ਪੰਜਾਬ 'ਚ ਫ਼ਸੇ ਐੱਨ.ਆਰ.ਆਈ ਨੇ ਗੁਰਦੁਆਰਾ ਸਾਹਿਬ 'ਚ ਕੀਤੀ ਖ਼ੁਦਕੁਸ਼ੀ

06/24/2020 11:17:09 PM

ਗੋਰਾਇਆ (ਮੁਨੀਸ਼)— ਕੋਰੋਨਾ ਲਾਗ ਦੀ ਬੀਮਾਰੀ ਕਾਰਨ ਹੋਈ ਤਾਲਾਬੰਦੀ ਦੌਰਾਨ ਵਿਦੇਸ਼ਾਂ ਤੋਂ ਆਉਣ-ਜਾਣ ਵਾਲੇ ਐੱਨ. ਆਰ. ਆਈ. ਕੋਈ ਇੰਡੀਆ 'ਚ ਅਤੇ ਕੋਈ ਵਿਦੇਸ਼ 'ਚ ਹੀ ਫ਼ਸ ਗਏ ਹਨ। ਇਸੇ ਕਾਰਨ ਕਈ ਲੋਕ ਤਣਾਅ ਦਾ ਵੀ ਸ਼ਿਕਾਰ ਹੋ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਰਹੇ ਹਨ। ਇਸੇ ਤਰ੍ਹਾਂ ਦਾ ਇਕ ਮਾਮਲਾ ਗੋਰਾਇਆ 'ਚੋਂ ਸਾਹਮਣੇ ਆਇਆ ਹੈ, ਜਿੱਥੇ ਇਕ ਐੱਨ.ਆਰ.ਆਈ. ਨੇ ਗੁਰਦੁਆਰਾ ਸਾਹਿਬ 'ਚ ਖ਼ੁਦਕੁਸ਼ੀ ਕਰ ਲਈ।

ਪਿੰਡ ਰੁੜਕਾ ਖੁਰਦ ਦਾ ਇਸ ਦੀ ਜਾਣਕਾਰੀ ਦਿੰਦੇ ਹੋਏ ਏ. ਐੱਸ. ਆਈ. ਦਲਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਪਿੰਡ ਦੇ ਗੁਰੂ ਘਰ 'ਚ ਇਕ ਬਜ਼ੁਰਗ ਦੀ ਲਾਸ਼ ਨਿਸ਼ਾਨ ਸਾਹਿਬ ਦੇ ਨਾਲ ਚਰਖੜੇ ਨਾਲ ਲਟਕ ਰਹੀ ਹੈ। ਜਿੱਥੇ ਜਾ ਕੇ ਤਫ਼ਤੀਸ਼ ਕਰਨ 'ਤੇ ਸਾਹਮਣੇ ਆਇਆ ਕਿ ਉਕਤ ਲਾਸ਼ 89 ਸਾਲਾ ਕੈਨੇਡਾ ਤੋਂ ਆਏ ਐੱਨ. ਆਰ. ਆਈ. ਸੋਹਣ ਸਿੰਘ ਪੁੱਤਰ ਪੂਰਨ ਸਿੰਘ ਦੀ ਹੈ। ਸੋਹਣ ਸਿੰਘ ਹਰ ਸਾਲ ਆਪਣੇ ਪਿੰਡ ਆਉਂਦਾ ਸੀ। ਇਸ ਦੇ ਤਿੰਨ ਲੜਕੇ ਹਨ, ਜੋ ਕੈਨੇਡਾ 'ਚ ਹਨ ਅਤੇ ਇਕ ਬੇਟੀ ਹੈ, ਜੋ ਅਮਰੀਕਾ 'ਚ ਰਹਿੰਦੀ ਹੈ।

ਦਸੰਬਰ 'ਚ ਸੋਹਣ ਸਿੰਘ ਆਪਣੇ ਪਿੰਡ ਆਇਆ ਸੀ, ਜੋ ਪਿੰਡ 'ਚ ਇਕੱਲਾ ਹੀ ਰਹਿੰਦਾ ਸੀ। ਉਕਤ ਵਿਅਕਤੀ ਦੀ ਅਪ੍ਰੈਲ 'ਚ ਕੈਨੇਡਾ ਦੀ ਵਾਪਸੀ ਸੀ ਪਰ ਕੋਰੋਨਾ ਕਾਰਨ ਲੱਗੀ ਤਾਲਾਬੰਦੀ ਕਾਰਨ ਉਹ ਇਥੇ ਹੀ ਰਹਿ ਗਿਆ ਸੀ। ਇਸ ਕਾਰਨ  ਦਿਮਾਗੀ ਤੌਰ 'ਤੇ ਪ੍ਰੇਸ਼ਾਨ ਸੀ। ਉਨ੍ਹਾਂ ਦੱਸਿਆ ਕਿ ਉਕਤ ਵਿਅਕਤੀ ਬੁੱਧਵਾਰ ਨੂੰ ਸਵੇਰੇ ਪਿੰਡ ਦੇ ਗੁਰਦੁਆਰਾ ਸਾਹਿਬ ਮੱਥਾ ਟੇਕਣ ਗਿਆ ਅਤੇ ਉਥੇ ਨਿਸ਼ਾਨ ਸਾਹਿਬ ਦੇ ਨਾਲ ਚਰਖੜੇ ਨਾਲ ਪਰਨੇ ਨਾਲ ਫਾਹਾ ਲਗਾ ਕੇ ਖ਼ੁਦਕੁਸ਼ੀ ਕਰ ਲਈ। ਪੁਲਸ ਵੱਲੋਂ ਮੌਕੇ 'ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਸਿਵਲ ਹਸਪਤਾਲ ਫਿਲੌਰ ਵਿਖੇ ਪੋਸਟ ਮਾਰਟਮ ਕਰਵਾਉਣ ਮਗਰੋਂ 174 ਦੀ ਕਾਰਵਾਈ ਕਰਕੇ ਉਨ੍ਹਾਂ ਦੇ ਪਰਿਵਾਰਿਕ ਮੈਬਰਾਂ ਨੂੰ ਸੌਂਪ ਦਿੱਤੀ ਹੈ।


shivani attri

Content Editor

Related News