ਓਲਾ-ਓਬਰ ਚਾਲਕਾਂ ਨੇ 31 ਮਾਰਚ ਤੱਕ ਐਂਟਰੀ ਫੀਸ ਜਮ੍ਹਾਂ ਨਹੀਂ ਕਰਵਾਈ ਤਾਂ...

Wednesday, Feb 05, 2020 - 01:38 PM (IST)

ਚੰਡੀਗੜ੍ਹ (ਸੁਸ਼ੀਲ) : ਚੰਡੀਗੜ੍ਹ ਪ੍ਰਸ਼ਾਸਨ ਨੇ ਓਲਾ ਅਤੇ ਓਬੇਰ ਕੰਪਨੀਆਂ ਦੇ ਚਾਲਕਾਂ ਨੂੰ ਹੁਕਮ ਦਿੱਤਾ ਹੈ ਕਿ ਉਹ ਹਰ ਹਾਲਤ 'ਚ 31 ਮਾਰਚ ਤੱਕ ਆਪਣੀ ਐਂਟਰੀ ਫ਼ੀਸ ਜਮ੍ਹਾ ਕਰਵਾ ਦੇਣ ਨਹੀਂ ਤਾਂ ਡਿਫਾਲਟਰਾਂ ਖਿਲਾਫ਼ ਇਸ ਤੋਂ ਬਾਅਦ ਟ੍ਰੈਫਿਕ ਪੁਲਸ ਅਤੇ ਟਰਾਂਸਪੋਰਟ ਵਿਭਾਗ ਸਾਂਝਾ ਅਭਿਆਨ ਚਲਾ ਕੇ ਕਾਰਵਾਈ ਸ਼ੁਰੂ ਕਰ ਦੇਵੇਗਾ ਅਤੇ ਡਿਫਾਲਟਰਾਂ 'ਤੇ ਹੈਵੀ ਪੈਨਲਟੀ ਲਗਾਈ ਜਾਵੇਗੀ। ਮੰਗਲਵਾਰ ਨੂੰ ਯੂ. ਟੀ. ਸਕੱਤਰੇਤ 'ਚ ਓਲਾ ਅਤੇ ਓਬੇਰ ਕੰਪਨੀਆਂ ਦੇ ਪ੍ਰਤੀਨਿਧੀਆਂ ਦੀ ਪ੍ਰਸ਼ਾਸਕ ਦੇ ਐਡਵਾਈਜ਼ਰ ਮਨੋਜ ਪਰਿਦਾ ਅਤੇ ਪ੍ਰਸ਼ਾਸਨ ਦੇ ਹੋਰ ਅਧਿਕਾਰੀਆਂ ਨਾਲ ਮੀਟਿੰਗ ਹੋਈ। ਇਸ 'ਚ ਕਿਹਾ ਗਿਆ ਕਿ ਓਲਾ ਅਤੇ ਓਬੇਰ ਨੂੰ ਸਪੈਸ਼ਲ ਕੇਸ ਮੰਨਦਿਆਂ 15 ਫਰਵਰੀ ਤੱਕ ਦਾ ਸਮਾਂ ਦਿੱਤਾ ਜਾ ਰਿਹਾ ਹੈ। ਇਸ ਤਰੀਕ ਤੱਕ ਪਹਿਲਾਂ ਦੋ ਕੁਆਰਟਰਾਂ ਦੀ ਪੇਮੈਂਟ ਜਮ੍ਹਾ ਕਰਵਾ ਦਿੱਤੀ ਜਾਵੇ, ਬਾਕੀ ਬਚੀ ਰਾਸ਼ੀ ਦੀ ਅਦਾਇਗੀ ਵੀ 31 ਮਾਰਚ ਤੱਕ ਕਰ ਦਿੱਤੀ ਜਾਵੇ, ਨਹੀਂ ਤਾਂ ਇਸ ਤੋਂ ਬਾਅਦ ਜੋ ਵੀ ਡਿਫਾਲਟਰ ਪਾਏ ਜਾਣਗੇ ਉਨ੍ਹਾਂ ਖਿਲਾਫ਼ ਟ੍ਰੈਫਿਕ ਪੁਲਸ ਅਤੇ ਟਰਾਂਸਪੋਰਟ ਡਿਪਾਰਟਮੈਂਟ ਜ਼ੋਰਦਾਰ ਕਾਰਵਾਈ ਕਰੇਗਾ। ਇਸ ਦੀ ਜ਼ਿੰਮੇਵਾਰੀ ਕੰਪਨੀ ਅਤੇ ਉਸ ਦੇ ਚਾਲਕਾਂ ਦੀ ਹੋਵੇਗੀ, ਇਸ ਤੋਂ ਬਾਅਦ ਕਿਸੇ ਤਰ੍ਹਾਂ ਦੀ ਰਿਆਇਤ ਪ੍ਰਸ਼ਾਸਨ ਵਲੋਂ ਨਹੀਂ ਦਿੱਤੀ ਜਾਵੇਗੀ।
ਐਂਟਰੀ ਫ਼ੀਸ ਗੁਆਂਢੀ ਰਾਜਾਂ ਤੋਂ ਕਾਫ਼ੀ ਘੱਟ
