ਦਫਤਰਾਂ ''ਚ ਦੇਰ ਨਾਲ ਆਉਣ ਵਾਲੇ ਮੁਲਾਜ਼ਮਾਂ ਨੂੰ ਵਿਧਾਇਕ ਨੇ ਦਿੱਤੀ ਸਖਤ ਚਿਤਾਵਨੀ

Tuesday, Feb 06, 2018 - 11:29 AM (IST)

ਦਫਤਰਾਂ ''ਚ ਦੇਰ ਨਾਲ ਆਉਣ ਵਾਲੇ ਮੁਲਾਜ਼ਮਾਂ ਨੂੰ ਵਿਧਾਇਕ ਨੇ ਦਿੱਤੀ ਸਖਤ ਚਿਤਾਵਨੀ

ਬਾਘਾਪੁਰਾਣਾ (ਚਟਾਨੀ) - ਵਿਧਾਇਕ ਦਰਸ਼ਨ ਸਿੰਘ ਬਰਾੜ ਨੇ ਸਬ-ਡਵੀਜ਼ਨ ਪੱਧਰ ਦੇ ਸਾਰੇ ਸਰਕਾਰੀ ਅਤੇ ਗੈਰ-ਸਰਕਾਰੀ ਦਫਤਰਾਂ ਦੇ ਅਧਿਕਾਰੀਆਂ ਅਤੇ ਹੇਠਲੇ ਪੱਧਰ ਦੇ ਮੁਲਾਜ਼ਮਾਂ ਨੂੰ ਸਖਤੀ ਨਾਲ ਸੁਚੇਤ ਕਰਦਿਆਂ ਕਿਹਾ ਕਿ ਉਹ ਫਰਲੋ ਵਾਲੀਆਂ ਆਪਣੀਆਂ ਪੁਰਾਣੀਆਂ ਆਦਤਾਂ ਤਿਆਗ ਦੇਣ। ਬਰਾੜ ਨੇ ਚਿਤਾਵਨੀ ਭਰੇ ਲਹਿਜ਼ੇ 'ਚ ਲੇਟ-ਲਤੀਫਾਂ ਨੂੰ ਦਫਤਰਾਂ 'ਚ ਵੇਲੇ ਸਿਰ ਆਉਣ ਲਈ ਕਿਹਾ। ਦਫਤਰੀ ਸਮੇਂ 'ਤੇ ਨਾ ਪੁੱਜਣ ਵਾਲਿਆਂ ਖਿਲਾਫ ਉਹ ਸਖਤ ਅਨੁਸ਼ਾਸਨੀ ਕਾਰਵਾਈ ਦੀ ਸਿਫਾਰਿਸ਼ ਕਰਨ 'ਚ ਭੋਰਾ ਵੀ ਢਿੱਲ ਨਹੀਂ ਕਰਨਗੇ। 
ਵਿਧਾਇਕ ਬਰਾੜ, ਜੋ ਅੱਜ ਸਥਾਨਕ ਅਨਾਜ ਮੰਡੀ ਵਿਖੇ ਹਲਕੇ ਦੇ ਲੋਕਾਂ ਦੀਆਂ ਮੁਸ਼ਕਲਾਂ ਸੁਣਨ ਲਈ ਲਗਭਗ ਸਾਰਾ ਦਿਨ ਬੈਠੇ ਰਹੇ, ਨੂੰ ਅਨੇਕਾਂ ਲੋਕਾਂ ਨੇ ਦਫਤਰਾਂ 'ਚ ਕਰਮਚਾਰੀਆਂ ਦੀ ਨਿਰੰਤਰ ਗੈਰ-ਹਾਜ਼ਰੀ ਤੇ ਸਮੇਂ ਤੋਂ ਪੱਛੜ ਕੇ ਆਉਣ ਦੀਆਂ ਸ਼ਿਕਾਇਤਾਂ ਸਨ, ਜਿਸ ਤੋਂ ਵਿਧਾਇਕ ਡਾਹਢੇ ਖਫਾ ਦੇਖੇ ਗਏ। ਬਰਾੜ ਨੇ ਕਿਹਾ ਕਿ ਕੈਪਟਨ ਸਰਕਾਰ ਦਾ ਮੁੱਖ ਟੀਚਾ ਤੇਜ਼-ਤਰਾਰ ਅਤੇ ਭ੍ਰਿਸ਼ਟਾਚਾਰ ਤੋਂ ਮੁਕਤ ਪ੍ਰਸ਼ਾਸਨ ਮੁਹੱਈਆ ਕਰਵਾਉਣਾ ਹੈ ਅਤੇ ਮੁੱਖ ਮੰਤਰੀ ਦੇ ਇਸ ਲੱਕਪੱਖੀ ਮਿਸ਼ਨ ਦੀ ਪੂਰਤੀ ਦੇ ਸੰਦਰਭ 'ਚ ਉਹ ਇਸ ਮਾਮਲੇ 'ਚ ਢਿੱਲ ਨਹੀਂ ਦੇਣਗੇ।
ਵਿਧਾਇਕ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਵੀ ਆਪਣੇ ਦਫਤਰੀ ਕਾਰਜਾਂ ਦੀ ਵੇਲੇ ਸਿਰ ਸੰਪੂਰਨਤਾ ਲਈ ਦਫਤਰਾਂ ਵੱਲੋਂ ਮੰਗੀਆਂ ਜਾਂਦੀਆਂ ਸਾਰੀਆਂ ਲੋੜੀਂਦੀਆਂ ਕਾਰਵਾਈਆਂ ਨੂੰ ਪੂਰਾ ਕਰਨ। ਉਨ੍ਹਾਂ ਕਿਹਾ ਕਿ ਜੇਕਰ ਕੋਈ ਵੀ ਅਧਿਕਾਰੀ ਜਾਂ ਕਰਮਚਾਰੀ ਫਿਰ ਵੀ ਕੋਈ ਰੁਕਾਵਟ ਪਾਉਂਦਾ ਹੋਵੇ ਜਾਂ ਪਿਛਲੇ ਦਰਵਾਜ਼ਿਓਂ ਕੋਈ ਵਿਸ਼ੇਸ਼ ਝਾਕ ਰੱਖਦਾ ਹੋਵੇ ਤਾਂ ਉਨ੍ਹਾਂ ਦੇ ਧਿਆਨ ਹਿੱਤ ਜ਼ਰੂਰ ਲਿਆਂਦਾ ਜਾਵੇ। ਇਸ ਮੌਕੇ ਉਨ੍ਹਾਂ ਨਾਲ ਬਿੱਟੂ ਮਿੱਤਲ, ਡਾ. ਗੋਗੀ ਗਿੱਲ, ਜਗਸੀਰ ਕਾਲੇਕੇ, ਸੁਭਾਸ਼ ਚੰਦ ਗੋਇਲ ਆਦਿ ਆਗੂ ਵੀ ਹਾਜ਼ਰ ਸਨ।


Related News