ਸੰਸਦ ਮਾਰਚ ਵਿਚ ਪੰਜਾਬ ਤੋਂ 500 ਆਸ਼ਾ ਵਰਕਰਾਂ ਦਾ ਜੱਥਾ ਦਿੱਲੀ ਪੁੱਜਾ : ਰਘੂਨਾਥ
Tuesday, Aug 22, 2017 - 07:15 AM (IST)

ਚੰਡੀਗੜ੍ਹ, (ਬਿਊਰੋ)— ਅੱਜ ਇਥੇ ਜਾਰੀ ਬਿਆਨ ਵਿਚ ਪੰਜਾਬ ਸੀਟੂ ਦੇ ਜਨਰਲ ਸਕੱਤਰ ਕਾਮਰੇਡ ਰਘੂਨਾਥ ਸਿੰਘ ਨੇ ਦੱਸਿਆ ਕਿ ਆਸ਼ਾ ਵਰਕਰਾਂ ਅਤੇ ਫੈਸਿਲੀਟੇਟਰਾਂ ਦੀਆਂ ਹੱਕੀ ਅਤੇ ਜਾਇਜ਼ ਮੰਗਾਂ ਨੂੰ ਲੈ ਕੇ ਅੱਜ ਸੰਸਦ ਭਵਨ ਨੇੜੇ ਜੰਤਰ-ਮੰਤਰ ਵਿਖੇ ਭਾਰਤ ਦੇ ਕੋਨੇ-ਕੋਨੇ ਤੋਂ ਆਈਆਂ ਹਜ਼ਾਰਾਂ ਆਸ਼ਾ ਵਰਕਰਾਂ ਅਤੇ ਫੈਸਿਲੀਟੇਟਰਾਂ ਵਲੋਂ ਰੋਸ ਰੈਲੀ ਅਤੇ ਵਿਖਾਵਾ ਕੀਤਾ ਗਿਆ।
ਸੀਟੂ ਦੇ ਬੈਨਰ ਹੇਠ ਲਾਲ ਝੰਡੀਆਂ ਦਾ ਠਾਠਾਂ ਮਾਰਦਾ ਵਿਖਾਵਾ ਅਤੇ ਰੈਲੀ ਬਹੁਤ ਹੀ ਪ੍ਰਭਾਵਸ਼ਾਲੀ ਸੀ। ਰਘੂਨਾਥ ਸਿੰਘ ਨੇ ਦੱਸਿਆ ਕਿ ਇਸ ਲਾਮਿਸਾਲ ਸੰਸਦ ਮਾਰਚ ਵਿਚ ਪੰਜਾਬ ਤੋਂ ਵੀ ਆਸ਼ਾ ਵਰਕਰਜ਼ ਐਂਡ ਫੈਸਿਲੀਟੇਟਰਜ਼ ਯੂਨੀਅਨ ਪੰਜਾਬ ਸੀਟੂ ਦੀਆਂ ਸੂਬਾਈ ਆਗੂਆਂ ਰਣਜੀਤ ਕੌਰ, ਸੁਖਦੀਪ ਕੌਰ, ਸੀਮਾ ਰਾਣੀ, ਰਘਵੀਰ ਕੌਰ ਅੰਮ੍ਰਿਤਸਰ ਅਤੇ ਪੰਜਾਬ ਸੀਟੂ ਦੇ ਸੂਬਾਈ ਅਹੁਦੇਦਾਰ ਅਤੇ ਵਰਕਿੰਗ ਕਮੇਟੀ ਮੈਂਬਰ ਸਰਵ ਸਾਥੀ ਮਹਿੰਦਰ ਕੁਮਾਰ, ਸੁੱਚਾ ਸਿੰਘ ਅਜਨਾਲਾ ਨਰਿੰਦਰ ਚਮਿਆਰੀ, ਗਰੀਬ ਦਾਸ ਬੀਟਨ, ਪ੍ਰਕਾਸ਼ ਹਿਸੋਵਾਲ ਅਤੇ ਅਮਰੀਕ ਬੀਨੇਵਾਲ ਦੀ ਅਗਵਾਈ ਵਿਚ 500 ਆਸ਼ਾ ਵਰਕਰਾਂ ਅਤੇ ਫੈਸਿਲੀਟੇਟਰਾਂ ਨੇ ਭਾਗ ਲਿਆ। ਉਨ੍ਹਾਂ ਕਿਹਾ ਕਿ ਆਸ਼ਾ ਵਰਕਰ ਮੰਗ ਕਰ ਰਹੀਆਂ ਸਨ ਕਿ ਉਨ੍ਹਾਂ ਨੂੰ ਘੱਟੋ-ਘੱਟ ਉਜਰਤਾਂ ਦੇ ਕਾਨੂੰਨਾਂ ਸਮੇਤ ਸਾਰੇ ਕਿਰਤ ਕਾਨੂੰਨਾਂ ਵਿਚ ਸ਼ਾਮਲ ਕਰਕੇ ਸਮਾਜਿਕ ਸੁਰੱਖਿਆ ਦੀ ਗਾਰੰਟੀ ਦਿੱਤੀ ਜਾਵੇ ਤੇ ਘੱਟੋ-ਘੱਟ ਉਜਰਤ 18 ਹਜ਼ਾਰ ਰੁਪਏ ਕੀਤੀ ਜਾਵੇ।