ਟੀਚਰਾਂ 'ਤੇ ਵਰ੍ਹੇਗੀ ਕੈਪਟਨ ਸਰਕਾਰ, ਹੁਣ ਕਈਆਂ ਦੀ ਹੋਵੇਗੀ ਛੁੱਟੀ!
Wednesday, Nov 14, 2018 - 08:57 AM (IST)

ਚੰਡੀਗੜ੍ਹ, (ਭੁੱਲਰ)— ਪੰਜਾਬ 'ਚ ਐੱਸ. ਐੱਸ. ਏ. ਤੇ ਰਮਸਾ ਅਧਿਆਪਕਾਂ ਵਲੋਂ ਮੁੱਖ ਮੰਤਰੀ ਦੇ ਸ਼ਹਿਰ ਪਟਿਆਲਾ ਤੇ ਹੋਰ ਜ਼ਿਲਿਆਂ 'ਚ ਕੀਤੇ ਜਾ ਰਹੇ ਅੰਦੋਲਨ ਨੂੰ ਜਿਥੇ ਇਕ ਪਾਸੇ 14 ਕਿਸਾਨ ਅਤੇ ਖੇਤ ਮਜ਼ਦੂਰ ਸੰਗਠਨਾਂ ਸਮੇਤ ਵਿਰੋਧੀ ਪਾਰਟੀਆਂ ਦਾ ਸਮਰਥਨ ਪ੍ਰਾਪਤ ਹੋ ਚੁੱਕਿਆ ਹੈ, ਉਥੇ ਹੀ ਦੂਜੇ ਪਾਸੇ ਕੈਪਟਨ ਸਰਕਾਰ ਦਾ ਰਵੱਈਆ ਵੀ ਹੁਣ ਅੰਦੋਲਨ ਪ੍ਰਤੀ ਸਖ਼ਤ ਹੋ ਗਿਆ ਹੈ।
ਸੈਂਕੜੇ ਅੰਦੋਲਨਕਾਰੀ ਅਧਿਆਪਕਾਂ ਦੇ ਦੂਰ-ਦਰਾਜ ਤਬਾਦਲਿਆਂ ਤੇ ਕੁੱਝ ਨੂੰ ਮੁਅੱਤਲ ਕੀਤੇ ਜਾਣ ਦੀ ਕਾਰਵਾਈ ਦਾ ਅਸਰ ਨਾ ਹੁੰਦਾ ਦੇਖ ਹੁਣ ਸਰਕਾਰ ਅੰਦੋਲਨ ਦੀ ਅਗਵਾਈ ਕਰ ਰਹੇ ਕੁੱਝ ਪ੍ਰਮੁੱਖ ਅਧਿਆਪਕ ਨੇਤਾਵਾਂ ਨੂੰ ਨੌਕਰੀ ਤੋਂ ਡਿਸਮਿਸ ਕਰਨ ਦੀ ਤਿਆਰੀ 'ਚ ਹੈ।ਇਸ ਸਬੰਧੀ ਪਹਿਲਾ ਨੋਟਿਸ ਐੱਸ. ਐੱਸ. ਏ. ਤੇ ਰਮਸਾ ਅਧਿਆਪਕ ਯੂਨੀਅਨ ਦੇ ਉਪ ਪ੍ਰਧਾਨ ਰਾਮ ਭਜਨ ਚੌਧਰੀ ਨੂੰ ਜਾਰੀ ਕੀਤਾ ਗਿਆ ਹੈ।
ਇਸ ਤੋਂ ਬਾਅਦ ਸਿਲਸਿਲੇਵਾਰ ਕੁੱਝ ਹੋਰ ਨੇਤਾਵਾਂ 'ਤੇ ਕਾਰਵਾਈ ਸ਼ੁਰੂ ਹੋਵੇਗੀ।ਰਾਮ ਭਜਨ ਕੋਲੋਂ ਸਿੱਖਿਆ ਵਿਭਾਗ ਪੰਜਾਬ ਦੇ ਡਾਇਰੈਕਟਰ ਜਨਰਲ ਪ੍ਰਸ਼ਾਂਤ ਗੋਇਲ ਨੇ ਜਾਰੀ ਨੋਟਿਸ ਤਹਿਤ 15 ਦਿਨ ਦੇ ਅੰਦਰ ਜਵਾਬ ਮੰਗਿਆ ਹੈ।ਨਿਰਧਾਰਤ ਸਮੇਂ 'ਚ ਜ਼ਿਲਾ ਸਿੱਖਿਆ ਅਧਿਕਾਰੀ ਸੈਕੰਡਰੀ ਜ਼ਿਲਾ ਹੁਸ਼ਿਆਰਪੁਰ ਦੇ ਜ਼ਰੀਏ ਜਵਾਬ ਪ੍ਰਾਪਤ ਨਾ ਹੋਣ 'ਤੇ ਇਕਤਰਫਾ ਕਾਰਵਾਈ ਕਰਕੇ ਸੇਵਾਵਾਂ ਖਤਮ ਕਰਨ ਦੀ ਗੱਲ ਕਹੀ ਗਈ ਹੈ।