ਚੰਡੀਗੜ੍ਹ ਦੇ 90 ਫੀਸਦੀ ਸਕੂਲਾਂ ''ਚ ਨਹੀਂ ਹੈ ਬਾਇਓ ਮੈਟ੍ਰਿਕ ਮਸ਼ੀਨ

Wednesday, Feb 07, 2018 - 07:59 AM (IST)

ਚੰਡੀਗੜ੍ਹ ਦੇ 90 ਫੀਸਦੀ ਸਕੂਲਾਂ ''ਚ ਨਹੀਂ ਹੈ ਬਾਇਓ ਮੈਟ੍ਰਿਕ ਮਸ਼ੀਨ

ਚੰਡੀਗੜ੍ਹ  (ਰਸ਼ਿਮ ਰੋਹਿਲਾ) — ਚੰਡੀਗੜ੍ਹ ਸਿੱਖਿਆ ਵਿਭਾਗ ਨੇ ਡੇਢ ਸਾਲ ਪਹਿਲਾਂ ਸਾਰੇ ਸਕੂਲਾਂ ਵਿਚ ਬਾਇਓ ਮੈਟ੍ਰਿਕ ਮਸ਼ੀਨ ਲਾਉਣ ਦੇ ਹੁਕਮ ਜਾਰੀ ਕੀਤੇ ਸਨ ਪਰ ਅਜੇ ਤਕ ਵੀ ਸਾਰੇ ਸਕੂਲਾਂ ਵਿਚ ਬਾਇਓ ਮੈਟ੍ਰਿਕ ਮਸ਼ੀਨ ਨਹੀਂ ਲਗ ਸਕੀ ਹੈ। ਸ਼ਹਿਰ ਦੇ  95 ਫੀਸਦੀ ਸਕੂਲ ਅਜਿਹੇ ਹਨ, ਜਿਨ੍ਹਾਂ ਵਿਚ ਬਾਇਓ ਮੈਟ੍ਰਿਕ ਮਸ਼ੀਨ ਨਹੀਂ ਲੱਗੀ ਹੈ। ਜਿਨ੍ਹਾਂ ਵਿਚ ਲੱਗੀ ਸੀ, ਉਨ੍ਹਾਂ ਸਕੂਲਾਂ ਵਿਚੋਂ ਕੁਝ ਵਿਚ ਹੀ ਇਹ ਮਸ਼ੀਨ ਚਾਲੂ ਹੈ। ਇਸ ਕਾਰਨ ਅਜੇ ਵੀ ਅਧਿਆਪਕ ਆਪਣੀ ਹਾਜ਼ਰੀ ਮੈਨੂਅਲੀ ਲਾ ਰਹੇ ਹਨ।
ਜਾਣਕਾਰੀ ਅਨੁਸਾਰ ਸਿਰਫ 5 ਫੀਸਦੀ ਸਕੂਲਾਂ ਵਿਚ ਹੀ ਬਾਇਓ ਮੈਟ੍ਰਿਕ ਮਸ਼ੀਨ ਲੱਗੀ ਹੋਈ ਹੈ। ਉਨ੍ਹਾਂ ਵਿਚੋਂ ਵੀ 2 ਫੀਸਦੀ ਸਕੂਲ ਇਹੋ ਜਿਹੇ ਹਨ, ਜਿਨ੍ਹਾਂ ਵਿਚ ਮਸ਼ੀਨ ਤਾਂ ਲੱਗੀ ਹੈ ਪਰ ਉਹ ਕੰਮ ਨਹੀਂ ਕਰ ਰਹੀ। ਇਨ੍ਹਾਂ ਮਸ਼ੀਨਾਂ ਦੇ ਖਰਾਬ ਹੋਣ ਕਾਰਨ ਅਧਿਆਪਕ ਵੀ ਪ੍ਰੇਸ਼ਾਨ ਹਨ। ਕਈ ਵਾਰ ਸਰਵਰ ਡਾਊਨ ਹੋਣ ਦੀਆਂ ਵੀ ਸ਼ਿਕਾਇਤਾਂ ਅਕਸਰ ਵਿਭਾਗ ਨੂੰ ਮਿਲਦੀਆਂ ਹਨ। ਵਿਭਾਗ ਵਲੋਂ ਕੁਆਲਿਟੀ ਐਜੂਕੇਸ਼ਨ 'ਤੇ ਜ਼ੋਰ ਦਿੱਤਾ ਜਾ ਰਿਹਾ ਹੈ। ਇਸੇ ਕਾਰਨ ਬਾਇਓ ਮੈਟ੍ਰਿਕ ਮਸ਼ੀਨਾਂ ਨਾਲ ਹਾਜ਼ਰੀ ਲਾਉਣਾ ਯਕੀਨੀ ਬਣਾਇਆ ਜਾ ਰਿਹਾ ਹੈ ਪਰ ਕਈ ਸਕੂਲਾਂ ਵਿਚ ਮਸ਼ੀਨਾਂ ਖਰਾਬ ਹੋਣ ਕਾਰਨ ਇਸ ਵਿਚ ਸਫਲਤਾ ਨਹੀਂ ਮਿਲ ਰਹੀ ਹੈ ਤੇ ਇਸ ਕਰਕੇ ਪਹਿਲਾਂ ਇਨ੍ਹਾਂ ਮਸ਼ੀਨਾਂ ਨੂੰ ਠੀਕ ਕਰਵਾਉਣ ਦੀ ਲੋੜ ਹੈ।
ਡੀ. ਐੱਸ. ਈ. ਇਕ ਹਫਤਾ ਤੇ ਡੀ. ਈ. ਓ. 10 ਦਿਨਾਂ ਦੀ ਛੁੱਟੀ 'ਤੇ, ਡਿਪਟੀ ਡਾਇਰੈਕਟਰ ਨੇ ਨਹੀਂ ਚੁੱਕਿਆ ਫੋਨ
ਜਦੋਂ ਇਸ ਸਬੰਧੀ ਗੱਲ ਕਰਨ ਲਈ ਡਿਪਟੀ ਡਾਇਰੈਕਟਰ ਆਫ ਸਕੂਲ ਐਜੂਕੇਸ਼ਨ ਸਰੋਜ ਮਿੱਤਲ ਨੂੰ ਫੋਨ ਕੀਤਾ ਗਿਆ ਤਾਂ ਉਨ੍ਹਾਂ ਗੱਲ ਸੁਣ ਕੇ ਫੋਨ ਵਿਚ ਹੀ ਕੱਟ ਦਿੱਤਾ। ਜਦੋਂ ਦੁਬਾਰਾ ਫੋਨ ਮਿਲਾਇਆ ਗਿਆ ਤਾਂ ਉਨ੍ਹਾਂ ਫਿਰ ਫੋਨ ਕੱਟ ਦਿੱਤਾ। ਉਥੇ ਹੀ ਡੀ. ਐੱਸ. ਈ. ਇਕ ਹਫਤਾ ਅਤੇ ਡੀ. ਈ. ਓ. 10 ਦਿਨਾਂ ਦੀ ਛੁੱਟੀ 'ਤੇ ਚੱਲ ਰਹੇ ਹਨ।


Related News