ਨਿਹੰਗ ਸਿੰਘ ਨੇ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੇ ਬੁੱਤ ਨੂੰ ਲਾਈ ਅੱਗ, ਸਾਥੀ ਸਣੇ ਗ੍ਰਿਫਤਾਰ
Thursday, Jul 08, 2021 - 02:04 AM (IST)
ਲੁਧਿਆਣਾ(ਜ.ਬ.)- ਇਕ ਨਿਹੰਗ ਸਿੰਘ ਨੇ ਸਾਬਕਾ ਪ੍ਰਧਾਨ ਮੰਤਰੀ ਸਵ. ਰਾਜੀਵ ਗਾਂਧੀ ਦੇ ਬੁੱਤ ਨੂੰ ਅੱਗ ਲਗਾ ਕੇ ਨੁਕਸਾਨ ਪਹੁੰਚਾਇਆ ਅਤੇ ਖੁਦ ਹੀ ਆਪਣਾ ਨਾਂ ਦੱਸ ਕੇ ਫੇਸਬੁੱਕ ’ਤੇ ਇਸ ਘਟਨਾ ਨੂੰ ਵਾਇਰਲ ਕਰ ਦਿੱਤਾ।
ਘਟਨਾ ਸਲੇਮ ਟਾਬਰੀ ਦੇ ਪੀਰੂਬੰਦਾ ਇਲਾਕੇ ਦੀ ਹੈ, ਜਿੱਥੇ ਇਕ ਪਾਰਕ ’ਚ ਸਾਬਕਾ ਪ੍ਰਧਾਨ ਮੰਤਰੀ ਦਾ ਪੱਥਰ ਦਾ ਬੁੱਤ ਲੱਗਾ ਹੋਇਆ ਹੈ। ਇਹ ਬੁੱਤ ਪਹਿਲਾਂ ਵੀ ਸ਼ਰਾਰਤੀ ਤੱਤਾਂ ਲਈ ਸਸਤੀ ਸ਼ੌਹਰਤ ਹਾਸਲ ਕਰਨ ਦਾ ਸਾਧਨ ਬਣ ਚੁੱਕਾ ਹੈ।
ਇਹ ਵੀ ਪੜ੍ਹੋ- ਅਗਲੀ ਕੈਬਨਿਟ ਦੀ ਮੀਟਿੰਗ 'ਚ ਪੇਸ਼ ਕੀਤਾ ਜਾਵੇਗਾ ਅਧਿਆਪਕਾਂ ਦੀਆਂ ਮੰਗਾਂ ਦਾ ਪ੍ਰਸਤਾਵ : ਸਿੰਗਲਾ
ਇਸ ਕੇਸ ’ਚ ਮੁਲਜ਼ਮਾਂ ਰਮਨਦੀਪ ਸਿੰਘ ਨਿਹੰਗ ਨਿਵਾਸੀ ਭੌਰਾ ਪਿੰਡ, ਜਲੰਧਰ ਬਾਈਪਾਸ ਅਤੇ ਸਤਪਾਲ ਨਵੀ ਨਿਵਾਸੀ ਪੀਰੂਬੰਦਾ ਨੂੰ ਕਾਸਾਬਾਦ ਤੋਂ ਗ੍ਰਿਫਤਾਰ ਕੀਤਾ ਗਿਆ ਹੈ। ਸਤਪਾਲ ਨਵੀ ਕਈ ਅਪਰਾਧਕ ਕੇਸਾਂ ’ਚ ਸ਼ਾਮਲ ਰਹਿ ਚੁੱਕਾ ਹੈ। ਉਸ ਦੇ ਖ਼ਿਲਾਫ਼ ਲੁੱਟ-ਖੋਹ ਦੇ ਅੱਧਾ ਦਰਜਨ ਕੇਸ ਦਰਜ ਹਨ ਅਤੇ ਰਮਨਦੀਪ ’ਤੇ ਲੜਾਈ ਝਗੜੇ ਦੇ ਪਰਚੇ ਦਰਜ ਹਨ।
ਇਹ ਵੀ ਪੜ੍ਹੋ- ਸਹਿਕਾਰੀ ਅਦਾਰਿਆਂ ਦੇ ਮਾਮਲਿਆਂ ਨੂੰ ਤਰਜੀਹ ਦੇਣ ਦੀ ਲੋੜ : ਰੰਧਾਵਾ
ਰਮਨਦੀਪ ਸਿੰਘ ਨਾਮੀ ਇਸ ਨੌਜਵਾਨ ਨੇ ਆਪਣੇ ਫੇਸਬੁਕ ਪੇਜ ’ਤੇ ਵੀਡੀਓ ਵਾਇਰਲ ਕਰ ਕੇ ਇਸ ਘਟਨਾ ਦੀ ਜ਼ਿੰਮੇਵਾਰੀ ਲਈ ਹੈ ਅਤੇ ਗੁਰਸਿਮਰਨ ਮੰਡ ’ਤੇ ਨਿਸ਼ਾਨਾ ਸਾਧਦੇ ਹੋਏ ਧਮਕੀ ਦਿੱਤੀ ਹੈ ਕਿ ਪੰਜਾਬ ’ਚ ਹੋਰ ਬੁੱਤ ਲਗਾਏ ਗਏ ਤਾਂ ਉਹ ਵੀ ਸਾੜੇ ਜਾਣਗੇ। ਪੁਲਸ ਨੇ ਖ਼ਬਰ ਲਿਖੇ ਜਾਣ ਤੱਕ ਕੋਈ ਅਧਿਕਾਰਤ ਬਿਆਨ ਜਾਰੀ ਨਹੀਂ ਕੀਤਾ ਹੈ।