ਨਾ ਨੋਟਿਸ, ਨਾ ਤਰੀਕ, ਸਿੱਧੇ ਆਰਡਰ ਤੇ ਪਰਿਵਾਰ ਸੜਕ ''ਤੇ

01/16/2018 7:31:53 AM

ਚੰਡੀਗੜ੍ਹ, (ਹਾਂਡਾ)- ਚੰਡੀਗੜ੍ਹ ਹਾਊਸਿੰਗ ਬੋਰਡ ਦੀ ਵੱਡੀ ਲਾਪ੍ਰਵਾਹੀ ਅਤੇ ਕਮਜ਼ੋਰੀ ਸਾਹਮਣੇ ਆਈ ਹੈ, ਜਿਸਦਾ ਸ਼ਿਕਾਰ ਇਕ ਪਰਿਵਾਰ ਨੂੰ ਹੋਣਾ ਪਿਆ, ਜਿਨ੍ਹਾਂ ਦਾ ਸਾਮਾਨ ਕੋਰਟ ਦੇ ਨਿਰਦੇਸ਼ਾਂ ਤੋਂ ਬਾਅਦ ਸੜਕ 'ਤੇ ਖਿਲਾਰ ਦਿੱਤਾ ਗਿਆ, ਜਦੋਂਕਿ ਉਕਤ ਪਰਿਵਾਰ ਸੈਕਟਰ-45 ਦੇ ਉਕਤ ਫਲੈਟ ਦਾ ਮਾਲਕ ਹੈ, ਜਿਸਦੇ ਨਾਂ ਫ੍ਰੀ ਹੋਲਡ ਫਲੈਟ ਦੀ ਰਜਿਸਟਰੀ ਵੀ ਹੈ। 12 ਜਨਵਰੀ ਨੂੰ ਅਚਾਨਕ ਜਦੋਂ ਕੋਰਟ ਵੈਲਫ ਪੁਲਸ ਅਤੇ ਸਭ ਤੋਂ ਪਹਿਲੇ ਅਲਾਟੀ ਦੇ ਨਾਲ ਕੋਰਟ ਦੇ ਮਕਾਨ ਖਾਲੀ ਕਰਵਾਉਣ ਦੇ ਆਰਡਰ ਲੈ ਕੇ ਆਇਆ ਤਾਂ ਦੇਸਰਾਜ ਗਰਗ ਦੇ ਮਕਾਨ ਨੰਬਰ 325 ਸੈਕਟਰ-45 ਏ 'ਚ ਪਹੁੰਚਿਆ ਤਾਂ ਗਰਗ ਪਰਿਵਾਰ ਘਰੋਂ ਬਾਹਰ ਸੀ। ਕੋਰਟ ਵੈਲਫ ਅਤੇ ਪੁਲਸ ਘਰ ਦਾ ਤਾਲਾ ਤੋੜ ਕੇ ਸਾਮਾਨ ਬਾਹਰ ਕੱਢਣ ਦੀ ਤਿਆਰੀ 'ਚ ਸੀ ਕਿ ਆਸ-ਪਾਸ ਰਹਿਣ ਵਾਲੇ ਲੋਕਾਂ ਨੇ ਵਿਰੋਧ ਸ਼ੁਰੂ ਕਰ ਦਿੱਤਾ ਤੇ ਗਰਗ ਪਰਿਵਾਰ ਨੂੰ ਸੂਚਿਤ ਕੀਤਾ, ਜੋ ਸੈਕਟਰ-45 'ਚ ਘਰ ਪਹੁੰਚਿਆ ਤਾਂ ਕੋਰਟ ਦੇ ਆਰਡਰ ਦੇਖ ਕੇ ਉਨ੍ਹਾਂ ਦੇ ਹੋਸ਼ ਉੱਡ ਗਏ ਕਿਉਂਕਿ ਉਨ੍ਹਾਂ ਨੂੰ ਇਸ ਤੋਂ ਪਹਿਲਾਂ ਨਾ ਤਾਂ ਕੋਈ ਨੋਟਿਸ ਆਇਆ, ਨਾ ਸੰਮਨ ਤੇ ਨਾ ਹੀ ਕੋਰਟ ਕੇਸ ਦੀ ਉਨ੍ਹਾਂ ਨੂੰ ਕੋਈ ਜਾਣਕਾਰੀ ਸੀ। ਸਿੱਧੇ ਮਕਾਨ ਖਾਲੀ ਕਰਨ ਦੇ ਆਰਡਰ ਵੇਖ ਦੇਸਰਾਜ ਗਰਗ ਅਤੇ ਉਨ੍ਹਾਂ ਦੀ ਬੀਮਾਰ ਪਤਨੀ ਊਸ਼ਾ ਗਰਗ ਹੈਰਾਨ ਰਹਿ ਗਏ, ਜਿਨ੍ਹਾਂ ਸਾਹਮਣੇ ਕੋਰਟ ਕਰਮੀਆਂ ਅਤੇ ਪੁਲਸ ਨੇ ਕੇਸ ਜਿੱਤਣ ਵਾਲੇ ਨਰਿੰਦਰ ਕੁਮਾਰ ਅਤੇ ਉਸਦੇ ਸਮਰਥਕਾਂ ਨਾਲ ਕੁਝ ਮਿੰਟਾਂ ਵਿਚ ਹੀ ਘਰ ਦਾ ਸਾਮਾਨ ਸੜਕ 'ਤੇ ਖਿਲਾਰ ਕੇ ਫਲੈਟ ਸੀਲ ਕਰ ਦਿੱਤਾ।  
ਪੀੜਤ ਕਰ ਰਹੇ ਬੋਰਡ 'ਤੇ ਐੱਫ. ਆਈ. ਆਰ. ਦਰਜ ਕਰਵਾਉਣ ਦੀ ਤਿਆਰੀ
ਕਾਨੂੰਨੀ ਫਲੈਟ ਮਾਲਕ ਦਾ ਪਰਿਵਾਰ ਸੜਕ 'ਤੇ
ਤਿੰਨ ਦਿਨਾਂ ਤੋਂ ਪੂਰਾ ਪਰਿਵਾਰ ਘਰ ਦੇ ਬਾਹਰ ਹੀ ਟੈਂਟ ਲਾ ਕੇ ਦਿਨ ਕੱਟ ਰਿਹਾ ਹੈ। ਪੀੜਤ ਪਰਿਵਾਰ ਹੈਰਾਨ ਹੈ ਕਿ ਆਖਿਰ ਅਚਾਨਕ ਕੋਰਟ ਦੇ ਆਰਡਰ ਕਿਥੋਂ ਆ ਗਏ, ਜਿਸਦੀ ਸੂਚਨਾ ਉਨ੍ਹਾਂ ਨੂੰ ਕਦੇ ਹਾਊਸਿੰਗ ਬੋਰਡ ਨੇ ਨਹੀਂ ਦਿੱਤੀ। ਕੋਰਟ ਦੇ ਰਿਕਾਰਡ ਵਿਚ ਸੁਰਿੰਦਰਪਾਲ ਨਾਮਕ ਵਿਅਕਤੀ ਨੂੰ ਸੰਮਨ ਅਤੇ ਨੋਟਿਸ ਜਾਰੀ ਹੁੰਦੇ ਰਹੇ ਹਨ, ਜੋ ਕਿ ਪੂਰੀ ਪਿਕਚਰ ਵਿਚ ਕਿਤੇ ਹੈ ਹੀ ਨਹੀਂ। ਨਾ ਤਾਂ ਇਸ ਨਾਂ ਦਾ ਵਿਅਕਤੀ ਕਦੇ ਉਕਤ ਘਰ ਵਿਚ ਰਿਹਾ, ਨਾ ਕਦੇ ਉਸਦਾ ਕੋਈ ਸਬੰਧ ਫਲੈਟ ਨੰਬਰ-325 ਨਾਲ ਰਿਹਾ। ਪ੍ਰੇਸ਼ਾਨ ਪਰਿਵਾਰ ਹਾਊਸਿੰਗ ਬੋਰਡ ਵੱਲੋਂ ਠੱਗਿਆ ਗਿਆ ਹੈ ਅਤੇ ਹੁਣ ਹਾਊਸਿੰਗ ਬੋਰਡ ਖਿਲਾਫ ਮਾਣਹਾਨੀ ਅਤੇ ਧੋਖਾਦੇਹੀ ਦਾ ਮਾਮਲਾ ਦਰਜ ਕਰਵਾਉਣ ਜਾ ਰਿਹਾ ਹੈ।  
