ਐੱਨ. ਆਰ. ਆਈਜ਼. ਨੇ ਸਹੀ ਜ਼ਿੰਮੇਵਾਰੀ ਨਹੀਂ ਨਿਭਾਈ, ਇਸ ਲਈ ਵਧਿਆ ਕੋਰੋਨਾ ਦਾ ਖਤਰਾ
Friday, Mar 27, 2020 - 03:59 PM (IST)
ਜਲੰਧਰ (ਵਿਸ਼ੇਸ਼) : ਸ਼ੁੱਕਰਵਾਰ ਤੱਕ ਪੰਜਾਬ 'ਚ ਕੋਰੋਨਾ ਵਾਇਰਸ ਦੇ 37 ਮਾਮਲੇ ਸਾਹਮਣੇ ਆਉਣ ਤੋਂ ਬਾਅਦ ਹਾਲਾਤ ਖਤਰਨਾਕ ਹੁੰਦੇ ਜਾ ਰਹੇ ਹਨ। ਅਜਿਹੇ ਹਾਲਾਤ 'ਚ ਸੂਬੇ 'ਚ ਵਿਦੇਸ਼ ਤੋਂ ਪਰਤੇ ਐੱਨ. ਆਰ. ਆਈਜ਼. ਦੀ ਸਕਰੀਨਿੰਗ 'ਤੇ ਸਵਾਲ ਉੱਠਣ ਲੱਗੇ ਹਨ। ਕੋਰੋਨਾ ਦੇ ਵਧਦੇ ਮਾਮਲਿਆਂ ਨੂੰ ਦੇਖਦਿਆਂ ਉਨ੍ਹਾਂ ਦੀ ਸਕਰੀਨਿੰਗ 'ਤੇ ਸ਼ੱਕ ਦੀ ਸੂਈ ਘੁੰਮਣਾ ਸੁਭਾਵਿਕ ਹੈ। ਕਈ ਹਵਾਈ ਅੱਡਿਆਂ 'ਤੇ ਤਾਂ ਕਈ ਹਫਤਿਆਂ ਤੱਕ ਵਿਦੇਸ਼ ਤੋਂ ਆਉਣ ਵਾਲੇ ਐੱਨ. ਆਰ. ਆਈਜ਼. ਦੀ ਸਕਰੀਨਿੰਗ ਤੱਕ ਨਹੀਂ ਹੋਈ। ਉਸ ਤੋਂ ਬਾਅਦ ਐੱਨ. ਆਰ. ਆਈਜ਼ ਨੇ ਵੀ ਆਪਣਾ ਮੈਡੀਕਲ ਚੈੱਕਅਪ ਕਰਵਾਉਣਾ ਜ਼ਰੂਰੀ ਨਹੀਂ ਸਮਝਿਆ ਅਤੇ ਖੁੱਲ੍ਹੇਆਮ ਆਪਣੇ ਘਰ, ਪਿੰਡ, ਰਿਸ਼ਤੇਦਾਰਾਂ ਅਤੇ ਬਾਜ਼ਾਰਾਂ 'ਚ ਘੁੰਮਦੇ ਰਹੇ। ਜਦ ਹਾਲਾਤ ਵਿਗੜੇ ਤਾਂ ਸਰਕਾਰ ਜਾਗਦੀ ਹੋਈ ਦਿਖੀ। ਇਹ ਹਾਲਾਤ ਸਿਰਫ ਪੰਜਾਬ ਦੇ ਨਹੀਂ, ਦੇਸ਼ ਦੇ ਸਾਰੇ ਸੂਬੇ ਅਜਿਹੀ ਹਾਲਾਤ 'ਚੋਂ ਲੰਘ ਰਹੇ ਹਨ।
ਇਸ ਲਈ ਪੰਜਾਬ 'ਚ ਵਧਿਆ ਖਤਰਾ
