ਨੀਲੇ ਬਾਣੇ ਦੀ ਬਦਨਾਮੀ ਕਰ ਰਹੇ ਨਕਲੀ ਸਿੰਘਾਂ ਨੂੰ ਨਿਹੰਗ ਸਿੰਘ ਜਥੇਬੰਦੀਆਂ ਦੀ ਚਿਤਾਵਨੀ!
Saturday, Jul 13, 2024 - 02:15 PM (IST)
ਸਮਰਾਲਾ (ਵਿਪਨ ਭਾਰਦਵਾਜ): ਆਏ ਦਿਨ ਨਿਹੰਗ ਸਿੰਘ ਦਾ ਬਾਣਾ ਪਾ ਕੇ ਸ਼ਰਾਰਤੀ ਅਨਸਰਾਂ ਵੱਲੋਂ ਨਸ਼ਾ ਵੇਚਣ ਅਤੇ ਅਮਨ ਸ਼ਾਂਤੀ ਨੂੰ ਭੰਗ ਕਰਨ ਦੀਆਂ ਘਟਨਾਵਾਂ ਦੇਖਣ ਨੂੰ ਮਿਲਦੀਆਂ ਹਨ। ਇਨ੍ਹਾਂ ਸ਼ਰਾਰਤੀ ਅਨਸਰਾਂ ਵਿਰੁੱਧ ਸਮਰਾਲਾ ਵਿਖੇ ਹਲਕਾ ਸਮਰਾਲੇ ਦੀਆਂ ਨਿਹੰਗ ਜਥੇਬੰਦੀਆਂ ਨੇ ਮਾਛੀਵਾੜਾ ਰੋਡ ਦੇ ਗੁਰਦੁਆਰਾ ਸ੍ਰੀ ਸੰਗਤ ਸਾਹਿਬ ਵਿਖੇ ਸਾਂਝੀ ਮੀਟਿੰਗ ਕੀਤੀ। ਇਸ ਵਿਚ ਉਨ੍ਹਾਂ ਨੇ ਇਨ੍ਹਾਂ ਸ਼ਰਾਰਤੀ ਅਨਸਰਾਂ ਨੂੰ ਚੇਤਾਵਨੀ ਦਿੱਤੀ ਕਿ ਜਾਂ ਤਾਂ ਇਹ ਧਾਰਮਿਕ ਬਾਣਾ ਉਤਾਰ ਦੇਣ ਜਾਂ ਸੁਧਰ ਜਾਣ, ਨਹੀਂ ਤਾਂ ਉਨ੍ਹਾਂ 'ਤੇ ਸਖ਼ਤ ਤੋਂ ਸਖ਼ਤ ਕਾਰਵਾਈ ਹੋਵੇਗੀ। ਇਨ੍ਹਾਂ ਸ਼ਰਾਰਤੀ ਅਨਸਰਾਂ 'ਤੇ ਪਹਿਲਾਂ ਨਿਹੰਗ ਸਿੰਘ ਜਥੇਬੰਦੀਆਂ ਆਪਣੇ ਵੱਲੋਂ ਕਾਰਵਾਈ ਕਰਨਗੀਆਂ ਅਤੇ ਬਾਅਦ ਵਿਚ ਪੁਲਸ ਪ੍ਰਸ਼ਾਸਨ ਵੱਲੋਂ ਵੀ ਉਨ੍ਹਾਂ 'ਤੇ ਕਾਰਵਾਈ ਕਰਵਾਈ ਜਾਵੇਗੀ। ਨਿਹੰਗ ਸਿੰਘ ਜਥੇਬੰਦੀਆਂ ਦੇ ਆਗੂਆਂ ਨੇ ਕਿਹਾ ਕਿ ਕਿਸੇ ਵੀ ਹਾਲਤ 'ਚ ਹਲਕਾ ਸਮਰਾਲਾ ਦੇ ਵਿਚ ਅਮਨ ਸ਼ਾਂਤੀ ਨੂੰ ਭੰਗ ਨਹੀਂ ਹੋਣ ਦੇਵਾਂਗੇ।
ਇਹ ਖ਼ਬਰ ਵੀ ਪੜ੍ਹੋ - ਸਰਕਾਰੀ ਸਕੂਲ ਦੀ ਅਧਿਆਪਕਾ ਨੇ ਕਰ ਦਿੱਤਾ ਵੱਡਾ ਕਾਂਡ! ਭੜਕ ਉੱਠੇ ਲੋਕ
