ਪੰਜਾਬ ’ਚ ਨਹੀਂ ਲਗਾਇਆ ਜਾਵੇਗਾ ਕੋਈ ਨਵਾਂ ਟੈਕਸ : ਹਰਪਾਲ ਚੀਮਾ
Thursday, Mar 24, 2022 - 08:11 PM (IST)
ਸੰਗਰੂਰ (ਵਿਜੈ ਕੁਮਾਰ ਸਿੰਗਲਾ)-ਪੰਜਾਬ ਦੇ ਵਿੱਤ, ਯੋਜਨਾਬੰਦੀ, ਪ੍ਰੋਗਰਾਮ ਲਾਗੂ ਕਰਨ, ਕਰ ਤੇ ਆਬਕਾਰੀ ਤੇ ਸਹਿਕਾਰਤਾ ਵਿਭਾਗ ਦੇ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਪੰਜਾਬ ’ਚ ਕੋਈ ਨਵਾਂ ਟੈਕਸ ਨਹੀਂ ਲਗਾਇਆ ਜਾਵੇਗਾ ਅਤੇ ਬਿਨਾਂ ਕੋਈ ਨਵਾਂ ਟੈਕਸ ਲਗਾਇਆਂ ਪਹਿਲਾਂ ਤੋਂ ਲੱਗ ਰਹੇ ਟੈਕਸਾਂ ਰਾਹੀਂ ਹੀ ਸੂਬੇ ਦੇ ਘਟਦੇ ਮਾਲੀਏ ਨੂੰ ਮੁੜ ਸੁਰਜੀਤ ਕੀਤਾ ਜਾਵੇਗਾ। ਪੰਜਾਬ ਸਰਕਾਰ ’ਚ ਕੈਬਨਿਟ ਮੰਤਰੀ ਦਾ ਅਹੁਦਾ ਸੰਭਾਲਣ ਮਗਰੋਂ ਪਹਿਲੀ ਵਾਰ ਸੰਗਰੂਰ ਪੁੱਜੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਪੀ. ਡਬਲਿਊ. ਡੀ. ਰੈਸਟ ਹਾਊਸ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਜਿਥੇ ਸੂਬੇ ’ਚ ਫਜ਼ੂਲ ਖਰਚੀ ਨੂੰ ਰੋਕਿਆ ਜਾਵੇਗਾ, ਉਥੇ ਹੀ ਟੈਕਸ ਚੋਰੀ ਨੂੰ ਵੀ ਸਖ਼ਤੀ ਨਾਲ ਠੱਲ੍ਹ ਪਾਈ ਜਾਵੇਗੀ। ਕੈਬਨਿਟ ਮੰਤਰੀ ਨੇ ਕਿਹਾ ਕਿ ਸੂਬੇ ’ਚੋਂ ਭ੍ਰਿਸ਼ਟਾਚਾਰ ਦਾ ਮੁਕੰਮਲ ਸਫ਼ਾਇਆ ਕੀਤਾ ਜਾਵੇਗਾ ਅਤੇ ਸਾਰਾ ਪੈਸਾ ਯੋਗ ਪ੍ਰਣਾਲੀ ਰਾਹੀਂ ਲੋਕਾਂ ਦੀ ਭਲਾਈ ਹਿੱਤ ਖਰਚ ਕਰਨ ਲਈ ਸਾਰੀਆਂ ਯੋਜਨਾਵਾਂ ਨੂੰ ਵਧੀਆ ਢੰਗ ਨਾਲ ਲਾਗੂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਸਾਲ ਦੇ ਪਹਿਲੇ ਤਿੰਨ ਮਹੀਨਿਆਂ ਲਈ 37 ਹਜ਼ਾਰ 120 ਕਰੋੜ ਰੁਪਏ ਦੇ ਬਜਟ ਨੂੰ ਪ੍ਰਵਾਨਗੀ ਦਿੱਤੀ ਗਈ ਹੈ ਅਤੇ ਤਿੰਨ ਮਹੀਨਿਆਂ ਬਾਅਦ ਅਗਲਾ ਬਜਟ ਪੇਸ਼ ਕੀਤਾ ਜਾਵੇਗਾ, ਜਿਸ ਦੀ ਤਿਆਰੀ ਚੱਲ ਰਹੀ ਹੈ।
ਇਹ ਵੀ ਪੜ੍ਹੋ : ਆਲੀਸ਼ਾਨ ਕੋਠੀਆਂ ਵਾਲੇ ਮੰਤਰੀਆਂ ਦੀ ਥਾਂ ਵੇਖੋ ਨਵੇਂ ਬਿਜਲੀ ਮੰਤਰੀ ਦਾ ਘਰ, ਹੋ ਜਾਓਗੇ ਹੈਰਾਨ (ਵੀਡੀਓ)
