ਵਿਦੇਸ਼ਾਂ ''ਚ ਵੱਸਦੇ ''ਪੰਜਾਬੀਆਂ'' ਨੂੰ ਮਿਲੀ ਵੱਡੀ ਰਾਹਤ, ਦੁਨੀਆ ਦੇ ਕਿਸੇ ਵੀ ਕੋਨੇ ''ਚੋਂ ਕਰਵਾ ਸਕਣਗੇ ਇਹ ਕੰਮ

Wednesday, Mar 03, 2021 - 10:00 AM (IST)

ਵਿਦੇਸ਼ਾਂ ''ਚ ਵੱਸਦੇ ''ਪੰਜਾਬੀਆਂ'' ਨੂੰ ਮਿਲੀ ਵੱਡੀ ਰਾਹਤ, ਦੁਨੀਆ ਦੇ ਕਿਸੇ ਵੀ ਕੋਨੇ ''ਚੋਂ ਕਰਵਾ ਸਕਣਗੇ ਇਹ ਕੰਮ

ਚੰਡੀਗੜ੍ਹ : ਪੰਜਾਬ ਸਰਕਾਰ ਨੇ ਵਿਦੇਸ਼ਾਂ 'ਚ ਵੱਸਦੇ ਪੰਜਾਬੀਆਂ ਨੂੰ ਵੱਡੀ ਰਾਹਤ ਦਿੰਦਿਆਂ ਉਨ੍ਹਾਂ ਦੇ ਪਰਿਵਾਰਕ, ਜਾਇਦਾਦ ਨਾਲ ਸਬੰਧਿਤ ਅਤੇ ਹੋਰਨਾਂ ਮਾਮਲਿਆਂ ਦੇ ਨਿਪਟਾਰੇ ਲਈ ਵੈੱਬਸਾਈਟ ਦੀ ਸ਼ੁਰੂਆਤ ਕੀਤੀ ਹੈ। ਪੰਜਾਬ ਸਟੇਟ ਪਰਵਾਸੀ ਭਾਰਤੀ ਕਮਿਸ਼ਨ ਦੀ ਇਸ ਵੈੱਬਸਾਈਟ www.nricommissionpunjab.com ਨੂੰ ਮਿੰਨੀ ਸਕੱਤਰੇਤ ਸਥਿਤ ਕਮਿਸ਼ਨ ਦੇ ਦਫ਼ਤਰ ਵਿਖੇ ਸੰਖੇਪ ਸਮਾਗਮ ਦੌਰਾਨ ਲਾਂਚ ਕੀਤਾ ਗਿਆ ਹੈ। ਵਿਦੇਸ਼ਾਂ 'ਚ ਰਹਿੰਦੇ ਪੰਜਾਬੀਆਂ ਦੀਆਂ ਇਮੀਗ੍ਰੇਸ਼ਨ, ਰਾਸ਼ਟਰੀਅਤਾ, ਵਿਆਹ, ਮਾਤਾ-ਪਿਤਾ ਦਰਮਿਆਨ ਬੱਚਿਆਂ ਸਬੰਧੀ ਝਗੜੇ, ਪਤੀ-ਪਤਨੀ ਦੀ ਦੇਖ-ਰੇਖ, ਵਿਆਹ ਸਬੰਧੀ ਜਾਇਦਾਦ ਦੀ ਵੰਡ, ਦੇਸ਼ ਤੋਂ ਬਾਹਰ ਬੱਚਾ ਗੋਦ ਲੈਣਾ, ਵਾਰਸ, ਗ਼ੈਰ ਕਾਨੂੰਨੀ ਪਰਵਾਸ, ਨੌਕਰੀ ਸਬੰਧੀ ਮਾੜੇ ਹਾਲਾਤ, ਭਾਰਤੀ ਜਾਇਦਾਦ ਦੀ ਕਿਰਾਏਦਾਰੀ, ਸੈਰੋਗੇਸੀ ਪ੍ਰਬੰਧ ਅਤੇ ਹੋਰਨਾਂ ਮੁੱਦਿਆਂ ਦੇ ਹੱਲ ਲਈ ਪੰਜਾਬ ਰਾਜ ਐਨ. ਆਰ. ਆਈ. ਕਮਿਸ਼ਨ ਦਾ ਗਠਨ ਸਾਲ-2011 'ਚ ਕੀਤਾ ਗਿਆ ਸੀ।