ਜ਼ਿਆਦਾ ਐੱਨ. ਆਰ. ਆਈਜ਼ ਜੋ ਵਾਪਸ ਆ ਗਏ ਹਨ, ਕੁਵਾਰੰਟਾਈਨ ਦਾ ਪਾਲਣ ਨਹੀਂ ਕਰ ਰਹੇ। ਜ਼ਿਲਾ ਅਧਿਕਾਰੀਆਂ ਲਈ ਉਨ੍ਹਾਂ ਨੂੰ ਟ੍ਰੇਸ ਕਰਨਾ ਮੁਸ਼ਕਲ ਹੋ ਰਿਹਾ ਹੈ। ਦੋਆਬੇ 'ਚ ਇਕ ਸਿਵਲ ਸਰਜਨ ਨੇ ਕਿਹਾ, ''ਇਨ੍ਹਾਂ 'ਚੋਂ ਇਕ ਫੀਸਦੀ ਐੱਨ. ਆਰ. ਆਈਜ਼. ਨੇ ਵੀ ਆਪਣੀ ਜ਼ਿੰਮੇਵਾਰੀ ਨਿਭਾਉਂਦਿਆਂ ਖੁਦ ਨੂੰ ਕੁਵਾਰੰਟਾਈਨ ਨਹੀਂ ਕੀਤਾ।'' ਉਨ੍ਹਾਂ ਕਿਹਾ ਕਿ ਵਿਦੇਸ਼ ਤੋਂ ਐੱਨ. ਆਰ. ਆਈਜ਼ ਆਪਣੇ ਰਿਸ਼ਤੇਦਾਰਾਂ, ਦੂਜੇ ਪਿੰਡਾਂ ਅਤੇ ਇਥੋਂ ਤੱਕ ਕਿ ਬਾਜ਼ਾਰਾਂ 'ਚ ਖੁੱਲ੍ਹੇਆਮ ਘੁੰਮ ਰਹੇ ਹਨ। ਉਨ੍ਹਾਂ ਕਿਹਾ ਕਿ ਸਾਡੀ ਟੀਮ ਉਨ੍ਹਾਂ ਨੂੰ ਘਰਾਂ, ਉਨ੍ਹਾਂ ਦੀ ਰਿਸ਼ਤੇਦਾਰੀ ਜਾਂ ਫਿਰ ਉਨ੍ਹਾਂ ਦੇ ਸਾਥੀਆਂ ਦੇ ਘਰਾਂ ਤੱਕ ਲੱਭ ਰਹੀ ਹੈ।
ਇਹ ਵੀ ਪੜ੍ਹੋ ► ਵੱਡੀ ਖ਼ਬਰ : ਜਲੰਧਰ 'ਚ 5ਵਾਂ ਮਾਮਲਾ, 27 ਸਾਲਾ ਨੌਜਵਾਨ ਕੋਰੋਨਾ ਦੀ ਲਪੇਟ 'ਚ
ਇਸ ਲਈ ਯੂਰਪ ਤੋਂ ਪਰਤ ਰਹੇ ਐੱਨ. ਆਰ. ਆਈਜ਼.
ਕੋਰੋਨਾ ਵਾਇਰਸ ਕਾਰਣ ਪੂਰਾ ਯੂਰਪ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ। ਇਟਲੀ ਤੋਂ ਬਾਅਦ ਸਪੇਨ ਅਤੇ ਫਰਾਂਸ ਵਰਗੇ ਹੋਰ ਰਾਸ਼ਟਰ ਪ੍ਰਭਾਵਿਤ ਹੋ ਰਹੇ ਹਨ। ਇਟਲੀ 'ਚ ਕਾਫੀ ਗਿਣਤੀ 'ਚ ਪੰਜਾਬੀ ਹਨ। ਕੋਰੋਨਾ ਵਾਇਰਸ ਦੇ ਪ੍ਰਕੋਪ ਤੋਂ ਬਾਅਦ ਇਟਲੀ 'ਚ ਡਾਕਟਰੀ ਪ੍ਰਣਾਲੀ ਅਸਫਲ ਹੋ ਜਾਣ ਤੋਂ ਬਾਅਦ ਐੱਨ. ਆਰ. ਆਈਜ਼. ਆਪਣੇ ਦੇਸ਼ ਪਰਤਣ ਲੱਗੇ ਹਨ।
ਉਸੇ ਸਮੇਂ ਫਲਾਈਟਾਂ ਨੂੰ ਰੋਕ ਦੇਣਾ ਚਾਹੀਦਾ ਸੀ