'ਜਗ ਬਾਣੀ' ਨੇ ਅਲਾਟਮੈਂਟ ਤੋਂ ਲੈ ਕੇ ਅੱਜ ਤਕ ਦੀ ਤਾਜ਼ਾ ਹਾਲਤ ਦਾ ਬਿਓਰਾ ਖੰਗਾਲਿਆ 
'ਜਗ ਬਾਣੀ' ਨੇ ਫਲੈਟ ਨੰਬਰ 325 ਸੈਕਟਰ-45 ਦੀ ਅਲਾਟਮੈਂਟ ਤੋਂ ਲੈ ਕੇ ਅੱਜ ਤਕ ਦੀ ਤਾਜ਼ਾ ਹਾਲਤ ਦਾ ਬਿਓਰਾ ਖੰਗਾਲਿਆ ਤਾਂ ਸਾਹਮਣੇ ਆਇਆ ਕਿ ਉਕਤ ਯੂਨਿਟ 31 ਜੁਲਾਈ, 1990 ਵਿਚ ਸੈਕਟਰ-22 ਵਾਸੀ ਨਰਿੰਦਰ ਕੁਮਾਰ ਪੁੱਤਰ ਤੁਲਸੀ ਰਾਮ ਨੂੰ ਅਲਾਟ ਹੋਈ ਸੀ। ਨਰਿੰਦਰ ਕੁਮਾਰ ਨੂੰ ਅਲਾਟਮੈਂਟ ਲੈਟਰ ਰਾਹੀਂ 30 ਦਿਨਾਂ ਅੰਦਰ 43,328 ਰੁਪਏ ਜਮ੍ਹਾ ਕਰਵਾਉਣ ਨੂੰ ਕਿਹਾ ਗਿਆ ਸੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਯੂਨਿਟ ਦਾ ਪੋਜ਼ੀਸ਼ਨ ਮਿਲਣਾ ਸੀ ਪਰ ਨਰਿੰਦਰ ਕੁਮਾਰ ਨੇ ਨਿਰਧਾਰਤ ਸਮਾਂ ਹੱਦ ਵਿਚ ਪੈਸੇ ਜਮ੍ਹਾ ਨਹੀਂ ਕਰਵਾਏ, ਜਿਸ ਤੋਂ ਬਾਅਦ ਹਾਊਸਿੰਗ ਬੋਰਡ ਨੇ 24 ਅਪ੍ਰੈਲ 1991 ਨੂੰ ਯੂਨਿਟ ਦੇ ਕੈਂਸਲੇਸ਼ਨ ਆਰਡਰ ਪਾਸ ਕਰ ਦਿੱਤੇ।  