ਇਹ ਵੀ ਪੜ੍ਹੋ : ਪੰਜਾਬ 'ਚ ਅਗਲੇ 24 ਘੰਟਿਆਂ ਦੌਰਾਨ ਹਨ੍ਹੇਰੀ ਰੂਪੀ ਚੱਲਣਗੀਆਂ ਤੇਜ਼ ਹਵਾਵਾਂ, ਵਿਸ਼ੇਸ਼ ਬੁਲੇਟਿਨ ਜਾਰੀ

ਪਰਵਾਸੀ ਭਾਰਤੀਆਂ ਦੇ ਮਸਲਿਆਂ ਦੇ ਹੱਲ ਲਈ ਲੋੜੀਂਦੇ ਦਸਤਾਵੇਜ਼ਾਂ ਅਤੇ ਸੂਚਨਾ ਦੇ ਅਦਾਨ-ਪ੍ਰਦਾਨ ਦੀ ਘਾਟ ਰੜਕ ਰਹੀ ਸੀ, ਜਿਸ ਨੂੰ ਪੂਰਾ ਕਰਨ ਲਈ ਇਹ ਵੈੱਬਸਾਈਟ ਲਾਂਚ ਕੀਤੀ ਗਈ ਹੈ। ਇਸ ਵੈੱਬਸਾਈਟ www.nricommissionpunjab.com ਰਾਹੀਂ ਦੁਨੀਆਂ ਦੇ ਕਿਸੇ ਵੀ ਕੋਨੇ 'ਚ ਬੈਠੇ ਪਰਵਾਸੀ ਭਾਰਤੀ ਕੁੱਝ ਜ਼ਰੂਰੀ ਦਸਤਾਵੇਜ਼ਾਂ ਸਮੇਤ ਆਪਣੀ ਸ਼ਿਕਾਇਤ ਦਰਜ ਕਰਵਾ ਸਕਣਗੇ। ਸ਼ਿਕਾਇਤਕਰਤਾ ਨੂੰ ਵੈੱਬਸਾਈਟ `ਤੇ ਆਪਣੀ ਮੁਸ਼ਕਲ ਨਾਲ ਸਬੰਧਿਤ ਚੈੱਕਲਿਸਟ ਅਨੁਸਾਰ ਆਪਣੀ ਸ਼ਿਕਾਇਤ ਦਰਜ ਕਰਾਉਣੀ ਹੋਵੇਗੀ। ਸ਼ਿਕਾਇਤ ਦਰਜ ਹੋਣ ਉਪਰੰਤ ਸ਼ਿਕਾਇਤਕਰਤਾ ਨੂੰ ਭਵਿੱਖ 'ਚ ਅਗਲੇਰੀ ਜਾਣਕਾਰੀ ਜਾਂ ਕਾਰਵਾਈ ਲਈ ਵਿਲੱਖਣ ਨੰਬਰ ਦਿੱਤਾ ਜਾਵੇਗਾ।

ਇਹ ਵੀ ਪੜ੍ਹੋ : ਜ਼ਰੂਰੀ ਖ਼ਬਰ : ਵਿਧਾਨ ਸਭਾ ਦੇ ਇਜਲਾਸ ਸਬੰਧੀ ਤੈਅ ਪ੍ਰੋਗਰਾਮ 'ਚ ਬਦਲਾਅ, ਹੁਣ ਇਸ ਦਿਨ ਪੇਸ਼ ਹੋਵੇਗਾ 'ਬਜਟ'

ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਕਮਿਸ਼ਨ ਦੇ ਚੇਅਰਮੈਨ ਜਸਟਿਸ (ਸੇਵਾ ਮੁਕਤ) ਸ਼ੇਖਰ ਕੁਮਾਰ ਧਵਨ ਨੇ ਦੱਸਿਆ ਕਿ ਸ਼ਿਕਾਇਤਕਰਤਾ ਪੰਜਾਬ ਰਾਜ ਦਾ ਮੂਲ ਵਾਸੀ ਹੋਣਾ ਚਾਹੀਦਾ ਹੈ ਜਾਂ ਸ਼ਿਕਾਇਤ ਦੀ ਘਟਨਾ ਪੰਜਾਬ ਨਾਲ ਸਬੰਧਿਤ ਹੋਣੀ ਚਾਹੀਦੀ ਹੈ। ਉਨ੍ਹਾਂ ਦੱਸਿਆ ਕਿ ਸ਼ਿਕਾਇਤ ਹਿੰਦੀ, ਪੰਜਾਬੀ ਜਾਂ ਅੰਗਰੇਜ਼ੀ 'ਚ ਦਰਜ ਕਰਵਾਈ ਜਾ ਸਕਦੀ ਹੈ। ਜਸਟਿਸ ਧਵਨ ਨੇ ਦੱਸਿਆ ਕਿ ਵੈੱਬਸਾਈਟ 'ਤੇ ਸ਼ਿਕਾਇਤਕਰਤਾ ਨੂੰ ਵੱਖ-ਵੱਖ ਕਿਸਮਾਂ ਦੇ ਕੇਸਾਂ ਲਈ ਸ਼ਿਕਾਇਤ ਦਰਜ ਕਰਨ ਅਤੇ ਉਨ੍ਹਾਂ ਨਾਲ ਦਾਖ਼ਲ ਕੀਤੇ ਜਾਣ ਵਾਲੇ ਲੋੜੀਂਦੇ ਦਸਤਾਵੇਜ਼ਾਂ ਦਾ ਮੁਕੰਮਲ ਵੇਰਵਾ ਦਿੱਤਾ ਗਿਆ ਹੈ। ਸ਼ਿਕਾਇਤਕਰਤਾ ਨੂੰ ਆਪਣੀ ਸ਼ਿਕਾਇਤ ਅਪਲੋਡ ਕਰਨ ਅਤੇ ਦਸਤਾਵੇਜ਼ ਦਾਖ਼ਲ ਕਰਨ ਲਈ ਕਦਮ-ਦਰ-ਕਦਮ ਨਿਰਦੇਸ਼ ਦਿੱਤੇ ਗਏ ਹਨ।

