ਸਰਕਾਰ ਵੱਲੋਂ ਸਵਾਰੀਆਂ ਦੀ ਖੁੱਲ ਦੇਣ ਦੇ ਬਾਵਜੂਦ ਨਹੀਂ ਸੁਧਰੀ PRTC ਦੀ ਹਾਲਤ

07/04/2020 8:46:30 PM

ਸੁਲਤਾਨਪੁਰ ਲੋਧੀ, (ਧੀਰ)- ਕੈਪਟਨ ਸਰਕਾਰ ਵੱਲੋਂ ਸਰਕਾਰੀ ਬੱਸਾਂ ’ਚ 50 ਫੀਸਦੀ ਸਵਾਰੀਆਂ ਬੈਠਾਉਣ ਦੀ ਸ਼ਰਤ ਹਟਾਉਣ ਦੇ ਬਾਵਜੂਦ ਵੀ ਪੀ. ਆਰ. ਟੀ. ਸੀ. ਬੱਸ ਸੇਵਾ ਸਰਕਾਰ ਲਈ ਘਾਟੇ ਦਾ ਹੀ ਸਬਬ ਬਣੀ ਹੋਈ ਹੈ। ਘਾਟੇ ਨੂੰ ਪੂਰਾ ਕਰਨ ਦੇ ਮਨੋਰਥ ਨਾਲ ਭਾਵੇਂ ਸਰਕਾਰ ਨੇ ਬੱਸਾਂ ਦੇ ਕਿਰਾਏ ’ਚ ਵੀ ਵਾਧਾ ਕਰ ਦਿੱਤਾ ਹੈ ਪਰ ਫਿਰ ਵੀ ਪੀ. ਆਰ. ਟੀ. ਸੀ. ਦੀ ਹਾਲਤ ’ਚ ਕੋਈ ਜ਼ਿਆਦਾ ਫਰਕ ਨਹੀਂ ਪੈਣ ’ਤੇ ਅਧਿਕਾਰੀ ਚਿੰਤਿਤ ਹਨ। ਮੌਜੂਦਾ ਸਮੇਂ ਡੀਜ਼ਲ ਦੀਆਂ ਕੀਮਤਾਂ ’ਚੇ ਹੋਏ ਭਾਰੀ ਵਾਧੇ ਨੇ ਪੀ. ਆਰ. ਟੀ. ਸੀ. ਦੀ ਹਾਲਤ ਹੋਰ ਖਸਤਾ ਤੇ ਪਤਲਾ ਕਰਨ ’ਚ ਕੋਈ ਕਸਰ ਨਹੀਂ ਰਹਿਣ ਦਿੱਤੀ ਹੈ। ਆਮਦਨ ਤਾਂ ਇੱਕ ਦੂਰ ਦੀ ਗੱਲ ਇਸ ਸਮੇਂ ਜੋ ਹਾਲਾਤ ਹਨ ਉਸ ਨਾਲ ਪੀ. ਆਰ. ਟੀ. ਸੀ. ਵੱਲੋਂ ਤੇਲ ਦਾ ਖਰਚਾ ਵੀ ਪੂਰਾ ਨਹੀਂ ਨਿਕਲ ਰਿਹਾ। ਦੂਜੇ ਪਾਸੇ ਆਮ ਲੋਕਾਂ ’ਚ ਕਿਰਾਇਆ ਵਧਣ ਕਾਰਨ ਸਰਕਾਰ ਦੇ ਪ੍ਰਤੀ ਰੋਸ ਵੀ ਵਧਦਾ ਜਾ ਰਿਹਾ ਹੈ।

