ਹੁਣ ਕੇਸਰੀ ਤੇ ਨੀਲੀਆਂ ਦਸਤਾਰਾਂ ''ਚ ਨਜ਼ਰ ਆਉਣਗੇ ਅਕਾਲੀ

Wednesday, Jan 17, 2018 - 08:10 AM (IST)

ਚੰਡੀਗੜ੍ਹ, ਨਵੀਂ ਦਿੱਲੀ (ਜ.ਬ.) -  ਕੁਝ ਦਿਨਾਂ ਬਾਅਦ ਸਭ ਅਕਾਲੀ ਨੇਤਾ ਕੇਸਰੀ ਜਾਂ ਨੀਲੇ ਰੰਗ ਦੀ ਦਸਤਾਰ 'ਚ ਨਜ਼ਰ ਆਉਣਗੇ। ਇਸ ਸਬੰਧੀ ਫੈਸਲਾ ਲਿਆ ਗਿਆ ਹੈ। ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ ਸਭ ਅਕਾਲੀ ਨੇਤਾ ਜਾਂ ਉਹ ਵਿਅਕਤੀ ਜੋ ਖੁਦ ਨੂੰ ਅਕਾਲੀ ਮੰਨਦੇ ਹਨ, ਹੁਣ ਕੇਸਰੀ ਜਾਂ ਨੀਲੀ ਦਸਤਾਰ ਹੀ ਸਜਾਉਣਗੇ। ਅਸਲ 'ਚ ਇਹ ਫੈਸਲਾ ਸੁਖਬੀਰ ਸਿੰਘ ਬਾਦਲ ਨੇ ਚੰਡੀਗੜ੍ਹ 'ਚ ਕੋਰ ਕਮੇਟੀ ਦੀ ਹੋਈ ਬੈਠਕ 'ਚ ਲਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਅਕਾਲੀ ਗੁਰੂ ਨੂੰ ਮੰਨਣ ਅਤੇ ਉਨ੍ਹਾਂ ਦੇ ਰਾਹ 'ਤੇ ਚੱਲਣ ਵਾਲੇ ਹੁੰਦੇ ਹਨ ਪਰ ਪਿਛਲੇ ਕੁਝ ਸਮੇਂ 'ਚ ਦੇਖਿਆ ਗਿਆ ਹੈ ਕਿ ਅਜਿਹੇ ਲੋਕ ਆਪਣੀ ਦਾੜ੍ਹੀ ਤੇ ਕੇਸਾਂ ਨੂੰ ਕਤਲ ਕਰ ਰਹੇ ਹਨ। ਮਨਪਸੰਦ ਦੇ ਫੈਸ਼ਨ ਅਪਣਾ ਰਹੇ ਹਨ। ਇਸ ਦੇ ਬਾਵਜੂਦ ਉਹ ਆਪਣੇ ਆਪ ਨੂੰ ਅਕਾਲੀ ਕਹਿੰਦੇ ਹਨ, ਇਹ ਗਲਤ ਹੈ। ਇਸੇ ਕਾਰਨ ਹੁਣ ਇਹ ਹੁਕਮ ਦਿੱਤਾ ਗਿਆ ਹੈ ਕਿ ਸਭ ਅਕਾਲੀ ਚਿੱਟਾ ਕੁੜਤਾ-ਪਜਾਮਾ ਪਾਉਣਗੇ ਤੇ ਕੇਸਰੀ ਜਾਂ ਨੀਲੀ ਦਸਤਾਰ ਸਜਾਉਣਗੇ। ਇਸ ਦੇ ਨਾਲ ਹੀ ਕੋਈ ਵੀ ਅਕਾਲੀ ਦਾੜ੍ਹੀ ਜਾਂ ਕੇਸ ਨੂੰ ਕਤਲ ਨਹੀਂ ਕਰਵਾਏਗਾ। ਜੇ ਉਹ ਇੰਝ ਕਰਦਾ ਹੈ ਤਾਂ ਉਸ ਨੂੰ ਖੁਦ ਨੂੰ ਅਕਾਲੀ ਕਹਿਣ ਦਾ ਕੋਈ ਹੱਕ ਨਹੀਂ। ਕਾਇਦੇ ਵਿਚ ਦੇਖਿਆ ਜਾਏ ਤਾਂ ਨੀਲੀ ਦਸਤਾਰ ਹੀ ਅਕਾਲੀਆਂ ਦੀ ਪਛਾਣ ਹੈ। ਇਹ ਗੱਲ ਨਾ ਸਿਰਫ ਅਕਾਲੀ ਦਲ (ਬਾਦਲ) 'ਤੇ ਲਾਗੂ ਹੁੰਦੀ ਹੀ ਹੈ ਸਗੋਂ ਅਕਾਲੀ ਦਲ (ਦਿੱਲੀ) ਅਤੇ ਹੋਰਨਾਂ ਸਭ ਪਾਰਟੀਆਂ ਜੋ ਅਕਾਲੀਆਂ ਨਾਲ ਸਬੰਧਤ ਹਨ, 'ਤੇ ਵੀ ਲਾਗੂ ਹੁੰਦੀ ਹੈ।
ਸੁਰੱਖਿਆ ਦੀ ਪਛਾਣ ਹੈ ਨੀਲੀ ਦਸਤਾਰ
ਗੁਰਦੁਆਰਾ ਕਮੇਟੀ ਦੇ ਲੀਗਲ ਸੈੱਲ ਦੇ ਚੇਅਰਮੈਨ ਜਸਵਿੰਦਰ ਸਿੰਘ ਜੌਲੀ ਨੇ ਦੱਸਿਆ ਕਿ ਜਦੋਂ ਅਕਾਲੀ ਦਲ ਦੀ ਸਥਾਪਨਾ ਹੋਈ ਸੀ ਤਾਂ ਸਭ ਨੀਲੀ ਦਸਤਾਰ ਸਜਾਉਂਦੇ ਸਨ ਕਿਉਂਕਿ ਨੀਲੀ ਪਗੜੀ ਸੁਰੱਖਿਆ ਦੀ ਪਛਾਣ ਸੀ। ਨੀਲੀ ਪਗੜੀ 'ਚ ਖੜ੍ਹੇ ਸਿੱਖ ਨੂੰ ਦੇਖ ਕੇ ਲੋਕਾਂ ਨੂੰ ਪਤਾ ਲਗ ਜਾਂਦਾ ਸੀ ਕਿ ਇਹ ਅਕਾਲੀ ਹੈ ਅਤੇ ਇਸ ਦੇ ਹੁੰਦਿਆਂ ਕਿਸੇ ਨੂੰ ਡਰਨ ਦੀ ਲੋੜ ਨਹੀਂ ਹੈ। ਅਕਾਲੀ ਹੀ ਮਦਦ ਲਈ ਹਮੇਸ਼ਾ ਅੱਗੇ ਆਉਂਦੇ ਸਨ।
ਹੌਲੀ-ਹੌਲੀ ਬਦਲ ਗਈਆਂ ਰਵਾਇਤਾਂ
ਅਕਾਲੀ ਦਲ ਦੀ ਸਥਾਪਨਾ ਸਮੇਂ ਭਾਵੇਂ ਸਭ ਅਕਾਲੀ ਨੀਲੀ ਪਗੜੀ ਪਹਿਨਦੇ ਸਨ ਪਰ ਹੌਲੀ-ਹੌਲੀ ਇਹ ਰਵਾਇਤ ਬਦਲਣ ਲੱਗੀ। ਅਕਾਲੀਆਂ ਨੇ ਵੱਖ-ਵੱਖ ਰੰਗਾਂ ਦੀਆਂ ਦਸਤਾਰਾਂ ਸਜਾਉਣੀਆਂ ਸ਼ੁਰੂ ਕਰ ਦਿੱਤੀਆਂ। ਕੋਰ ਕਮੇਟੀ ਦੀ ਬੈਠਕ 'ਚ ਸੁਖਬੀਰ ਨੇ ਕਿਹਾ ਕਿ ਅਕਾਲੀ ਦਲ ਵਿਚ ਉਨ੍ਹਾਂ ਨੂੰ ਹੀ ਭਰਤੀ ਕੀਤਾ ਜਾਵੇਗਾ, ਜੋ ਉਕਤ ਨਿਯਮਾਂ ਦੀ ਪਾਲਣਾ ਕਰਨਗੇ।


Related News