ਉਨ੍ਹਾਂ ਕਿਹਾ ਕਿ ਆਉਣ ਵਾਲਾ ਬਜਟ ਲੋਕਾਂ ਦੀਆਂ ਆਸਾਂ ਤੇ ਉਮੀਦਾਂ ’ਤੇ ਖਰਾ ਉਤਰੇਗਾ ਅਤੇ ਲੋਕ ਵੱਡੀ ਰਾਹਤ ਮਹਿਸੂਸ ਕਰਨਗੇ। ਕੈਬਨਿਟ ਮੰਤਰੀ ਚੀਮਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਪੰਜਾਬ ਦੇ ਲੋਕਾਂ ਨੂੰ ਜਿੰਨੀਆਂ ਵੀ ਗਾਰੰਟੀਆਂ ਦਿੱਤੀਆਂ ਗਈਆਂ ਹਨ, ਉਨ੍ਹਾਂ ਨੂੰ ਸੌ ਫੀਸਦੀ ਪੂਰਾ ਕੀਤਾ ਜਾਵੇਗਾ। ਇਨ੍ਹਾਂ ਗਾਰੰਟੀਆਂ ਨੂੰ ਪੂਰਾ ਕਰਨ ਦੀ ਪ੍ਰਕਿਰਿਆ ਸ਼ੁਰੂ ਹੋ ਚੁੱਕੀ ਹੈ ਅਤੇ ਆਉਂਦੇ ਤਿੰਨ ਮਹੀਨਿਆਂ ਅੰਦਰ ਇਸ ਦੇ ਸਾਰਥਕ ਨਤੀਜੇ ਸਾਹਮਣੇ ਆਉਣ ਲੱਗ ਜਾਣਗੇ। ਇਕ ਸਵਾਲ ਦੇ ਜਵਾਬ ’ਚ ਉਨ੍ਹਾਂ ਕਿਹਾ ਕਿ ਪਿਛਲੀ ਸਰਕਾਰ ਨੇ ਅੰਤਿਮ ਸਮੇਂ ’ਚ ਜੋ ਗਰਾਂਟਾਂ ਜਾਰੀ ਕੀਤੀਆਂ ਸਨ, ਉਨ੍ਹਾਂ ’ਚ ਵੱਡੀਆਂ ਖਾਮੀਆਂ ਹਨ, ਜਿਸ ਕਰਕੇ ਗ੍ਰਾਂਟਾਂ ਨੂੰ ਰੋਕ ਕੇ ਖਾਮੀਆਂ ਨੂੰ ਦੂਰ ਕਰਕੇ ਸਕੀਮਾਂ ਨੂੰ ਨਵੇਂ ਸਿਰਿਓਂ ਸਹੀ ਢੰਗ ਨਾਲ ਲਾਗੂ ਕਰਕੇ ਪਿੰਡਾਂ ਤੇ ਸ਼ਹਿਰਾਂ ਦਾ ਸਰਵਪੱਖੀ ਵਿਕਾਸ ਯਕੀਨੀ ਬਣਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਜਾਰੀ ਕੀਤੀਆਂ ਜਾਣ ਵਾਲੀਆਂ ਗਰਾਂਟਾਂ ਦਾ ਜ਼ਮੀਨੀ ਪੱਧਰ ਉੱਤੇ ਸਹੀ ਢੰਗ ਨਾਲ ਪ੍ਰਯੋਗ ਕੀਤਾ ਜਾਣਾ ਲਾਜ਼ਮੀ ਬਣਾਇਆ ਜਾਵੇਗਾ। ਪੰਜਾਬ ’ਚੋਂ ਰੇਤ, ਸ਼ਰਾਬ, ਟਰਾਂਸਪੋਰਟ ਆਦਿ ਦਾ ਮਾਫੀਆ ਖ਼ਤਮ ਕਰਕੇ ਆਮਦਨ ਦੇ ਨਵੇਂ ਸਰੋਤ ਪੈਦਾ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਜਿਹੜੇ ਪ੍ਰੋਜੈਕਟ ਉੱਤੇ 500 ਕਰੋੜ ਰੁਪਏ ਖਰਚ ਹੋਣਾ ਸੀ, ਉਸ ਉੱਤੇ ਹਜ਼ਾਰ-ਬਾਰਾਂ ਸੌ ਕਰੋੜ ਰੁਪਏ ਖਰਚ ਹੋ ਰਹੇ ਸਨ ਅਤੇ ਓਹੀ ਖਰਚਾ ਹੁਣ 500 ਕਰੋੜ ਰੁਪਏ ਉੱਤੇ ਲਿਆਂਦਾ ਜਾਵੇਗਾ।
