ਮੌਜੂਦਾ ਹਾਲਾਤ ਦੇ ਮੱਦੇਨਜ਼ਰ ਜ਼ਿਲ੍ਹਾ ਕਪੂਰਥਲਾ ''ਚ ਕਰਫਿਊ ਵਿੱਚ ਹਾਲੇ ਕੋਈ ਛੋਟ ਨਹੀਂ : DC ਦੀਪਤੀ ਉੱਪਲ

Wednesday, Apr 29, 2020 - 09:53 PM (IST)

ਕਪੂਰਥਲਾ (ਮਹਾਜਨ)- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਦੋ ਹਫਤੇ ਹੋਰ ਕਰਫਿਊ ਦੀ ਮਿਆਦ ਵਧਾਈ ਗਈ ਹੈ ਤੇ ਨਾਲ ਹੀ ਸਵੇਰੇ 7 ਤੋਂ 11 ਵਜੇ ਤੱਕ ਕੁਝ ਕੰਮਾਂ `ਚ ਛੋਟ ਦੇਣ ਦਾ ਐਲਾਨ ਕੀਤਾ ਹੈ। ਇਸ ਐਲਾਨ ਤੋਂ ਬਾਅਦ ਜ਼ਿਲ੍ਹਾ ਕਪੂਰਥਲਾ ਦੀ ਜਨਤਾ `ਚ ਸ਼ਸ਼ੋਪੰਜ `ਚ ਪੈ ਗਈ ਹੈ ਤੇ ਸਵੇਰੇ ਤੋਂ ਆਪਣੇ ਕਾਰੋਬਾਰ ਚਾਲੂ ਕਰਨ ਬਾਰੇ ਸੋਚ ਰਹੇ ਹਨ ਤੇ ਹਰ ਗਲੀ ਮੁਹੱਲੇ `ਚ ਇਸ ਐਲਾਨ ਦਾ ਹੀ ਜਿਕਰ ਹੋ ਰਿਹਾ ਹੈ। ਇਸ ਸਬੰਧੀ ਜ਼ਿਲ੍ਹਾ ਮੈਜਿਸਟਰੇਟ-ਕਮ-ਡਿਪਟੀ ਕਮਿਸ਼ਨਰ ਕਪੂਰਥਲਾ ਦੀਪਤੀ ਉੱਪਲ ਨੇ ਸਪੱਸ਼ਟ ਕੀਤਾ ਹੈ ਕਿ ਜ਼ਿਲ੍ਹਾ ਕਪੂਰਥਲਾ ਅੰਦਰ ਕਰਫਿਊ ਵਿੱਚ ਕੋਈ ਢਿੱਲ ਨਹੀਂ ਦਿੱਤੀ ਜਾ ਰਹੀ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਵਿੱਚ ਕੋਰੋਨਾਵਾਇਰਸ ਦੇ ਨਵੇਂ ਆ ਰਹੇ ਮਾਮਲਿਆਂ ਨੂੰ ਦੇਖਦਿਆਂ ਜ਼ਿਲ੍ਹੇ ਨੂੰ ਓਰੇਂਜ ਜ਼ੋਨ ਵਿੱਚ ਹੀ ਰੱਖਿਆ ਹੋਇਆ ਹੈ ਅਤੇ ਕਰਫਿਊ ਵਿਚ ਕਿਸੇ ਪ੍ਰਕਾਰ ਦੀ ਢਿੱਲ ਦੇਣ ਸਬੰਧੀਂ 30 ਅਪ੍ਰੈਲ ਨੂੰ ਸਬੰਧਤਾਂ ਨਾਲ ਮੀਟਿੰਗ ਕਰਕੇ ਹੀ ਕੋਈ ਫੈਸਲਾ ਲਿਆ ਜਾਵੇਗਾ।
ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕਿਸੇ ਤਰ੍ਹਾਂ ਦੀਆਂ ਅਫ਼ਵਾਹਾਂ ਨਾ ਫੈਲਾਉਣ ਅਤੇ ਨਾਂ ਹੀ ਅਫ਼ਵਾਹਾਂ `ਤੇ ਵਿਸ਼ਵਾਸ਼ ਕਰਨ ਅਤੇ ਕਰਫਿਊ ਦੌਰਾਨ ਲਗਾਈਆਂ ਗਈਆਂ ਪਾਬੰਦੀਆਂ ਦੀ ਪਾਲਣਾ ਕਰਨ। ਉਨ੍ਹਾਂ ਕਿਹਾ ਕਿ ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਲੋਕਾਂ ਦਾ ਆਪਣੇ ਘਰਾਂ ਵਿੱਚ ਹੀ ਰਹਿਣਾਂ ਲਾਜਮੀ ਹੈ, ਜਿਸ ਲਈ ਜ਼ਿਲ੍ਹੇ ਦੇ ਨਿਵਾਸੀ ਆਪਣੇ ਘਰਾਂ ਵਿੱਚੋਂ ਬਾਹਰ ਨਾ ਨਿਕਲਣ ਤਾਂ ਕਿ ਕੋਰੋਨਾ ਵਿਰੁੱਧ ਲੜੀ ਜਾ ਰਹੀ ਜੰਗ `ਮਿਸ਼ਨ ਫ਼ਤਹਿ` ਨੂੰ ਕਾਮਯਾਬ ਬਣਾਇਆ ਜਾ ਸਕੇ।    


Gurdeep Singh

Content Editor

Related News