ਕਰੋੜਾਂ ਦੀ ਠੱਗੀ ਮਾਰਨ ਵਾਲੇ OLS ਵ੍ਹਿਜ਼ ਕੰਪਨੀ ਦੇ ਮਾਲਕ ਰਣਜੀਤ ਸਿੰਘ ਨੇ ਦੱਸਿਆ ਭੱਜਣ ਦਾ ਕਾਰਨ

07/25/2020 12:44:43 PM

ਜਲੰਧਰ (ਵਰੁਣ)— ਓ. ਐੱਲ. ਐੱਸ. ਵ੍ਹਿਜ਼ ਪਾਵਰ ਕੰਪਨੀ ਵੱਲੋਂ ਨਿਵੇਸ਼ਕਾਂ ਨਾਲ ਕਰੋੜਾਂ ਰੁਪਏ ਦੀ ਠੱਗੀ ਮਾਰਨ ਦੇ ਮਾਮਲੇ 'ਚ ਪੁਲਸ ਕੰਪਨੀ ਦੇ ਮਾਲਕਾਂ ਦੇ ਕੋਰੋਨਾ ਟੈਸਟ ਦੀ ਰਿਪੋਰਟ ਦਾ ਇੰਤਜ਼ਾਰ ਕਰ ਰਹੀ ਹੈ। ਰਿਪੋਰਟ ਨੈਗੇਟਿਵ ਆਉਣ ਉਪਰੰਤ ਰਣਜੀਤ ਸਿੰਘ ਅਤੇ ਗਗਨਦੀਪ ਸਿੰਘ ਤੋਂ ਪੁਲਸ ਪੁੱਛਗਿੱਛ ਕਰੇਗੀ। ਆਤਮ-ਸਮਰਪਣ ਕਰਨ ਵਾਲੇ ਰਣਜੀਤ ਸਿੰਘ ਦਾ ਕਹਿਣਾ ਹੈ ਕਿ ਪੈਸੇ ਲੈਣ ਵਾਲੇ ਲੋਕਾਂ ਦੇ ਉਨ੍ਹਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਭਰੇ ਫੋਨ ਆ ਰਹੇ ਸਨ, ਜਿਸ ਕਾਰਨ ਡਰਦੇ ਮਾਰੇ ਉਹ ਭੱਜ ਗਏ ਸਨ।

ਜਿੱਥੇ ਰਣਜੀਤ ਸਿੰਘ ਨੂੰ ਮਿਲਣ ਲਈ ਥਾਣਾ ਨੰਬਰ 7 'ਚ ਪੀੜਤ ਨਿਵੇਸ਼ਕਾਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ, ਉੱਥੇ ਹੀ ਪੁਲਸ ਰਣਜੀਤ ਸਿੰਘ, ਗਗਨਦੀਪ ਸਿੰਘ ਅਤੇ ਗੁਰਮਿੰਦਰ ਸਿੰਘ ਦੀ ਪ੍ਰਾਪਰਟੀ ਦੇ ਨਾਲ-ਨਾਲ ਉਨ੍ਹਾਂ ਦੀਆਂ ਲਗਜ਼ਰੀ ਗੱਡੀਆਂ ਦੀ ਵੀ ਲਿਸਟ ਤਿਆਰ ਕਰ ਰਹੀ ਹੈ, ਤਾਂ ਕਿ ਉਨ੍ਹਾਂ ਦੀ ਪੂਰੀ ਜਾਇਦਾਦ ਦੀ ਰਿਪੋਰਟ ਤਿਆਰ ਕੀਤੀ ਜਾ ਸਕੇ। ਪੁਲਸ ਕੋਲ ਕੰਪਨੀ ਦੇ ਬੈਂਕ ਖਾਤਿਆਂ ਦੀਆਂ ਜੋ ਸਟੇਟਸਮੈਂਟਾਂ ਪਹੁੰਚੀਆਂ ਹਨ, ਉਨ੍ਹਾਂ 'ਚ ਕੋਈ ਵੀ ਸ਼ੱਕੀ ਟਰਾਂਜੈਕਸ਼ਨ ਨਹੀਂ ਹੋਈ ਹੈ। ਥਾਣਾ ਨੰਬਰ 7 ਦੇ ਇੰਚਾਰਜ ਕਮਲਜੀਤ ਸਿੰਘ ਦਾ ਕਹਿਣਾ ਹੈ ਕਿ ਕੰਪਨੀ ਦੇ ਵਧੇਰੇ ਬੈਂਕ ਖਾਤੇ ਫਰੀਜ਼ ਕੀਤੇ ਜਾ ਚੁੱਕੇ ਹਨ ਅਤੇ ਜਿਨ੍ਹਾਂ ਬੈਂਕ ਖਾਤਿਆਂ ਸਬੰਧੀ ਉਨ੍ਹਾਂ ਨੂੰ ਸ਼ੱਕ ਹੈ, ਉਨ੍ਹਾਂ ਦੀ ਸਟੇਟਮੈਂਟ ਅਜੇ ਨਹੀਂ ਆਈ। ਫਿਲਹਾਲ ਲੋਕਾਂ ਕੋਲੋਂ ਠੱਗੇ ਗਏ ਕਰੋੜਾਂ ਰੁਪਏ ਬਾਰੇ ਅਜੇ ਕੁਝ ਪਤਾ ਨਹੀਂ ਲੱਗ ਸਕਿਆ ਹੈ।

