ਅਧਿਆਪਕਾਂ ਸਾੜੀਆਂ ਬ੍ਰਿਜ ਕੋਰਸ ਦੇ ਨੋਟੀਫਿਕੇਸ਼ਨ ਦੀਆਂ ਕਾਪੀਆਂ

Wednesday, Jan 03, 2018 - 10:08 AM (IST)

ਅਧਿਆਪਕਾਂ ਸਾੜੀਆਂ ਬ੍ਰਿਜ ਕੋਰਸ ਦੇ ਨੋਟੀਫਿਕੇਸ਼ਨ ਦੀਆਂ ਕਾਪੀਆਂ


ਬਰਗਾੜੀ (ਕੁਲਦੀਪ) - ਬੀ. ਐੱਡ ਅਧਿਆਪਕਾਂ ਵੱਲੋਂ ਬ੍ਰਿਜ ਕੋਰਸ, ਜੋ ਕਿ ਸਰਕਾਰ ਨੇ ਬੇਲੋੜਾ ਬੋਝ ਪਾਇਆ ਹੈ, ਇਸ ਨੋਟੀਫਿਕੇਸ਼ਨ ਦੀਆਂ ਕਾਪੀਆਂ ਬਾਜਾਖਾਨਾ ਵਿਖੇ ਅੱਜ ਬੀ. ਐੱਡ ਅਧਿਆਪਕ ਫਰੰਟ ਪੰਜਾਬ ਜ਼ਿਲਾ ਫਰੀਦਕੋਟ ਦੇ ਬਲਾਕ ਜੈਤੋ ਦੇ ਅਧਿਆਪਕਾਂ ਵੱਲੋਂ ਸਾੜੀਆਂ ਗਈਆਂ ਅਤੇ ਪੰਜਾਬ ਸਰਕਾਰ ਖਿਲਾਫ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ। ਐੱਸ. ਸੀ. ਈ. ਆਰ. ਟੀ. ਪੰਜਾਬ ਵੱਲੋਂ ਪੱਤਰ ਜਾਰੀ ਕਰ ਕੇ 3 ਸਤੰਬਰ, 2001 ਤੋਂ ਬਾਅਦ ਨੌਕਰੀ 'ਚ ਆਏ ਬੀ. ਐੱਡ ਅਧਿਆਪਕ, ਜੋ ਪਹਿਲੀ ਤੋਂ ਪੰਜਵੀਂ ਜਮਾਤ ਨੂੰ ਪੜ੍ਹਾ ਰਹੇ ਹਨ, ਦੇ ਲਈ 6 ਮਹੀਨਿਆਂ ਦਾ ਬ੍ਰਿਜ ਕੋਰਸ ਲਾਜ਼ਮੀ ਕਰਨ ਦਾ ਨਾਦਰਸ਼ਾਹੀ ਫਰਮਾਨ ਜਾਰੀ ਕੀਤਾ ਗਿਆ ਹੈ, ਜਿਸ ਦੀ ਬੀ. ਐੱਡ ਅਧਿਆਪਕ ਫਰੰਟ ਪੰਜਾਬ ਸਖ਼ਤ ਸ਼ਬਦਾਂ 'ਚ ਨਿੰਦਾ ਕੀਤੀ। 
ਬੀ. ਐੱਡ ਅਧਿਆਪਕ ਫਰੰਟ ਦੀ ਪੰਜਾਬ ਪੱਧਰੀ ਲੀਡਰਸ਼ਿਪ ਨੇ ਇਕਮੱਤ ਹੁੰਦਿਆਂ ਕਿਹਾ ਕਿ ਨਵੇਂ ਹੁਕਮਾਂ 'ਚ ਪੰਜਾਬ ਦੇ ਸਰਕਾਰੀ ਸਕੂਲਾਂ 'ਚ ਪ੍ਰਾਇਮਰੀ ਜਮਾਤਾਂ 'ਚ ਪੜ੍ਹਾ ਰਹੇ ਅਧਿਆਪਕ, ਜੋ ਸਾਲ 2001 ਤੋਂ ਬਾਅਦ ਭਰਤੀ ਹੋਏ ਹਨ, ਉਨ੍ਹਾਂ ਲਈ 6 ਮਹੀਨਿਆਂ ਦਾ ਬ੍ਰਿਜ ਕੋਰਸ ਕਰਨਾ ਲਾਜ਼ਮੀ ਹੈ। 31 ਦਸੰਬਰ, 2017 ਤੱਕ ਇਸ ਦੀ ਵੈਰੀਫਿਕੇਸ਼ਨ ਲਈ ਰਜਿਸਟਰੇਸ਼ਨ ਕਰਵਾਉਣ ਦੀਆਂ ਹਦਾਇਤਾਂ ਵੀ ਜਾਰੀ ਹੋਈਆਂ ਹਨ ਅਤੇ ਵਿਭਾਗ ਵੱਲੋਂ ਇਸ ਕੋਰਸ ਦੀ ਫੀਸ 5000 ਰੁਪਏ ਭਰਨ ਲਈ ਕਿਹਾ ਗਿਆ ਹੈ, ਜੋ ਕਿ ਬਿਲਕੁਲ ਗਲਤ ਹੈ।
ਉਨ੍ਹਾਂ ਕਿਹਾ ਕਿ ਅਧਿਆਪਕ ਪਹਿਲਾਂ ਹੀ 10 ਸਾਲ ਤੋਂ ਬੱਚਿਆਂ ਨੂੰ ਪੜ੍ਹਾਉਣ ਦਾ ਤਜਰਬਾ ਰੱਖਦੇ ਹਨ। ਸਰਕਾਰ ਇਹ ਮਾਰੂ ਪੱਤਰ ਤੁਰੰਤ ਵਾਪਸ ਲਵੇ, ਨਹੀਂ ਤਾਂ ਅਧਿਆਪਕਾਂ ਨੂੰ ਸਰਕਾਰ ਅਤੇ ਵਿਭਾਗ ਖਿਲਾਫ ਤਿੱਖਾ ਸੰਘਰਸ਼ ਕਰਨਾ ਪਵੇਗਾ। ਇਸ ਸਮੇਂ ਕਰਨਵੀਰ ਸਿੰਘ, ਸੁਖਮੰਦਰ ਸਿੰਘ, ਗੁਰਮਿੰਦਰ ਸਿੰਘ, ਕੁਲਵੰਤ ਸਿੰਘ ਆਦਿ ਮੌਜੂਦ ਸਨ।


Related News