ਪੰਜਾਬ 'ਚ ਚੋਣਾਂ ਨੂੰ ਲੈ ਕੇ ਹਲਚਲ ਤੇਜ਼! ਭਾਜਪਾ ਦੇ ਕੌਮੀ ਪ੍ਰਧਾਨ ਤੇ ਮੰਤਰੀ ਕਰਨਗੇ ਸੂਬੇ ਦਾ ਦੌਰਾ

Tuesday, Jun 09, 2026 - 08:35 AM (IST)

ਪੰਜਾਬ 'ਚ ਚੋਣਾਂ ਨੂੰ ਲੈ ਕੇ ਹਲਚਲ ਤੇਜ਼! ਭਾਜਪਾ ਦੇ ਕੌਮੀ ਪ੍ਰਧਾਨ ਤੇ ਮੰਤਰੀ ਕਰਨਗੇ ਸੂਬੇ ਦਾ ਦੌਰਾ

ਚੰਡੀਗੜ੍ਹ (ਵੈੱਬ ਡੈਸਕ): ਪੰਜਾਬ ਵਿਚ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸਿਆਸੀ ਹਲਚਲ ਤੇਜ਼ ਹੋਣ ਲੱਗ ਪਈ ਹੈ ਤੇ ਪਾਰਟੀਆਂ ਨੇ ਆਪੋ-ਆਪਣੇ ਪੱਧਰ 'ਤੇ ਸਰਗਰਮੀਆਂ ਸ਼ੁਰੂ ਕਰ ਦਿੱਤੀਆਂ ਹਨ। ਇਸੇ ਲੜੀ ਤਹਿਤ ਭਾਜਪਾ ਨੇ ਵੀ ਵੱਡੇ ਆਗੂਆਂ ਨੂੰ ਪੰਜਾਬ ਭੇਜਣ ਦੀ ਯੋਜਨਾ ਤਿਆਰ ਕਰ ਲਈ ਹੈ। ਇਸ ਤਹਿਤ ਭਾਜਪਾ ਦੇ ਕੌਮੀ ਪ੍ਰਧਾਨ ਨਿਤਿਨ ਨਬੀਨ ਇਸੇ ਮਹੀਨੇ ਪੰਜਾਬ ਦੌਰੇ 'ਤੇ ਆ ਰਹੇ ਹਨ। ਉਨ੍ਹਾਂ ਤੋਂ ਪਹਿਲਾਂ ਦੋ ਕੇਂਦਰੀ ਮੰਤਰੀ ਵੀ ਪੰਜਾਬ ਦਾ ਦੌਰਾ ਕਰ ਸਕਦੇ ਹਨ। 

ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ, ਨਿਤਿਨ ਨਬੀਨ ਇਸੇ ਮਹੀਨੇ ਪੰਜਾਬ ਆਉਣਗੇ। ਉਹ ਅੰਮ੍ਰਿਤਸਰ 'ਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅਤੇ ਦੁਰਗਿਆਣਾ ਮੰਦਿਰ ਵਿਖੇ ਨਤਮਸਤਕ ਹੋਣਗੇ। ਭਾਜਪਾ ਦਾ ਕੌਮੀ ਪ੍ਰਧਾਨ ਬਣਨ ਮਗਰੋਂ ਨਿਤਿਨ ਨਬੀਨ ਦਾ ਇਹ ਪਹਿਲਾ ਪੰਜਾਬ ਦੌਰਾ ਹੋਵੇਗਾ। ਉਨ੍ਹਾਂ ਤੋਂ ਪਹਿਲਾਂ ਕੇਂਦਰ ਸਰਕਾਰ ਦੇ ਦੋ ਵਜ਼ੀਰ ਵੀ ਪੰਜਾਬ ਦੌਰੇ 'ਤੇ ਆ ਰਹੇ ਹਨ। ਸਭ ਤੋਂ ਪਹਿਲਾਂ ਕੇਂਦਰੀ ਸ਼ਹਿਰੀ ਵਿਕਾਸ ਅਤੇ ਹਾਊਸਿੰਗ ਮੰਤਰੀ ਮਨੋਹਰ ਲਾਲ ਖੱਟੜ 13 ਜੂਨ ਨੂੰ ਅੰਮ੍ਰਿਤਸਰ ਆਉਣਗੇ। ਉਨ੍ਹਾਂ ਮਗਰੋਂ ਕੇਂਦਰੀ ਕਾਨੂੰਨ ਮੰਤਰੀ ਅਰਜੁਨ ਰਾਮ ਮੇਘਵਾਲ ਵੀ ਪੰਜਾਬ ਦਾ ਦੌਰਾ ਕਰਨਗੇ ਤੇ ਫ਼ਿਰ ਮਹੀਨੇ ਦੇ ਅਖ਼ੀਰ ਵਿਚ ਭਾਜਪਾ ਪ੍ਰਧਾਨ ਪੰਜਾਬ ਆ ਸਕਦੇ ਹਨ। 

ਦੱਸਿਆ ਜਾ ਰਿਹਾ ਹੈ ਕਿ ਪੰਜਾਬ ਭਾਜਪਾ ਦੇ ਨਵਨਿਯੁਕਤ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਕੇਂਦਰੀ ਮੰਤਰੀਆਂ ਨਾਲ ਰਲ਼ ਕੇ ਇਹ ਯੋਜਨਾਬੰਦੀ ਤਿਆਰ ਕੀਤੀ ਹੈ। ਭਾਜਪਾ ਪੰਜਾਬ ਦੀਆਂ ਸਾਰੀਆਂ ਵਿਧਾਨ ਸਭਾ ਸੀਟਾਂ 'ਤੇ ਇਕੱਲਿਆਂ ਚੋਣ ਲੜਣ ਦੀ ਤਿਆਰੀ ਕਰ  ਰਹੀ ਹੈ, ਇਸ ਲਈ ਹੁਣ ਤੋਂ ਹੀ ਪ੍ਰਚਾਰ ਦੀ ਸ਼ੁਰੂਆਤ ਕਰਨਾ ਚਾਹੁੰਦੀ ਹੈ। ਇਨ੍ਹਾਂ ਦੌਰਿਆਂ ਤੋਂ ਬਾਅਦ ਭਾਜਪਾ ਦੇ ਹੋਰ ਵੀ ਮੰਤਰੀ ਤੇ ਸੀਨੀਅਰ ਲੀਡਰ ਪੰਜਾਬ ਫੇਰੀ 'ਤੇ ਆ ਸਕਦੇ ਹਨ। 


author

Anmol Tagra

Content Editor

Related News