ਹੋਲੇ-ਮਹੱਲੇ ''ਤੇ ਹੋਏ NRI ਨੌਜਵਾਨ ਦੇ ਕਤਲ ਦੀ ਨਿਮਿਸ਼ਾ ਮਹਿਤਾ ਨੇ ਕੀਤੀ ਨਿਖੇਧੀ
Thursday, Mar 09, 2023 - 04:29 PM (IST)

ਗੜ੍ਹਸ਼ੰਕਰ- ਸ੍ਰੀ ਅਨੰਦਪੁਰ ਸਾਹਿਬ ਵਿਖੇ ਹੋਲੇ-ਮਹੱਲੇ ਦੇ ਚਲਦਿਆਂ 7 ਮਾਰਚ ਨੂੰ ਐੱਨ. ਆਰ. ਆਈ. ਨੌਜਵਾਨ ਪ੍ਰਦੀਪ ਸਿੰਘ ਦੇ ਸ਼ਰੇਆਮ ਹੋਏ ਕਤਲ ਦੀ ਨਿਖੇਧੀ ਕਰਦਿਆਂ ਭਾਜਪਾ ਆਗੂ ਨਿਮਿਸ਼ਾ ਮਹਿਤਾ ਨੇ 'ਆਪ' ਸਰਕਾਰ 'ਤੇ ਤਿੱਖੇ ਹਮਲੇ ਬੋਲੇ ਹਨ। ਉਨ੍ਹਾਂ ਕਿਹਾ ਕਿ ਜਿਸ ਦਿਨ ਤੋਂ ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ, ਗੁੰਡਾ ਅਨਸਰ ਖ਼ੂਨ ਦੀਆਂ ਹੋਲੀਆਂ ਖੇਡ ਰਹੇ ਹਨ ਅਤੇ 'ਆਪ' ਪਾਰਟੀ ਜੋ ਰੰਗਲਾ ਪੰਜਾਬ ਬਣਾਉਣ ਦਾ ਵਾਅਜਦਾ ਕਰਕੇ ਸੱਤਾ ਵਿਚ ਆਈ ਸੀ, ਉਹ ਲੋਕਾਂ ਦੇ ਪੁੱਤਾਂ ਦੇ ਕਤਲ ਕਰਵਾ ਕੇ ਉਨ੍ਹਾਂ ਦੇ ਖ਼ੂਨ ਨਾਲ ਪੰਜਾਬ ਨੂੰ ਲਾਲੋ-ਲਾਲ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਸ੍ਰੀ ਅਨੰਦਰਪੁਰ ਸਾਹਿਬ ਦੀ ਧਰਤੀ 'ਤੇ ਹੋਲੇ-ਮਹੱਲੇ ਦੇ ਚਲਦੇ ਸਮਾਗਮਾਂ ਵਿਚ ਸ਼ਰੇਆਮ ਇਕ ਨੌਜਵਾਨ ਦਾ ਕਤਲ ਹੋਣਾ ਪੰਜਾਬ ਦੀ ਕਾਨੂੰਨ ਵਿਵਸਥਾ ਦੀ ਮੂੰਹ ਬੋਲਦੀ ਤਸਵੀਰ ਹੈ।
ਅੱਗੇ ਬੋਲਦੇ ਹੋਏ ਨਿਮਿਸ਼ਾ ਮਹਿਤਾ ਨੇ ਕਿਹਾ ਕਿ ਜੇਕਰ ਪੰਜਾਬ ਪੁਲਸ ਚੌਕਸੀ ਨਾਲ ਆਪਣੀ ਡਿਊਟੀ ਕਰ ਰਹੀ ਹੁੰਦੀ ਅਤੇ ਪੰਜਾਬ ਪੁਲਸ ਦੀ ਨਫ਼ਰੀ ਮੇਲੇ ਦੀ ਆਮਦ ਮੁਤਾਬਕ ਲਾਈ ਜਾਂਦੀ ਤਾਂ ਸ਼ਾਇਦ ਮਾਂ ਦਾ ਪੁੱਤ ਮਰਨ ਤੋਂ ਬਚ ਸਕਦਾ ਸੀ। ਭਾਜਪਾ ਬੁਲਾਰਣ ਨੇ ਕਿਹਾ ਕਿ ਪ੍ਰਦੀਪ ਸਿੰਘ ਦੇ ਕਤਲ ਨਾਲ ਪੰਜਾਬ ਭਰ ਦੇ ਨੌਜਵਾਨਾਂ ਦੇ ਮਾਪਿਆਂ ਦੇ ਮਨਾਂ ਵਿਚ ਸਹਿਮ ਦਾ ਮਾਹੌਲ ਬਣ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਕਤਲ ਨੇ ਵਿਦੇਸ਼ਾਂ ਵਿਚ ਬੈਠੇ ਐੱਨ. ਆਰ. ਆਈਜ਼ 'ਤੇ ਵੀ ਡੂੰਘਾ ਅਸਰ ਕੀਤਾ ਹੈ। ਇਸ ਘਟਨਾ ਨਾਲ ਪੰਜਾਬ ਦੇ ਮੌਜੂਦਾ ਕਾਨੂੰਨ ਵਿਵਸਥਾ ਦੀ ਪੋਲ ਵਿਸ਼ਵ ਭਰ ਵਿਚ ਖੁੱਲ੍ਹ ਗਈ ਹੈ। ਜਿਸ ਦਿਨ ਤੋਂ ਪੰਜਾਬ ਵਿਚ 'ਆਪ' ਦੀ ਸਰਕਾਰ ਆਈ ਹੈ, ਉਸ ਦਿਨ ਤੋਂ ਨੌਜਵਾਨਾਂ ਦੇ ਕਤਲ ਹੋ ਰਹੇ ਹਨ।
ਇਹ ਵੀ ਪੜ੍ਹੋ : ਹੋਲੇ-ਮਹੱਲੇ 'ਤੇ ਜਾ ਰਹੇ ਦੋ ਭੈਣਾਂ ਦੇ ਇਕਲੌਤੇ ਭਰਾ ਦੀ ਮੌਤ, ਕੁਝ ਦਿਨ ਪਹਿਲਾਂ ਹੀ ਦੁਬਈ ਤੋਂ ਪਰਤਿਆ ਸੀ ਨੌਜਵਾਨ
ਕਬੱਡੀ ਖ਼ਿਡਾਰੀ ਸੰਦੀਪ ਨੰਗਲ ਅੰਬੀਆਂ, ਸਿੱਧੂ ਮੂਸੇਵਾਲਾ, ਨਵਾਂਸ਼ਹਿਰ ਦਾ ਨੌਜਵਾਨ ਜਿਸ ਨੂੰ ਦਿਨ-ਦਿਹਾੜੇ ਪੈਟਰੋਲ ਪੰਪ 'ਤੇ ਗੋਲੀ ਮਾਰੀ ਗਈ, ਕਾਂਸਟੇਬਲ ਕੁਲਦੀਪ ਸਿੰਘ ਬਾਜਵਾ ਦਾ ਕਤਲ, ਨਕੋਦਰ ਤੋਂ ਕੱਪੜਾ ਵਪਾਰੀ ਭੁਪਿੰਦਰ ਸਿੰਘ ਚਾਵਲਾ ਦਾ ਕਤਲ ਹੋਣਾ ਇਨ੍ਹਾਂ ਕਤਲਾਂ ਦੇ ਕੁਝ ਚੁਣਵੇਂ ਉਦਾਹਣ ਹਨ। ਉਨ੍ਹਾਂ ਕਿਹਾ ਕਿ ਹਰ ਸਾਲ ਹੋਲੇ-ਮਹੱਲੇ 'ਤੇ ਲੱਖਾਂ ਦੀ ਗਿਣਤੀ ਵਿਚ ਸੰਗਤ ਨਤਮਸਤਕ ਹੋਣ ਜਾਂਦੀ ਹੈ ਪਰ ਅਜਿਹੀ ਗੁੰਡਾਗਰਦੀ ਕਰਨ ਦੀ ਕਿਸੇ ਦੀ ਹਿੰਮਤ ਨਹੀਂ ਹੋਈ ਪਰ 'ਆਪ' ਸਰਕਾਰ ਸੱਤਾ ਵਿਚ ਆਉਣ 'ਤੇ ਗੁੰਡਾ ਅਨਸਰਾਂ ਦੀ ਚੜਤ ਮਚੀ ਹੋਈ ਹੈ ਅਤੇ ਪੰਜਾਬ ਸਰਕਾਰ ਉਨ੍ਹਾਂ 'ਤੇ ਨੱਥ ਪਾਉਣ ਵਿਚ ਫੇਲ੍ਹ ਹੋਈ ਹੈ।
ਇਹ ਵੀ ਪੜ੍ਹੋ : ਵਿਧਾਨ ਸਭਾ ਬਜਟ ਸੈਸ਼ਨ ਦੌਰਾਨ ਜ਼ਬਰਦਸਤ ਹੰਗਾਮਾ, ਮੂਸੇਵਾਲਾ ਕਤਲ ਕਾਂਡ 'ਤੇ ਕਾਂਗਰਸ ਨੇ ਕੀਤਾ ਵਾਕਆਊਟ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।