ਪੰਜਾਬ ਦੇ ਇਕ ਮੰਤਰੀ ਨੇ ਗੱਲਬਾਤ ਦੌਰਾਨ ਦੱਸਿਆ ਕਿ ਜਦ ਫਰਵਰੀ ਮਹੀਨੇ 'ਚ ਯੂਰਪ 'ਚ ਕੋਰੋਨਾ ਵਾਇਰਸ ਦੇ ਦਾਖਲ ਹੋਣ ਦਾ ਪਤਾ ਲੱਗਾ ਸੀ, ਉਸ ਸਮੇਂ ਕੇਂਦਰ ਸਰਕਾਰ ਨੇ ਯੂਰਪ ਤੋਂ ਆਉਣ ਵਾਲੀਆਂ ਫਲਾਈਟਾਂ ਨੂੰ ਨਹੀਂ ਰੋਕਿਆ, ਜੇਕਰ ਉਸੇ ਸਮੇਂ ਫਲਾਈਟਾਂ ਰੋਕ ਦਿੱਤੀਆਂ ਜਾਂਦੀਆਂ ਤਾਂ ਸ਼ਾਇਦ ਇਹ ਹਾਲਾਤ ਨਾ ਹੁੰਦੇ, ਫਿਰ ਵੀ ਹੁਣ ਜਦ ਅਜਿਹੇ ਹਾਲਾਤ ਬਣ ਗਏ ਹਨ ਤਾਂ ਸਰਕਾਰ ਕੋਰੋਨਾ ਵਾਇਰਸ ਦੀ ਰੋਕਥਾਮ ਅਤੇ ਬਚਾਅ ਦੇ ਕੰਮਾਂ ਵਿਚ ਬਹੁਤ ਤੇਜ਼ੀ ਨਾਲ ਕਦਮ ਚੁੱਕ ਰਹੀ ਹੈ। ਇਸ ਦੇ ਲਈ ਪਿੰਡਾਂ ਦੀਆਂ ਪੰਚਾਇਤਾਂ ਦੀ ਮਦਦ ਵੀ ਲਈ ਜਾ ਰਹੀ ਹੈ ਤਾਂ ਕਿ ਹਰੇਕ ਐੱਨ. ਆਰ. ਆਈਜ਼ ਦੀ ਜਾਂਚ ਹੋ ਸਕੇ, ਨਾਲ ਹੀ ਉਨ੍ਹਾਂ ਨੂੰ ਕੁਵਾਰੰਟਾਈਨ ਕੀਤਾ ਜਾ ਸਕੇ। ਉਥੇ ਹੀ ਐੱਨ. ਆਰ. ਆਈਜ਼ ਜ਼ਿਆਦਾਤਰ ਵਿਆਹ ਦੇ ਮੌਸਮ ਦੌਰਾਨ ਦਸੰਬਰ ਤੋਂ ਫਰਵਰੀ ਤੱਕ ਪੰਜਾਬ ਆਉਂਦੇ ਹਨ ਅਤੇ ਕੈਨੇਡਾ ਵਰਗੇ ਦੇਸ਼ਾਂ 'ਚ ਬਹੁਤ ਜ਼ਿਆਦਾ ਸਰਦੀ ਦੇ ਮੌਸਮ 'ਚ ਐੱਨ. ਆਰ. ਆਈਜ਼ ਆਉਂਦੇ ਹਨ ਅਤੇ ਜ਼ਿਆਦਾਤਰ ਮਾਰਚ ਮਹੀਨੇ 'ਚ ਵਾਪਸ ਜਾਂਦੇ ਹਨ ਪਰ ਇਸ ਸਾਲ ਉਨ੍ਹਾਂ ਨੇ ਮਾਰਚ 'ਚ ਵੀ ਭਾਰਤ ਦੀ ਯਾਤਰਾ ਜਾਰੀ ਰੱਖੀ। ਦੋਆਬਾ ਦੇ ਲਗਭਗ 55 ਲੱਖ ਐੱਨ. ਆਰ. ਆਈਜ਼ ਵਿਦੇਸ਼ 'ਚ ਵਸੇ ਹੋਏ ਹਨ।
ਇਹ ਵੀ ਪੜ੍ਹੋ ► ਪੰਜਾਬ 'ਚ ਵਧਿਆ ਕੋਰੋਨਾ ਦਾ ਕਹਿਰ, ਪਿੰਡ ਮੋਰਾਂਵਾਲੀ ਦੇ ਤਿੰਨ ਹੋਰ ਮਰੀਜ਼ ਪਾਜ਼ੇਟਿਵ
ਕੇਂਦਰ ਤੋਂ 40 ਹਜ਼ਾਰ ਦੀ ਮਿਲੀ ਸੂਚੀ, ਸਿਰਫ ਦੋਆਬਾ ਤੋਂ 55 ਹਜ਼ਾਰ ਐੱਨ. ਆਰ. ਆਈਜ਼ ਵਿਦੇਸ਼ 'ਚ
ਪੰਜਾਬ ਸਰਕਾਰ ਨੂੰ ਕੇਂਦਰ ਸਰਕਾਰ ਤੋਂ ਲਗਭਗ 40 ਹਜ਼ਾਰ ਐੱਨ. ਆਰ. ਆਈਜ਼ ਦੀ ਸੂਚੀ ਮਿਲੀ, ਜੋ ਹਾਲ ਹੀ 'ਚ ਪੰਜਾਬ ਆਏ ਹਨ। ਇਕ ਅਨੁਮਾਨ ਅਨੁਸਾਰ ਸਿਰਫ ਦੋਆਬੇ ਤੋਂ ਹੀ 55 ਹਜ਼ਾਰ ਤੋਂ ਵੱਧ ਐੱਨ. ਆਰ. ਆਈਜ਼. ਵਿਦੇਸ਼ 'ਚ ਸੈਟਲ ਹਨ। ਪੰਜਾਬ ਸਰਕਾਰ ਨੂੰ ਕੇਂਦਰ ਸਰਕਾਰ ਤੋਂ ਜੋ ਸੂਚੀ ਮਿਲੀ ਹੈ, ਉਸ ਵਿਚ ਦੋਆਬਾ ਖੇਤਰ ਦੇ ਲਗਭਗ 23 ਹਜ਼ਾਰ ਐੱਨ. ਆਰ. ਆਈਜ਼ ਸ਼ਾਮਲ ਹਨ, ਜਿਨ੍ਹਾਂ 'ਚ ਜਲੰਧਰ, ਹੁਸ਼ਿਆਰਪੁਰ, ਕਪੂਰਥਲਾ ਅਤੇ ਨਵਾਂਸ਼ਹਿਰ ਜ਼ਿਲੇ ਸ਼ਾਮਲ ਹਨ। ਇਹ ਐੱਨ. ਆਰ. ਆਈਜ਼ ਵਿਦੇਸ਼ ਤੋਂ ਪੰਜਾਬ ਪਰਤੇ ਹਨ। ਪਿਛਲੇ ਇਕ ਹਫਤੇ 'ਚ 10 ਹਜ਼ਾਰ ਤੋਂ ਵੱਧ ਐੱਨ. ਆਰ. ਆਈਜ਼ ਆਏ ਹਨ। ਜਲੰਧਰ ਨੂੰ ਪਿਛਲੇ 2 ਹਫਤਿਆਂ 'ਚ 12,906 ਐੱਨ. ਆਰ. ਆਈਜ਼ ਦੀ ਸੂਚੀ ਮਿਲੀ। ਹੁਸ਼ਿਆਰਪੁਰ ਨੂੰ 2,000 ਤੋਂ ਵੱੱਧ, ਕਪੂਰਥਲਾ ਅਤੇ ਨਵਾਂਸ਼ਹਿਰ ਨੂੰ ਸ਼ਨੀਵਾਰ ਲੜੀਵਾਰ 4605 ਅਤੇ 3700 ਐੱਨ. ਆਰ. ਆਈਜ਼ ਦੀ ਸੂਚੀ ਿਮਲੀ ਹੈ। ਇਹ ਪਤਾ ਲੱਗਾ ਹੈ ਕਿ ਇਟਲੀ 'ਚ ਮਾੜੇ ਹੋਏ ਹਾਲਾਤ ਕਾਰਣ ਸੈਂਕੜੇ ਐੱਨ. ਆਰ. ਆਈਜ਼ ਜ਼ਿਲਾ ਕਪੂਰਥਲਾ ਦੇ ਭੁਲੱਥ ਇਲਾਕੇ 'ਚ ਪਰਤੇ ਹਨ।
