ਆਈ. ਸੀ. ਪੀ. ਅਟਾਰੀ ਬਾਰਡਰ ''ਤੇ ਖਤਰਨਾਕ ਹੋਏ ਹਾਲਾਤ, ਕੁਲੀਆਂ ਦੀ ਹੜਤਾਲ ਕਾਰਨ ਪਾਕਿ ''ਚ ਫਸਿਆ ਕਰੋੜਾਂ ਦਾ ਮਾਲ

Wednesday, Sep 13, 2017 - 10:49 AM (IST)

ਅੰਮ੍ਰਿਤਸਰ (ਨੀਰਜ) - ਆਈ. ਸੀ. ਪੀ. (ਇੰਟੈਗ੍ਰੇਟਿਡ ਚੈੱਕ ਪੋਸਟ) ਅਟਾਰੀ ਬਾਰਡਰ 'ਤੇ ਭਾਰਤ-ਪਾਕਿ 'ਚ ਹੋਣ ਵਾਲੇ ਕਾਰੋਬਾਰ ਦੇ ਹਾਲਾਤ ਲਗਾਤਾਰ ਖਤਰਨਾਕ ਹੁੰਦੇ ਜਾ ਰਹੇ ਹਨ। ਕੁਲੀਆਂ ਦੀ ਹੜਤਾਲ ਕਾਰਨ ਅੱਜ ਚੌਥੇ ਦਿਨ ਵੀ ਭਾਰਤ-ਪਾਕਿ 'ਚ ਟਰੱਕਾਂ ਦੀ ਆਵਾਜਾਈ ਬੰਦ ਰਹੀ, ਜਿਸ ਨਾਲ ਪਾਕਿਸਤਾਨੀ ਆਈ. ਸੀ. ਪੀ. ਵਿਚ 500 ਦੇ ਕਰੀਬ ਟਰੱਕ ਫਸ ਗਏ ਹਨ ਅਤੇ ਭਾਰਤੀ ਵਪਾਰੀਆਂ ਦਾ ਕਰੋੜਾਂ ਰੁਪਏ ਦਾ ਮਾਲ ਵੀ ਫਸ ਗਿਆ ਹੈ। ਖਾਸ ਤੌਰ 'ਤੇ ਡਰਾਈ ਫਰੂਟ ਜਿਸ ਦੇ ਖ਼ਰਾਬ ਹੋਣ ਦੀ ਵੀ ਸੰਭਾਵਨਾ ਬਣੀ ਰਹਿੰਦੀ ਹੈ ਕਿਉਂਕਿ ਇਨ੍ਹੀਂ ਦਿਨੀਂ ਨਮੀ ਵੀ ਹੈ ਅਤੇ ਵਪਾਰੀ ਪ੍ਰੇਸ਼ਾਨ ਹਨ ਕਿ ਉਹ ਕਰਨ ਤਾਂ ਕੀ ਕਰਨ। ਫਿਲਹਾਲ ਆਈ. ਸੀ. ਪੀ. ਵਿਚ ਭਾਰੀ ਬੇਨਿਯਮੀਆਂ ਵੇਖਣ ਨੂੰ ਮਿਲ ਰਹੀਆਂ ਹਨ।
ਜਾਣਕਾਰੀ ਅਨੁਸਾਰ ਅੱਜ ਆਈ. ਸੀ. ਪੀ. ਵਿਚ ਵਪਾਰੀ ਆਗੂਆਂ ਜਿਨ੍ਹਾਂ 'ਚ ਮੁੱਖ ਤੌਰ 'ਤੇ ਦਿ ਫੈੱਡਰੇਸ਼ਨ ਆਫ ਕਰਿਆਨਾ ਐਂਡ ਡਰਾਈ ਫਰੂਟ ਕਮਰਸ਼ੀਅਲ ਐਸੋਸੀਏਸ਼ਨ ਦੇ ਪ੍ਰਧਾਨ ਅਨਿਲ ਮਹਿਰਾ, ਇੰਪੋਰਟਰ-ਐਕਸਪੋਰਟਰ ਐਸੋਸੀਏਸ਼ਨ ਦੇ ਪ੍ਰਧਾਨ ਰਾਜਦੀਪ ਸਿੰਘ ਉੱਪਲ, ਇੰਡੋ-ਫੋਰੇਨ ਚੈਂਬਰ ਆਫ ਕਾਮਰਸ ਦੇ ਪ੍ਰਧਾਨ ਬੀ. ਕੇ. ਬਜਾਜ, ਜਿਪਸਮ ਇੰਪੋਰਟਰ ਗੁਰਸਾਜਨ ਬੇਦੀ, ਪ੍ਰਦੀਪ ਸਹਿਗਲ, ਸੀ. ਡਬਲਿਊ. ਸੀ. ਅਧਿਕਾਰੀਆਂ, ਸੀ. ਐੱਚ. ਏ. ਐਸੋਸੀਏਸ਼ਨ ਦੇ ਪਤਵੰਤਿਆਂ, ਕਸਟਮ ਅਧਿਕਾਰੀਆਂ ਤੇ ਕੁਲੀ ਆਗੂਆਂ ਵਿਚ ਕਾਫ਼ੀ ਲੰਬੇ ਸਮੇਂ ਤੱਕ ਬੈਠਕ ਕੀਤੀ ਹੋਈ ਪਰ ਇਹ ਬੈਠਕ ਪੂਰੀ ਤਰ੍ਹਾਂ ਬੇਨਤੀਜਾ ਸਾਬਿਤ ਹੋਈ। ਵਪਾਰੀਆਂ ਨੇ ਦੱਸਿਆ ਕਿ ਇਸ ਸਮੇਂ ਪਾਕਿਸਤਾਨੀ ਸੀਮੈਂਟ, ਜਿਪਸਮ, ਰਾਕ ਸਾਲਟ, ਡਰਾਈ ਫਰੂਟ ਦੇ ਟਰੱਕ ਭਾਰੀ ਗਿਣਤੀ ਵਿਚ ਪਾਕਿਸਤਾਨੀ ਆਈ. ਸੀ. ਪੀ. ਵਿਚ ਖੜ੍ਹੇ ਹਨ ਅਤੇ ਪਾਕਿਸਤਾਨੀ ਆਈ. ਸੀ. ਪੀ. ਦੀ ਗਰਾਊਂਡ ਵੀ ਭਰ ਗਈ ਹੈ, ਜਿਸ ਕਰ ਕੇ ਪਾਕਿਸਤਾਨੀ ਖੇਮੇ ਵਿਚ ਭਾਰਤ ਜਾਣ ਵਾਲੇ ਟਰੱਕਾਂ ਨੂੰ ਆਈ. ਸੀ. ਪੀ. ਦੇ ਬਾਹਰ ਖੜ੍ਹਾ ਕੀਤਾ ਗਿਆ ਹੈ। ਅਫਗਾਨਿਸਤਾਨ ਤੋਂ ਆਉਣ ਵਾਲੇ ਟਰੱਕ ਵੀ ਇਨ੍ਹਾਂ ਲਾਈਨਾਂ ਵਿਚ ਖੜ੍ਹੇ ਕੀਤੇ ਗਏ ਹਨ।
ਆਪਣੀ ਲੇਬਰ ਤੋਂ ਅਨਲੋਡਿੰਗ ਕਰਨ ਦੀ ਖੁੱਲ੍ਹੀ ਆਫਰ
ਕੁਲੀਆਂ ਦੀ ਹੜਤਾਲ ਆਪਣੀ ਰਿਵਾਇਤੀ ਲੇਬਰ ਲੈਣ ਲਈ ਹੈ, ਜਿਸ ਨੂੰ ਵਪਾਰੀ ਅਤੇ ਠੇਕੇਦਾਰ ਦੇਣ ਲਈ ਤਿਆਰ ਨਹੀਂ ਹਨ। ਇਨ੍ਹਾਂ ਹਾਲਾਤ ਵਿਚ ਆਈ. ਸੀ. ਪੀ. ਦੀ ਮੈਨੇਜਮੈਂਟ ਨੇ ਵੀ ਵਪਾਰੀਆਂ ਨੂੰ ਖੁੱਲ੍ਹੀ ਆਫਰ ਦੇ ਦਿੱਤੀ ਹੈ ਕਿ ਉਹ ਆਪਣੀ ਲੇਬਰ ਰਾਹੀਂ ਵੀ ਪਾਕਿਸਤਾਨ ਤੋਂ ਮੰਗਵਾਈਆਂ ਵਸਤਾਂ ਦੀ ਲੋਡਿੰਗ-ਅਨਲੋਡਿੰਗ ਕਰਵਾ ਸਕਦੇ ਹਨ ਪਰ ਇਸ ਵਿਚ ਵੀ ਸਮੱਸਿਆ ਇਹ ਹੈ ਕਿ ਜੋ ਲੇਬਰ ਆਈ. ਸੀ. ਪੀ. 