ਪੁਰਾਣੇ ਬੱਸ ਅੱਡੇ ਨੂੰ ਬੰਦ ਕਰਵਾਉਣ ਆਈ ਗਮਾਡਾ ਦੀ ਟੀਮ ਬੇਰੰਗ ਮੁੜੀ
Saturday, Dec 09, 2017 - 07:33 AM (IST)

ਮੋਹਾਲੀ (ਕੁਲਦੀਪ) - ਸ਼ਹਿਰ ਦੇ ਫੇਜ਼-8 ਸਥਿਤ ਪੁਰਾਣੇ ਬੱਸ ਅੱਡੇ ਨੂੰ ਅੱਜ ਦੇਰ ਸ਼ਾਮ ਬੰਦ ਕਰਵਾਉਣ ਆਈ ਗਮਾਡਾ ਦੇ ਅਧਿਕਾਰੀਆਂ ਦੀ ਟੀਮ ਨੂੰ ਬੱਸ ਚਾਲਕਾਂ ਦੇ ਵਿਰੋਧ ਕਾਰਨ ਬੇਰੰਗ ਪਰਤਣਾ ਪਿਆ।ਜਾਣਕਾਰੀ ਮੁਤਾਬਕ ਗਮਾਡਾ ਅਧਿਕਾਰੀਆਂ ਦੀ ਟੀਮ ਅੱਜ ਦੇਰ ਸ਼ਾਮ 8 ਵਜੇ ਦੇ ਕਰੀਬ ਜੇ. ਸੀ. ਬੀ. ਮਸ਼ੀਨਾਂ ਨਾਲ ਲੈਸ ਹੋ ਕੇ ਪੁਰਾਣੇ ਬੱਸ ਸਟੈਂਡ 'ਤੇ ਪਹੁੰਚੀ । ਟੀਮ ਦਾ ਮਕਸਦ ਪੁਰਾਣੇ ਬੱਸ ਅੱਡੇ ਨੂੰ ਬੰਦ ਕਰਵਾਉਣਾ ਸੀ, ਜਿਵੇਂ ਹੀ ਗਮਾਡਾ ਦੇ ਸਟਾਫ ਨੇ ਜੇ. ਸੀ. ਬੀ. ਮਸ਼ੀਨ ਦੀ ਮਦਦ ਨਾਲ ਬੱਸ ਅੱਡੇ ਦੇ ਦੋਵੇਂ ਐਂਟਰੀ ਗੇਟਾਂ 'ਤੇ ਖੱਡੇ ਪੁੱਟਣੇ ਸ਼ੁਰੂ ਕੀਤੇ ਤਾਂ ਬੱਸਾਂ ਦੇ ਡਰਾਈਵਰਾਂ ਨੇ ਜੇ. ਸੀ. ਬੀ. ਦੇ ਦੋਵੇਂ ਪਾਸੇ ਬੱਸਾਂ ਖੜ੍ਹੀਆਂ ਕਰ ਦਿੱਤੀਆਂ ਤੇ ਉਨ੍ਹਾਂ ਦੀ ਕਾਰਵਾਈ ਦਾ ਵਿਰੋਧ ਸ਼ੁਰੂ ਕਰ ਦਿੱਤਾ । ਇਸ ਦੀ ਸੂਚਨਾ ਹਲਕਾ ਵਿਧਾਇਕ ਨੂੰ ਵੀ ਦਿੱਤੀ ਗਈ । ਇਸ ਦੌਰਾਨ ਕੁਝ ਸਮੇਂ ਬਾਅਦ ਡਰਾਈਵਰਾਂ ਦੇ ਵਿਰੋਧ ਕਾਰਨ ਗਮਾਡਾ ਦੀ ਟੀਮ ਬੇਰੰਗ ਪਰਤ ਗਈ।
ਡਰਾਈਵਰਾਂ ਦਾ ਕਹਿਣਾ ਸੀ ਕਿ ਬੱਸ ਅੱਡੇ ਸਬੰਧੀ 16 ਦਸੰਬਰ ਨੂੰ ਗਮਾਡਾ ਤੇ ਸਰਕਾਰ ਵਿਚ ਹੋਣ ਵਾਲੀ ਮੀਟਿੰਗ ਤੋਂ ਬਾਅਦ ਜੋ ਵੀ ਫੈਸਲਾ ਹੋਵੇਗਾ, ਉਹ ਉਨ੍ਹਾਂ ਨੂੰ ਮਨਜ਼ੂਰ ਹੋਵੇਗਾ ਪਰ ਗਮਾਡਾ ਅਧਿਕਾਰੀ ਫਿਲਹਾਲ ਉਨ੍ਹਾਂ ਨਾਲ ਧੱਕੇਸ਼ਾਹੀ ਕਰ ਰਹੇ ਹਨ । ਉਨ੍ਹਾਂ ਦਾ ਕਹਿਣਾ ਸੀ ਕਿ ਮੋਹਾਲੀ ਸ਼ਹਿਰ ਲਈ ਵਧੇਰੇ ਕਰਕੇ ਸਵਾਰੀਆਂ ਪੁਰਾਣੇ ਬੱਸ ਅੱਡੇ ਤੋਂ ਹੀ ਮਿਲ ਰਹੀਆਂ ਹਨ ਤੇ ਸਵਾਰੀਆਂ ਨੂੰ ਵੀ ਇਥੋਂ ਬੱਸਾਂ ਦੀ ਸਹੂਲਤ ਹੈ । ਦੱਸਣਯੋਗ ਹੈ ਕਿ ਫੇਜ਼-8 ਵਾਲਾ ਬੱਸ ਅੱਡਾ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪਹਿਲੀ ਸਰਕਾਰ ਦੇ ਕਾਰਜਕਾਲ ਵਿਚ ਬਣਾਇਆ ਗਿਆ ਸੀ । ਉਸ ਤੋਂ ਬਾਅਦ ਪਿਛਲੀ ਅਕਾਲੀ-ਭਾਜਪਾ ਸਰਕਾਰ ਨੇ ਫੇਜ਼-8 ਵਿਚ ਨਵਾਂ ਆਧੁਨਿਕ ਬੱਸ ਅੱਡਾ ਬਣਾ ਦਿੱਤਾ । ਅਜੇ ਤਕ ਨਵੇਂ ਬੱਸ ਅੱਡੇ ਤੋਂ ਵਧੇਰੇ ਬੱਸਾਂ ਚਾਲੂ ਨਹੀਂ ਹੋ ਸਕੀਆਂ ਹਨ, ਜਦੋਂਕਿ ਪ੍ਰਸ਼ਾਸਨ ਚਾਹੁੰਦਾ ਹੈ ਕਿ ਸਾਰੀਆਂ ਬੱਸਾਂ ਨਵੇਂ ਬੱਸ ਅੱਡੇ ਤੋਂ ਹੀ ਚਲਾਈਆਂ ਜਾਣ। ਇਸ ਕਾਰਨ ਅੱਜ ਗਮਾਡਾ ਵਲੋਂ ਪੁਰਾਣੇ ਬੱਸ ਅੱਡੇ ਨੂੰ ਬੰਦ ਕਰਨ ਦੀ ਕਾਰਵਾਈ ਕੀਤੀ ਗਈ ਸੀ, ਜੋ ਕਿ ਬੱਸ ਡਰਾਈਵਰਾਂ ਵਲੋਂ ਵਿਰੋਧ ਕੀਤੇ ਜਾਣ ਕਾਰਨ ਅਸਫਲ ਹੋ ਗਈ ਹੈ ।