ਹੈਲਮੇਟ ਨਾ ਪਾਇਆ ਤਾਂ ਦੋਪਹੀਆ ਵਾਹਨ ''ਚ ਨਹੀਂ ਪਵੇਗਾ ਪੈਟ੍ਰੋਲ
Wednesday, Aug 02, 2017 - 07:52 AM (IST)
ਪੰਚਕੂਲਾ/ਕਾਲਕਾ (ਚੰਦਨ/ਵਿਜੇ) - ਸ਼ਹਿਰ ਵਿਚ ਦੋਪਹੀਆ ਵਾਹਨ ਚਾਲਕਾਂ ਨੂੰ ਵਾਹਨ ਚਲਾਉਂਦੇ ਸਮੇਂ ਸਿਰ 'ਤੇ ਹੈਲਮੇਟ ਪਾਉਣ ਦਾ ਮਹੱਤਵ ਸਮਝਾਉਣ ਲਈ ਪੁਲਸ ਨੇ ਨਵਾਂ ਤਰੀਕਾ ਲੱਭਿਆ ਹੈ। ਮੰਗਲਵਾਰ ਨੂੰ ਏ. ਡੀ. ਜੀ. ਪੀ. ਲਾਅ ਐਂਡ ਆਰਡਰ ਵਲੋਂ ਇਹ ਹੁਕਮ ਜਾਰੀ ਕੀਤੇ ਗਏ ਹਨ ਕਿ ਪੁਲਸ ਸ਼ਹਿਰ ਦੇ ਪੈਟ੍ਰੋਲ ਪੰਪ ਮਾਲਕਾਂ ਦੇ ਸਹਿਯੋਗ ਨਾਲ ਇਹ ਮੁਹਿੰਮ ਚਲਾਏ ਤੇ ਜੋ ਵੀ ਦੋਪਹੀਆ ਵਾਹਨ ਚਾਲਕ ਬਿਨਾਂ ਹੈਲਮੇਟ ਦੇ ਪੰਪ 'ਤੇ ਪੈਟ੍ਰੋਲ ਭਰਵਾਉਣ ਆਉਂਦਾ ਹੈ, ਉਸਦੇ ਵਾਹਨ ਵਿਚ ਪੈਟ੍ਰੋਲ ਨਹੀਂ ਭਰਿਆ ਜਾਵੇਗਾ, ਜਿਸ 'ਤੇ ਉਸ ਨੂੰ ਯਾਦ ਰਹੇ ਕਿ ਹੈਲਮੇਟ ਪਾਉਣਾ ਜ਼ਰੂਰੀ ਹੈ। ਪੰਚਕੂਲਾ ਜ਼ਿਲਾ ਪੁਲਸ ਵੀ ਜਲਦੀ ਹੀ ਪੈਟ੍ਰੋਲ ਪੰਪ ਮਾਲਕਾਂ ਨਾਲ ਮੀਟਿੰਗ ਕਰਕੇ ਇਸ ਨੂੰ ਅਮਲੀ ਜਾਮਾ ਪਹਿਨਾਉਣ ਜਾ ਰਹੀ ਹੈ।
ਹਰਿਆਣਾ ਦੇ ਵੱਖ-ਵੱਖ ਜ਼ਿਲਿਆਂ ਦੇ ਪੁਲਸ ਮੁਖੀਆਂ ਨੂੰ ਭੇਜੇ ਗਏ ਹੁਕਮਾਂ ਵਿਚ ਸਪੱਸ਼ਟ ਕਿਹਾ ਗਿਆ ਹੈ ਕਿ ਸਿਰਸਾ ਪੁਲਸ ਨੇ ਆਪਣੇ ਪੱਧਰ 'ਤੇ ਪੈਟ੍ਰੋਲ ਪੰਪ ਮਾਲਕਾਂ ਦੇ ਸਹਿਯੋਗ ਨਾਲ ਮੁਹਿੰਮ ਚਲਾਈ ਸੀ, ਜਿਸ ਵਿਚ ਬਿਨਾਂ ਹੈਲਮੇਟ ਪੈਟ੍ਰੋਲ ਭਰਵਾਉਣ ਆਏ ਵਿਅਕਤੀ ਨੂੰ ਪੈਟ੍ਰੋਲ ਭਰਵਾਏ ਬਿਨਾਂ ਹੀ ਵਾਪਸ ਜਾਣਾ ਪੈਂਦਾ ਹੈ। ਇਸ ਮੁਹਿੰਮ ਨੂੰ ਚੰਗਾ ਹੁਗਾਰਾ ਮਿਲਿਆ ਹੈ, ਜਿਸ ਤੋਂ ਬਾਅਦ ਇਸ ਫਾਰਮੂਲੇ ਨੂੰ ਹੋਰ ਜ਼ਿਲਿਆਂ ਵਿਚ ਅਪਣਾਇਆ ਜਾਵੇਗਾ। ਹੁਕਮਾਂ ਅਨੁਸਾਰ ਆਉਣ ਵਾਲੀ 15 ਅਗਸਤ ਤਕ ਬਿਨਾਂ ਹੈਲਮੇਟ ਦੇ ਦੋਪਹੀਆ ਵਾਹਨ ਚਲਾਉਣ ਵਾਲੇ ਚਾਲਕਾਂ ਤੇ ਰਾਈਡਰ ਨੂੰ ਇਲਾਕੇ ਦੇ ਪੈਟ੍ਰੋਲ ਪੰਪ ਤੋਂ ਪੈਟ੍ਰੋਲ ਪਵਾਉਣਾ ਮੁਸ਼ਕਿਲ ਹੋਵੇਗਾ।
ਹੈਲਮੇਟ ਨਾ ਪਾਉਣ ਕਾਰਨ ਹਾਦਸਿਆਂ 'ਚ ਕਈ ਗੁਆ ਚੁੱਕੇ ਹਨ ਜਾਨਾਂ
ਹੈਲਮੇਟ ਨਾ ਪਾਉਣ ਕਾਰਨ ਕਾਫੀ ਗਿਣਤੀ ਵਿਚ ਦੋਪਹੀਆ ਵਾਹਨ ਚਾਲਕ ਆਪਣੀਆਂ ਜਾਨਾਂ ਗੁਆ ਚੁੱਕੇ ਹਨ, ਜਿਸ ਨੂੰ ਦੇਖਦਿਆਂ ਉੱਚ ਅਧਿਕਾਰੀਆਂ ਦੇ ਹੁਕਮਾਂ 'ਤੇ ਇਹ ਫੈਸਲਾ ਲਿਆ ਗਿਆ ਹੈ ਜੇਕਰ 15 ਅਗਸਤ ਤਕ ਕਿਸੇ ਵੀ ਪੈਟ੍ਰੋਲ ਪੰਪ 'ਤੇ ਬਿਨਾਂ ਹੈਲਮੇਟ ਪਾਇਆਂ ਕਿਸੇ ਵੀ ਦੋਪਹੀਆ ਵਾਹਨ ਚਾਲਕ ਦੇ ਵਾਹਨ ਵਿਚ ਪੈਟ੍ਰੋਲ ਪਾਇਆ ਗਿਆ ਤਾਂ ਉਸ ਪੈਟ੍ਰੋਲ ਪੰਪ ਖਿਲਾਫ ਸਖਤ ਕਾਰਵਾਈ ਹੋਵੇਗੀ। ਪੁਲਸ ਪੈਟ੍ਰੋਲ ਪੰਪਾਂ 'ਤੇ ਸੀ. ਸੀ. ਟੀ. ਵੀ. ਫੁਟੇਜ ਵੀ ਚੈੱਕ ਕਰੇਗੀ, ਉਥੇ ਹੀ ਜਿਸ ਪੈਟ੍ਰੋਲ ਪੰਪ 'ਤੇ ਸੀ. ਸੀ. ਟੀ. ਵੀ. ਕੈਮਰੇ ਨਹੀਂ ਲਾਏ ਗਏ ਹਨ, ਉਥੇ ਕੈਮਰੇ ਲਾਉਣ ਲਈ ਕਿਹਾ ਗਿਆ ਹੈ।
