ਘਰ ਲੁੱਟਣ ਆਏ ਵਿਅਕਤੀ ਨੇ ਵੱਡੀ ਵਾਰਦਾਤ ਨੂੰ ਦਿੱਤਾ ਅੰਜਾਮ, ਤੇਜ਼ਧਾਰ ਹਥਿਆਰਾਂ ਨਾਲ ਵੱਢਿਆ ਬਜ਼ੁਰਗ

10/19/2020 9:31:50 AM

ਪਟਿਆਲਾ (ਬਲਜਿੰਦਰ) : ਸ਼ਹਿਰ ਦੇ ਦੀਪ ਨਗਰ ਇਲਾਕੇ ’ਚ ਲੁੱਟ ਦੀ ਨੀਅਤ ਨਾਲ ਕੰਧ ਟੱਪ ਕੇ ਘਰ ’ਚ ਵੜੇ ਵਿਅਕਤੀ ਨੇ ਬਜ਼ੁਰਗ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ, ਜਦੋਂ ਕਿ ਬਚਾਅ ਲਈ ਅੱਗੇ ਆਏ ਮ੍ਰਿਤਕ ਦੇ 2 ਪੁੱਤਰ ਜ਼ਖਮੀਂ ਹੋ ਗਏ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਵਿਅਕਤੀ ਮੌਕੇ ਤੋਂ ਫਰਾਰ ਹੋ ਗਿਆ। ਮ੍ਰਿਤਕ ਦੀ ਪਛਾਣ ਭਾਨ ਸਿੰਘ (50) ਵਜੋਂ ਹੋਈ। ਜ਼ਖਮੀਂ ਪੁੱਤਰਾਂ ’ਚ ਰਮਨਦੀਪ ਸਿੰਘ ਉਰਫ ਰਿੰਕੂ ਅਤੇ ਸੰਦੀਪ ਸਿੰਘ ਸ਼ਾਮਲ ਹਨ।

ਇਹ ਵੀ ਪੜ੍ਹੋ : ਪੰਜਾਬ ਵਿਧਾਨ ਸਭਾ ਦਾ 'ਵਿਸ਼ੇਸ਼ ਇਜਲਾਸ' ਅੱਜ ਤੋਂ, ਖੇਤੀ ਕਾਨੂੰਨਾਂ ਖ਼ਿਲਾਫ਼ ਵੱਡਾ ਫ਼ੈਸਲਾ ਲੈ ਸਕਦੇ ਨੇ 'ਕੈਪਟਨ'

ਐੱਸ. ਐੱਚ. ਓ. ਤ੍ਰਿਪੜੀ ਹਰਜਿੰਦਰ ਸਿੰਘ ਢਿੱਲੋਂ ਨੇ ਦੱਸਿਆ ਕਿ ਪਰਿਵਾਰ ਨੇ ਕਾਤਲ ਨੂੰ ਪਛਾਣ ਲਿਆ। ਇਸ ਮਾਮਲੇ ’ਚ ਰਮਨਦੀਪ ਸਿੰਘ ਉਰਫ ਰਿੰਕੂ ਦੀ ਸ਼ਿਕਾਇਤ ’ਤੇ ਗੁਰਮੀਤ ਸਿੰਘ ਉਰਫ ਕਾਲੀਆ ਖ਼ਿਲਾਫ਼ 302, 458, 459, 460 ਅਤੇ 397 ਆਈ. ਪੀ. ਸੀ. ਤਹਿਤ ਕੇਸ ਦਰਜ ਕੀਤਾ ਹੈ। ਉਨ੍ਹਾਂ ਦੱਸਿਆ ਕਿ ਗੁਰਮੀਤ ਕਾਲੀਆ ਤੜਕਸਾਰ ਸਾਢੇ 3 ਵਜੇ ਕੰਧ ਟੱਪ ਕੇ ਘਰ ਦੇ ਅੰਦਰ ਦਾਖ਼ਲ ਹੋ ਗਿਆ। ਅੰਦਰ ਜਦੋਂ ਸਾਮਾਨ ਫਰੋਲਣ ਲੱਗਿਆ ਤਾਂ ਪਰਿਵਾਰ ਨੂੰ ਜਾਗ ਆ ਗਈ।

ਇਹ ਵੀ ਪੜ੍ਹੋ : ਕਾਂਗਰਸੀ ਵਰਕਰ ਦੇ ਅਪਾਹਜ ਭਰਾ ਨਾਲ ਦਿਲ ਕੰਬਾਊ ਵਾਰਦਾਤ, ਇੰਝ ਸਾਹਮਣੇ ਆਇਆ ਖ਼ੌਫਨਾਕ ਸੱਚ

ਰਮਨਦੀਪ ਸਿੰਘ ਨੇ ਉੱਠ ਕੇ ਜਦੋਂ ਗੁਰਮੀਤ ਕਾਲੀਆ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਦੋਹਾਂ ’ਚ ਹੱਥੋਪਾਈ ਹੋ ਗਈ। ਬਚਾਅ ਕਰਨ ਲਈ ਜਦੋਂ ਭਾਨ ਸਿੰਘ ਆਇਆ ਤਾਂ ਗੁਰਮੀਤ ਸਿੰਘ ਨੇ ਤੇਜ਼ਧਾਰ ਹਥਿਆਰਾਂ ਨਾਲ ਭਾਨ ਸਿੰਘ ’ਤੇ ਵਾਰ ਕਰ ਦਿੱਤਾ, ਜਿਸ ’ਚ ਉਹ ਬੁਰੀ ਤਰ੍ਹਾਂ ਜ਼ਖਮੀਂ ਹੋ ਗਿਆ। ਗੁਰਮੀਤ ਕਾਲੀਆ ਮੌਕੇ ਤੋਂ ਫਰਾਰ ਹੋ ਗਿਆ ਪਰ ਪਰਿਵਾਰ ਨੇ ਇਸ ਤੋਂ ਉਸ ਨੂੰ ਪਛਾਣ ਲਿਆ।

ਇਹ ਵੀ ਪੜ੍ਹੋ : ਪੰਜਾਬ ਦੇ ਸਕੂਲਾਂ 'ਚ ਅੱਜ ਵੱਜੇਗੀ 'ਘੰਟੀ', ਕੋਵਿਡ ਸਬੰਧੀ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਜ਼ਰੂਰੀ

ਜ਼ਖਮੀਂ ਹਾਲਤ ’ਚ ਭਾਨ ਸਿੰਘ ਨੂੰ ਸਰਕਾਰੀ ਰਾਜਿੰਦਰਾ ਹਸਪਤਾਲ ਦਾਖ਼ਲ ਕਰਵਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਉਨ੍ਹਾਂ ਦੱਸਿਆ ਕਿ ਗੁਰਮੀਤ ਸਿੰਘ ਕਾਲੀਆ ਖ਼ਿਲਾਫ਼ ਪਹਿਲਾਂ ਵੀ ਚੋਰੀ ਦਾ ਕੇਸ ਦਰਜ ਹੈ। ਪੁਲਸ ਪਾਰਟੀਆਂ ਵਲੋਂ ਉਸ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।



 


Babita

Content Editor

Related News