ਬਜ਼ੁਰਗ ਬੇਬੇ ਦੀ ''ਗਰੀਬੀ'' ਨੇ ਪਸੀਜਿਆ ਕੈਪਟਨ ਦਾ ਦਿਲ, ਮਦਦ ਦਾ ਕੀਤਾ ਐਲਾਨ

06/15/2020 2:25:08 PM

ਲੁਧਿਆਣਾ (ਨਰਿੰਦਰ) : ਲੁਧਿਆਣਾ ਦੇ ਨਿਊ ਸ਼ਿਮਲਾਪੁਰੀ ਦੀ ਰਹਿਣ ਵਾਲੀ 70 ਸਾਲਾ ਬਜ਼ੁਰਗ ਬੇਬੇ ਦੀ ਗਰੀਬੀ ਅਤੇ ਨਰਕ ਭਰੀ ਜ਼ਿੰਦਗੀ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਦਿਲ ਪਸੀਜ ਛੱਡਿਆ ਹੈ, ਜਿਸ ਤੋਂ ਬਾਅਦ ਕੈਪਟਨ ਵੱਲੋਂ ਇਸ ਗਰੀਬ ਪਰਿਵਾਰ ਦੀ ਮਦਦ ਦਾ ਐਲਾਨ ਕੀਤਾ ਗਿਆ ਹੈ। ਅਸਲ 'ਚ ਨਿਰਮਲ ਕੌਰ ਇਨ੍ਹੀਂ ਦਿਨੀਂ ਨਰਕ ਭਰੀ ਜ਼ਿੰਦਗੀ ਜਿਊਣ ਨੂੰ ਮਜਬੂਰ ਹੈ। ਉਸ ਕੋਲ ਆਪਣਾ ਮਕਾਨ ਨਹੀਂ ਹੈ ਅਤੇ ਜਿਸ ਮਕਾਨ 'ਚ ਕਿਰਾਏ 'ਤੇ ਰਹਿੰਦੀ ਹੈ, ਉਸ ਦਾ ਕਿਰਾਇਆ ਨਾ ਦੇਣ ਕਾਰਨ ਉਸ ਨੂੰ ਮਕਾਨ ਖਾਲੀ ਕਰਨ ਲਈ ਕਿਹਾ ਗਿਆ ਹੈ।

PunjabKesari

ਨਿਰਮਲ ਕੌਰ ਦੇ ਪੁੱਤ ਦੀ ਮੌਤ 12 ਸਾਲ ਪਹਿਲਾਂ ਹੀ ਹੋ ਗਈ ਸੀ, ਜਿਸ ਤੋਂ ਬਾਅਦ ਉਸ ਦੀ ਨੂੰਹ ਆਪਣੇ ਦੋ ਬੱਚਿਆਂ ਨੂੰ ਉਸ ਕੋਲ ਛੱਡ ਕੇ ਵਾਪਸ ਚਲੀ ਗਈ। ਹੁਣ ਦੋਵੇਂ ਬੱਚੇ ਵੀ ਨਿਰਮਲ ਕੌਰ ਕੋਲ ਰਹਿ ਰਹੇ ਹਨ ਅਤੇ ਪਰਿਵਾਰ ਨੂੰ ਦੋ ਵਕਤ ਦੀ ਰੋਟੀ ਵੀ ਨਸੀਬ ਨਹੀਂ ਹੋ ਰਹੀ। ਇਥੋਂ ਤੱਕ ਕਿ ਨਿਰਮਲ ਕੌਰ ਟੀ. ਬੀ. ਦੀ ਵੀ ਮਰੀਜ਼ ਹੈ। ਨਿਰਮਲ ਕੌਰ ਦੀ ਦੁੱਖ ਭਰੀ ਦਾਸਤਾਨ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਕੇ ਕੈਪਟਨ ਤੱਕ ਵੀ ਪਹੁੰਚ ਗਈ, ਜਿਸ ਤੋਂ ਬਾਅਦ ਕੈਪਟਨ ਨੇ ਇਸ ਗਰੀਬ ਪਰਿਵਾਰ ਦੀ ਬਾਂਹ ਫੜ੍ਹਨ ਦਾ ਐਲਾਨ ਕੀਤਾ।

PunjabKesari

ਬੀਮਾਰੀ ਤੇ ਗਰੀਬੀ ਦੀ ਸਤਾਈ ਨਿਰਮਲ ਕੌਰ ਆਪਣੇ ਪੋਤੇ-ਪੋਤੀ ਨੂੰ ਗਲਵੱਕੜੀ ਪਾ ਕੇ ਧਾਹਾਂ ਮਾਰ-ਮਾਰ ਆਪਣੀ ਦੁੱਖੜਾ ਬਿਆਨ ਕਰਦੀ ਹੈ, ਜਿਸ ਤੋਂ ਬਾਅਦ ਸ਼ਿਮਲਾਪੁਰੀ ਦੇ ਹੀ ਰਹਿਣ ਵਾਲੇ ਕੁਲਵੰਤ ਸਿੰਘ ਵੱਲੋਂ ਨਿਰਮਲ ਕੌਰ ਦੀ ਪੂਰੀ ਦਾਸਤਾਨ ਸੋਸ਼ਲ ਮੀਡੀਆ 'ਤੇ ਬਿਆਨ ਕੀਤੀ ਗਈ। ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਮੁੱਖ ਮੰਤਰੀ, ਪੰਜਾਬ ਨੇ ਖੁਦ ਪੀੜਤ ਪਰਿਵਾਰ ਦੀ ਮਦਦ ਦਾ ਐਲਾਨ ਕੀਤਾ ਅਤੇ ਪਰਿਵਾਰ ਦਾ ਬਕਾਇਆ ਅਤੇ ਅਗਲੇ ਇੱਕ ਸਾਲ ਦਾ ਕਿਰਾਇਆ ਦੇਣ ਦੀ ਗੱਲ ਕਹੀ ਅਤੇ ਨਾਲ ਹੀ ਡਿਪਟੀ ਕਮਿਸ਼ਨਰ, ਲੁਧਿਆਣਾ ਨੂੰ ਪੀੜਤ ਪਰਿਵਾਰ ਦੇ ਘਰ ਜਾ ਕੇ ਉਨ੍ਹਾਂ ਦੀ ਸਾਰ ਲੈਣ ਅਤੇ ਹਰ ਸੰਭਵ ਮਦਦ ਦੇਣ ਦੇ ਨਿਰਦੇਸ਼ ਜਾਰੀ ਕੀਤੇ ਗਏ। 
 


Babita

Content Editor

Related News