ਮੋਗਾ 'ਚ ਭੂਤਰੇ ਸਾਨ੍ਹ ਨੇ ਲਈ ਬਜ਼ੁਰਗ ਸੇਵਾਦਾਰ ਦੀ ਜਾਨ
Thursday, Jul 16, 2020 - 04:36 PM (IST)
ਮੋਗਾ (ਅਜ਼ਾਦ) : ਮੋਗਾ ਨੇੜਲੇ ਪਿੰਡ ਧੱਲੇਕੇ ਵਿਖੇ ਵੀਰਵਾਰ ਤੜਕੇ ਸਵੇਰੇ ਗਊਸ਼ਾਲਾ ਪੰਜ ਪੀਰ 'ਚ ਸੇਵਾ ਕਰਦੇ ਬਜ਼ੁਰਗ ਸੇਵਾਦਾਰ ਕੁਲਵੰਤ ਸਿੰਘ ਉਰਫ ਕਾਲਾ ਬਾਬਾ (70) ਨੂੰ ਇਕ ਲਾਵਾਰਿਸ ਸਾਨ੍ਹ ਨੇ ਸਿਰ ਮਾਰ-ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ। ਇਸ ਸਬੰਧੀ ਮ੍ਰਿਤਕ ਦੇ ਭਤੀਜੇ ਲਖਵੀਰ ਸਿੰਘ ਪੁੱਤਰ ਕਰਮਜੀਤ ਸਿੰਘ ਵਾਸੀ ਪਿੰਡ ਚੋਗਾਵਾਂ ਦੇ ਬਿਆਨਾਂ 'ਤੇ ਥਾਣਾ ਸਦਰ ਦੇ ਸਹਾਇਕ ਥਾਣੇਦਾਰ ਬੂਟਾ ਸਿੰਘ ਵੱਲੋਂ 174 ਦੀ ਕਾਰਵਾਈ ਕੀਤੀ ਗਈ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸਹਾਇਕ ਥਾਣੇਦਾਰ ਬੂਟਾ ਸਿੰਘ ਨੇ ਦੱਸਿਆ ਕਿ ਕੁਲਵੰਤ ਸਿੰਘ ਉਰਫ ਕਾਲਾ ਬਾਬਾ ਪਿੰਡ ਕਪੂਰੇ, ਪਿੰਡ ਧੱਲੇਕੇ ਅਤੇ ਹੋਰਨਾਂ ਵੱਖ-ਵੱਖ ਗਊਸ਼ਲਾਵਾਂ 'ਚ ਸੇਵਾ ਕਰਦਾ ਸੀ। ਕੁੱਝ ਦਿਨਾਂ ਤੋਂ ਉਹ ਪਿੰਡ ਧੱਲੇਕੇ 'ਚ ਗਊਸ਼ਾਲਾ ਦੀ ਸੇਵਾ ਕਰਦਾ ਸੀ। ਅੱਜ ਸਵੇਰੇ ਲਾਵਾਰਿਸ ਭੂਤਰੇ ਸਾਨ੍ਹ ਨੇ ਉਸ ਨੂੰ ਆਪਣੀ ਲਪੇਟ 'ਚ ਲੈ ਲਿਆ ਅਤੇ ਉਸ ਨੂੰ ਪਟਕਾ-ਪਟਕਾ ਕੇ ਮਾਰ ਦਿੱਤਾ, ਜਿਸ ਦਾ ਪਤਾ ਤੜਕਸਾਰ ਆਉਣ-ਜਾਣ ਵਾਲੇ ਲੋਕਾਂ ਨੂੰ ਲੱਗਾ ਤਾਂ ਉਨ੍ਹਾਂ ਇਸ ਦੀ ਜਾਣਕਾਰੀ ਪ੍ਰਬੰਧਕਾਂ ਅਤੇ ਪੁਲਸ ਨੂੰ ਦਿੱਤੀ। ਸਹਾਇਕ ਥਾਣੇਦਾਰ ਬੂਟਾ ਸਿੰਘ ਨੇ ਕਿਹਾ ਕਿ ਮ੍ਰਿਤਕ ਦੀ ਲਾਸ਼ ਨੂੰ ਸਿਵਲ ਹਸਪਤਾਲ ਮੋਗਾ ਤੋਂ ਪੋਸਟਮਾਰਟਮ ਕਰਵਾਉਣ ਦੇ ਬਾਅਦ ਵਾਰਸਾਂ ਦੇ ਹਵਾਲੇ ਕਰ ਦਿੱਤਾ ਗਿਆ ਹੈ।