ਲਖੀਮਪੁਰ ਖੀਰੀ ਮਾਮਲਾ : ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਨੂੰ ਬਰਖਾਸਤ ਕੀਤੇ ਬਿਨਾਂ ਇਨਸਾਫ਼ ਦੀ ਉਮੀਦ ਨਹੀਂ : ਚੀਮਾ

Saturday, Oct 09, 2021 - 11:53 PM (IST)

ਲਖੀਮਪੁਰ ਖੀਰੀ ਮਾਮਲਾ : ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਨੂੰ ਬਰਖਾਸਤ ਕੀਤੇ ਬਿਨਾਂ ਇਨਸਾਫ਼ ਦੀ ਉਮੀਦ ਨਹੀਂ : ਚੀਮਾ

ਚੰਡੀਗੜ੍ਹ (ਸ਼ਰਮਾ)- ਲਖੀਮਪੁਰ ਖੀਰੀ ਕਾਂਡ ਦੇ ਮੁੱਖ ਦੋਸ਼ੀ ਆਸ਼ੀਸ਼ ਮਿਸ਼ਰਾ ਦੇ ਕੇਂਦਰੀ ਗ੍ਰਹਿ ਰਾਜ ਮੰਤਰੀ ਪਿਤਾ ਅਜੈ ਮਿਸ਼ਰਾ ਨੂੰ ਮੋਦੀ ਮੰਤਰੀ ਮੰਡਲ ਤੋਂ ਤੁਰੰਤ ਬਰਖ਼ਾਸਤ ਕੀਤੇ ਜਾਣ ਦੀ ਜ਼ੋਰਦਾਰ ਮੰਗ ਕਰਦਿਆਂ ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਤਰਕ ਦਿੱਤਾ ਹੈ ਕਿ ਜਿੰਨਾ ਚਿਰ ਅਜੈ ਮਿਸ਼ਰਾ ਨੂੰ ਮੰਤਰੀ ਦੇ ਅਹੁਦੇ ਤੋਂ ਲਾਂਭੇ ਨਹੀਂ ਕੀਤਾ ਜਾਂਦਾ, ਉਨ੍ਹਾਂ ਚਿਰ ਕਿਸੇ ਇਨਸਾਫ਼ ਦੀ ਉਮੀਦ ਨਹੀਂ ਕੀਤੀ ਜਾ ਸਕਦੀ, ਕਿਉਂਕਿ ਸਮੁੱਚੇ ਦੇਸ਼ ਦਾ ਪੁਲਸ ਪ੍ਰਸ਼ਾਸਨ ਸਿੱਧੇ ਅਤੇ ਅਸਿੱਧੇ ਢੰਗ ਨਾਲ ਕੇਂਦਰੀ ਗ੍ਰਹਿ ਮੰਤਰਾਲੇ ਦੇ ਪੂਰਨ ਪ੍ਰਭਾਵ ਥੱਲੇ ਰਹਿੰਦਾ ਹੈ।

ਇਹ ਵੀ ਪੜ੍ਹੋ : ਫਾਜ਼ਿਲਕਾ ’ਚ ਪਿੰਡਾਂ ਦੇ ਦੌਰੇ ਦੌਰਾਨ ਵਿਧਾਇਕ ਘੁਬਾਇਆ ਦਾ ਜ਼ਬਰਦਸਤ ਵਿਰੋਧ

ਸ਼ਨੀਵਾਰ ਨੂੰ ਪਾਰਟੀ ਮੁੱਖ ਦਫ਼ਤਰ ਤੋਂ ਜਾਰੀ ਬਿਆਨ ਰਾਹੀਂ ‘ਆਪ’ ਦੇ ਸੀਨੀਅਰ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਘਟਨਾ ਤੋਂ 6 ਦਿਨ ਬਾਅਦ ਇਕ ਪਾਸੇ ਮੁਲਜ਼ਮ ਆਸ਼ੀਸ਼ ਮਿਸ਼ਰਾ ਕੋਲੋਂ ‘ਵੀ.ਆਈ.ਪੀ. ਟ੍ਰੀਟਮੈਂਟ’ ਰਾਹੀਂ ਆਤਮ ਸਮਰਪਣ ਕਰਾਏ ਜਾਣ ਦਾ ਡਰਾਮਾ ਕੀਤਾ ਜਾ ਰਿਹਾ ਹੈ, ਦੂਜੇ ਪਾਸੇ ਆਸ਼ੀਸ਼ ਮਿਸ਼ਰਾ ਦਾ ਪਿਤਾ ਅਜੈ ਮਿਸ਼ਰਾ ਕੇਂਦਰੀ ਗ੍ਰਹਿ ਰਾਜ ਮੰਤਰੀ ਦੇ ਅਹੁਦੇ ’ਤੇ ਇੰਝ ਡਟਿਆ ਬੈਠਾ ਹੈ, ਜਿਵੇਂ ਕੁਝ ਵਾਪਰਿਆ ਹੀ ਨਹੀਂ।

