ਲੜਕੀਆਂ ਲਈ ਖੁੱਲ੍ਹੇਗੀ ਕਿੱਤਾ ਮੁਖੀ ਸੰਸਥਾ : ਬੀਬੀ ਬਰਾੜ
Wednesday, Dec 27, 2017 - 02:05 PM (IST)

ਬਾਘਾਪੁਰਾਣਾ (ਚਟਾਨੀ) - ਲੜਕੀਆਂ ਨੂੰ ਸਵੈ ਨਿਰਭਰ ਬਣਾਉਣ ਲਈ ਕੈਪਟਨ ਸਰਕਾਰ ਵੱਲੋਂ ਕਿੱਤਾ ਮੁਖੀ ਸੰਸਥਾਵਾਂ ਖੋਲ੍ਹਣ ਵਾਸਤੇ ਯੋਜਨਾਵਾਂ ਦੀ ਪ੍ਰਕਿਰਿਆ ਆਖਰੀ ਪੜਾਅ 'ਚ ਪੁੱਜ ਗਈ ਹੈ ਅਤੇ ਜਲਦ ਹੀ ਸੂਬੇ ਭਰ 'ਚ ਅਜਿਹੀਆਂ ਸੰਸਥਾਵਾਂ ਖੋਲ੍ਹੀਆਂ ਜਾਣਗੀਆਂ।
ਇਹ ਪ੍ਰਗਟਾਵਾ ਪ੍ਰਦੇਸ਼ ਕਾਂਗਰਸ ਮਹਿਲਾ ਵਿੰਗ ਦੀ ਸੂਬਾ ਪੱਧਰ ਦੀ ਨੇਤਾ ਬੀਬੀ ਅਮਰਜੀਤ ਕੌਰ ਬਰਾੜ ਨੇ ਇਥੇ ਪ੍ਰੈੱਸ ਮਿਲਣੀ ਦੌਰਾਨ ਕੀਤਾ। ਉਨ੍ਹਾਂ ਨੇ ਕਿਹਾ ਕਿ ਕਾਂਗਰਸ ਪਾਰਟੀ ਵੱਲੋਂ ਜਿਥੇ ਔਰਤਾਂ ਲਈ ਵਧ ਅਧਿਕਾਰਾਂ ਦੀ ਵਕਾਲਤ ਕੀਤੀ ਜਾ ਰਹੀ ਹੈ, ਉਥੇ ਲੜਕੀਆਂ ਨੂੰ ਸਵੈ ਨਿਰਭਰ ਬਣਾਉਣ ਲਈ ਵਸੀਲੇ ਪੈਦਾ ਕਰਨ ਵੱਲ ਵਧੇਰੇ ਤਵੱਜੋ ਦਿੱਤੀ ਜਾ ਰਹੀ ਹੈ। ਬੀਬੀ ਬਰਾੜ ਨੇ ਦੱਸਿਆ ਕਿ ਹਲਕੇ ਦੇ ਵਿਧਾਇਕ ਦਰਸ਼ਨ ਸਿੰਘ ਬਰਾੜ ਵੱਲੋਂ ਬਾਘਾਪੁਰਾਣਾ ਕਸਬੇ 'ਚ ਨਰਸਿੰਗ ਕਾਲਜ ਦੇ ਨਾਲ ਕਿੱਤਾ ਮੁਖੀ ਕਾਲਜ ਖੁੱਲ੍ਹਵਾਉਣ ਲਈ ਮੁੱਖ ਮੰਤਰੀ ਤੱਕ ਪਹੁੰਚ ਕੀਤੀ ਹੈ ਅਤੇ ਕੈਪਟਨ ਸਿੰਘ ਵੱਲੋਂ ਸਾਰਥਕ ਹੁੰਗਾਰਾ ਭਰਿਆ ਗਿਆ ਹੈ। ਉਨ੍ਹਾਂ ਕਿਹਾ ਕਿ ਉਹ ਆਪਣੇ ਪੱਧਰ 'ਤੇ ਮਹਾਰਾਣੀ ਪ੍ਰਨੀਤ ਕੌਰ ਨਾਲ ਮੀਟਿੰਗ ਕਰਨਗੇ। ਬੀਬੀ ਬਰਾੜ ਨੇ ਬਾਘਾਪੁਰਾਣਾ ਕੌਂਸਲ ਲਈ ਚੁਣੀਆਂ ਗਈਆਂ ਔਰਤ ਕੌਂਸਲਰਾਂ ਨੂੰ ਹਦਾਇਤ ਕੀਤੀ ਕਿ ਉਹ ਆਪੋ-ਆਪਣੇ ਵਾਰਡਾਂ ਅੰਦਰਲੀਆਂ ਲੜਕੀਆਂ ਅੰਦਰ ਸਵੈ ਵਿਸ਼ਵਾਸ ਦੀ ਭਾਵਨਾ ਨੂੰ ਪ੍ਰਚੰਡ ਕਰਨ ਅਤੇ ਮੁਕਾਬਲੇ ਦੇ ਇਸ ਯੁੱਗ 'ਚ ਸਾਖਰਤਾ ਲਹਿਰ ਨੂੰ ਪ੍ਰਚਾਰਨ 'ਚ ਆਪਣਾ ਬਣਦਾ ਹਿੱਸਾ ਪਾਉਣ। ਇਸ ਮੌਕੇ ਅਨੂੰ ਮਿੱਤਲ, ਬਲਵੀਰ ਕੌਰ ਬਰਾੜ, ਸਰਬਜੀਤ ਕੌਰ ਸ਼ਾਹੀ, ਰਵਨਦੀਪ ਕੌਰ ਬਰਾੜ, ਮਨਦੀਪ ਕੌਰ ਬਰਾੜ, ਕੁਲਵਿੰਦਰ ਕੌਰ ਤੇ ਗੁਰਮੀਤ ਕੌਰ ਕੌਂਸਲਰਾਂ ਤੋਂ ਇਲਾਵਾ ਹੋਰ ਕਈ ਆਗੂ ਹਾਜ਼ਰ ਸਨ।