ਇਹ ਵੀ ਪੜ੍ਹੋ : ਅਮਰੀਕਾ ਦੇ ਥਮਿੰਦਰ ਸਿੰਘ ਅਨੰਦ ਵੱਲੋਂ ਬਿਨਾਂ ਆਗਿਆ ਪਾਵਨ ਸਰੂਪ ਛਾਪਣਾ ਸੋਚੀ-ਸਮਝੀ ਸਾਜ਼ਿਸ਼ : ਗਿਆਨੀ ਹਰਪ੍ਰੀਤ ਸਿੰਘ
ਉਨ੍ਹਾਂ ਕਿਹਾ ਕਿ ਕੇਜਰੀਵਾਲ ਅਤੇ ਭਗਵੰਤ ਮਾਨ ਦੀ ਅਗਵਾਈ ਹੇਠ ਫੈਸਲੇ ਲੈ ਕੇ ਬੇਲੋੜੇ ਖਰਚਿਆਂ ਨੂੰ ਖ਼ਤਮ ਕਰਕੇ ਪੰਜਾਬ ਦਾ ਖਜ਼ਾਨਾ ਭਰਿਆ ਜਾਵੇਗਾ ਅਤੇ ਵਿਕਾਸ ਕਰਵਾਇਆ ਜਾਵੇਗਾ। ਕੈਬਨਿਟ ਮੰਤਰੀ ਨੇ ਕਿਹਾ ਕਿ ਪਹਿਲੀ ਅਪ੍ਰੈਲ ਤੋਂ ਆਰੰਭ ਹੋਣ ਵਾਲੀ ਕਣਕ ਦੀ ਸਮੁੱਚੀ ਖਰੀਦ ਪ੍ਰਕਿਰਿਆ ਦੌਰਾਨ ਕਿਸਾਨਾਂ, ਆੜ੍ਹਤੀਆਂ ਸਮੇਤ ਕਿਸੇ ਵੀ ਵਰਗ ਨੂੰ ਕੋਈ ਦਿੱਕਤ ਪੇਸ਼ ਨਹੀਂ ਆਵੇਗੀ। ਵਿੱਤ ਮੰਤਰੀ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ’ਚ ਟੈਕਸ, ਐਕਸਾਈਜ਼, ਫਾਇਨਾਂਸ ਆਦਿ ਵਿਭਾਗ ਵੱਖ-ਵੱਖ ਮੰਤਰੀਆਂ ਕੋਲ ਹੁੰਦੇ ਸਨ ਅਤੇ ਆਪਸੀ ਤਾਲਮੇਲ ਨਾ ਬੈਠਣ ਕਾਰਨ ਨਾ ਤਾਂ ਸਮੇਂ ਸਿਰ ਮੀਟਿੰਗਾਂ ਹੁੰਦੀਆਂ ਸਨ ਅਤੇ ਨਾ ਹੀ ਸਕੀਮਾਂ ਸਫ਼ਲਤਾ ਨਾਲ ਪ੍ਰਵਾਨ ਚੜ੍ਹਦੀਆਂ ਸਨ ਪਰ ਹੁਣ ਪਹਿਲੀ ਵਾਰ ਹੋਇਆ ਕਿ ਇਕ ਮੰਤਰੀ ਨੂੰ ਇਹ ਮਹਿਕਮੇ ਮਿਲੇੇ ਹਨ, ਜਿਸ ਨਾਲ ਟੈਕਸ ਦੀ ਕੁਲੈਕਸ਼ਨ, ਕਿੱਥੋਂ ਰੈਵੇਨਿਊ ਇਕੱਤਰ ਹੋਣਾ ਹੈ, ਐਕਸਾਈਜ਼ ਪਾਲਿਸੀ ਆਦਿ ਬਾਰੇ ਇਕ ਜਗ੍ਹਾ ’ਤੇ ਮੀਟਿੰਗ ਹੋਵੇਗੀ, ਜਿਸ ਨਾਲ ਯੋਜਨਾਵਾਂ ਪ੍ਰਭਾਵੀ ਢੰਗ ਨਾਲ ਲਾਗੂ ਕਰਕੇ ਟੈਕਸ ਦੀ ਚੋਰੀ ਨੂੰ ਸਖਤੀ ਨਾਲ ਰੋਕਿਆ ਜਾ ਸਕੇਗਾ। ਉਨ੍ਹਾਂ ਕਿਹਾ ਕਿ ਲੋਕ ਈਮਾਨਦਾਰੀ ਨਾਲ ਟੈਕਸ ਅਦਾ ਕਰਦੇ ਹਨ ਅਤੇ ਜਦੋਂ ਮਾਫ਼ੀਏ ਖਤਮ ਹੋ ਗਏ ਅਤੇ ਖਜ਼ਾਨੇ ਨੂੰ ਖੋਰਾ ਲੱਗਣਾ ਖਤਮ ਹੋਣ ਨਾਲ ਖ਼ਜ਼ਾਨਾ ਭਰੇਗਾ ਤੇ ਖਜ਼ਾਨੇ ਨੂੰ ਲੋਕਾਂ ਦੀ ਭਲਾਈ ਲਈ ਹੀ ਵਰਤਿਆ ਜਾਵੇਗਾ। ਇਸ ਮੌਕੇ ਡਿਪਟੀ ਕਮਿਸ਼ਨਰ ਰਾਮਵੀਰ ਤੇ ਐੱਸ. ਐੱਸ. ਪੀ. ਸਵਪਨ ਸ਼ਰਮਾ ਵੀ ਉਨ੍ਹਾਂ ਦੇ ਨਾਲ ਸਨ।