ਹੁਣ ਸਮਾਰਟ ਸਿਟੀ ਤੇ ਜਲੰਧਰ ਨਿਗਮ ’ਚ ਵੀ ਹੋਵੇਗੀ ਸੰਸਦ ਮੈਂਬਰ ਰਿੰਕੂ ਦੀ ਦਮਦਾਰ ਐਂਟਰੀ
Monday, May 15, 2023 - 03:58 PM (IST)
ਜਲੰਧਰ (ਖੁਰਾਣਾ)- ਆਮ ਆਦਮੀ ਪਾਰਟੀ ਦੇ ਉਮੀਦਵਾਰ ਦੇ ਰੂਪ ’ਚ ਲੋਕ ਸਭਾ ਮੈਂਬਰ ਦੀ ਚੋਣ ਜਿੱਤ ਕੇ ਸੁਸ਼ੀਲ ਰਿੰਕੂ ਨੇ ਜਲੰਧਰ ਦੀ ਸਿਆਸਤ ’ਚ ਤਹਿਲਕਾ ਮਚਾ ਹੀ ਦਿੱਤਾ ਹੈ ਪਰ ਹੁਣ ਰਿੰਕੂ ਦੀ ਬਤੌਰ ਸੰਸਦ ਮੈਂਬਰ ਸਮਾਰਟ ਸਿਟੀ ਅਤੇ ਜਲੰਧਰ ਨਗਰ ਨਿਗਮ ’ਚ ਦਮਦਾਰ ਐਂਟਰੀ ਹੋਵੇਗੀ, ਜਿਸ ਨੂੰ ਲੈ ਕੇ ਅਫ਼ਸਰਸ਼ਾਹੀ ’ਚ ਕਈ ਤਰ੍ਹਾਂ ਦੀਆਂ ਚਰਚਾਵਾਂ ਚੱਲ ਰਹੀਆਂ ਹਨ। ਆਮ ਆਦਮੀ ਪਾਰਟੀ ਨੂੰ ਪੰਜਾਬ ਦੀ ਸੱਤਾ ਸੰਭਾਲੇ ਹੋਏ ਲਗਭਗ 14 ਮਹੀਨੇ ਹੋ ਚੁੱਕੇ ਹਨ। ਇਸ ਦੌਰਾਨ ਇਸ ਪਾਰਟੀ ਨੇ ਪੰਜਾਬ ਲਈ ਤਾਂ ਕਈ ਅਹਿਮ ਫ਼ੈਸਲੇ ਲਏ ਪਰ ਜਲੰਧਰ ਨਿਗਮ ਦੀ ਗੱਲ ਕਰੀਏ ਤਾਂ ਇਥੇ ‘ਆਪ’ ਦਾ ਕੋਈ ਦਬਦਬਾ ਹੁਣ ਤਕ ਨਹੀਂ ਦਿਖਿਆ। ਹੁਣ ਮੰਨਿਆ ਜਾ ਰਿਹਾ ਹੈ ਕਿ ਜੇਕਰ ਸੁਸ਼ੀਲ ਰਿੰਕੂ ਨੇ ਬਤੌਰ ਸੰਸਦ ਮੈਂਬਰ ਜਲੰਧਰ ਨਿਗਮ ਦੇ ਕੰਮਕਾਜ ’ਚ ਸਿੱਧਾ ਦਖ਼ਲਅੰਦਾਜ਼ ਕੀਤਾ ਤਾਂ ਨਗਰ ਨਿਗਮ ਦੀ ਵਰਕਿੰਗ ’ਚ ਸੁਧਾਰ ਆ ਸਕਦਾ ਹੈ।
ਇਹ ਵੀ ਪੜ੍ਹੋ - ਇਲਾਜ ਨਾ ਹੋਣ ਕਾਰਨ ਨੌਜਵਾਨ ਦੀ ਮੌਤ, ਧਰਨੇ ਦੌਰਾਨ ਹਲਕਾ ਵਿਧਾਇਕ ਤੇ ਸਾਬਕਾ CM ਚੰਨੀ ਵਿਚਾਲੇ ਤੂੰ-ਤੂੰ, ਮੈਂ-ਮੈਂ