ਗੌਰਤਲਬ ਹੈ ਕਿ ਦੇਸ਼ ਭਰ ’ਚ ਕੋਰੋਨਾ ਮਹਾਮਾਰੀ ਕਾਰਨ ਜਦੋਂ ਸੂਬੇ ’ਚ ਲਾਕਡਾਊਨ ਤੇ ਕਰਫਿਊ ਲਗਾਇਆ ਗਿਆ ਸੀ ਤਾਂ ਬੱਸਾਂ ਦਾ ਪਹੀਆ ਵੀ ਜਾਮ ਕਰ ਦਿੱਤਾ ਸੀ। ਸਰਕਾਰ ਵੱਲੋਂ ਲਾਕਡਾਊਨ ’ਚ ਹੌਲੀ-ਹੌਲੀ ਦਿੱਤੀ ਢਿੱਲ ਤੇ ਖੁੱਲ ਕਾਰਨ ਸਰਕਾਰ ਨੇ ਲੋਕਾਂ ਦੀ ਸਹੂਲਤ ਵਾਸਤੇ 20 ਮਈ ਤੋਂ 80 ਰੂਟਾਂ ’ਤੇ ਪੀ. ਆਰ. ਟੀ.ਸੀ. ਦੀ ਲਾਰੀ ਸ਼ੁਰੂ ਕੀਤੀ ਗਈ ਸੀ। ਇਸ ਤੋਂ ਬਾਅਦ ਸਮੇਂ ਦੇ ਅਨੁਕੂਲ਼ ਬੱਸਾਂ ’ਚ ਵਾਧਾ ਕੀਤਾ ਜਾ ਰਿਹਾ ਹੈ। ਕੁਝ ਸਮਾਂ ਪਹਿਲਾਂ ਪੀ. ਆਰ. ਟੀ. ਸੀ . ਦੀਆਂ 280 ਬੱਸਾਂ ਨੂੰ ਸਡ਼ਕਾਂ ’ਤੇ ਲਿਆਂਦਾ ਗਿਆ ਸੀ। ਮੌਜੂਦਾ ਸਮੇਂ ’ਚ ਪੀ. ਆਰ. ਟੀ. ਸੀ . ਦੀਆਂ ਸਿਰਫ 310 ਬੱਸਾਂ ਹੀ ਸਡ਼ਕਾਂ ’ਤੇ ਦੌਡ਼ ਰਹੀਆਂ ਹਨ ਜਦਕਿ ਪੂਰੇ ਸੂਬੇ ’ਚ ਪੀ. ਆਰ. ਟੀ. ਸੀ. ਦੀਆਂ ਕੁੱਲ ਬੱਸਾਂ ਦੀ ਗਿਣਤੀ 1120 ਤੋਂ ਵੱਧ ਹੈ। ਪੀ. ਆਰ. ਟੀ. ਸੀ. ਵੱਲੋਂ ਜਿਹਡ਼ੀਆਂ ਬੱਸਾਂ ਚਲਾਈਆਂ ਜਾ ਰਹੀਆਂ ਹਨ ਉਹ ਵਿਭਾਗ ਲਈ ਘਾਟੇ ਦਾ ਸੌਦਾ ਹੀ ਸਾਬਤ ਹੋ ਰਹੀਆਂ ਹਨ। ਸਰਕਾਰ ਵੱਲੋਂ ਸਵਾਰੀਆਂ ਨੂੰ ਬੱਸਾਂ ’ਚ ਵਧਾਉਣ ਦੇ ਬਾਵਜੂਦ ਬੱਸਾਂ ’ਚ ਸਵਾਰੀਆਂ ਬਹੁਤ ਘੱਟ ਦਿਖਾਈ ਦੇ ਰਹੀਆਂ ਹਨ।

ਦੱਸਣਯੋਗ ਹੈ ਕਿ ਕੋਰੋਨਾ ਕਾਲ ਤੋਂ ਪਹਿਲਾਂ ਪੀ. ਆਰ. ਟੀ. ਸੀ. ਦੀ ਰੋਜ਼ਾਨਾ ਆਮਦਨ 1 ਕਰੋਡ਼ 32 ਲੱਖ ਰੁਪਏ ਦੇ ਕਰੀਨ ਹੋ ਗਈ ਸੀ ਤੇ ਉਸਨੇ ਪ੍ਰਾਈਵੇਟ ਬੱਸ ਨੂੰ ਕਾਫੀ ਮਾਤ ਦੇ ਕੇ ਆਮਦਨ ਇਹ ਅੰਕਡ਼ਾ ਬਣਾ ਕੇ ਵਿਭਾਗ ਦੀ ਆਮਦਨ ’ਚ ਵੀ ਕਾਫੀ ਵਾਧਾ ਕੀਤਾ ਸੀ ਜੋ ਕਿ ਹੁਣ ਸਮੇਂ ਦੀ ਗੱਲ ਬਣਦੀ ਜਾ ਰਹੀ ਹੈ।

