੋ ਪੁਸਤਕਾਂ ਅੰਗਰੇਜ਼ੀ ਵਿੱਚ ਅਨੁਵਾਦ ਹੋਈਆਂ।
ਪਿ੍ਰੰਸੀਪਲ ਸਰਵਣ ਸਿੰਘ ਨੇ ਆਪਣੀ ਪਹਿਲੀ ਪੁਸਤਕ ‘‘ਪੰਜਾਬ ਦੇ ਉੱਘੇ ਖਿਡਾਰੀ’’ ਦੀ ਭੂਮਿਕਾ ਪਹੁ-ਫੁਟਾਲਾ’ ਦੇ ਸਿਰਲੇਖ ਹੇਠ ਬੰਨ੍ਹੀ ਸੀ। ਉਸ ਦੀਆਂ ਅੰਤਲੀਆਂ ਸਤਰਾਂ ਸਨ, ‘‘ਮੇਰੀ ਤਕੜਾ ਖਿਡਾਰੀ ਬਣਨ ਦੀ ਰੀਝ ਸੀ ਜੋ ਪੂਰੀ ਨਹੀਂ ਹੋਈ। ਜੋ ਕੁਝ ਮੈਂ ਸਰੀਰ ਨਾਲ ਨਹੀਂ ਕਰ ਸਕਿਆ, ਉਹ ਕੁਝ ਕਲਮ ਨਾਲ ਕਰਨ ਦੀ ਕੋਸ਼ਿਸ਼ ਕਰ ਰਿਹਾਂ। ਇਹ ਤਾਂ ਸਮਾਂ ਹੀ ਦੱਸੇਗਾ, ਮੇਰੀ ਸੀਮਾ ਕਿਥੇ ਤਕ ਹੈ? ਹੱਥਲੀ ਪੁਸਤਕ ਮੇਰੀ ਲਿਖਤ ਦਾ ਪਹੁਫੁਟਾਲਾ ਹੈ ਤੇ ਇਹ ਮੈਂ ਉਨ੍ਹਾਂ ਮਾਵਾਂ ਨੂੰ ਸਮਰਪਣ ਕਰਦਾ ਹਾਂ ਜਿਨ੍ਹਾਂ ਪੀੜਾਂ ਜਰ ਕੇ ਜੋਧੇ ਖਿਡਾਰੀ ਜਨਮੇ ਹਨ।” ਦੂਜੀ ਪੁਸਤਕ ‘‘ਖੇਡ ਸੰਸਾਰ’’ ਦੇ ਮੁਖ ਬੰਦ ਦਾ ਨਾਂ ‘‘ਪਹੁਫੁਟਾਲੇ ਪਿਛੋਂ’’ ਰੱਖਿਆ ਸੀ। ਉਸ ਦਾ ਮੁੱਢਲਾ ਪੈਰਾ ਸੀ, ‘‘ਖੇਡਾਂ ਦੀ ਆਪਣੀ ਖਿੱਚ ਹੈ ਤੇ ਆਪਣਾ ਮਹੱਤਵ। ਇਹ ਤਾਕਤ, ਤੰਦਰੁਸਤੀ ਤੇ ਸੁਹੱਪਣ ਦਾ ਸੋਮਾ ਹਨ ਅਤੇ ਇਹਨਾਂ ਨਾਲ ਦੀ ਹੋਰ ਕੋਈ ਨੇਅਮਤ ਨਹੀਂ। ਇਹ ਕੌਮਾਂ ਦੀ ਸਿਹਤ ਦਾ ਅਜ਼ਮਾਇਆ ਸਾਧਨ ਹਨ। ਖੇਡਾਂ ਦੀ ਚੜ੍ਹਤ ਕਿਸੇ ਰਾਸ਼ਟਰ ਦੇ ਰਾਜ਼ੀ ਬਾਜ਼ੀ ਹੋਣ ਦਾ ਸਬੂਤ ਹੁੰਦੀ ਹੈ। ਖੇਡਾਂ ਵਿਚ ਮਨਪਰਚਾਵਾ ਵੀ ਹੈ ਅਤੇ ਜ਼ੋਰ ਤੇ ਜੁਗਤ ਦਾ ਪਰਤਿਆਵਾ ਵੀ। ਇਹ ਖਿਡਾਰੀਆਂ ਦੇ ਜੁੱਸਿਆਂ ਨੂੰ ਸਡੌਲਤਾ ਵਿਚ ਢਾਲ ਕੇ ਦਿਲਕਸ਼ ਬਣਾ ਦਿੰਦੀਆਂ ਹਨ ਤੇ ਮਨੁੱਖੀ ਸੁਹਜ ਸੁਆਦ ਵਿਚ ਵਾਧਾ ਕਰਦੀਆਂ ਹਨ।”
ਤੀਜੀ ਪੁਸਤਕ ‘ਖੇਡ ਜਗਤ ਵਿਚ ਭਾਰਤ’’ ਦੀ ਭੂਮਿਕਾ ਉਨ੍ਹਾਂ ‘ਖੇਡ ਜਗਤ ਦੀ ਗੱਲ’ ਨਾਲ ਸ਼ੁਰੂ ਕੀਤੀ ਤੇ ਲਿਖਿਆ, ‘‘ਮਨੁੱਖ ਦੀ ਸ਼ਕਤੀ ਤੇ ਸਾਹਸ ਦਾ ਕੋਈ ਸਿਰਾ ਨਹੀਂ। ਬੰਦੇ ਦੇ ਬੁਲੰਦ ਜੇਰੇ ਅੱਗੇ ਐਵਰੈਸਟ ਜਿਹੀਆਂ ਚੋਟੀਆਂ ਦੀ ਉਚਾਈ ਵੀ ਤੁੱਛ ਹੈ। ਮਨੁੱਖ ਜੂਝਣ ਲਈ ਪੈਦਾ ਹੋਇਆ ਹੈ। ਮੁੱਢ ਕਦੀਮ ਤੋਂ ਮਨੁੱਖ ਦੇ ਜਾਏ ਪ੍ਰਕਿਰਤਕ ਸ਼ਕਤੀਆਂ ਨਾਲ ਜੂਝਦੇ ਆਏ ਹਨ। ਖੇਡਾਂ ਮਨੁੱਖ ਦੀ ਜੁਝਾਰ ਸ਼ਕਤੀ ਵਿਚ ਵਾਧਾ ਕਰਨ ਲਈ ਹਨ। ਖੇਡ ਮੈਦਾਨਾਂ ਵਿਚ ਬੰਦੇ ਦੀ ਲਗਨ, ਦ੍ਰਿੜ੍ਹਤਾ ਤੇ ਜਿੱਤਾਂ ਜਿੱਤਣ ਲਈ ਸਿਰੜ ਦਾ ਪਤਾ ਲੱਗਦਾ ਹੈ। ਮਨੁੱਖ ਫਤਿਹ ਹਾਸਲ ਕਰਨ ਲਈ ਜੰਮਿਆ ਹੈ। ਉਹ ਅੰਦਰ ਤੇ ਬਾਹਰ ਸਭਨਾਂ ਤਾਕਤਾਂ ਨੂੰ ਜਿੱਤ ਲੈਣਾ ਲੋਚਦਾ ਹੈ। ਇਕ ਪਾਸੇ ਉਹ ਮਨ ਜਿੱਤਣ ਦੇ ਆਹਰ ਵਿਚ ਹੈ ਤੇ ਦੂਜੇ ਪਾਸੇ ਜੱਗ ਜਿੱਤਣ ਦੇ। ਉਹ ਧਰਤੀ ਤੇ ਸਾਗਰ ਗਾਹੁਣ ਪਿਛੋਂ ਪੁਲਾੜ ਦੀ ਹਿੱਕ ਚੀਰ ਕੇ ਅਗਾਂਹ ਲੰਘ ਜਾਣਾ ਚਾਹੁੰਦਾ ਹੈ। ਮਨੁੱਖ ਦੇ ਅਗਾਂਹ ਲੰਘ ਜਾਣ ਤੇ ਆਪਣੀ ਹੋਂਦ ਜਤਾਉਣ ਦੀ ਤਾਂਘ ਨੂੰ ਖੇਡਾਂ ਭਰਪੂਰ ਹੁੰਗਾਰਾ ਦਿੰਦੀਆਂ ਹਨ। ਖੇਡਾਂ ਦਾ ਸਾਰਾ ਇਤਿਹਾਸ ਮਨੁੱਖੀ ਵੰਗਾਰ ਤੇ ਉਸ ਦਾ ਮੁਕਾਬਲਾ ਕਰਨ ਦੀ ਕਥਾ ਹੈ। ਭਾਰਤ ਵਾਸੀਆਂ ਨੇ ਖੇਡਾਂ ਦੇ ਖੇਤਰ ਵਿਚ ਜੋ ਘਾਲਣਾ ਘਾਲੀ ਤੇ ਪ੍ਰਾਪਤੀਆਂ ਕੀਤੀਆਂ ਉਹ ਹਾਜ਼ਰ ਹਨ। ਆਸ ਹੈ ਭਾਰਤ ਦੇ ਨੌਜੁਆਨ ਜੇਤੂਆਂ ਦਾ ਜ਼ਿਕਰ ਪੜ੍ਹ ਕੇ ਨਵੀਆਂ ਜਿੱਤਾਂ ਵੱਲ ਮੂੰਹ ਕਰਨਗੇ। ਜੁਆਨ ਹੋ ਰਹੀ ਪੀੜ੍ਹੀ ਦੀ ਸ਼ਕਤੀ ਝੱਖੜ ਵਾਂਗ ਹੁੰਦੀ ਹੈ ਤੇ ਝੱਖੜ ਜਿਧਰ ਮੂੰਹ ਕਰ ਲਏ ਰੁਕਦਾ ਨਹੀਂ।”
    ਚੌਥੀ ਪੁਸਤਕ ‘‘ਪੰਜਾਬੀ ਖਿਡਾਰੀ’’ ਉਨ੍ਹਾਂ ਖਿਡਾਰੀਆਂ ਨੂੰ ਸਮਰਪਿਤ ਕੀਤੀ ਜਿਹੜੇ ਜੇਤੂਆਂ ਸੰਗ ਜੂਝੇ ਤੇ ਉਨ੍ਹਾਂ ਨੂੰ ਜਿੱਤ-ਮੰਚਾਂ ਉਤੇ ਚੜ੍ਹਾਉਣ ਵਿਚ ਸਹਾਈ ਹੋਏ ਪਰ ਉਨ੍ਹਾਂ ਦਾ ਕਿਸੇ ਨਾਂ ਨਹੀਂ ਲਿਆ। ਇਸ ਪੁਸਤਕ ਵਿੱਚ 80 ਦੇ ਦਹਾਕੇ ਤੱਕ ਕੌਮਾਂਤਰੀ ਪੱਧਰ ’ਤੇ ਮੱਲਾਂ ਮਾਰਨ ਵਾਲੇ 50 ਪੰਜਾਬੀ ਖਿਡਾਰੀਆਂ ਦੇ ਰੇਖਾ ਚਿੱਤਰ ਸਨ ਤੇ ਇਸ ਸਚਿੱਤਰ ਪੁਸਤਕ ਨੂੰ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਪੰਜਾਬੀ ਦੇ ਨਾਲ ਅੰਗਰੇਜ਼ੀ ਵਿਚ ਅਨੁਵਾਦ ਕਰਵਾ ਕੇ ਵੀ ਪ੍ਰਕਾਸ਼ਤ ਕੀਤਾ ਸੀ। ਉਨ੍ਹਾਂ ਦਾ ਸਫ਼ਰਨਾਮਾ ‘‘ਅੱਖੀਂ ਵੇਖ ਨਾ ਰੱਜੀਆਂ’’ ਪੰਜਾਬ ਯੂਨੀਵਰਸਿਟੀਸ ਚੰਡੀਗੜ੍ਹ ਦੀ ਪਾਠ ਪੁਸਤਕ ਬਣਿਆ। ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਪ੍ਰਕਾਸ਼ਿਤ ਉਨ੍ਹਾਂ ਦੀ ਪੁਸਤਕ ‘‘ਪੰਜਾਬ ਦੀਆਂ ਦੇਸੀ ਖੇਡਾਂ’’ ਵਿੱਚ 87 ਖੇਡਾਂ ਬਾਰੇ ਜਾਣਕਾਰੀ ਮਿਲਦੀ ਹੈ। 
    ਪਿਛਲੇ ਡੇਢ ਦਹਾਕੇ ਤੋਂ ਉਨ੍ਹਾਂ ਦੀ ਹਰੇਕ ਸਾਲ ਨਵੀਂ ਪੁਸਤਕ ਛਪ ਰਹੀ ਹੈ। ਪਿਛਲੇ ਇਕ ਸਾਲ ਦੇ ਅਰਸੇ ਦੌਰਾਨ ਉਨ੍ਹਾਂ ਦੋ ਪੁਸਤਕਾਂ ਲਿਖੀਆਂ; ‘ਮੇਰੇ ਵਾਰਤਕ ਦੇ ਰੰਗ’ ਤੇ ‘ਪੰਜਾਬ ਦੇ ਕੋਹੇਨੂਰ-ਭਾਗ ਤੀਜਾ’। ਉਨ੍ਹਾਂ ਦੇ ਚਰਚਿਤ ਕਾਲਮ ‘‘ਖੇਡ ਜਗਤ ਦੀਆਂ ਬਾਤਾਂ’ ਦੇ ਪ੍ਰਮੁੱਖ ਲੇਖਾਂ ਨੂੰ ਇਸੇ ਕਾਲਮ ਦੇ ਨਾਮ ਨੂੰ ਸਿਰਲੇਖ ਬਣਾ ਕੇ ਪੁਸਤਕ ਛਾਪੀ। ਅੱਖੀਂ ਵੇਖੇ ਖੇਡ ਮੇਲਿਆਂ ਬਾਰੇ ਉਨ੍ਹਾਂ ਪੁਸਤਕ ‘‘ਖੇਡ ਮੇਲੇ ਵੇਖਦਿਆਂ’ ਲਿਖੀ। ‘ਖੇਡ ਦਰਸ਼ਨ’’, ‘‘ਖੇਡ ਪਰਿਕਰਮਾ’’, ‘ਖੇਡਾਂ ਦੀ ਦੁਨੀਆ’’ ਆਦਿ ਪੁਸਤਕਾਂ ਵਿੱਚ ਉਨ੍ਹਾਂ ਖੇਡਾਂ ਦੇ ਵੱਖ-ਵੱਖ ਪਹਿਲੂਆਂ ਅਤੇ ਖਿਡਾਰੀਆਂ ਨਾਲ ਜੁੜੇ ਦਿਲਚਸਪ ਪਹਿਲੂ ਪਾਠਕਾਂ ਅੱਗੇ ਪੇਸ਼ ਕੀਤੇ। ਓਲੰਪਿਕ ਖੇਡਾਂ ਦੇ ਇਤਿਹਾਸ ’ਤੇ ਝਾਤੀ ਮਾਰਦਿਆਂ ਉਨ੍ਹਾਂ ਤਿੰਨ ਪੁਸਤਕਾਂ ‘ਓਲੰਪਿਕ ਖੇਡਾਂ’, ‘‘ਓਲੰਪਿਕ ਖੇਡਾਂ ਦੀ ਸਦੀ’, ‘ਏਥਨਜ਼ ਤੋਂ ਲੰਡਨ’ ਲਿਖੀਆਂ। ‘ਕਬੱਡੀ ਕਬੱਡੀ ਕਬੱਡੀ’ ਪੁਸਤਕ ਵਿੱਚ ਉਨ੍ਹਾਂ ਕਬੱਡੀ ਨਾਲ ਜੁੜੀ ਹਰ ਗੱਲ ਕਬੱਡੀ ਪ੍ਰੇਮੀਆਂ ਅੱਗੇ ਰੱਖੀ। ਚਾਹੇ ਉਹ ਕਬੱਡੀ ਖਿਡਾਰੀ ਹੋਵੇ, ਕੋਚ ਹੋਵੇ, ਪ੍ਰਬੰਧਕ ਜਾਂ ਫੇਰ ਕਬੱਡੀ ਕਰਵਾਉਣ ਵਾਲਾ। ਇਥੋਂ ਤੱਕ ਕਿ ਕਬੱਡੀ ਕੁਮੈਂਟੇਟੇਰਾਂ, ਕਬੱਡੀ ਮੇਲੇ, ਕਬੱਡੀ ਖੇਡ ਦੇ ਇਤਿਹਾਸ, ਵੱਖ-ਵੱਖ ਨਾਵਾਂ ਨਾਲ ਪੁਕਾਰੀ ਜਾਂਦੀ ਕਬੱਡੀ ਅਤੇ ਕਬੱਡੀ ਖੇਡ ਦੀ ਗਿਰਾਵਟ ਦੇ ਵੱਖ-ਵੱਖ ਪਹਿਲੂ ਇਸ ਕਿਤਾਬ ਵਿੱਚ ਵਿਸਥਾਰਪੂਰਵਕ ਪੜ੍ਹਨ ਨੂੰ ਮਿਲਦੇ ਹਨ। ਇਸ ਕਿਤਾਬ ਨੂੰ ਕਬੱਡੀ ਦਾ ਗ੍ਰੰਥ ਵੀ ਕਿਹਾ ਜਾ ਸਕਦਾ ਹੈ। ਪਹਿਲੇ ਕਬੱਡੀ ਵਿਸ਼ਵ ਕੱਪ ਉਪਰ ਉਨ੍ਹਾਂ ‘‘ਅੱਖੀਂ ਡਿੱਠਾ ਕਬੱਡੀ ਵਰਲਡ ਕੱਪ’’ ਰੰਗਦਾਰ ਤਸਵੀਰਾਂ ਸਮੇਤ ਛਾਪੀ। ਕਬੱਡੀ ਦੇ ਖੇਡ ਮੇਲਿਆਂ ਬਾਰੇ ਵੱਖਰੀ ਪੁਸਤਕ ‘ਮੇਲੇ ਕਬੱਡੀ ਦੇ’’ ਵੀ ਲਿਖੀ। 
    ਸਿੱਧੂ ਦਮਦਮੀ ਨੇ ਜਦੋਂ ‘ਪੰਜਾਬੀ ਟ੍ਰਿਬਿਊਨ’ ਦੇ ਸੰਪਾਦਕ ਵਜੋਂ ਕੰਮ ਸੰਭਾਲਿਆ ਤਾਂ ਉਨ੍ਹਾਂ ਪਿ੍ਰੰਸੀਪਲ ਸਰਵਣ ਸਿੰਘ ਤੋਂ ਉਨ੍ਹਾਂ ਦੀ ਆਪਣੀ ਜੀਵਨ ਦੀਆਂ ਰੌਚਿਕ ਘਟਨਾਵਾਂ ਬਾਰੇ ‘ਬਕਲਮਖੁਦ’ ਕਾਲਮ ਸ਼ੁਰੂ ਕਰਵਾਇਆ ਜੋ ਮਗਰੋਂ 2009 ਵਿੱਚ ਉਨ੍ਹਾਂ ਦੀ ਸਵੈਜੀਵਨੀ ‘‘ਹਸੰਦਿਆਂ ਖੇਲੰਦਿਆਂ’ ਦਾ ਹਿੱਸਾ ਬਣਿਆ। ਉਨ੍ਹਾਂ ਦੀ ਇਹ ਸਵੈਜੀਵਨੀ ਪੰਜਾਬੀ ਦੀ ’ਚਰਚਿਤ ਪੁਸਤਕ ਹੈ। ਪੰਜਾਬ ਦੇ ਚੋਟੀ ਦੇ ਖਿਡਾਰੀਆਂ ਬਾਰੇ ਲਿਖੇ ਰੇਖਾ ਚਿੱਤਰਾਂ ਬਾਰੇ ਦੋ ਕਿਤਾਬਾਂ ‘ਪੰਜਾਬ ਦੇ ਉੱਘੇ ਖਿਡਾਰੀ’ ਅਤੇ ‘ਪੰਜਾਬੀ ਖਿਡਾਰੀ’ ਲਿਖਣ ਤੋਂ ਬਾਅਦ ਉਨ੍ਹਾਂ ਪੰਜਾਬ ਦੇ ਖਿਡਾਰੀਆਂ ਬਾਰੇ ਤੀਜੀ ਪੁਸਤਕ ‘‘ਪੰਜਾਬ ਦੇ ਚੋਣਵੇਂ ਖਿਡਾਰੀ’ ਲਿਖੀ ਜੋ ਨੈਸ਼ਨਲ ਬੁੱਕ ਟਰੱਸਟ ਨੇ ਪ੍ਰਕਾਸ਼ਿਤ ਕੀਤੀ। ਇਸ ਪੁਸਤਕ ਵਿਚ 85 ਖਿਡਾਰੀਆਂ ਦੇ ਰੇਖਾ ਚਿੱਤਰ ਹਨ ਜਦੋਂ ਕਿ ਪਹਿਲੀ ਕਿਤਾਬ ਵਿੱਚ 12 ਅਤੇ ਦੂਜੀ ਕਿਤਾਬ ਵਿੱਚ 50 ਖਿਡਾਰੀ ਸਨ। ਆਸ ਕਰਦੇ ਹਾਂ ਕਿ ਆਉਂਦੇ ਸਮੇਂ ਉਹ ਰੇਖਾ ਚਿੱਤਰਾਂ ਦਾ ਵੀ ਸੈਂਕੜਾ ਮਾਰਨਗੇ ਅਤੇ 100 ਪੰਜਾਬੀ ਖਿਡਾਰੀਆਂ ਬਾਰੇ ਪੁਸਤਕ ਪਾਠਕਾਂ ਨੂੰ ਪੜ੍ਹਨ ਲਈ ਮਿਲੇਗੀ। ਹਾਲਾਂਕਿ ਪੰਜਾਬੀ ਖਿਡਾਰੀਆਂ ਤੋਂ ਇਲਾਵਾ ਦੇਸ਼ ਅਤੇ ਵਿਦੇਸ਼ਾਂ ਦੇ ਖਿਡਾਰੀਆਂ, ਸਾਹਿਤ, ਸੱਭਿਆਚਾਰ ਅਤੇ ਰਾਜਸੀ ਖੇਤਰ ਦੀਆਂ ਕੁਝ ਹਸਤੀਆਂ ਨੂੰ ਮਿਲਾ ਲਿਆ ਜਾਵੇ ਤਾਂ ਉਨ੍ਹਾਂ ਵੱਲੋਂ ਲਿਖੇ ਰੇਖਾ ਚਿੱਤਰਾਂ ਦੀ ਗਿਣਤੀ 200 ਟੱਪ ਗਈ ਹੋਣੀ ਹੈ। ਨਵੇਂ ਦੌਰ ਦੇ ਖਿਡਾਰੀਆਂ ਓਸੈਨ ਬੋਲਟ, ਮਾਈਕਲ ਫੈਲਪਸ ਬਾਰੇ ਵੀ ਉਨ੍ਹਾਂ ਨੇ ਲਿਖਿਆ ਹੈ।
ਖੇਡਾਂ ਤੋਂ ਹਟਵੀਆਂ ਪੁਸਤਕਾਂ ਦੀ ਗੱਲ ਕਰੀਏ ਤਾਂ ਉਨ੍ਹਾਂ ‘ਫੇਰੀ ਵਤਨਾਂ ਦੀ’, ‘ਪਿੰਡ ਦੀ ਸੱਥ ’ਚੋਂ’’ ਤੇ ‘ਬਾਤਾਂ ਵਤਨ ਦੀਆਂ’’ ਲਿਖੀਆਂ। ਇਨ੍ਹਾਂ ਪੁਸਤਕਾਂ ਰਾਹÄ ਉਨ੍ਹਾਂ ਖੇਡਾਂ ਤੋਂ ਹੱਟ ਕੇ ਵੱਖਰੇ ਦਿਲਚਸਪ ਤੇ ਵਿਅੰਗਾਤਮਕ ਲੇਖ ਲਿਖੇ। ਉੱਘੇ ਅਰਥ ਸਾਸ਼ਤਰੀ ਡਾ. ਸਰਦਾਰਾ ਸਿੰਘ ਜੌਹਲ ਦੀ ਜੀਵਨੀ ‘ਰੰਗਾਂ ਦੀ ਗਾਗਰ ਵਾਲੇ ਸਰਦਾਰਾ ਸਿੰਘ ਜੌਹਲ’ ਵੀ ਲਿਖੀ। ਪਿਛਲੇ ਤਿੰਨ-ਚਾਰ ਵਰਿ੍ਹਆਂ ਤੋਂ ਉਨ੍ਹਾਂ ‘ਪੰਜਾਬ ਦੇ ਕੋਹੇਨੂਰ’ ਸਿਰਲੇਖ ਹੇਠ ਪੰਜਾਬੀ ਸਾਹਿਤ, ਸੱਭਿਆਚਾਰ ਤੇ ਖੇਡਾਂ ਦੀਆਂ ਚੋਟੀਆਂ ਦੀਆਂ 22 ਸਖਸ਼ੀਅਤਾਂ ਬਾਰੇ ਲਿਖਿਆਂ। ਇਸ ਸਿਰਲੇਖ ਹੇਠ ਤਿੰਨ ਪੁਸਤਕ ਲੜੀਆਂ ਛਪੀਆਂ। ਪਹਿਲੀ ਵਿੱਚ ਨੌਂ ਕੋਹੇਨੂਰ, ਦੂਜੀ ਵਿੱਚ ਸੱਤ ਤੇ ਤੀਜੀ ਵਿੱਚ ਛੇ ਕੋਹੇਨੂਰਾਂ ਬਾਰੇ ਜੀਵਨੀ ਰੂਪੀ ਵੱਡੇ ਰੇਖਾ ਚਿੱਤਰ ਲਿਖੇ। ਇਹ ਕੋਹਿਨੂਰ ਹਨ ਬਲਵੰਤ ਗਾਰਗੀ, ਗੁਲਜ਼ਾਰ ਸੰਧੂ, ਕਰਨੈਲ ਪਾਰਸ, ਜਗਦੇਵ ਸਿੰਘ ਜੱਸੋਵਾਲ, ਅਜਮੇਰ ਔਲਖ, ਪਾਸ਼, ਡਾ.ਹਰਿਭਜਨ ਸਿੰਘ, ਸ਼ਮਸ਼ੇਰ ਸੰਧੂ, ਦਾਰਾ ਸਿੰਘ, ਜਰਨੈਲ ਸਿੰਘ, ਵਰਿਆਮ ਸਿੰਘ ਸੰਧੂ, ਰਣਜੀਤ ਸਿੰਘ ਸਿੱਧਵਾਂ, ਇਕਬਾਲ ਮਾਹਲ। ਸਾਹਿਤਕਾਰਾਂ ਬਾਰੇ ਉਨ੍ਹਾਂ ਦੇ ਲਿਖੇ ਰੇਖਾ ਚਿੱਤਰਾਂ ਨੂੰ ਪੜ੍ਹ ਕੇ ਪਾਠਕਾਂ ਨੂੰ ਬਲਵੰਤ ਗਾਰਗੀ ਵੱਲੋਂ ਲਿਖੇ ਰੇਖਾ ਚਿੱਤਰਾਂ ਦੀ ਯਾਦ ਤਾਜ਼ਾ ਹੋਈ। 

PunjabKesari
ਇਕ ਦਿਲਚਸਪ ਗੱਲ ਹੋਰ ਹੈ ਕਿ ਉਨ੍ਹਾਂ ਡਾ. ਸਰਦਾਰਾ ਸਿੰਘ ਜੌਹਲ ਤੋਂ ਇਲਾਵਾ ਹਾਕੀ ਖਿਡਾਰੀ ਬਲਬੀਰ ਸਿੰਘ ਸੀਨੀਅਰ ਦੀ ਜੀਵਨੀ ‘ਗੋਲਡਨ ਗੋਲ’ ਵੀ ਲਿਖੀ। ਇਨ੍ਹਾਂ ਦੋਵੇਂ ਪ੍ਰਸਿੱਧ ਹਸਤੀਆਂ ਵੱਲੋਂ ਆਪੋ-ਆਪਣੀਆਂ ਸਵੈ-ਜੀਵਨੀਆਂ ਵੀ ਲਿਖੀਆਂ ਗਈਆਂ ਹਨ ਪ੍ਰੰਤੂ ਦੋਵਾਂ ਦੀਆਂ ਸਵੈ-ਜੀਵਨੀਆਂ ਮੁਕਾਬਲੇ ਪਿ੍ਰੰਸੀਪਲ ਸਰਵਣ ਸਿੰਘ ਵੱਲੋਂ ਲਿਖੀਆਂ ਜੀਵਨੀਆਂ ਨੂੰ ਪਾਠਕਾਂ ਨੇ ਵੱਡੀ ਗਿਣਤੀ ਵਿੱਚ ਪੜਿ੍ਹਆ। ਸਰਵਣ ਸਿੰਘ ਕੀ ਲਿਖ ਰਹੇ ਹਨ, ਜਿੰਨੀ ਅਹਿਮ ਗੱਲ ਹੈ, ਉਸ ਤੋਂ ਵੱਧ ਅਹਿਮ ਗੱਲ ਹਨ ਕਿ ਸਰਵਣ ਸਿੰਘ ਲਿਖ ਰਹੇ ਹਨ। ਇਹ ਉਨ੍ਹਾਂ ਦੀ ਵਾਰਤਕ ਦਾ ਜਾਦੂ ਨਹÄ ਤਾਂ ਹੋਰ ਕੀ ਹੈ। ਇੰਨਾ ਲੰਬਾਂ ਸਮਾਂ ਲਿਖਣਾ ਨਾ ਸਿਰਫ ਲਿਖਣਾ ਬਲਕਿ ਪਾਏਦਾਰ ਅਤੇ ਪਾਠਕਾਂ ਲਈ ਖਿੱਚ ਭਰਪੂਰ ਲਿਖਣਾ ਵੱਡੀ ਗੱਲ ਹੈ। ਉਨ੍ਹਾਂ ਦਾ ਲਿਖਿਆ ਇਕ-ਇਕ ਸ਼ਬਦ ਸਾਹ ਰੋਕ ਕੇ ਪੜਿ੍ਹਆ ਜਾਂਦਾ ਹੈ। ਉਨ੍ਹਾਂ ਦੀ ਲਿਖਣ ਸ਼ੈਲੀ ਤੇ ਸਟਾਇਲ ਕਮਾਲ ਦਾ ਹੈ। ਖੇਡ ਪਾਠਕ/ਸਰੋਤੇ/ਦਰਸ਼ਕ ਅਕਸਰ ਕਹਿੰਦੇ ਹਨ ਕਿ ਜਸਦੇਵ ਸਿੰਘ ਦੇ ਕੁਮੈਂਟਰੀ ਦੇ ਬੋਲ ਸੁਣ ਕੇ ਅਤੇ ਸਰਵਣ ਸਿੰਘ ਦੀਆਂ ਲਿਖਤਾਂ ਪੜ੍ਹ ਕੇ ਖੇਡਾਂ ਦਾ ਨਜ਼ਾਰਾ ਅੱਖਾਂ ਸਾਹਮਣੇ ਅਜਿਹਾ ਬੱਝ ਜਾਂਦਾ ਹੈ ਕਿ ਟੀ.ਵੀ. ਉਪਰ ਦੇਖਿਆ ਮੈਚ ਵੀ ਫਿੱਕਾ ਪੈ ਜਾਂਦਾ ਹੈ।

PunjabKesari
    ਪਿ੍ਰੰਸੀਪਲ ਸਰਵਣ ਸਿੰਘ ਨੂੰ ਪੰਜਾਬੀ ਖੇਡ ਪੱਤਰਕਾਰੀ ਦਾ ਮੋਢੀ ਤੇ ਸਿਰਮੌਰ ਖੇਡ ਲੇਖਕ ਮੰਨਿਆ ਜਾਂਦਾ ਹੈ। ਇਨਾਮਾਂ, ਪੁਰਸਕਾਰਾਂ ਦੀ ਗੱਲ ਕਰੀਏ ਤਾਂ ਉਨ੍ਹਾਂ ਨੂੰ ਭਾਸ਼ਾ ਵਿਭਾਗ ਪੰਜਾਬ ਦਾ ‘ਸ਼੍ਰੋਮਣੀ ਪੰਜਾਬੀ ਲੇਖਕ ਪੁਰਸਕਾਰ’, ਪੰਜਾਬੀ ਸਾਹਿਤ ਅਕੈਡਮੀ ਦਾ ‘ਕਰਤਾਰ ਸਿੰਘ ਧਾਲੀਵਾਲ ਐਵਾਰਡ’, ਪੰਜਾਬੀ ਸੱਥ ਲਾਂਬੜਾ ਦਾ ‘ਸੱਯਦ ਵਾਰਿਸ ਸ਼ਾਹ ਐਵਾਰਡ’, ਸਪੋਰਟਸ ਅਥਾਰਟੀ ਆਫ਼ ਇੰਡੀਆ ਵੱਲੋਂ ‘ਖੇਡ ਸਾਹਿਤ ਦਾ ਨੈਸ਼ਨਲ ਐਵਾਰਡ’, ਕਮਲਜੀਤ ਖੇਡਾਂ ਦੌਰਾਨ ‘ਸੁਰਜੀਤ ਯਾਦਗਾਰੀ ਐਵਾਰਡ’, ਕਿਲਾ ਰਾਏਪੁਰ ਖੇਡਾਂ ਦੌਰਾਨ ਸਨਮਾਨ, ਪੁਰੇਵਾਲ ਖੇਡ ਮੇਲੇ ਉਤੇ ‘ਲਾਈਫ ਟਾਈਮ ਅਚੀਵਮੈਂਟ ਐਵਾਰਡ’ ਦਿੰਦਿਆਂ ਗੁਰਜ ਨਾਲ ਸਨਮਾਨਤ ਕੀਤਾ ਗਿਆ। ਇਸ ਤੋਂ ਇਲਾਵਾ ਵੀ ਸਾਹਿਤ ਸਭਾਵਾਂ ਤੇ ਖੇਡ ਮੇਲਿਆਂ ਦੌਰਾਨ ਉਨ੍ਹਾਂ ਨੂੰ ਅਨੇਕਾਂ ਮਾਣ-ਸਨਮਾਨ ਮਿਲੇ ਹਨ। ਸਰਵਣ ਸਿੰਘ ਸ਼੍ਰੋਮਣੀ ਸਾਹਿਤਕਾਰ ਅਤੇ ਰੁਸਤਮ-ਏ-ਸਿਹਤਕਾਰ ਹਨ। ਹਰ ਇੱਕ ਨੇ ਉਨ੍ਹਾਂ ਨੂੰ ਵੱਖਰਾ ਖਿਤਾਬ ਦਿੱਤਾ ਹੈ। ਇਕ ਵਾਰ ਮਹਾਰਾਜਾ ਰਣਜੀਤ ਸਿੰਘ ਪੁਲਿਸ ਅਕੈਡਮੀ ਫਿਲੌਰ ਵਿਖੇ ਸਮਾਗਮ ਦੌਰਾਨ ਤੱਤਕਾਲੀ ਡੀ.ਜੀ.ਪੀ. ਰਾਜਦੀਪ ਸਿੰਘ ਗਿੱਲ ਨੇ ਉਨ੍ਹਾਂ ਨੂੰ ਪੰਜਾਬੀਆਂ ਦਾ ‘ਸ਼ੈਕਸਪੀਅਰ’ ਕਹਿ ਕੇ ਵਢਿਆਇਆ। ਉਹ ਸਪਰੋਟਸ ਦੇ ਇਨਸਾਈਕਲੋਪੀਡੀਆ ਹਨ ਅਤੇ ਕਲਮ ਦੇ ਅਣਥੱਕ ਯੋਧੇ ਹਨ। 