ਨਰਿੰਦਰ ਕੁਮਾਰ ਨੂੰ ਇਸ ਤੋਂ ਪਹਿਲਾਂ 21 ਜਨਵਰੀ 1991 ਨੂੰ ਸ਼ੋਅਕਾਜ ਨੋਟਿਸ ਵੀ ਜਾਰੀ ਕੀਤਾ ਗਿਆ ਅਤੇ 15 ਦਿਨਾਂ ਅੰਦਰ ਜਵਾਬ ਦੇਣ ਨੂੰ ਕਿਹਾ ਗਿਆ, ਜਿਸ ਤੋਂ ਬਾਅਦ ਨਰਿੰਦਰ ਕੁਮਾਰ ਨੇ ਵਿੱਤੀ ਹਾਲਾਤ ਦਾ ਜ਼ਿਕਰ ਕਰਦੇ ਹੋਏ ਪੈਸੇ ਜਮ੍ਹਾ ਕਰਵਾਉਣ ਲਈ 28 ਫਰਵਰੀ ਤਕ ਦਾ ਸਮਾਂ ਮੰਗਿਆ ਪਰ ਉਸ ਸਮਾਂ ਹੱਦ ਦੇ ਅੰਦਰ ਵੀ ਨਰਿੰਦਰ ਕੁਮਾਰ ਪੈਸੇ ਜਮ੍ਹਾ ਨਹੀਂ ਕਰਵਾ ਸਕਿਆ, ਜਿਸ ਤੋਂ ਬਾਅਦ 24 ਅਪ੍ਰੈਲ ਨੂੰ ਕੈਂਸਲੇਸ਼ਨ ਆਰਡਰ ਜਾਰੀ ਕਰ ਦਿੱਤਾ ਗਿਆ ਅਤੇ ਵੀਕੇਂਟ ਲਿਸਟ ਵਿਚ ਪਾ ਦਿੱਤਾ ਗਿਆ ।  ਯੂਨਿਟ ਦਾ ਸਬੰਧਤ ਅਥਾਰਟੀ ਤੋਂ ਸਲਾਹ ਲੈਣ ਤੋਂ ਬਾਅਦ ਮੁੜ ਡਰਾਅ ਕੱਢਿਆ ਗਿਆ ਅਤੇ ਉਕਤ ਯੂਨਿਟ ਬੀ. ਐੱਮ. ਗੁਲਾਟੀ ਨਾਮਕ ਵਿਅਕਤੀ ਨੂੰ ਅਲਾਟ ਕਰ ਦਿੱਤਾ ਗਿਆ। ਗੁਲਾਟੀ ਨੇ ਉਕਤ ਯੂਨਿਟ ਜੂਨ 1999 ਵਿਚ ਦੇਸਰਾਜ ਗਰਗ ਨੂੰ ਵੇਚ ਦਿੱਤਾ, ਜਿਨ੍ਹਾਂ ਨੇ ਜੀ. ਪੀ. ਏ. ਟਰਾਂਸਫਰ ਪਾਲਿਸੀ ਤਹਿਤ ਯੂਨਿਟ ਆਪਣੇ ਨਾਮ ਟਰਾਂਸਫਰ ਕਰਵਾ ਲਿਆ ਅਤੇ ਰਜਿਸਟਰੀ ਤੋਂ ਪਹਿਲਾਂ ਪਬਲਿਕ ਨੋਟਿਸ ਵੀ ਕੱਢਿਆ ਗਿਆ ਅਤੇ ਇਤਰਾਜ਼ ਮੰਗੇ ਗਏ ਪਰ ਕਿਸੇ ਨੇ ਕਲੇਮ ਨਹੀਂ ਕੀਤਾ। ਇਸ ਤੋਂ ਬਾਅਦ ਦੇਸਰਾਜ ਗਰਗ ਦੇ ਨਾਮ ਅਪ੍ਰੈਲ 2004 ਵਿਚ ਯੂਨਿਟ ਨੰਬਰ 325 ਦੀ ਰਜਿਸਟਰੀ ਕਰ ਦਿੱਤੀ ਗਈ। ਉਦੋਂ ਤੋਂ ਗਰਗ ਆਪਣੇ ਪਰਿਵਾਰ ਨਾਲ ਇਥੇ ਰਹਿ ਰਹੇ ਸਨ, ਜੋ ਕਿ ਇਸ ਸਮੇਂ ਸੜਕ 'ਤੇ ਹਨ।  


Related News