ਰੋਜ਼ 1500 ਦੇ ਕਰੀਬ ਐੱਨ. ਆਰ. ਆਈਜ਼ ਦੀ ਸੂਚੀ ਰਹੀ ਹੈ ਮਿਲ
ਗੱਲਬਾਤ ਦੌਰਾਨ ਜ਼ਿਲਾ ਜਲੰਧਰ ਦੇ ਡਿਪਟੀ ਕਮਿਸ਼ਨਰ ਵਰਿੰਦਰ ਸ਼ਰਮਾ ਨੇ ਦੱਸਿਆ ਕਿ ਪਿਛਲੇ ਕੁਝ ਦਿਨਾਂ ਤੋਂ ਸਾਨੂੰ ਹਰ ਰੋਜ਼ ਜ਼ਿਲੇ ਦੇ 1000 ਤੋਂ 1500 ਐੱਨ. ਆਰ. ਆਈਜ਼. ਦੀ ਸੂਚੀ ਮਿਲ ਰਹੀ ਹੈ। ਇਨ੍ਹਾਂ ਨੂੰ ਉਨ੍ਹਾਂ ਦੇ ਸਬੰਧਤ ਪਿੰਡਾਂ ਜਾਂ ਕਸਬਿਆਂ 'ਚ ਸੂਚੀ ਅਨੁਸਾਰ ਲੱਭਣ ਲਈ ਸਿਹਤ ਅਤੇ ਪੁਲਸ ਵਿਭਾਗ ਵੱਲੋਂ ਟੀਮਾਂ ਦਾ ਗਠਨ ਕੀਤਾ ਗਿਆ ਹੈ। ਫਿਰ ਉਨ੍ਹਾਂ ਦੀ ਜਾਂਚ ਅਤੇ 14 ਦਿਨਾਂ ਲਈ 'ਕੁਵਾਰੰਟਾਈਨ' ਕਰਨ ਲਈ ਕਿਹਾ ਗਿਆ ਹੈ।
ਹਵਾਈ ਅੱਡਿਆਂ 'ਤੇ ਸਿਰਫ ਸਰੀਰ ਦਾ ਤਾਪਮਾਨ ਮਾਪਣਾ ਕਾਰਗਰ ਤਰੀਕਾ ਨਹੀਂ
ਇੰਡੀਅਨ ਕੌਂਸਲ ਆਫ ਮੈਡੀਕਲ ਰਿਸਰਚ (ਆਈ. ਸੀ. ਐੱਮ. ਆਰ.) ਦੀ ਰਿਪੋਰਟ 'ਤੇ ਨਜ਼ਰ ਮਾਰੀਏ ਤਾਂ ਹਵਾਈ ਅੱਡਿਆਂ 'ਤੇ ਸਿਰਫ ਸਰੀਰ ਦਾ ਤਾਪਮਾਨ ਮਾਪਣਾ ਕਾਰਗਰ ਤਰੀਕਾ ਨਹੀਂ ਹੈ। ਖੋਜਾਂ ਦੇ ਹਵਾਲੇ ਤੋਂ ਦੱਸਿਆ ਗਿਆ ਹੈ ਕਿ ਇਸ ਤਰ੍ਹਾਂ ਦੀ ਸਕਰੀਨਿੰਗ ਨਾਲ 46-50 ਫੀਸਦੀ ਯਾਤਰੀਆਂ 'ਚ ਲੱਛਣ ਦਾ ਪਤਾ ਨਹੀਂ ਲਾਇਆ ਜਾ ਸਕਿਆ। ਰਿਪੋਰਟ 'ਚ ਲਿਖਿਆ ਹੈ, ''ਦੇਸ਼ ਦੇ ਅੰਦਰ ਇਸ ਪ੍ਰਕੋਪ ਦੇ ਫੈਲਣ 'ਚ ਦੇਰੀ ਲਿਆਉਣ ਲਈ ਘੱਟ ਤੋਂ ਘੱਟ 75 ਫੀਸਦੀ ਅਜਿਹੇ ਵਿਅਕਤੀਆਂ ਦੀ ਪਛਾਣ ਕਰਨਾ ਜ਼ਰੂਰੀ ਹੈ, ਜਿਨ੍ਹਾਂ 'ਚ ਇਨਫੈਕਸ਼ਨ ਦੇ ਲੱਛਣ ਨਹੀਂ ਦਿਸਦੇ ਅਤੇ ਜੇਕਰ 90 ਫੀਸਦੀ ਅਜਿਹੇ ਵਿਅਕਤੀਆਂ ਦਾ ਪਤਾ ਲਾ ਲੈਂਦੇ ਹਾਂ ਤਾਂ ਮਾਹਾਮਾਰੀ ਫੈਲਣ ਦੇ ਔਸਤ ਸਮੇਂ 'ਚ 20 ਦਿਨ ਦੀ ਦੇਰੀ ਲਿਆਂਦੀ ਜਾ ਸਕਦੀ ਹੈ।''