ਚੀਮਾ ਨੇ ਕਿਹਾ ਕਿ ਜੇਕਰ ਮਿਸ਼ਰਾ ਪਰਿਵਾਰ ’ਚ ਰੱਤੀ ਭਰ ਵੀ ਨੈਤਿਕਤਾ ਹੁੰਦੀ ਤਾਂ ਮੁਲਜ਼ਮ ਪੁੱਤ ਵਲੋਂ ਤੁਰੰਤ ਆਤਮ ਸਮਰਪਣ ਅਤੇ ਮੰਤਰੀ ਪਿਤਾ ਵਲੋਂ ਝੱਟ ਅਸਤੀਫ਼ਾ ਦੇ ਦਿੱਤਾ ਗਿਆ ਹੁੰਦਾ। ‘ਮਨ ਕੀ ਬਾਤ’ ਰਾਹੀਂ ਨੈਤਿਕਤਾ ਦਾ ਪਾਠ ਪੜ੍ਹਾਉਣ ਵਾਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲਖੀਮਪੁਰ ਖੀਰੀ ਘਟਨਾ ਬਾਰੇ ਇੰਝ ਚੁੱਪ ਹਨ, ਜਿਵੇਂ ਇਸ ਘਟਨਾ ਨੂੰ ਉਸ ਦੇ ਆਪਣੇ ਮੰਤਰੀ ਦੇ ਗੁੰਡੇ ਬੇਟੇ ਨੇ ਯੂ.ਪੀ. ’ਚ ਨਹੀਂ, ਸਗੋਂ ਅਫ਼ਗਾਨਿਸਤਾਨ ’ਚ ਕਿਸੇ ਤਾਲਿਬਾਨੀ ਨੇ ਅੰਜ਼ਾਮ ਦਿੱਤਾ ਹੋਵੇ।

ਚੀਮਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸਵਾਲ ਕੀਤਾ ਕਿ ਆਖ਼ਿਰ ਕੀ ਮਜ਼ਬੂਰੀ ਹੈ ਕਿ ਦੇਸ਼ ਦੇ ‘56 ਇੰਚ ਸੀਨੇ’ ’ਚ ਅੰਨਦਾਤਾ ਲਈ ਦਿਲ ਨਹੀਂ ਧੜਕ ਰਿਹਾ ਅਤੇ ਹਮਦਰਦੀ ਦੇ ਦੋ ਬੋਲ ਮੂੰਹੋਂ ਨਹੀਂ ਨਿਕਲੇ। ਜੇਕਰ ਪ੍ਰਧਾਨ ਮੰਤਰੀ ਕਿਸਾਨਾਂ ਬਾਰੇ ਇਸ ਕਦਰ ਨਫ਼ਰਤ ਨਾ ਪਾਲਦੇ ਤਾਂ ਕਿਸੇ ਦੀ ਹਿੰਮਤ ਨਹੀਂ ਸੀ ਪੈਣੀ ਕਿ ਉਹ ਆਪਣੀ ਵੀ.ਆਈ.ਪੀ. ਗੱਡੀ ਰਾਹੀਂ ਕਿਸਾਨਾਂ ਨੂੰ ਪਿੱਠ ਪਿੱਛੋਂ ਦਰੜ ਦਾ ਹੋਇਆ ਭੱਜ ਜਾਂਦਾ ਹੈ ਅਤੇ 6 ਦਿਨਾਂ ਬਾਅਦ ਆਪਣੀ ਮਰਜ਼ੀ ਨਾਲ ਆਤਮ ਸਮਰਪਣ ਕਰਦਾ।

ਇਹ ਵੀ ਪੜ੍ਹੋ- ਹਿੰਦੂ ਧਰਮ ਦੀਆਂ ਭਾਵਨਾਵਾਂ ਨਾਲ ਖਿਲਵਾੜ ਕਰਨ ਖ਼ਿਲਾਫ਼ ਮੁੱਖ ਸੰਪਾਦਕ 'ਤੇ ਪਰਚਾ ਦਰਜ

ਉਨ੍ਹਾਂ ਕਿਹਾ ਕਿ ਭਾਜਪਾ ਦੀ ਯੂ.ਪੀ. ’ਚ ਯੋਗੀ ਅਤੇ ਕੇਂਦਰ ’ਚ ਮੋਦੀ ਸਰਕਾਰ ਵਲੋਂ ਲਖੀਮਪੁਰ ਖੀਰੀ ਘਟਨਾ ਪ੍ਰਤੀ ਅਪਣਾਏ ਢਿੱਲੇ ਰਵੱਈਏ ਨੇ ਸੁਪਰੀਮ ਕੋਰਟ ਨੂੰ ਵੀ ਤਲਖ਼ ਟਿੱਪਣੀਆਂ ਕਰਨ ਲਈ ਮਜ਼ਬੂਰ ਕਰ ਦਿੱਤਾ। ਚੀਮਾ ਨੇ ਯੋਗੀ ਸਰਕਾਰ ਵਲੋਂ ਇਲਾਹਾਬਾਦ ਹਾਈਕੋਰਟ ਦੇ ਇਕ ਮੈਂਬਰੀ ਸਾਬਕਾ ਜੱਜ ’ਤੇ ਅਾਧਾਰਿਤ ਜਾਂਚ ਕਮਿਸ਼ਨ ਨੂੰ ਅੱਖਾਂ ’ਚ ਘੱਟਾ ਪਾਊ ਧੋਖ਼ਾ ਕਰਾਰ ਦਿੰਦਿਆਂ ਕਿਹਾ ਕਿ ਜਿੰਨਾ ਚਿਰ ਸੁਪਰੀਮ ਕੋਰਟ ਇਸ ਘਟਨਾ ਦੀ ਜਾਂਚ ਨੂੰ ਆਪਣੀ ਨਿਗਰਾਨੀ ਥੱਲੇ ਨਹੀਂ ਕਰਦੀ, ਓਨਾ ਚਿਰ ਜਾਂਚ ਸਹੀ ਦਿਸ਼ਾ ਵੱਲ ਨਹੀਂ ਵਧ ਸਕੇਗੀ। ਇਸ ਲਈ ਜਾਂਚ ਚੰਦ ਦਿਨਾ ਲਈ ਸਮਾਂਬੱਧ ਅਤੇ ਸੁਪਰੀਮ ਕੋਰਟ ਦੀ ਸਿੱਧੀ ਨਿਗਰਾਨੀ ਹੇਠ ਹੋਵੇ।


author

Bharat Thapa

Content Editor

Related News