ਸਮਾਰਟ ਸਿਟੀ ਅਤੇ ਨਿਗਮ ਤੋਂ ਚੰਗੀ ਤਰ੍ਹਾਂ ਵਾਕਿਫ ਹਨ ਸੁਸ਼ੀਲ ਰਿੰਕੂ
ਦੇਸ਼ ਦੀ ਸਰਵਉੱਚ ਲੋਕਤੰਤਰਿਕ ਸੰਸਥਾ ਲੋਕ ਸਭਾ ’ਚ ਪਹੁੰਚੇ ਸੁਸ਼ੀਲ ਰਿੰਕੂ ਆਪਣੇ ਸਿਆਸੀ ਕਰੀਅਰ ਦੌਰਾਨ ਜਲੰਧਰ ਨਿਗਮ ਅਤੇ ਜਲੰਧਰ ਸਮਾਰਟ ਸਿਟੀ ਦੀ ਵਰਕਿੰਗ ਨਾਲ ਚੰਗੀ ਤਰ੍ਹਾਂ ਵਾਕਿਫ ਹੈ। ਉਹ ਦੋ ਵਾਰ ਖ਼ੁਦ ਕੌਂਸਲਰ ਰਹੇ ਅਤੇ ਇਕ ਵਾਰ ਉਨ੍ਹਾਂ ਦੀ ਧਰਮ ਪਤਨੀ ਡਾ. ਸੁਨੀਤਾ ਰਿੰਕੂ ਨੇ ਕੌਂਸਲਰ ਦਾ ਕਾਰਜਕਾਲ ਪੂਰਾ ਕੀਤਾ। ਰਿੰਕੂ ਦੇ ਪਿਤਾ ਵੀ ਸ਼ਹਿਰ ਦੇ ਮੰਨੇ-ਪ੍ਰਮੰਨੇ ਕੌਂਸਲਰ ਰਹੇ ਹਨ। ਕਾਂਗਰਸੀ ਵਿਧਾਇਕ ਬਣਨ ਤੋਂ ਬਾਅਦ ਵੀ ਸੁਸ਼ੀਲ ਰਿੰਕੂ ਨੇ ਜਲੰਧਰ ਨਿਗਮ ਅਤੇ ਜਲੰਧਰ ਸਮਾਰਟ ਸਿਟੀ ’ਚ ਪੂਰਾ ਦਖ਼ਲਅੰਦਾਜ਼ੀ ਰੱਖੀ। ਇਹ ਵੱਖਰੀ ਗੱਲ ਹੈ ਕਿ ਕਾਂਗਰਸੀ ਸਰਕਾਰ ਦੌਰਾਨ ਜਲੰਧਰ ਸਮਾਰਟ ਸਿਟੀ ਦੀ ਅਫ਼ਸਰਸ਼ਾਹੀ ਨੂੰ ਸ਼ਹਿਰ ਦੇ ਹੀ ਇਕ ਵਿਧਾਇਕ ਦਾ ਖੁੱਲ੍ਹਮ-ਖੁੱਲ੍ਹਾ ਸਰਪ੍ਰਸਤ ਪ੍ਰਾਪਤ ਸੀ, ਜਿਸ ਕਾਰਨ ਬਾਕੀ ਵਿਧਾਇਕਾਂ ਦੀ ਕੋਈ ਸੁਣਵਾਈ ਨਹੀਂ ਹੋਈ। ਜਲੰਧਰ ਨਿਗਮ ’ਚ ਵੀ ਉਸੇ ਅਫ਼ਸਰਸ਼ਾਹੀ ਕਾਰਨ ਜ਼ਿਆਦਾਤਰ ਕੰਮ ਇਕ ਵਿਧਾਇਕ ਦੇ ਖੇਤਰ ’ਚ ਹੀ ਹੋਏ। ਹੁਣ ਸੁਸ਼ੀਲ ਰਿੰਕੂ ਨੂੰ ਜਲੰਧਰ ਨਿਗਮ ਦੇ ਨਾਲ-ਨਾਲ ਸਮਾਰਟ ਸਿਟੀ ਦੀ ਅਫ਼ਸਰਸ਼ਾਹੀ ਨਾਲ ਵੀ ਨਜਿੱਠਣਾ ਹੋਵੇਗਾ।
ਦਿੱਲੀ ਅਤੇ ਚੰਡੀਗੜ੍ਹ ਤੋਂ ਸਿੱਧੇ ਸੰਪਰਕ ਦਾ ਮਿਲੇਗਾ ਫਾਇਦਾ