ਦੇਸ਼ ਦੀ ਇਕ-ਚੌਥਾਈ ਆਬਾਦੀ ਆ ਸਕਦੀ ਹੈ ਲਪੇਟ 'ਚ
ਆਈ. ਸੀ. ਐੱਮ. ਆਰ. ਵੱਲੋਂ ਕੀਤੇ ਗਏ ਇਕ ਗਣਿਤਕ ਵਿਸ਼ਲੇਸ਼ਣ ਅਨੁਸਾਰ ਭਾਰਤੀ ਆਬਾਦੀ ਦਾ ਇਕ-ਚੌਥਾਈ ਹਿੱਸਾ ਕੋਰੋਨਾ ਦੀ ਲਪੇਟ 'ਚ ਆ ਸਕਦਾ ਹੈ। ਮਤਲਬ ਜੇਕਰ ਮਹਾਮਾਰੀ ਦੀ ਰੋਕਥਾਮ ਨਹੀਂ ਕੀਤੀ ਗਈ ਤਾਂ ਦੇਸ਼ ਦੀ ਕਰੀਬ 34 ਕਰੋੜ ਆਬਾਦੀ ਇਨਫੈਕਟਿਡ ਹੋ ਸਕਦੀ ਹੈ ਅਤੇ ਭਿਆਨਕ ਹਾਲਾਤ 'ਚ ਕਰੀਬ 7 ਲੱਖ ਲੋਕਾਂ ਦੀ ਮੌਤ ਹੋ ਸਕਦੀ ਹੈ। ਡਾਊਨ ਟੂ ਅਰਥ ਪੱਤ੍ਰਿਕਾ ਨੇ ਆਈ. ਸੀ. ਐੱਮ. ਆਰ. ਦੀ ਇਸ ਰਿਪੋਰਟ ਦਾ ਆਪਣੇ ਨਿਊਜ਼ ਪੋਰਟਲ 'ਤੇ ਵਿਸ਼ਲੇਸ਼ਣ ਵੀ ਕੀਤਾ ਹੈ। ਇਸ ਰਿਪੋਰਟ ਅਨੁਸਾਰ ਕੋਰੋਨਾ ਦੇ ਜਿਨ੍ਹਾਂ ਮਰੀਜ਼ਾਂ 'ਚ ਲੱਛਣ ਨਹੀਂ ਦਿਸਦੇ, ਉਹ ਟੈਸਟ ਤੋਂ ਬਚ ਜਾਂਦੇ ਹਨ ਅਤੇ ਉਨ੍ਹਾਂ ਦੀ ਪਛਾਣ ਵੀ ਨਹੀਂ ਹੋ ਪਾਉਂਦੀ। ਇਸ ਤਰ੍ਹਾਂ ਦੇ ਮਰੀਜ਼ ਭਾਈਚਾਰੇ 'ਚ ਇਨਫੈਕਸ਼ਨ ਫੈਲਾਉਣ ਦਾ ਕਾਰਣ ਬਣ ਜਾਂਦੇ ਹਨ। ਰਿਪੋਰਟ ਦੱਸਦੀ ਹੈ ਕਿ ਸਿਰਫ ਰੋਗ ਦੇ ਲਛਣ ਸਬੰਧੀ ਮਾਮਲਿਆਂ 'ਤੇ ਕੇਂਦਰਿਤ ਸਖਤ ਤੋਂ ਸਖਤ ਕੰਟਰੋਲ ਰਣਨੀਤੀ ਵੀ ਅਸਫਲ ਹੋ ਜਾਵੇਗੀ।
ਇਹ ਵੀ ਪੜ੍ਹੋ ► ਕੋਰੋਨਾ ਸੰਕਟ 'ਚ ਸਰਕਾਰਾਂ ਦੇ ਕਦਮ ਦੀ ਸਿੱਧੂ ਵਲੋਂ ਸ਼ਲਾਘਾ