ਐਡਵਾਈਜ਼ਰ ਮਨੋਜ ਪਰਿਦਾ ਨੇ ਕਿਹਾ ਕਿ ਪੈਂਡਿੰਗ ਰਾਸ਼ੀ ਤਾਂ ਕੰਪਨੀਆਂ ਅਤੇ ਚਾਲਕਾਂ ਨੂੰ ਤੁਰੰਤ ਜਮ੍ਹਾ ਕਰਨੀ ਪਵੇਗੀ, ਇਸ ਲਈ ਸਿਰਫ਼ ਥੋੜ੍ਹਾ ਸਮਾਂ ਦਿੱਤਾ ਜਾ ਸਕਦਾ ਹੈ। ਐਡਵਾਈਜ਼ਰ ਪਰਿਦਾ ਨੇ ਕਿਹਾ ਕਿ ਚੰਡੀਗੜ੍ਹ ਦੀ ਐਂਟਰੀ ਫ਼ੀਸ ਤਾਂ ਸਿਰਫ਼ 333 ਰੁਪਏ ਪ੍ਰਤੀ ਮਹੀਨਾ ਹੈ, ਜੋ ਗੁਆਂਢੀ ਰਾਜਾਂ ਤੋਂ ਕਾਫ਼ੀ ਘੱਟ ਹੈ। ਇੰਨੀ ਘੱਟ ਫ਼ੀਸ 'ਚ ਡਿਫਾਲਟਰ ਹੋਣ ਦਾ ਕੋਈ ਮਤਲਬ ਨਹੀਂ। ਸਪੈਸ਼ਲ ਕੇਸ ਮੰਨਦੇ ਹੋਏ ਓਲਾ ਅਤੇ ਓਬੇਰ ਦੇ ਡਰਾਈਵਰਾਂ ਨੂੰ 15 ਫਰਵਰੀ ਤੱਕ ਦੋ ਕੁਆਰਟਰ ਅਤੇ ਇਸਦੇ ਬਾਅਦ 31 ਮਾਰਚ ਤੱਕ ਪੂਰੀ ਐਂਟਰੀ ਫ਼ੀਸ ਜਮ੍ਹਾ ਕਰਵਾਉਣੀ ਪਵੇਗੀ। ਇਸ ਤੋਂ ਬਾਅਦ ਟਰਾਂਸਪੋਰਟ ਵਿਭਾਗ ਅਤੇ ਟ੍ਰੈਫਿਕ ਵਿਭਾਗ ਪੂਰੀ ਮੁਸਤੈਦੀ ਨਾਲ ਜਾਂਚ ਕਰੇਗਾ ਕਿ ਐਂਟਰੀ ਫ਼ੀਸ ਜਮ੍ਹਾ ਕਰਵਾਈ ਗਈ ਹੈ ਜਾਂ ਨਹੀਂ।
ਗ੍ਰੀਨ ਵਹੀਕਲ ਪ੍ਰਮੋਟ ਕਰਨ ਨੂੰ ਕਿਹਾ
ਪਰਿਦਾ ਨੇ ਏਜੰਸੀਆਂ ਨੂੰ ਗ੍ਰੀਨ ਵਹੀਕਲ ਪ੍ਰਮੋਟ ਕਰਨ ਨੂੰ ਕਿਹਾ, ਤਾਂ ਕਿ ਚੰਡੀਗੜ੍ਹ ਨੂੰ ਹਰਾ-ਭਰਿਆ ਬਣਾ ਕੇ ਰੱਖਿਆ ਜਾ ਸਕੇ। ਇੱਥੇ ਦੱਸਣਯੋਗ ਹੈ ਕਿ ਓਲਾ ਅਤੇ ਓਬੇਰ ਦੇ ਮੁੱਦੇ ਕਾਰਣ ਬੀਤੇ ਦੋ ਦਿਨਾਂ ਤੋਂ ਚਾਲਕ ਗੱਡੀਆਂ ਨਹੀਂ ਚਲਾ ਰਹੇ। ਪ੍ਰਸ਼ਾਸਨ 'ਤੇ ਦੋਸ਼ ਲਗਾਇਆ ਜਾ ਰਿਹਾ ਹੈ ਕਿ ਉਨ੍ਹਾਂ ਦੀਆਂ ਗੱਡੀਆਂ ਨੂੰ ਰੋਕਿਆ ਜਾ ਰਿਹਾ ਹੈ ਅਤੇ ਜਿਨ੍ਹਾਂ ਨੇ ਐਂਟਰੀ ਫ਼ੀਸ ਜਮ੍ਹਾ ਨਹੀਂ ਕਰਵਾਈ ਉਨ੍ਹਾਂ ਦੇ ਚਲਾਨ ਕੱਟੇ ਜਾ ਰਹੇ ਹਨ। ਇਸ ਨੂੰ ਲੈ ਕੇ ਓਲਾ ਅਤੇ ਉਬਰ ਦੇ ਡਰਾਈਵਰ ਹੜਤਾਲ 'ਤੇ ਰਹੇ। ਉਧਰ ਆਟੋ ਚਾਲਕ ਵੀ ਟ੍ਰੈਫਿਕ ਪੁਲਸ ਦੇ ਆਟੋ ਇੰਪਾਊਂਡ ਕਰਨ ਨੂੰ ਲੈ ਕੇ ਸੋਮਵਾਰ ਨੂੰ ਹੜਤਾਲ 'ਤੇ ਰਹੇ ਸਨ, ਇਸ ਕਾਰਣ ਸਵਾਰੀਆਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ।


Babita

Content Editor

Related News