PunjabKesari

ਜ਼ਿਕਰਯੋਗ ਹੈ ਕਿ ਉਕਤ ਕੰਪਨੀ ਦੇ ਮਾਲਕ ਲਗਭਗ ਇਕ ਲੱਖ ਨਿਵੇਸ਼ਕਾਂ ਨਾਲ ਕਰੋੜਾਂ ਰੁਪਏ ਦੀ ਠੱਗੀ ਮਾਰ ਕੇ ਫਰਾਰ ਹੋ ਗਏ ਸਨ। ਉਹ ਗੋਲਡ ਕਿੱਟੀ ਦੇ ਨਾਂ 'ਤੇ ਲਾਲਚ ਦੇ ਕੇ ਲੋਕਾਂ ਕੋਲੋਂ ਕੰਪਨੀ ਵਿਚ ਪੈਸੇ ਲਵਾਉਂਦੇ ਸਨ। ਕੰਪਨੀ ਦੀਆਂ ਪੰਜਾਬ ਸਮੇਤ ਹਰਿਆਣਾ ਅਤੇ ਚੰਡੀਗੜ੍ਹ 'ਚ ਵੀ ਬ੍ਰਾਂਚਾਂ ਹਨ। ਥਾਣਾ ਨੰਬਰ 7 ਵਿਚ ਕੰਪਨੀ ਦੇ ਮਾਲਕ ਰਣਜੀਤ ਸਿੰਘ ਪੁੱਤਰ ਗੁਰਮੁੱਖ ਸਿੰਘ ਨਿਵਾਸੀ ਸ਼ਿਵ ਵਿਹਾਰ, ਗਗਨਦੀਪ ਸਿੰਘ ਪੁੱਤਰ ਗੁਰਵਿੰਦਰ ਸਿੰਘ ਨਿਵਾਸੀ ਹਰਦੀਪ ਨਗਰ ਅਤੇ ਗੁਰਮਿੰਦਰ ਸਿੰਘ ਪੁੱਤਰ ਜਗਤਾਰ ਸਿੰਘ ਨਿਵਾਸੀ ਜਲੰਧਰ ਹਾਈਟਸ-2 ਅਤੇ ਸ਼ੀਲਾ ਦੇਵੀ ਖਿਲਾਫ ਧੋਖਾਦੇਹੀ ਦਾ ਕੇਸ ਦਰਜ ਕੀਤਾ ਗਿਆ ਹੈ। ਇਸ ਕੇਸ ਨੂੰ ਥਾਣਾ ਨੰਬਰ 7 ਤੋਂ ਸਾਈਬਰ ਕ੍ਰਾਈਮ ਸੈੱਲ ਨੂੰ ਟਰਾਂਸਫਰ ਕਰਨ ਦੀ ਮੰਗ ਵੀ ਉੱਠ ਚੁੱਕੀ ਹੈ। ਇਹ ਮਾਮਲਾ ਮੁੱਖ ਮੰਤਰੀ ਪੰਜਾਬ, ਡੀ. ਜੀ. ਪੀ., ਈ. ਡੀ. ਅਤੇ ਿਵਜੀਲੈਂਸ ਤੱਕ ਵੀ ਈਮੇਲ ਜ਼ਰੀਏ ਪਹੁੰਚਾਇਆ ਗਿਆ ਸੀ।

