ਚੰਡੀਗੜ੍ਹ : SSP ਨੀਲਾਂਬਰੀ ਨੇ ਖੁਦ ਦਾ ''ਕੋਰੋਨਾ ਟੈਸਟ'' ਕਰਾਉਣ ਦਾ ਲਿਆ ਫੈਸਲਾ
Tuesday, Apr 28, 2020 - 02:16 PM (IST)
ਚੰਡੀਗੜ੍ਹ (ਸੁਸ਼ੀਲ) : ਚੰਡੀਗੜ੍ਹ ਪੁਲਸ ਦੀ ਪੁਲਸ ਕਪਤਾਨ ਨੀਲਾਂਬਰੀ ਜਗਦਲੇ ਨੇ ਅਖਬਾਰਾਂ ਅਤੇ ਸੋਸ਼ਲ ਮੀਡੀਆ ਰਾਹੀਂ ਬੀਤੇ ਦਿਨੀਂ ਬਾਪੂਧਾਮ ਕਾਲੋਨੀ 'ਚ ਰਾਸ਼ਨ ਵੰਡਣ ਦੌਰਾਨ ਕੋਰੋਨਾ ਪਾਜ਼ੇਟਿਵ ਦੇ ਉੱਥੇ ਮੌਜੂਦ ਹੋਣ ਦੀਆਂ ਖਬਰਾਂ ਪੜ੍ਹੀਆਂ, ਜਿਸ ਤੋਂ ਬਾਅਦ ਉਨ੍ਹਾਂ ਨੇ ਖੁਦ ਦਾ ਕੋਰੋਨਾ ਟੈਸਟ ਕਰਾਉਣ ਦਾ ਫੈਸਲਾ ਕੀਤਾ ਹੈ ਅਤੇ ਇਸ ਦੇ ਨਾਲ ਹੀ ਡਾਕਟਰਾਂ ਨੂੰ ਆਈਸੋਲੇਸ਼ਨ ਸਬੰਧੀ ਵੀ ਕਿਹਾ ਹੈ। ਚੰਡੀਗੜ੍ਹ ਦੇ ਡੀ. ਜੀ. ਪੀ. ਸੰਜੇ ਬੈਨੀਪਾਲ ਨੇ ਦੱਸਿਆ ਕਿ ਇਸ ਬਾਰੇ ਨੀਲਾਂਬਰੀ ਨੇ ਖੁਦ ਉਨ੍ਹਾਂ ਨੂੰ ਸੂਚਿਤ ਕੀਤਾ ਹੈ।
ਦੱਸਣਯੋਗ ਹੈ ਕਿ ਬੀਤੀ 21 ਅਪ੍ਰੈਲ ਨੂੰ ਚੰਡੀਗੜ੍ਹ ਕਾਂਗਰਸ ਵਲੋਂ ਬਾਪੂਧਾਮ ਕਾਲੋਨੀ 'ਚ ਰਾਸ਼ਨ ਵੰਡਣ ਦਾ ਪ੍ਰੋਗਰਾਮ ਰੱਖਿਆ ਗਿਆ ਸੀ ਅਤੇ ਉੱਥੇ ਐਸ. ਐਸ. ਪੀ. ਨੂੰ ਬੁਲਾਇਆ ਗਿਆ ਸੀ। ਇਸ ਪ੍ਰੋਗਰਾਮ 'ਚ ਚੰਡੀਗੜ੍ਹ ਕਾਂਗਰਸ ਦੇ ਪ੍ਰਧਾਨ ਪਰਦੀਪ ਛਾਬੜਾ, ਅਨਵਾਰੁਲ ਹਕ, ਸੋਨੂੰ ਮੌਦਗਿੱਲ ਸਮੇਤ ਕਈ ਕਾਂਗਰਸੀ ਨੇਤਾ ਮੌਜੂਦ ਸਨ। ਉੱਥੇ ਕੋਰੋਨਾ ਪਾਜ਼ੇਟਿਵ ਵਿਅਕਤੀ ਵੀ ਮੌਜੂਦ ਸੀ, ਜਿਸ ਦੀ ਤਸਵੀਰ ਅਖਬਾਰਾਂ ਅਤੇ ਸੋਸ਼ਲ ਮੀਡੀਆ 'ਚ ਪ੍ਰਕਾਸ਼ਿਤ ਹੋਣ ਤੋਂ ਬਾਅਦ ਇਸ ਬਾਰੇ ਪਤਾ ਲੱਗਿਆ। ਹੁਣ ਐਸ. ਐਸ. ਪੀ. ਨੀਲਾਂਬਰੀ ਨੇ ਮਾਮਲੇ ਦੀ ਗੰਭੀਰਤਾ ਨੂੰ ਸਮਝਦੇ ਹੋਏ ਖੁਦ ਦਾ ਚੈੱਕਅਪ ਕਰਨ ਲਈ ਡਾਕਟਰਾਂ ਦੇ ਪੈਨਲ ਨੂੰ ਕਿਹਾ ਹੈ।