    ਕਬੱਡੀ ਹਲਕਿਆਂ ਵਿੱਚ ਉਨ੍ਹਾਂ ਦੀ ਜਿੰਨੀ ਭੱਲ ਹੈ, ਉਨ੍ਹਾਂ ਹੀ ਓਲੰਪਿਕ ਚਾਰਟਰ ਦੀਆਂ ਖੇਡਾਂ ਵਾਲਿਆਂ ਵੱਲ। ਅਕਸਰ ਇਨ੍ਹਾਂ ਦੋਵਾਂ ਖੇਤਰਾਂ ਵਿੱਚ ਸਾਂਝੇ ਵਿਅਕਤੀ ਘੱਟ ਹੀ ਹੋਏ ਹਨ ਜਿਨ੍ਹਾਂ ਦੀ ਦੋਵੇਂ ਪਾਸੇ ਪੈਂਠ ਹੋਵੇ। ਕਬੱਡੀ ਸਿਰਫ ਪੰਜਾਬੀਆਂ ਦੀ ਖੇਡ ਹੈ ਚਾਹੇ ਉਹ ਚੜ੍ਹਦਾ ਹੋਵੇ ਜਾਂ ਫੇਰ ਲਹਿੰਦਾ ਪਰ ਓਲੰਪਿਕ ਚਾਰਟਰ ਦੀਆਂ ਖੇਡਾਂ ਕੁੱਲ ਦੁਨੀਆਂ ਦੇ 200 ਤੋਂ ਵੱਧ ਮੁਲਕ ਖੇਡਦੇ ਹਨ। ਉਨ੍ਹਾਂ ਹਰ ਖੇਡ ਅਤੇ ਉਸ ਖੇਡ ਦੇ ਖਿਡਾਰੀ ਬਾਰੇ ਲਿਖਿਆ ਪਰ ਕਬੱਡੀ ਤੋਂ ਬਾਅਦ ਹਾਕੀ ਤੇ ਅਥਲੈਟਿਕਸ ਉਨ੍ਹਾਂ ਦੀਆਂ ਮੁੱਖ ਖੇਡਾਂ ਰਹੀਆਂ ਜਿਨ੍ਹਾਂ ਬਾਰੇ ਬਹੁਤ ਖੁੱਭ ਕੇ ਲਿਖਿਆ। ਕੁਸ਼ਤੀ, ਫੁਟਬਾਲ, ਵਾਲੀਬਾਲ, ਬਾਸਕਟਬਾਲ ਦੇ ਖਿਡਾਰੀਆਂ ਬਾਰੇ ਵੀ ਉਨ੍ਹਾਂ ਨੇ ਨਿੱਠ ਕੇ ਲਿਖਿਆ। ਉਨ੍ਹਾਂ ਦੀ ਕਲਮ ਨਿਸ਼ਾਨੇਬਾਜ਼ੀ ਤੇ ਕ੍ਰਿਕਟ ਖਿਡਾਰੀਆਂ ਉਪਰ ਵੀ ਚੱਲੀ।
ਪਿ੍ਰੰਸੀਪਲ ਸਰਵਣ ਸਿੰਘ ਅਗਾਂਹਵਧੂ ਵਿਚਾਰਾਂ ਵਾਲਾ ਤੇ ਹਾਂ-ਪੱਖੀ ਸੋਚ ਵਾਲੇ ਇਨਸਾਨ ਹਨ। ਸੁਭਾਅ ਵਿੱਚ ਨਿਮਰਤਾ ਅਤੇ ਬੋਲਚਾਲ ਵਿੱਚ ਹਲੀਮੀ ਵਾਲੇ ਪਿ੍ਰੰਸੀਪਲ ਸਰਵਣ ਸਿੰਘ ਦੀ ਰਹਿਣੀ ਸਹਿਣੀ ਬਹੁਤ ਸਾਧਾਰਨ ਹੈ। ਉਹ ਹਮੇਸ਼ਾ ਆਪਣੇ ਕੋਲ ਬੈਠਿਆਂ ਨੂੰ ਵੱਧ ਮਹੱਤਤਾ ਦਿੰਦੇ ਹਨ, ਚਾਹੇ ਉਹ ਉਮਰ, ਰੁਤਬੇ ਵਿੱਚ ਕਿੰਨਾ ਵੀ ਛੋਟਾ ਹੋਵੇ। ‘ਪੰਜਾਬੀ ਟ੍ਰਿਬਿਊਨ’ ਵਿੱਚ ਜਦੋਂ ਮੈਂ ਖੇਡ ਖਿਡਾਰੀ ਪੰਨਾ ਸੰਪਾਦਨ ਕਰਦਾ ਸੀ ਤਾਂ ਜਦੋਂ ਵੀ ਪਿ੍ਰੰਸੀਪਲ ਸਰਵਣ ਸਿੰਘ ਦਾ ਕੋਈ ਲੇਖ ਮੇਰੇ ਕੋਲ ਆਉਂਦਾ, ਤਾਂ ਉਹ ਮੈਨੂੰ ਪਹਿਲਾਂ ਹੀ ਕਹਿ ਦਿੰਦੇ ਕਿ ਗੁਰੂ ਦਾ ਲਿਹਾਜ਼ ਨਾ ਕਰੀਂ ਅਤੇ ਪੰਨੇ ਦੀ ਲੋੜ ਅਨੁਸਾਰ ਲੇਖ ਦੀ ਕੱਟ-ਵੱਢ ਕਰ ਲਵੀਂ। ਕਈ ਮੌਕਿਆਂ ’ਤੇ ਪੰਨੇ ਦੀ ਮਜ਼ਬੂਰੀ ਕਾਰਨ ਜੇਕਰ ਮੈਥੋਂ ਲੇਖ ਜ਼ਿਆਦਾ ਐਡਿਟ ਵੀ ਹੋ ਜਾਂਦਾ ਤਾਂ ਉਨ੍ਹਾਂ ਕਦੇ ਉਲਾਂਭਾ ਨਾ ਦੇਣਾ। 
39 ਪੁਸਤਕਾਂ ਲਿਖਣ ਵਾਲੇ ਸਰਵਣ ਸਿੰਘ ਹੁਰਾਂ ਨੇ ਅੱਜ ਤੱਕ ਕਿਤੇ ਵੀ ਕਿਸੇ ਪੁਸਤਕ ਦੀ ਮੀਡੀਆ ਕਵਰੇਜ ਕਰਵਾਉਣ ਦੀ ਕੋਸ਼ਿਸ਼ ਨਹੀਂ  ਕੀਤੀ। ਕੁਝ ਸਾਲਾਂ ਪਹਿਲਾਂ ਜਦੋਂ ਉਨ੍ਹਾਂ ਵਿਸ਼ਵ ਕੱਪ ਕਬੱਡੀ-2010 ਬਾਰੇ ਪੁਸਤਕ ਲਿਖੀ ਤਾਂ ਮੈਂ ਕੁਝ ਅਖਬਾਰਾਂ ਵਿੱਚ ਖਬਰਾਂ ਲਗਵਾ ਦਿੱਤੀਆਂ। ਉਹ ਜਿੱਥੇ ਹੈਰਾਨ ਹੋਏ ਉਥੇ ਹੱਸਦਿਆਂ ਮੈਨੂੰ ਕਹਿਣ ਲੱਗੇ, ‘‘ਤੂੰ ਤਾਂ ਐਵੇਂ ਹੀ ਰੌਲਾ ਪੁਆ ਦਿੱਤਾ।’’ ਪਿ੍ਰੰਸੀਪਲ ਸਰਵਣ ਸਿੰਘ ਦੀ ਸ਼ਖ਼ਸੀਅਤ ਦੇ ਕਈ ਪੱਖ ਹਨ। ਉਹ ਗੁਰੂਆਂ ਵਾਂਗ ਨੁਕਤੇ ਸਿਖਾਉਂਦੇ ਹਨ, ਬਜ਼ੁਰਗਾਂ ਵਾਂਗ ਨਸੀਹਤ ਅਤੇ ਮਾਂ-ਬਾਪ ਵਾਂਗ ਲਾਡ ਕਰਦੇ ਹੋਏ ਫਿਕਰ ਵੀ ਰੱਖਦੇ ਹਨ। ਜਲੰਧਰ ਤੋਂ ਮੇਰੇ ਪੰਜਾਬੀ ਟ੍ਰਿਬਿਊਨ ਦੀ ਪੱਤਰਕਾਰੀ ਦੇ ਸਫਰ ਤੋਂ ਲੈ ਕੇ ਪੰਜਾਬ ਸਰਕਾਰ ਵਿੱਚ ਪੀ.ਆਰ.ਓ. ਦੀ ਨੌਕਰੀ ਤੱਕ ਉਹ ਜਦੋਂ ਵੀ ਮਿਲਦੇ ਤਾਂ ਮੈਨੂੰ ਨੌਕਰੀ ਅਤੇ ਤਨਖਾਹ ਬਾਰੇ ਪੁੱਛਦੇ। ਮੇਰੀ ਛੋਟੀ ਜਿਹੀ ਤਰੱਕੀ ’ਤੇ ਉਹ ਬਹੁਤ ਖੁਸ਼ ਹੁੰਦੇ ਹਨ।
ਸਕੂਲ-ਕਾਲਜ ਦੇ ਦਿਨਾਂ ਤੋਂ ਹੀ ਮੈਂ ਉਨ੍ਹਾਂ ਦੀਆਂ ਲਿਖਤਾਂ ਦਾ ਦੀਵਾਨਾ ਰਿਹਾ ਹਾਂ। ਕਿਸੇ ਵੇਲੇ ਉਨ੍ਹਾਂ ਦੇ ਲਿਖੇ ਲੇਖਾਂ ਨੂੰ ਸਾਂਭ ਕੇ ਰੱਖਣਾ ਫੇਰ ਜਦੋਂ ਇਕ ਵਾਰ ਲੁਧਿਆਣੇ ਪ੍ਰੋ. ਮੋਹਨ ਸਿੰਘ ਮੇਲਾ ਦੇਖਣ ਗਿਆ ਤਾਂ ਲਾਹੌਰ ਬੁੱਕ ਸ਼ਾਪ ਤੋਂ ਉਨ੍ਹਾਂ ਦੀਆਂ ਲਿਖੀਆਂ ਦਰਜਨ ਦੇ ਕਰੀਬ ਪੁਸਤਕਾਂ ਖਰੀਦ ਲਿਆਇਆ। ਪਹਿਲੀ ਵਾਰ ਮੈਂ ਕੋਈ ਬਿਨਾਂ ਸਿਲੇਬਸ ਤੋਂ ਕਿਤਾਬ ਖਰੀਦੀ ਸੀ। ਇਹ ਮੇਰੀ ਸਾਹਿਤ ਦੀ ਪਹਿਲੀ ਜਮਾਤ ਸੀ। ਉਨ੍ਹਾਂ ਦੀਆਂ ਲਿਖਤਾਂ ਪੜ੍ਹ ਕੇ ਮੈਂ ਆਪਣੇ ਆਪ ਨੂੰ ਉਨ੍ਹਾਂ ਦੇ ਨੇੜੇ ਮਹਿਸੂਸ ਕਰਨ ਲੱਗਿਆ। ਉਨ੍ਹਾਂ ਨੂੰ ਨਿੱਜੀ ਤੌਰ ’ਤੇ ਮਿਲਣ ਤੇ ਜਾਣਨ ਤੋਂ ਪਹਿਲਾਂ ਹੀ ਮੈਂ ਉਨ੍ਹਾਂ ਨੂੰ ਮਨ ਵਿੱਚ ਹੀ ਆਪਣਾ ਗੁਰੂ ਧਾਰ ਲਿਆ। ਪਹਿਲੀ ਵਾਰ ਉਨ੍ਹਾਂ ਨਾਲ ਮੇਰੀ ਜਦੋਂ ਫੋਨ ’ਤੇ ਗੱਲਬਾਤ ਹੋਈ ਤਾਂ ਇਕੋ ਸਾਹ ਮੈਂ ਉਨ੍ਹਾਂ ਦੀਆਂ ਲਿਖਤਾਂ ਦੀਆਂ ਗੱਲਾਂ ਕਰਦਾ ਹੋਇਆ ਇਹੋ ਕਿਹਾ ਕਿ ਮੈਂ ਤੁਹਾਨੂੰ ਆਪਣਾ ਗੁਰੂ ਧਾਰਿਆ ਹੋਇਆ ਹੈ ਅਤੇ ਮੈਂ ਤੁਹਾਡਾ ਚੇਲਾ ਬਣਨਾ ਚਾਹੁੰਦਾ। ਉਨ੍ਹਾਂ ਹੱਸਦਿਆਂ ‘ਫੇਰ ਪੱਗ ਤੇ ਗੁੜ ਲੈ ਕੇ ਕਿਸੇ ਦਿਨ ਪਿੰਡ ਆ ਜਾਵੀਂ’ ਕਹਿ ਕੇ ਮੈਨੂੰ ਆਪਣਾ ਸ਼ਾਗਿਰਦ ਬਣਾ ਲਿਆ। ਪਿ੍ਰੰਸੀਪਲ ਸਰਵਣ ਸਿੰਘ ਨੂੰ ਮੈਂ ਪਹਿਲੀ ਵਾਰ ਅਪਰੈਲ 2004 ਵਿੱਚ ਪੰਜਾਬੀ ਭਵਨ ਲੁਧਿਆਣਾ ਵਿਖੇ ਮਿਲਿਆ ਜਦੋਂ ਪੰਜਾਬੀ ਸਾਹਿਤ ਅਕਾਡਮੀ ਦੀ ਚੋਣ ਸੀ। ਉਸ ਵੇਲੇ ਪ੍ਰਧਾਨਗੀ ਦਾ ਮੁਕਾਬਲਾ ਦੋ ਚੋਟੀ ਦੇ ਲਿਖਾਰੀਆਂ ਸੁਰਜੀਤ ਪਾਤਰ ਤੇ ਸੁਤਿੰਦਰ ਨੂਰ ਵਿਚਾਲੇ ਸੀ। ਮੇਰੇ ਮੋਢੇ ਟੰਗੇ ਬੈਗ ਵਿੱਚ ਉਨ੍ਹਾਂ ਦੀਆਂ ਸਾਰੀਆਂ ਪੁਸਤਕਾਂ ਸਨ ਜਿਨ੍ਹਾਂ ’ਤੇ ਮੈਂ ਉਨ੍ਹਾਂ ਦੇ ਆਟੋਗ੍ਰਾਫ ਲਏ। ਉਸ ਦੀ ਦਿਨ ਮਿਲੀ ਮੈਨੂੰ ਅਥਾਹ ਖੁਸ਼ੀ ਬਾਰੇ ਮੈਂ ਪੰਜਾਬੀ ਜਾਗਰਣ ਵਿੱਚ ਮਿਡਲ ਵੀ ਲਿਖਿਆ ਸੀ ਜਿਸ ਦਾ ਸਿਰਲੇਖ ਸੀ ‘ਪਹਿਲਾ ਮੈਂ ਜਿੱਤਿਆ ਤੇ ਫੇਰ ਪਾਤਰ’। ਪੰਜਾਬੀ ਭਵਨ ਦੀ ਉਸ ਮਿਲਣੀ ਤੋਂ ਬਾਅਦ ਤਾਂ ਮੇਰੀਆਂ ਉਨ੍ਹਾਂ ਮੁਲਕਾਤਾਂ ਦਾ ਸਿਲਸਿਲਾ ਹੀ ਚੱਲ ਪਿਆ ਅਤੇ ਅੱਜ ਮੈਂ ਉਨ੍ਹਾਂ ਨੂੰ ਆਪਣੇ ਪਰਿਵਾਰ ਦਾ ਹੀ ‘ਵੱਡਾ-ਵਢੇਰਾ’ ਸਮਝਦਾ ਹਾਂ ਅਤੇ ਉਹ ਵੀ ਮੈਨੂੰ ਆਪਣੇ ਪਰਿਵਾਰ ਦਾ ਅੰਗ ਹੀ ਸਮਝਦੇ ਹਨ। ਉਹ ਜਦੋਂ ਵੀ ਮਿਲਦੇ ਹਨ ਤਾਂ ਮੇਰੇ ਪਰਿਵਾਰ ਦੇ ਹਰ ਮੈਂਬਰ ਦਾ ਹਾਲ ਜ਼ਰੂਰ ਪੁੁੱਛਦੇ ਹਨ। ਕਿਲਾ ਰਾਏਪੁਰ ਵਿਖੇ ਮੇਰੀ ਪਹਿਲੀ ਪੁਸਤਕ ‘ਖੇਡ ਅੰਬਰ ਦੇ ਸਿਤਾਰੇ’ ਦਾ ਮੁੱਖਬੰਦ ਲਿਖਣ ਅਤੇ ਉਸ ਦੇ ਰਿਲੀਜ਼ ਤੋਂ ਲੈ ਕੇ ਮੇਰੇ ਵਿਆਹ ਉਪਰ ਭੰਗੜਾ ਪਾਉਣ ਤੱਕ ਉਨ੍ਹਾਂ ਹਾਜ਼ਰੀ ਭਰੀ।

PunjabKesari

ਪਿਛਲੇ ਸਾਲ 2018 ਦੇ ਦਸੰਬਰ ਮਹੀਨੇ ਦੀ ਅਖ਼ਰੀਲੇ ਹਫ਼ਤੇ ਦੀ ਗੱਲ ਹੈ। ਮੈਂ ਤੇ ਨਿੰਦਰ ਘੁਗਿਆਣਵੀਂ ਵਾਰਤਕ ਬਾਰੇ ਬੋਲਣ ਲਈ ਬਠਿੰਡੇ ਪੀਪਲਜ਼ ਫੋਰਮ ਦੇ ਸਮਾਗਮ ’ਤੇ ਗਏ। ਪਿ੍ਰੰ. ਸਰਵਣ ਸਿੰਘ ਨੇ ਸਮਾਗਮ ਦੀ ਪ੍ਰਧਾਨਗੀ ਕੀਤੀ ਤੇ ਉੱਥੋਂ ਹੀ ਉਹ ਸਾਡੇ ਨਾਲ ਰਲ ਗਏ, ਅਸੀਂ ਤਿੰਨੇਂ ਸਾਡੇ ਪਿੰਡ ਸ਼ਹਿਣੇ ਆਏ ਆਏ ਤੇ ਰਾਤ ਕੱਟੀ। ਮੇਰੇ ਤਾਏ ਚਾਚੇ, ਉਨ੍ਹਾਂ ਦੇ ਬੱਚੇ ਤੇ ਸਾਡਾ ਵੱਡਾ ਪਰਿਵਾਰ ਹੁੱਬ ਕੇ ਮਿਲਿਆ ਤੇ ਖੂਬ ਮਹਿਫ਼ਲ ਫੱਬੀ। ਅਸੀਂ ਤਿੰਨੇਂ ਅਗਲੀ ਸਵੇਰ ਬਲਵੰਤ ਗਾਰਗੀ ਦਾ ਜੰਮਣ ਕਮਰਾ ਵੇਖਣ ਸ਼ਹਿਣੇ ਪਿੰਡ ਨਹਿਰੀ ਆਰਾਮ ਘਰ ਦੇ ਸਰਕਾਰੀ ਕੁਆਰਟਰਾਂ ਵਿੱਚ ਗਏ। ਪਿ੍ਰੰਸੀਪਲ ਸਾਬ੍ਹ ਦੀ ਖੁਸ਼ੀ ਦਾ ਟਿਕਾਣਾ ਨਹੀਂ  ਸੀ। ਕੇਰਾਂ ਉਹ ਜਦੋਂ ਆਪਣੀ ਪੁਸਤਕ ਲਈ ਬਲਵੰਤ ਗਾਰਗੀ ਬਾਰੇ ਰੇਖਾ ਚਿੱਤਰ ਲਿਖ ਰਹੇ ਸਨ ਤਾਂ ਉਨ੍ਹਾਂ ਮੈਨੂੰ ਗਾਰਗੀ ਦੇ ਜਨਮ ਵਾਲੀ ਥਾਂ ਦਾ ਬਿਓਰਾ ਮੰਗਿਆ ਸੀ। ਗਾਰਗੀ ਦੇ ਜਨਮ ਵਾਲੀ ਥਾਂ ਨੂੰ ਉਹ ਇੰਝ ਦੇਖ ਰਹੇ ਸਨ ਜਿਵੇਂ ਕੋਈ ਸ਼ਰਧਾਲੂ ਆਪਣੀ ਅਕੀਦਤ ਵਾਲੀ ਮੁਕੱਦਸ ਜਗ੍ਹਾਂ ਨੂੰ ਸਿਜਦਾ ਕਰ ਰਿਹਾ ਹੋਵੇ। ਉਸ ਤੋਂ ਬਾਅਦ ਅਸÄ ਤਿੰਨੋਂ ਪਿੰਡ ਚਕਰ ਗਏ ਜਿੱਥੇ ਮੈਂ ਤੇ ਨਿੰਦਰ ਨੇ ਪਿ੍ਰੰਸੀਪਲ ਸਾਬ੍ਹ ਦੇ ਜਨਮ ਵਾਲੀ ਥਾਂ ਦੇਖੀ। ਉਨ੍ਹਾਂ ਸਾਨੂੰ ਆਪਣੇ ਮਾਡਰਨ ਪਿੰਡ ਦੇ ਦਰਸ਼ਨ ਕਰਵਾਏ। ਵਾਪਸੀ ਉਤੇ ਖੋਏ ਦੀ ਬਰਫੀ ਅਤੇ ਦੇਸੀ ਲੱਡੂ ਖਵਾ ਕੇ ਉਨ੍ਹਾਂ ਸਾਨੂੰ ਵਿਦਾ ਕੀਤਾ। ਇਹ ਪਲ ਯਾਦਗਾਰੀ ਹਨ ਤੇ ਮਨ ਦੇ ਕੋਨੇ ਵਿੱਚ ਰਸੇ-ਵਸੇ ਹੋਏ ਹਨ।


 


author

jasbir singh

News Editor

Related News