ਸਨੌਰ ਨਗਰ ਕਮੇਟੀ ਦੇ ਪ੍ਰਧਾਨ ਅਤੇ ‘ਆਪ’ ਆਗੂ ਪ੍ਰਦੀਪ ਜੋਸ਼ਨ ਭਾਜਪਾ ''ਚ ਸ਼ਾਮਲ
Monday, Sep 14, 2026 - 09:39 PM (IST)
ਚੰਡੀਗੜ੍ਹ : ਸਨੌਰ ਵਿਧਾਨ ਸਭਾ ਹਲਕੇ ਵਿੱਚ ਭਾਰਤੀ ਜਨਤਾ ਪਾਰਟੀ (ਭਾਜਪਾ) ਨੂੰ ਉਸ ਸਮੇਂ ਵੱਡੀ ਸਿਆਸੀ ਮਜ਼ਬੂਤੀ ਮਿਲੀ, ਜਦੋਂ ਸਨੌਰ ਨਗਰ ਕਮੇਟੀ ਦੇ ਪ੍ਰਧਾਨ, ਸਨੌਰ ਵਿਧਾਨ ਸਭਾ ਹਲਕੇ ਦੇ ਸੰਗਠਨ ਇੰਚਾਰਜ ਅਤੇ ਆਮ ਆਦਮੀ ਪਾਰਟੀ (ਆਪ) ਦੇ ਐਸ.ਸੀ. ਵਿੰਗ ਦੇ ਸੂਬਾ ਸਕੱਤਰ ਪ੍ਰਦੀਪ ਜੋਸ਼ਨ ਆਪਣੇ ਸਮਰਥਕਾਂ ਸਮੇਤ ਅੱਜ ਭਾਜਪਾ ਵਿੱਚ ਸ਼ਾਮਲ ਹੋ ਗਏ।
ਪ੍ਰਦੀਪ ਜੋਸ਼ਨ ਨੇ ਪੰਜਾਬ ਭਾਜਪਾ ਦੇ ਸੂਬਾ ਪ੍ਰਧਾਨ ਸਰਦਾਰ ਕੇਵਲ ਸਿੰਘ ਢਿੱਲੋਂ ਦੀ ਅਗਵਾਈ ਹੇਠ ਅਤੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੀ ਮੌਜੂਦਗੀ ਵਿੱਚ ਭਾਜਪਾ ਦਾ ਪੱਲਾ ਫੜਿਆ। ਪ੍ਰਦੀਪ ਜੋਸ਼ਨ ਦੇ ਨਾਲ ਸਨੌਰ ਤੋਂ ਕਈ ਪ੍ਰਮੁੱਖ ਸਿਆਸੀ ਆਗੂਆਂ, ਅਹੁਦੇਦਾਰਾਂ ਅਤੇ ਸਮਾਜਿਕ ਕਾਰਕੁਨਾਂ ਦਾ ਭਾਜਪਾ ਵਿੱਚ ਸ਼ਾਮਲ ਹੋਣਾ ਵੀ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ।
ਭਾਜਪਾ ਵਿੱਚ ਸ਼ਾਮਲ ਹੋਣ ਵਾਲੇ ਪ੍ਰਮੁੱਖ ਆਗੂਆਂ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਐਸ.ਸੀ. ਵਿੰਗ, ਮਾਲਵਾ ਜ਼ੋਨ ਦੇ ਪ੍ਰਧਾਨ ਸਵਰਨ ਸਿੰਘ, ਰਜਤ ਬਟਿਸ਼, ਨਰੋਤਮ ਭਟਨਾਗਰ, ਬਰਿੰਦਰ ਬਟਿਸ਼, ਰੋਹਿਤ ਵਾਲੀਆ, ਆਸ਼ੀਸ਼ ਗੌੜ, ਮਾਨਵ, ਸੰਜੀਵ ਕੁਮਾਰ, ਦਿਨੇਸ਼ ਸ਼ਰਮਾ, ਡਾ. ਕਮਲ ਵਾਲੀਆ, ਯਾਹ ਕੁਮਾਰ, ਵਿਜੇ ਕੁਮਾਰ ਭਾਰਦਵਾਜ ਅਤੇ ਪਰਮਿੰਦਰ ਭਾਰਦਵਾਜ ਸ਼ਾਮਲ ਹਨ।
