ਟਮਾਟਰ ਤੇ ਆਲੂ ਪਿਆ ਨਰਮ, ਹੁਣ ਪਿਆਜ਼ ਦੀਆਂ ਕੀਮਤਾਂ ਨੇ ਫੜੀ ਤੇਜ਼ੀ

Friday, Aug 11, 2023 - 06:04 PM (IST)

ਟਮਾਟਰ ਤੇ ਆਲੂ ਪਿਆ ਨਰਮ, ਹੁਣ ਪਿਆਜ਼ ਦੀਆਂ ਕੀਮਤਾਂ ਨੇ ਫੜੀ ਤੇਜ਼ੀ

ਲੁਧਿਆਣਾ (ਖੁਰਾਣਾ) : ਪਿਛਲੇ ਲੰਬੇ ਸਮੇਂ ਤੋਂ ਕੀਮਤਾਂ ਦਾ ਦੋਹਰਾ ਸੈਂਕੜਾ ਜੜਨ ਤੋਂ ਬਾਅਦ ਹੁਣ ਜਿੱਥੇ ਟਮਾਟਰ ਦੇ ਤੇਵਰ ਨਰਮ ਪੈਣ ਲੱਗੇ ਹਨ, ਉੱਥੇ ਆਲੂ ਦੀਆਂ ਕੀਮਤਾਂ ਵੀ ਆਮ ਪਰਿਵਾਰਾਂ ਦੀ ਪਹੁੰਚ ’ਚ ਆਉਣ ਲੱਗੀਆਂ ਹਨ। ਸਿੱਧੇ ਲਫਜ਼ਾਂ ’ਚ ਕਿਹਾ ਜਾਵੇ ਤਾਂ ਬਾਰਿਸ਼ ਦੇ ਕਹਿਰ ਤੋਂ ਬਾਅਦ ਮਿਲੀ ਰਾਹਤ ਕਾਰਨ ਸਬਜ਼ੀਆਂ ਦੀ ਪੈਦਾਵਾਰ ’ਚ ਵੱਡਾ ਸੁਧਾਰ ਆਇਆ ਹੈ, ਜਿਸ ਕਾਰਨ ਨਾ ਸਿਰਫ ਮੰਡੀ ’ਚ ਸਬਜ਼ੀਆਂ ਦੀ ਆਮਦ ਨੇ ਜ਼ੋਰ ਫੜ ਲਿਆ ਹੈ, ਸਗੋਂ ਬਾਜ਼ਾਰ ਵਿਚ ਸਬਜ਼ੀਆਂ ਦੀ ਬਣੀ ਕਿੱਲਤ ਖਤਮ ਹੋਣ ਨਾਲ ਕੀਮਤਾਂ ਵੀ ਟੁੱਟ ਕੇ ਘੱਟ ਹੋ ਗਈਆਂ ਹਨ। ਇਸ ਦੌਰਾਨ ਪਿਆਜ਼ ਦੀਆਂ ਕੀਮਤਾਂ ਨੇ ਹੁਣ ਤੇਜ਼ੀ ਫੜਨੀ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਮੁਤਾਬਕ ਕਰੀਬ 13 ਤੋਂ 15 ਰੁਪਏ ਕਿਲੋ ਤੱਕ ਮਿਲਣ ਵਾਲਾ ਪਿਆਜ਼ ਹੁਣ 20 ਤੋਂ 22 ਰੁ. ਪ੍ਰਤੀ ਕਿਲੋ ’ਤੇ ਪੁੱਜ ਚੁੱਕਾ ਹੈ। ਕਾਰੋਬਾਰੀ ਮੁਤਾਬਕ ਆਉਣ ਵਾਲੇ ਦਿਨਾਂ ਵਿਚ ਪਿਆਜ਼ ਦੀ ਕੀਮਤ ਹੋਰ ਵੀ ਤੇਜ਼ ਹੋਣ ਦੀ ਸੰਭਾਵਨਾ ਹੈ। ਹੋਲਸੇਲ ਸਬਜ਼ੀ ਮੰਡੀ ਨਾਲ ਜੁੜੇ ਕਾਰੋਬਾਰੀਆਂ ਵੱਲੋ ਪੇਸ਼ ਕੀਤੇ ਤਾਜ਼ਾ ਅੰਕੜਿਆਂ ਦੀ ਗੱਲ ਕਰੀਏ ਤਾਂ ਮੰਡੀ ’ਚ ਟਮਾਟਰ ਦੀਆਂ ਕੀਮਤਾਂ 70 ਤੋਂ 100 ਰੁਪਏ ਤੱਕ ਰਿਕਾਰਡ ਕੀਤੀਆਂ ਗਈਆਂ, ਜਦੋਂਕਿ ਆਲੂ ਵੀ 6 ਤੋਂ 7 ਰੁਪਏ ਕਿਲੋ ਤੱਕ ਰਹਿ ਗਿਆ ਹੈ, ਜਦੋਂਕਿ ਇਸ ਤੋਂ ਪਹਿਲਾਂ ਲੋੜ ਤੋਂ ਜ਼ਿਆਦਾ ਲਾਲ ਹੋਏ ਟਮਾਟਰ ਨੇ 200 ਤੋਂ ਢਾਈ ਸੌ ਰੁ. ਕਿਲੋ ਦੀ ਛਾਲ ਮਾਰ ਕੇ ਹਰ ਵਰਗ ਨੂੰ ਮਹਿੰਗਾਈ ਦੀ ਭੱਠੀ ’ਚ ਝੋਕ ਦਿੱਤਾ ਸੀ।