ਕੀ ਕਹਿਣੈ ਜੀ. ਐੱਮ. ਦਾ

ਇਸ ਸਬੰਧੀ ਜ਼ਿਲਾ ਕਪੂਰਥਲਾ ਬੱਸ ਡਿੱਪੂ ਦੇ ਪੀ. ਆਰ. ਟੀ. ਸੀ ਦੇ ਜੀ. ਐੱਮ. ਪ੍ਰਵੀਨ ਕੁਮਾਰ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਕਪੂਰਥਲਾ ਡੀਪੂ ਤੋਂ ਪਹਿਲਾਂ ਵੱਖ-ਵੱਖ ਰੂਟਾਂ ’ਤੇ 85 ਰੂਟ ਚੱਲ ਰਹੇ ਸਨ ਜਦਕਿ ਹੁਣ ਮੌਜੂਦਾ ਸਮੇਂ ’ਚ 40 ਰੂਟ ਹੀ ਸ਼ੁਰੂ ਕੀਤੇ ਗਏ ਸਨ। ਉਨ੍ਹਾਂ ਕਿਹਾ ਕਿ ਪਹਿਲਾਂ ਤਾਂ 50 ਫੀਸਦੀ ਸਵਾਰੀਆਂ ਕਾਰਨ ਲੋਕ ਬੱਸਾਂ ’ਚ ਬੈਠ ਨਹੀ ਰਹੇ ਸਨ ਪ੍ਰੰਤੂ ਹੁਣ ਸਰਕਾਰ ਵੱਲੋਂ ਦਿੱਤੀ ਛੋਟ ਦੇ ਬਾਵਜੂਦ ਕੁਝ ਰੂਟ ਕਾਫੀ ਘਾਟੇ ’ਚ ਚੱਲ ਰਹੇ ਹਨ। ਉਨ੍ਹਾਂ ਕਿਹਾ ਕਿ ਸਵਾਰੀਆਂ ਹਾਲੇ ਵੀ ਬੱਸਾਂ ’ਚ ਬੈਠਣ ਤੋਂ ਕੰਨੀ ਕੱਟ ਰਹੇ ਹਨ।

‘ਘਾਟੇ ’ਚ ਚੱਲ ਰਹੇ ਹਨ ਸੂਬੇ ਦੇ ਸਾਰੇ ਰੂਟ’

ਇਸ ਸਬੰਧੀ ਪੀ. ਆਰ. ਟੀ. ਸੀ. ਦੇ ਐੱਮ. ਡੀ. ਜਸਕਿਰਨ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਬੱਸਾਂ ’ਚ ਸਵਾਰੀਆਂ ਘੱਟ ਹੋਣ ਕਾਰਨ ਸੂਬੇ ’ਚ ਕਰੀਬ ਸਾਰੇ ਰੂਟਾਂ ’ਤੇ ਹੀ ਫਿਲਹਾਲ ਵਿਭਾਗ ਨੂੰ ਕੋਈ ਆਮਦਨ ਨਹੀਂ ਹੋ ਰਹੀ। ਉਨ੍ਹਾਂ ਕਿਹਾ ਕਿ ਆਮਦਨੀ ਤਾਂ ਦੂਰ ਦੀ ਗੱਲ ਫਿਲਹਾਲ ਤੇਲ ਖਰਚਾ ਵੀ ਕਈ ਰੂਟਾਂ ’ਤੇ ਪੂਰਾ ਨਹੀਂ ਉਤਰ ਰਿਹਾ। ਮੌਜੂਦਾ ਸਮੈਂ ’ਚ 310 ਬੱਸਾਂ ਹੀ ਚੱਲ ਰਹੀਆਂ ਹਨ ਤੇ ਸਮੇਂ-ਸਮੇਂ ’ਤੇ ਹਾਲਤ ਸੁਧਰਨ ’ਤੇ ਇਸ ’ਚ ਵਾਧਾ ਕੀਤਾ ਜਾਵੇਗਾ।


Bharat Thapa

Content Editor

Related News