ਲੁਟੇਰਿਆਂ ਦੀ ਗੋਲੀ ਕਾਰਣ ਇੱਕ ਅੱਖ ਗੁਆ ਚੁੱਕੇ ਨੌਜਵਾਨ ਦੀ ਕਿਸੇ ਨੇ ਨਹੀਂ ਲਈ ਸਾਰ, ਦੂਜੀ ਅੱਖ ਦੀ ਰੋਸ਼ਨੀ ਵੀ ਖਤਮ ਹੋਣ ਦੇ ਕੰਢੇ ਤੇ
Sunday, Jul 23, 2017 - 04:27 PM (IST)

ਫਰੀਦਕੋਟ - ਇੱਥੋਂ ਦੇ ਮੁਹੱਲਾ ਮਾਹੀਖਾਨਾ ਨਿਵਾਸੀ ਇਕ ਗਰੀਬ ਪਰਿਵਾਰ ਦੇ 24 ਸਾਲਾ ਲੜਕੇ ਅਤੇ ਉਸਦੇ ਇਕ ਹੋਰ ਸਾਥੀ 'ਤੇ ਲੁਟੇਰਿਆਂ ਵੱਲੋਂ ਗੋਲੀ ਚਲਾਉਣ 'ਤੇ ਇੱਕ ਅੱਖੋਂ ਨਕਾਰਾ ਹੋਏ ਨੌਜਵਾਨ ਦੀ ਇਕ ਸਾਲ ਬੀਤਣ ਤੋਂ ਬਾਅਦ ਵੀ ਕਿਸੇ ਨੇ ਸਾਰ ਨਹੀਂ ਲਈ ਜਦਕਿ ਇਹ ਪਰਿਵਾਰ ਨੌਜਵਾਨ ਦਾ ਰੁਜ਼ਗਾਰ ਚਲੇ ਜਾਣ ਕਾਰਣ ਦੋ ਵਕਤ ਦੀ ਰੋਟੀ ਤੋਂ ਵੀ ਮਹਿਰੂਮ ਹੋਣ ਕਿਨਾਰੇ ਹੈ।
ਜਾਣਕਾਰੀ ਦਿੰਦੀਆ ਨੌਜਵਾਨ ਪਰਮਿੰਦਰ ਕੁਮਾਰ (24) ਪੁੱਤਰ ਹੁਕਮ ਚੰਦ ਵਾਸੀ ਮੁਹੱਲਾ ਮਾਹੀਖਾਨਾ ਨੇ ਦੱਸਿਆ ਕਿ ਉਹ ਇਕ ਦਵਾਈਆਂ ਸਪਲਾਈ ਕਰਨ ਵਾਲੀ ਕੰਪਨੀ 'ਚ ਬਤੌਰ ਸੇਲਜ਼ਮੈਨ ਕੰਮ ਕਰਦਾ ਸੀ ਅਤੇ 11 ਜਨਵਰੀ 2016 ' ਦੇ ਦਿਨ ਉਹ ਆਪਣੇ ਇਕ ਸਾਥੀ ਸਮੇਤ ਪੈਸਿਆਂ ਦੀ ਕੁਲੈਕਸ਼ਨ ਕਰਕੇ ਕੋਟਕਪੂਰਾ ਤੋਂ ਫਰੀਦਕੋਟ ਵਿਖੇ ਮੋਟਰਸਾਈਕਲ ਰਾਂਹੀਂ ਆ ਰਹੇ ਸਨ ਤਾਂ ਪਿੱਛੋਂ ਕਾਰ 'ਤੇ ਆ ਰਹੇ ਲੁਟੇਰਿਆਂ ਨੇ ਬੈਗ ਖੋਹਣ ਦੀ ਨੀਯਤ ਨਾਲ ਫਾਇਰ ਕੀਤਾ ਜਿਸਦੇ ਕਾਰਣ ਉਸਦੀ ਸੱਜੀ ਅੱਖ ਵਾਲੇ ਪਾਸਿਓ ਖੂੰਨ ਚੱਲ ਪਿਆ। ਉਸਨੇ ਦੱਸਿਆ ਕਿ ਉਸਦੇ ਸਾਥੀ ਨੇ ਦਲੇਰੀ ਨਾਲ ਉਸਨੂੰ ਇੱਥੋਂ ਦੇ ਮੈਡੀਕਲ ਹਸਪਤਾਲ 'ਚ ਦਾਖਿਲ ਕਰਵਾਇਆ। ਉਸਨੇ ਦੱਸਿਆ ਕਿ ਉਸਦੀ ਜਾਨ ਬਚ ਗਈ ਪ੍ਰੰਤੂ ਇਸ ਦੌਰਾਨ ਉਸਦੀ ਇੱਕ ਸੱਜੀ ਅੱਖ ਚਲੀ ਗਈ। ਪਰਮਿੰਦਰ ਕੁਮਾਰ ਨੇ ਅੱਗੇ ਦੱਸਿਆ ਕਿ ਮਹਿੰਗੇ ਇਲਾਜ ਕਾਰਣ ਉਸਦੀ ਜਾਨ ਤਾਂ ਬਚ ਗਈ ਪ੍ਰੰਤੂ ਹੁਣ ਉਸਦੀ ਦੂਸਰੀ ਅੱਖ ਦੀ ਰੌਸ਼ਨੀ ਵੀ ਮੱਧਮ ਪੈ ਰਹੀ ਹੈ। ਉਸਨੇ ਦੱਸਿਆ ਕਿ ਇਸ ਹਾਦਸੇ ਤੋਂ ਬਾਅਦ ਉਸਦੀ ਨੌਕਰੀ ਚਲੀ ਗਈ ਅਤੇ ਉਸ ਵੇਲੇ ਦਰਜ ਪੁਲਸ ਕੇਸ ਮੁਤਾਬਕ ਅਜੇ ਤੱਕ ਕੋਈ ਵੀ ਕਾਰਵਾਈ ਅਮਲ 'ਚ ਨਹੀਂ ਲਿਆਂਦੀ ਗਈ ਹੈ।
ਪਰਮਿੰਦਰ ਕੁਮਾਰ ਨੇ ਦੱਸਿਆ ਕਿ ਉਹ ਸਥਾਨਕ ਥਾਣਾ ਸਿਟੀ ਵਿਖੇ ਚੱਕਰ ਮਾਰ-ਮਾਰ ਕੇ ਥੱਕ ਗਏ ਹਨ ਅਤੇ ਪੁਲਸ ਵੱਲੋਂ ਲੁਟੇਰਿਆਂ ਨੂੰ ਕਾਬੂ ਕਰਨ ਲਈ ਅਜੇ ਤੱਕ ਕੋਈ ਵੀ ਕਾਰਵਾਈ ਅਮਲ 'ਚ ਨਹੀਂ ਲਿਆਂਦੀ ਗਈ ਹੈ। ਉਸਨੇ ਦੱਸਿਆ ਕਿ ਉਸਦੇ ਪਿਤਾ ਨੂੰ ਪੰਜ ਸਾਲ ਪਹਿਲਾਂ ਅਧਰੰਗ ਦਾ ਅਟੈਕ ਹੋਇਆ ਸੀ ਅਤੇ ਉਹ ਕੰਮਕਾਰ ਕਰਨ ਤੋਂ ਅਸਮਰੱਥ ਹਨ। ਉਸਨੇ ਦੱਸਿਆ ਕਿ ਉਸਦਾ ਵੱਡਾ ਭਰਾ ਅਤੇ ਦੋ ਭੈਣਾ ਕੁਆਰੀਆਂ ਹਨ ਅਤੇ ਉਹਨਾ ਦੇ ਨਾਲ-ਨਾਲ ਮਾਤਾ ਸਮੇਤ ਸਾਰੇ ਪਰਿਵਾਰ ਦੀ ਦੇਖ-ਰੇਖ ਦੀ ਜੁੰਮੇਵਾਰੀ ਉਸਦੀ ਬਣਦੀ ਹੈ। ਉਸਨੇ ਗਿਲਾ ਕੀਤਾ ਕਿ ਇਸ ਹਮਲੇ ਦਾ ਸ਼ਿਕਾਰ ਮੇਰੀ ਸਹਾਇਤਾ ਅਤੇ ਰੁਜ਼ਗਾਰ ਦੇਣ ਲਈ ਨਾ ਤਾਂ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਅਤੇ ਨਾ ਹੀ ਸੀਨੀਅਰ ਪੁਲਸ ਕਪਤਾਨ ਅਤੇ ਨਾ ਹੀ ਖਾਸ ਕਰਕੇ ਰਾਜ ਸਰਕਾਰ ਵੱਲੋਂ ਕੋਈ ਉਪਰਾਲਾ ਕੀਤਾ ਗਿਆ ਹੈ। ਉਸਨੇ ਦੱਸਿਆ ਕਿ ਉਸਨੇ ਕੰਪਿਊਟਰ ਇੰਜੀਨੀਅਰਿੰਗ ਕੀਤੀ ਹੈ ਅਤੇ ਮੰਗ ਕੀਤੀ ਕਿ ਰਾਜ ਸਰਕਾਰ ਉਸਨੂੰ ਢੁਕਵਾਂ ਰੁਜ਼ਗਾਰ ਦੇਣ ਦਾ ਉਪਰਾਲਾ ਕਰੇ ਤਾਂ ਜੋ ਉਹ ਆਪਣੇ ਪਰਿਵਾਰ ਅਤੇ ਖਾਸ ਕਰਕੇ ਕੁਆਰੀਆ ਭੈਣਾਂ ਦੀ ਸ਼ਾਦੀ ਕਰਨ ਦੀ ਜ਼ਿੰਮੇਵਾਰੀ ਵੀ ਨਿਭਾ ਸਕੇ। ਪਰਮਿੰਦਰ ਕੁਮਾਰ ਦੀ ਮਾਤਾ ਨੇ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਨੂੰ ਅਪੀਲ ਕੀਤੀ ਕਿ ਉਸਦੇ ਲੜਕੇ ਨੂੰ ਤਰਸ ਦੇ ਆਧਾਰ 'ਤੇ ਸਰਕਾਰੀ ਨੌਕਰੀ ਦਿਵਾਉਣ ਲਈ ਉਸਦਾ ਕੇਸ ਰਾਜ ਸਰਕਾਰ ਨੂੰ ਭੇਜਿਆ ਜਾਵੇ ਤਾਂ ਜੋ ਉਸਦੇ ਘਰ ਦਾ ਗੁਜ਼ਾਰਾ ਆਸਾਨੀ ਨਾਲ ਚੱਲ ਸਕੇ। ਇਸ ਸਬੰਧ 'ਚ ਜਦ ਇਸ ਪ੍ਰ ਤੀਨਿਧੀ ਨੇ ਡਿਪਟੀ ਕਮਿਸ਼ਨਰ ਸ਼੍ਰੀ ਰਾਜੀਵ ਪ੍ਰਾਸ਼ਰ ਨਾਲ ਗੱਲਬਾਤ ਕਰਨ ਲਈ ਮੋਬਾਈਲ 'ਤੇ ਕਾਲ ਕੀਤੀ ਤਾਂ ਕਾਲ ਨੋਰਿਪਲਾਈ ਹੋਂਣ ਦੀ ਸੂਰਤ 'ਚ ਗੱਲਬਾਤ ਨਹੀਂ ਹੋ ਸਕੀ।