ਪਠਾਨਕੋਟ ਤੋਂ ਭਾਜਪਾ ਦੀ ਪਹਿਲੀ 'ਨਸ਼ਾ ਮੁਕਤ ਪੰਜਾਬ ਯਾਤਰਾ' ਦਾ ਆਗਾਜ਼

Friday, Sep 18, 2026 - 01:33 PM (IST)

ਪਠਾਨਕੋਟ ਤੋਂ ਭਾਜਪਾ ਦੀ ਪਹਿਲੀ 'ਨਸ਼ਾ ਮੁਕਤ ਪੰਜਾਬ ਯਾਤਰਾ' ਦਾ ਆਗਾਜ਼

ਪਠਾਨਕੋਟ- ਪੰਜਾਬ ਭਾਜਪਾ ਵੱਲੋਂ ਨਸ਼ਿਆਂ ਖ਼ਿਲਾਫ਼ ਵਿੱਢੀ ਜਾ ਰਹੀ ਲੋਕ ਲਹਿਰ ਦਾ ਆਗ਼ਾਜ਼ ਅੱਜ ਪਠਾਨਕੋਟ ਤੋਂ ਸ਼ੁਰੂ ਹੋ ਗਿਆ ਹੈ। ਭਾਜਪਾ ਦੇ ਨਵ-ਨਿਯੁਕਤ ਕੌਮੀ ਪ੍ਰਧਾਨ ਨਿਤਿਨ ਨਬੀਨ ਨੇ ਅੱਜ ਏਕਤਾ ਸਥਲ, ਮਾਧੋਪੁਰ, ਪਠਾਨਕੋਟ ਤੋਂ ਪਹਿਲੀ ਨਸ਼ਾ ਮੁਕਤ ਪੰਜਾਬ ਯਾਤਰਾ ਨੂੰ ਰਵਾਨਾ ਕੀਤਾ। ਪੰਜਾਬ ਭਾਜਪਾ ਦੇ ਜਨਰਲ ਸਕੱਤਰ ਤੇ ਨਸ਼ਾ ਮੁਕਤ ਪੰਜਾਬ ਯਾਤਰਾ ਦੇ ਇੰਚਾਰਜ ਰਾਜੇਸ਼ ਕੁਮਾਰ ਬਾਘਾ ਨੇ ਦੱਸਿਆ ਕਿ ‘ਭਾਜਪਾ ਦਾ ਨਾਅਰਾ, ਨਸ਼ਾ ਮੁਕਾਉਣਾ ਸਾਰਾ’ ਤਹਿਤ ਕੁੱਲ 4 ਯਾਤਰਾਵਾਂ ਕੱਢੀਆਂ ਜਾਣਗੀਆਂ, ਜਿਨ੍ਹਾਂ ਦੀਆਂ ਸਾਰੀਆਂ ਤਿਆਰੀਆਂ ਮੁਕੰਮਲ ਹਨ। ਬਾਘਾ ਨੇ ਦੱਸਿਆ ਕਿ ਅੱਜ ਤੋਂ ਸ਼ੁਰੂ ਹੋਈਆਂ ਇਨ੍ਹਾਂ ਯਾਤਰਾਵਾਂ ਦੀ ਸਮਾਪਤੀ ਮੌਕੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਜਲੰਧਰ ਪਹੁੰਚਣਗੇ ਅਤੇ ਵਿਸ਼ਾਲ ਰੈਲੀ ਨੂੰ ਸੰਬੋਧਨ ਕਰਨਗੇ। ਯਾਤਰਾ ਦਾ ਮਕਸਦ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਲਈ ਲੋਕਾਂ ਨੂੰ ਜਾਗਰੂਕ ਕਰਨਾ ਹੈ।

ਦੂਜੀ ਯਾਤਰਾ ਨੂੰ 19 ਸਤੰਬਰ ਨੂੰ ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਹਰੀ ਝੰਡੀ ਦੇ ਕੇ ਰਵਾਨਾ ਕਰਨਗੇ। ਯਾਤਰਾ ਨੂੰ ਰਵਾਨਾ ਕਰਨ ਤੋਂ ਪਹਿਲਾਂ ਉਹ ਗੁਰਦੁਆਰਾ ਸ੍ਰੀ ਜੋਤੀ ਸਰੂਪ ਸ੍ਰੀ ਫ਼ਤਿਹਗੜ੍ਹ ਸਾਹਿਬ ਵਿਖੇ ਨਤਮਸਤਕ ਹੋਣਗੇ। ਤੀਜੀ ਯਾਤਰਾ 20 ਸਤੰਬਰ ਨੂੰ ਫ਼ਾਜ਼ਿਲਕਾ ਵਿਖੇ ਸਾਦਿਕੀ ਬਾਰਡਰ (ਆਸਫ਼ਵਾਲਾ 1971 ਜੰਗੀ ਯਾਦਗਾਰ) ਤੋਂ ਸ਼ੁਰੂ ਹੋਵੇਗੀ । ਇਸ ਯਾਤਰਾ ਨੂੰ ਕੇਂਦਰੀ ਕਾਨੂੰਨ ਮੰਤਰੀ ਅਰਜੁਨ ਰਾਮ ਮੇਘਵਾਲ ਕੇਂਦਰੀ ਹਰੀ ਝੰਡੀ ਦੇ ਕੇ ਰਵਾਨਾ ਕਰਨਗੇ। ਚੌਥੀ ਯਾਤਰਾ 21 ਸਤੰਬਰ ਨੂੰ ਤਲਵੰਡੀ ਸਾਬੋ ਸਥਿਤ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਵਿਖੇ ਨਤਮਸਤਕ ਹੋਣ ਉਪਰੰਤ ਸ਼ੁਰੂ ਹੋਵੇਗੀ । ਇਨ੍ਹਾਂ ਚਾਰੇ ਯਾਤਰਾਵਾਂ ਦੀ 30 ਸਤੰਬਰ ਨੂੰ ਜਲੰਧਰ ਸਮਾਪਤੀ ਹੋਵੇਗੀ ਤੇ ਯਾਤਰਾਵਾਂ ਦੀ ਸਮਾਪਤੀ ਮੌਕੇ ਭਾਜਪਾ ਵੱਲੋਂ ਜਲੰਧਰ ’ਚ ਜਨਤਕ ਰੈਲੀ ਕੀਤੀ ਜਾਵੇਗੀ, ਜਿਸ ਨੂੰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਸੰਬੋਧਨ ਕਰਨਗੇ ।


author

Shivani Bassan

Content Editor

Related News