ਇਹ ਵੀ ਪੜ੍ਹੋ : ਪਿਓ ਸਣੇ ਪੂਰੇ ਟੱਬਰ ਨੇ ਨਾਬਾਲਗ ਧੀ ਨਾਲ ਜੋ ਕੀਤਾ, ਸੁਣ ਤੁਸੀਂ ਵੀ ਯਕੀਨ ਨਹੀਂ ਕਰ ਸਕੋਗੇ

ਉਨ੍ਹਾਂ ਦੱਸਿਆ ਕਿ ਪਰਵਾਸੀ ਭਾਰਤੀ ਕਿਸੇ ਮਾਮਲੇ ਸਬੰਧੀ ਆਏ ਫ਼ੈਸਲੇ ਦੀ ਕਾਪੀ ਵੀ ਵੈੱਬਸਾਈਟ ਤੋਂ ਡਾਊਨਲੋਡ ਕਰ ਸਕਣਗੇ। ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਅਖ਼ਬਾਰ, ਟੀ. ਵੀ. ਚੈਨਲ, ਰੇਡੀਓ ਆਦਿ ਤੋਂ ਪ੍ਰਾਪਤ ਖ਼ਬਰ ਜ਼ਰੀਏ ਜ਼ਾਹਰ ਕੀਤੀਆਂ ਗਈਆਂ ਪਰਵਾਸੀ ਭਾਰਤੀਆਂ ਦੀਆਂ ਮੁਸ਼ਕਲਾਂ ਦਾ ਵੀ ਕਮਿਸ਼ਨ ਲਗਾਤਾਰ ਨੋਟਿਸ ਲੈਂਦਾ ਰਿਹਾ ਹੈ। ਇਸ ਮੌਕੇ ਐਨ. ਆਰ. ਆਈ. ਮਹਿਕਮੇ ਦੇ ਵਧੀਕ ਮੁੱਖ ਸਕੱਤਰ ਕਿਰਪਾ ਸ਼ੰਕਰ ਸਰੋਜ, ਏ. ਡੀ. ਜੀ. ਪੀ. (ਐਨ. ਆਰ. ਆਈਜ਼) ਏ. ਐਸ. ਰਾਏ, ਕਮਿਸ਼ਨ ਦੇ ਮੈਂਬਰ ਐਮ. ਪੀ. ਸਿੰਘ (ਆਈ. ਏ. ਐਸ., ਸੇਵਾ ਮੁਕਤ), ਐਚ ਐਸ. ਢਿੱਲੋਂ (ਆਈ. ਪੀ. ਐਸ. ਸੇਵਾ ਮੁਕਤ), ਗੁਰਜੀਤ ਸਿੰਘ ਲਹਿਲ ਅਤੇ ਸਵਿੰਦਰ ਸਿੰਘ ਸਿੱਧੂ ਆਦਿ ਹਾਜ਼ਰ ਸਨ।
ਨੋਟ : ਪੰਜਾਬ ਸਰਕਾਰ ਵੱਲੋਂ ਪਰਵਾਸੀ ਪੰਜਾਬੀਆਂ ਨੂੰ ਦਿੱਤੀ ਗਈ ਰਾਹਤ ਬਾਰੇ ਦਿਓ ਆਪਣੀ ਰਾਏ


author

Babita

Content Editor

Related News