ਇਸ ਜ਼ਿਮਨੀ ਚੋਣ ਦੌਰਾਨ ਸੁਸ਼ੀਲ ਰਿੰਕੂ ਦੀ ਪਿੱਠ ’ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਪੂਰਾ ਪੂਰਾ ਹੱਥ ਰਿਹਾ। ਸ਼ਹਿਰ ਦੇ ਲੱਖਾਂ ਲੋਕਾਂ ਨੇ ਵੇਖਿਆ ਕਿ ਰਿੰਕੂ ਦੇ ਪ੍ਰਚਾਰ ਲਈ ਕੇਜਰੀਵਾਲ ਅਤੇ ਭਗਵੰਤ ਮਾਨ ਕਈ ਵਾਰ ਸ਼ਹਿਰ ਆਏ ਤੇ ਉਨ੍ਹਾਂ ਨੇ ਪ੍ਰਚਾਰ-ਪ੍ਰਸਾਰ ’ਚ ਕੋਈ ਕਸਰ ਨਹੀਂ ਛੱਡੀ। ਰਿੰਕੂ ਨੇ ਵੀ ਦੋਵਾਂ ਨੇਤਾਵਾਂ ਦੇ ਭਰੋਸੇ ’ਤੇ ਖਰ੍ਹਾ ਉਤਰ ਕੇ ਦਿਖਾਇਆ। ਹੁਣ ਦਿੱਲੀ ਅਤੇ ਚੰਡੀਗੜ੍ਹ ਤੋਂ ਸਿੱਧੇ ਸੰਪਰਕ ਦਾ ਫਾਇਦਾ ਸੁਸ਼ੀਲ ਰਿੰਕੂ ਨੂੰ ਸ਼ਹਿਰ ਦੀ ਸਿਆਸਤ ਦੌਰਾਨ ਮਿਲੇਗਾ। ਹੁਣ ਉਨ੍ਹਾਂ ਦਾ ਕੱਦ ਨਾ ਸਿਰਫ ਵਿਧਾਇਕਾਂ ਤੋਂ ਕਿਤੇ ਉੱਚਾ ਹੈ ਸਗੋਂ ‘ਆਪ’ ’ਚ ਵੀ ਉਨ੍ਹਾਂ ਦੀ ਪਹੁੰਚ ਕਾਫ਼ੀ ਦਮਦਾਰ ਹੋ ਗਈ ਹੈ। ਅਜਿਹੇ ’ਚ ਜਲੰਧਰ ਸ਼ਹਿਰ ਨੂੰ ਵਿਕਾਸ ਅਤੇ ਵੱਡੇ ਪ੍ਰਾਜੈਕਟਾਂ ਦੇ ਮਾਮਲੇ ’ਚ ਕਾਫ਼ੀ ਫਾਇਦਾ ਪਹੁੰਚ ਸਕਦਾ ਹੈ।
ਇਹ ਵੀ ਪੜ੍ਹੋ - ਡੇਰਾਬੱਸੀ ਵਿਖੇ ਵਿਦਿਆਰਥਣ ਨੇ ਕਾਲਜ ਦੇ ਹੋਸਟਲ 'ਚ ਕੀਤੀ ਖ਼ੁਦਕੁਸ਼ੀ, ਸੁਸਾਈਡ ਨੋਟ 'ਚ ਕੀਤਾ ਹੈਰਾਨੀਜਨਕ ਖ਼ੁਲਾਸਾ
ਪੰਜਾਬ ਅਤੇ ਦੇਸ਼ ਦੁਨੀਆਂ ਦੀਆਂ ਖ਼ਬਰਾਂ ਟੈਲੀਗ੍ਰਾਮ ’ਤੇ ਵੀ ਪੜ੍ਹਨ ਲਈ ਇਸ ਲਿੰਕ ’ਤੇ ਕਲਿੱਕ ਕਰੋ https://t.me/onlinejagbani
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