ਇਹ ਵੀ ਪੜ੍ਹੋ : ਨਿਗਮ ਚੋਣਾਂ : ਨਵੇਂ ਸਿਰੇ ਤੋਂ ਵਾਰਡਬੰਦੀ ਦੌਰਾਨ ਰਿਜ਼ਰਵੇਸ਼ਨ ’ਚ ਬਦਲਾਅ ਕਰਨ ’ਤੇ ਉੱਠੇ ਸਵਾਲ

ਠੀਕ ਇਸੇ ਤਰ੍ਹਾਂ ਅਦਰਕ, ਨਿੰਬੂ, ਹਰੀ ਮਿਰਚ, ਤੋਰੀ, ਭਿੰਡੀ ਅਤੇ ਕਰੇਲਾ ਆਦਿ ਦੀਆਂ ਕੀਮਤਾਂ ਵੀ ਹੁਣ ਹੌਲੀ-ਹੌਲੀ ਪੱਟੜੀ ’ਤੇ ਵਾਪਸ ਮੁੜਨ ਲੱਗੀਆਂ ਹਨ, ਜੋ ਆਮ ਪਰਿਵਾਰਾਂ ਲਈ ਵੱਡੀ ਰਾਹਤ ਦੀ ਗੱਲ ਹੈ, ਜਿਸ ਨਾਲ ਨਾ ਸਿਰਫ ਲੋਕਾਂ ਨੂੰ ਅੱਗ ਉਗਲਦੀ ਮਹਿੰਗਾਈ ਤੋਂ ਨਿਜਾਤ ਮਿਲੇਗੀ, ਸਗੋਂ ਉਨ੍ਹਾਂ ਦੇ ਰਸੋਈ ਘਰ ਦਾ ਬਜਟ ਵੀ ਆਮ ਹਾਲਤ ’ਚ ਮੁੜ ਆਵੇਗਾ। ਕਾਰੋਬਾਰੀਆਂ ਨੇ ਦਾਅਵਾ ਕੀਤਾ ਹੈ ਕਿ ਮੰਡੀ ’ਚ ਸਬਜ਼ੀਆਂ ਦੀ ਆਮਦ ਚਾਹੇ ਹੀ ਪਹਿਲਾਂ ਦੇ ਮੁਕਾਬਲੇ ਕਈ ਗੁਣਾ ਵਧ ਗਈਆਂ ਹਨ ਪਰ ਮੌਜੂਦਾ ਸਮੇਂ ਦੌਰਾਨ ਖਰੀਦਦਾਰ ਸੁਸਤ ਪਿਆ ਹੋਇਆ ਹੈ, ਜਿਸ ਕਾਰਨ ਜ਼ਿਆਦਾਤਰ ਆੜ੍ਹਤੀਆਂ ਨੂੰ ਮਾਲ ਜਿਓਂ ਦੇ ਤਿਓਂ ਬਚਿਆ ਰਹਿਣ ਕਾਰਨ ਮਜਬੂਰਨ ਔਣੇ-ਪੌਣੇ ਰੇਟਾਂ ’ਤੇ ਵੇਚਣ ਪੈ ਰਿਹਾ ਹੈ।

ਸਬਜ਼ੀਆਂ ਦੀ ਕਿਸਮ ਹੋਲਸੇਲ ਕੀਮਤ ਬਾਜ਼ਾਰੀ ਕੀਮਤ
ਟਮਾਟਰ 70 ਤੋਂ 100 ਰੁ. 175 ਤੋਂ 200 ਰੁ. ਤੱਕ
 ਅਦਰਕ 80 ਤੋਂ 100 ਰੁ. 200 ਰੁ. ਤੱਕ
ਲਸਣ 90 ਤੋਂ 110 ਰੁ.  180 ਤੋਂ 200 ਰੁ. ਤੱਕ
ਮਟਰ  60 ਤੋਂ 80 ਰੁ. 120 ਤੋਂ 150 ਰੁ. ਤੱਕ
ਗੋਭੀ     35 ਤੋਂ 40 ਰੁ. 70 ਤੋਂ 90 ਰੁ. ਤੱਕ
ਸ਼ਿਮਲਾ ਮਿਰਚ 40 ਤੋਂ 50 ਰੁ.  80 ਤੋਂ 100 ਰੁ. ਤੱਕ
ਭਿੰਡੀ  20 ਤੋਂ 25 ਰੁ. 40 ਤੋਂ 60 ਰੁ. ਤੱਕ

ਇਹ ਵੀ ਪੜ੍ਹੋ : ਮਣੀਪੁਰ ਹਿੰਸਾ ਦੇ ਸ਼ਿਕਾਰ ਹੋਏ 5 ਬੱਚੇ 3 ਦਿਨ ਜੰਗਲ ’ਚ ਬਿਤਾਉਣ ਤੋਂ ਬਾਅਦ ਪਹੁੰਚੇ ਫਿਰੋਜ਼ਪੁਰ

‘ਜਗ ਬਾਣੀ’ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8
 
 


author

Anuradha

Content Editor

Related News