ਇਸ ਤੋਂ ਇਲਾਵਾ ਸਮਾਜ ਕਲਿਆਣ ਕਲੱਬ, ਸਨੌਰ ਨਾਲ ਜੁੜੇ ਕਈ ਪ੍ਰਮੁੱਖ ਸਮਾਜਿਕ ਕਾਰਕੁਨਾਂ ਨੇ ਵੀ ਭਾਜਪਾ ਦਾ ਪੱਲਾ ਫੜਿਆ। ਇਨ੍ਹਾਂ ਵਿੱਚ ਵਰਿੰਦਰ ਸਿੰਘ, ਹਰਮਿੰਦਰ ਸਿੰਘ, ਜਗਦੀਪ ਸਿੰਘ, ਗੁਰਬੀਰ ਸਿੰਘ, ਮਨਦੀਪ ਸਿੰਘ, ਦਵਿੰਦਰ ਸਿੰਘ, ਗੁਰਵੀਰ ਬੱਟੂ ਅਤੇ ਗੁਰਵਿੰਦਰ ਸਿੰਘ ਸ਼ਾਮਲ ਹਨ।
ਪ੍ਰਦੀਪ ਜੋਸ਼ਨ ਅਤੇ ਹੋਰ ਨਵੇਂ ਮੈਂਬਰਾਂ ਦਾ ਭਾਜਪਾ ਪਰਿਵਾਰ ਵਿੱਚ ਸਵਾਗਤ ਕਰਦਿਆਂ ਸਰਦਾਰ ਕੇਵਲ ਸਿੰਘ ਢਿੱਲੋਂ ਨੇ ਕਿਹਾ ਕਿ ਪ੍ਰਮੁੱਖ ਸਿਆਸੀ ਅਤੇ ਸਮਾਜਿਕ ਵਰਕਰਾਂ ਦਾ ਭਾਜਪਾ ਵਿੱਚ ਸ਼ਾਮਲ ਹੋਣਾ ਲੋਕਾਂ ਦੇ ਭਾਜਪਾ ਦੀਆਂ ਨੀਤੀਆਂ ਅਤੇ ਪਾਰਟੀ ਦੀ ਲੀਡਰਸ਼ਿਪ ਵਿੱਚ ਵੱਧ ਰਹੇ ਵਿਸ਼ਵਾਸ ਨੂੰ ਦਰਸਾਉਂਦਾ ਹੈ।
ਉਨ੍ਹਾਂ ਕਿਹਾ ਕਿ ਭਾਜਪਾ ਪੰਜਾਬ ਦੇ ਵਿਕਾਸ ਅਤੇ ਸਮਾਜ ਦੇ ਹਰ ਵਰਗ ਦੀ ਭਲਾਈ ਲਈ ਪੂਰੀ ਵਚਨਬੱਧਤਾ ਨਾਲ ਕੰਮ ਕਰਦੀ ਰਹੇਗੀ। ਪ੍ਰਦੀਪ ਜੋਸ਼ਨ ਅਤੇ ਉਨ੍ਹਾਂ ਦੇ ਵੱਡੀ ਗਿਣਤੀ ਵਿੱਚ ਸਮਰਥਕਾਂ ਦੇ ਭਾਜਪਾ ਵਿੱਚ ਸ਼ਾਮਲ ਹੋਣ ਨਾਲ ਸਨੌਰ ਵਿਧਾਨ ਸਭਾ ਹਲਕੇ ਵਿੱਚ ਭਾਜਪਾ ਦੇ ਸੰਗਠਨਾਤਮਕ ਆਧਾਰ ਅਤੇ ਜ਼ਮੀਨੀ ਪੱਧਰ ’ਤੇ ਪਾਰਟੀ ਦੀ ਮੌਜੂਦਗੀ ਹੋਰ ਮਜ਼ਬੂਤ ਹੋਣ ਦੀ ਉਮੀਦ ਹੈ।