ਪਹਿਲਾਂ ਕੰਪਨੀ ਮਾਲਕਾਂ ਨੇ ਠੱਗਿਆ ਤੇ ਹੁਣ ਪੁਲਸ ਮਾਰ ਰਹੀ ਹੈ ਧੱਕੇ : ਪੀੜਤ
ਕੰਪਨੀ 'ਚ ਪੈਸੇ ਨਿਵੇਸ਼ ਕਰਨ ਵਾਲੇ ਦਵਿੰਦਰ ਉਰਫ ਬੰਟੀ ਨਿਵਾਸੀ ਮਾਡਲ ਟਾਊਨ ਨੇ ਦੱਸਿਆ ਕਿ ਉਹ ਆਪਣੀ ਪਤਨੀ ਵੀਨਾ ਨਾਲ ਥਾਣਾ ਨੰਬਰ 7 ਵਿਚ ਰਣਜੀਤ ਸਿੰਘ ਨੂੰ ਮਿਲਣ ਆਏ ਸੀ। ਪਹਿਲਾਂ ਤਾਂ ਉਹ ਥਾਣੇ ਦੇ ਬਾਹਰ ਖੜ੍ਹੇ ਰਹੇ, ਜਿੱਥੋਂ ਐੱਸ. ਐੱਚ. ਓ. ਨੂੰ ਫੋਨ ਕੀਤੇ ਪਰ ਉਹ ਭਰੋਸਾ ਦਿੰਦੇ ਰਹੇ ਕਿ ਉਨ੍ਹਾਂ ਨੂੰ ਰਣਜੀਤ ਸਿੰਘ ਨਾਲ ਮਿਲਵਾ ਦਿੱਤਾ ਜਾਵੇਗਾ। 2 ਘੰਟੇ ਉਹ ਥਾਣੇ ਦੇ ਬਾਹਰ ਖੜ੍ਹੇ ਰਹੇ। ਦੋਸ਼ ਹੈ ਕਿ ਥਾਣਾ ਨੰਬਰ 7 ਦੇ ਇੰਚਾਰਜ ਕਮਲਜੀਤ ਸਿੰਘ 2 ਮਹਿਲਾ ਮੁਲਾਜ਼ਮਾਂ ਨਾਲ ਬਾਹਰ ਆ ਗਏ ਅਤੇ ਮਹਿਲਾ ਮੁਲਾਜ਼ਮਾਂ ਨੇ ਵੀਨਾ ਨਾਲ ਧੱਕਾ-ਮੁੱਕੀ ਕੀਤੀ। ਦਵਿੰਦਰ ਬੰਟੀ ਨੇ ਐੱਸ. ਐੱਚ. ਓ. 'ਤੇ ਉਨ੍ਹਾਂ ਨਾਲ ਗਾਲੀ-ਗਲੋਚ ਕਰਨ ਦੇ ਵੀ ਦੋਸ਼ ਲਾਏ ਹਨ। ਹਾਲਾਂਕਿ ਪੁਲਸ ਨੇ ਉਕਤ ਦੋਸ਼ਾਂ ਨੂੰ ਨਕਾਰਿਆ ਹੈ। ਦਵਿੰਦਰ ਨੇ ਕਿਹਾ ਕਿ ਉਨ੍ਹਾਂ ਦੀ ਟੀਮ ਵਿਚ 4000 ਨਿਵੇਸ਼ਕ ਹਨ ਅਤੇ ਕੰਪਨੀ ਵਿਚ ਉਨ੍ਹਾਂ ਢਾਈ ਕਰੋੜ ਰੁਪਏ ਨਿਵੇਸ਼ ਕੀਤੇ ਸਨ।

ਕੰਪਨੀ ਮਾਲਕਾਂ ਨੇ ਪਰਿਵਾਰਕ ਮੈਂਬਰਾਂ ਦੇ ਨਾਂ 'ਤੇ ਕੀਤੀ ਹੈ ਜਾਇਦਾਦ : ਸੂਤਰ
ਸੂਤਰਾਂ ਦੀ ਮੰਨੀਏ ਤਾਂ ਕੰਪਨੀ ਦੇ ਮਾਲਕ ਰਣਜੀਤ ਸਿੰਘ, ਗਗਨਦੀਪ ਸਿੰਘ ਅਤੇ ਗੁਰਮਿੰਦਰ ਸਿੰਘ ਨੇ ਨਿਵੇਸ਼ਕਾਂ ਨਾਲ ਠੱਗੀ ਮਾਰਨ ਦੀ ਯੋਜਨਾ ਪਹਿਲਾਂ ਹੀ ਬਣਾਈ ਹੋਈ ਸੀ, ਜਿਸ ਅਧੀਨ ਉਨ੍ਹਾਂ ਵਧੇਰੇ ਜਾਇਦਾਦ ਆਪਣੇ ਰਿਸ਼ਤੇਦਾਰਾਂ ਅਤੇ ਪਰਿਵਾਰ ਦੇ ਨਾਂ 'ਤੇ ਕੀਤੀ ਹੋਈ ਸੀ ਅਤੇ ਪਾਵਰ ਆਫ ਅਟਾਰਨੀਆਂ ਆਪਣੇ ਕੋਲ ਰੱਖੀਆਂ ਹੋਈਆਂ ਹਨ। ਇਸ ਮਾਮਲੇ 'ਚ ਨਾਮਜ਼ਦ ਕੰਪਨੀ ਦਾ ਤੀਜਾ ਮਾਲਕ ਗੁਰਮਿੰਦਰ ਸਿੰਘ ਅਤੇ ਮੈਨੇਜਮੈਂਟ ਮੈਂਬਰ ਸ਼ੀਲਾ ਦੇਵੀ ਅਜੇ ਵੀ ਫਰਾਰ ਹਨ। ਪੁਲਸ ਦਾ ਕਹਿਣਾ ਹੈ ਕਿ ਦੋਵਾਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਜਾਰੀ ਹੈ।


shivani attri

Content Editor

Related News