'ਤੇ ਕੰਮ ਕਰਦੀ ਹੈ ਉਸ ਨੂੰ ਬਾਕਾਇਦਾ ਆਈ-ਕਾਰਡ ਜਾਰੀ ਕੀਤੇ ਗਏ ਹਨ ਅਤੇ ਉਨ੍ਹਾਂ ਦੀ ਪੁਲਸ ਵੈਰੀਫਿਕੇਸ਼ਨ ਵੀ ਕਰਵਾਈ ਜਾਂਦੀ ਹੈ, ਜੇਕਰ ਨਵੀਂ ਲੇਬਰ ਵਪਾਰੀ ਲੈ ਕੇ ਆਉਂਦੇ ਹਨ ਤਾਂ ਉਨ੍ਹਾਂ ਦੇ ਆਈ-ਕਾਰਡ ਬਣਾਉਣ ਵਿਚ ਹੀ ਕਾਫ਼ੀ ਦਿਨ ਲੱਗ ਸਕਦੇ ਹਨ। ਕੁਝ ਅਧਿਕਾਰੀਆਂ ਨੇ ਤਾਂ ਇਥੋਂ ਤੱਕ ਕਹਿ ਦਿੱਤਾ ਹੈ ਕਿ ਜੇਕਰ ਕੁਲੀ ਆਈ. ਸੀ. ਪੀ. ਵਿਚ ਕੰਮ ਕਰਨ ਨੂੰ ਤਿਆਰ ਨਹੀਂ ਹਨ ਤਾਂ ਉਨ੍ਹਾਂ ਨੂੰ ਆਈ. ਸੀ. ਪੀ. ਦੇ ਅੰਦਰ ਨਹੀਂ ਵੜਨ ਦਿੱਤਾ ਜਾਵੇਗਾ। ਇਨ੍ਹਾਂ ਹਾਲਾਤ ਵਿਚ ਕਾਫ਼ੀ ਗੜਬੜੀ ਵੀ ਹੋ ਸਕਦੀ ਹੈ ਕਿਉਂਕਿ ਆਈ. ਸੀ. ਪੀ. ਵਿਚ 1500 ਦੇ ਲਗਭਗ ਕੁਲੀ ਕੰਮ ਕਰਦੇ ਹਨ, ਜੋ ਅਟਾਰੀ ਕਸਬੇ ਦੇ ਸਰਹੱਦੀ ਪਿੰਡਾਂ ਦੇ ਨਿਵਾਸੀ ਹਨ, ਉਨ੍ਹਾਂ ਦਾ ਰੁਜ਼ਗਾਰ ਖੁੱਸਣ 'ਤੇ ਉਹ ਵੀ ਚੁੱਪ ਨਹੀਂ ਬੈਠਣਗੇ ਅਤੇ ਸੰਘਰਸ਼ ਕਰ ਸਕਦੇ ਹਨ।
ਸੀ. ਡਬਲਿਊ. ਸੀ. ਦੀ ਵਿਵਸਥਾ ਬੁਰੀ ਤਰ੍ਹਾਂ ਫੇਲ 
ਅਟਾਰੀ ਬਾਰਡਰ 'ਤੇ ਦੇਸ਼ ਦੀ ਪਹਿਲੀ ਆਈ. ਸੀ. ਪੀ. 'ਤੇ ਕਾਰੋਬਾਰ ਸ਼ੁਰੂ ਹੋਣ ਤੋਂ ਬਾਅਦ ਇਥੇ ਆਯਾਤ ਹੋਣ ਵਾਲੀਆਂ ਵਸਤਾਂ ਦੀ ਸਾਂਭ-ਸੰਭਾਲ ਅਤੇ ਸੁਰੱਖਿਆ ਦੀ ਜ਼ਿੰਮੇਵਾਰੀ ਸੀ. ਡਬਲਿਊ. ਸੀ. ਅਤੇ ਲੈਂਡ ਪੋਰਟ ਅਥਾਰਟੀ ਨੂੰ ਦਿੱਤੀ ਗਈ ਹੈ ਪਰ ਸੀ. ਡਬਲਿਊ. ਸੀ. ਦੀ ਪ੍ਰਬੰਧਨ ਵਿਵਸਥਾ ਬੁਰੀ ਤਰ੍ਹਾਂ ਫੇਲ ਨਜ਼ਰ ਆ ਰਹੀ ਹੈ। ਆਏ ਦਿਨ ਲੇਬਰ ਵੱਲੋਂ ਕਿਸੇ ਨਾ ਕਿਸੇ ਮੁੱਦੇ ਨੂੰ ਲੈ ਕੇ ਹੜਤਾਲ ਕੀਤੀ ਜਾ ਰਹੀ ਹੈ, ਜਿਸ ਨਾਲ ਵਪਾਰੀ ਬੁਰੀ ਤਰ੍ਹਾਂ ਪ੍ਰੇਸ਼ਾਨ ਨਜ਼ਰ ਆ ਰਹੇ ਹਨ। ਵਪਾਰੀਆਂ ਦਾ ਕਹਿਣਾ ਹੈ ਕਿ ਸੀ. ਡਬਲਿਊ. ਸੀ. ਆਪਣੀ ਜ਼ਿੰਮੇਵਾਰੀ ਨਿਭਾਉਣ ਵਿਚ ਸਫਲ ਨਹੀਂ ਹੋ ਸਕੀ ਹੈ, ਇਸ ਲਈ ਇਸ ਦੀ ਜ਼ਿੰਮੇਵਾਰੀ ਕਸਟਮ ਵਿਭਾਗ ਨੂੰ ਦੇ ਦੇਣੀ ਚਾਹੀਦੀ ਹੈ। ਮੌਜੂਦਾ ਹਾਲਾਤ ਵਿਚ ਵੀ ਵਪਾਰੀ ਇਹੀ ਮੰਗ ਕਰ ਰਹੇ ਹਨ ਕਿ ਸੀ. ਡਬਲਿਊ. ਸੀ. ਵੱਲੋਂ ਜੋ ਆਪਣੇ ਟੈਰਿਫ ਰੇਟਸ ਬਣਾਏ ਗਏ ਹਨ ਉਨ੍ਹਾਂ ਨੂੰ ਲੇਬਰ 'ਤੇ ਲਾਗੂ ਕਰਵਾਇਆ ਜਾਵੇ ਪਰ ਲੇਬਰ ਸੀ. ਡਬਲਿਊ. ਸੀ. ਦੇ ਕਹਿਣ ਤੋਂ ਬਾਹਰ ਨਜ਼ਰ ਆ ਰਹੀ ਹੈ। ਤਿਉਹਾਰੀ ਸੀਜ਼ਨ ਸ਼ੁਰੂ ਹੋਣ ਵਾਲਾ ਹੈ ਅਤੇ ਉਧਰ ਵਪਾਰੀਆਂ ਦਾ ਮਾਲ ਫਸਿਆ ਹੋਇਆ ਹੈ, ਜਿਸ ਨਾਲ ਨੁਕਸਾਨ ਹੋਣ ਦੀ ਪੂਰੀ ਸੰਭਾਵਨਾ ਬਣੀ ਹੋਈ ਹੈ।
ਕਸਟਮ ਵਿਭਾਗ ਨੂੰ ਬਣਾਇਆ ਜਾਵੇ ਲੀਡਿੰਗ ਏਜੰਸੀ
ਐੱਮ. ਪੀ. ਸ਼ਵੇਤ ਮਲਿਕ ਵੱਲੋਂ ਆਈ. ਸੀ. ਪੀ. ਵਿਚ ਵਪਾਰੀਆਂ ਨਾਲ ਕੀਤੀ ਗਈ ਬੈਠਕ ਵਿਚ ਇਹੀ ਮੰਗ ਕੀਤੀ ਗਈ ਸੀ ਕਿ ਸੀ. ਡਬਲਿਊ. ਸੀ. ਦੀ ਬਜਾਏ ਕਸਟਮ ਵਿਭਾਗ ਨੂੰ ਲੀਡਿੰਗ ਏਜੰਸੀ ਬਣਾਇਆ ਜਾਵੇ ਕਿਉਂਕਿ ਆਈ. ਸੀ. ਪੀ. ਬਣਨ ਤੋਂ ਪਹਿਲਾਂ ਭਾਰਤ-ਪਾਕਿ ਜੁਆਇੰਟ ਚੈੱਕ ਪੋਸਟ 'ਤੇ ਕਸਟਮ ਵਿਭਾਗ ਹੀ ਲੇਬਰ ਨੂੰ ਕੰਟਰੋਲ ਕਰਦੀ ਸੀ ਅਤੇ ਕੰਮ ਨਾ ਕਰਨ ਵਾਲੇ ਕੁਲੀ ਨੂੰ ਕੱਢ ਦਿੱਤਾ ਜਾਂਦਾ ਸੀ, ਉਂਝ ਲੇਬਰ ਅਤੇ ਵਿਭਾਗ ਵਿਚ ਕਾਫ਼ੀ ਚੰਗਾ ਤਾਲਮੇਲ ਰਹਿੰਦਾ ਸੀ ਅਤੇ ਹੜਤਾਲ ਵਰਗੇ ਹਾਲਾਤ ਘੱਟ ਹੀ ਬਣਦੇ ਸਨ ਪਰ ਜਦੋਂ ਤੋਂ ਸੀ. ਡਬਲਿਊ. ਸੀ. ਨੇ ਲੇਬਰ ਦੀ ਕਮਾਨ ਸਾਂਭੀ ਹੈ ਉਦੋਂ ਤੋਂ ਆਏ ਦਿਨ ਹੜਤਾਲਾਂ ਹੋ ਰਹੀਆਂ ਹਨ, ਜਿਸ ਨਾਲ ਵਪਾਰੀਆਂ ਦਾ ਨੁਕਸਾਨ ਹੋ ਰਿਹਾ ਹੈ।


Related News