ਇਸ ਮੌਕੇ ਨਿਹੰਗ ਸੁਜਾਨ ਸਿੰਘ ਮਜਾਲੀ ਜਥੇਦਾਰ ਬਾਬਾ ਬੁੱਢਾ ਦਲ ਨੇ ਕਿਹਾ ਕਿ ਸਾਨੂੰ ਬੜੇ ਦੁੱਖ ਨਾਲ ਕਹਿਣਾ ਪੈ ਰਿਹਾ ਹੈ ਕਿ ਕਿ ਅੱਜ ਕੱਲ੍ਹ ਕੁਝ ਸਿੰਘ ਨੀਲੇ ਬਾਣੇ ਨੂੰ ਪਾ ਕੇ ਗਲਤ ਕੰਮ ਜਿਵੇਂ ਨਸ਼ਾ ਵੇਚਣ, ਲੋਕਾਂ ਨਾਲ ਕੁੱਟਮਾਰ ਕਰਨ, ਨਜਾਇਜ਼ ਕਬਜ਼ੇ ਕਰਨ , ਲੋਕਾਂ ਨਾਲ ਕੁੱਟਮਾਰ ਬਦਮਾਸ਼ੀ ਦੇ ਕੰਮ ਕਰ ਰਹੇ ਹਨ। ਇਹ ਸਾਰੇ ਸ਼ਰਾਰਤੀ ਅਨਸਰ ਨੀਲੇ ਬਾਣੇ ਦੀ ਬਦਨਾਮੀ ਕਰ ਰਹੇ ਹਨ। ਇਨ੍ਹਾਂ ਨੂੰ ਰੋਕਣ ਵਾਸਤੇ ਹੀ ਅੱਜ ਅਸੀਂ ਸਾਰੇ ਸਿੰਘ ਇਕੱਠੇ ਹੋਏ ਹਾਂ। ਜਿਹੜਾ ਵੀ ਸਿੰਘ ਗੁਰੂ ਮਰਿਆਦਾ ਦੇ ਉਲਟ ਚੱਲ ਕੇ ਇਹੋ ਜਿਹੇ ਕੰਮ ਕਰਦਾ ਹੈ, ਅਸੀਂ ਸਾਰੇ ਉਨ੍ਹਾਂ ਦਾ ਸਾਥ ਨਹੀਂ ਦੇਵਾਂਗੇ। ਇਨ੍ਹਾਂ ਨਕਲੀ ਸਿੰਘਾਂ ਨੇ ਕਿਸੇ ਵੀ ਨਿਹੰਗ ਜਥੇਬੰਦੀ ਤੋਂ ਅੰਮ੍ਰਿਤ ਨਹੀਂ ਛਕਿਆ ਹੁੰਦਾ। ਉਨ੍ਹਾਂ ਕਿਹਾ ਕਿ ਜਦੋਂ ਇਹ ਨਕਲੀ ਸਿੰਘ ਅਜਿਹੀ ਕਾਰਵਾਈ ਕਰਦੇ ਹਨ ਤਾਂ ਨਿਹੰਗ ਸਿੰਘਾਂ ਦੀ ਬਦਨਾਮੀ ਹੁੰਦੀ ਹੈ, ਜਿਸ ਨਾਲ ਮਨ ਨੂੰ ਠੇਸ ਪਹੁੰਚਦੀ ਹੈ। ਉਨ੍ਹਾਂ ਨੇ ਮੀਡੀਆ ਅੱਗੇ ਬੇਨਤੀ ਕੀਤੀ ਕਿ ਜਦੋਂ ਵੀ ਕੋਈ ਅਜਿਹਾ ਨਿਹੰਗ ਸਿੰਘ ਕੋਈ ਗਲਤ ਕੰਮ ਕਰਦਾ ਫੜਿਆ ਜਾਂਦਾ ਹੈ ਤਾਂ ਉਸ ਦੀ ਦਲ ਪੰਥ ਦੀ ਚੰਗੀ ਤਰ੍ਹਾਂ ਪਛਾਣ ਕੀਤੀ ਜਾਵੇ ਅਤੇ ਉਸ ਦੇ ਨਾਲ ਉਸ ਦਲ ਪੰਥ ਦਾ ਨਾਂ ਪਾ ਕੇ ਹੀ ਖ਼ਬਰ ਲਗਾਈ ਜਾਵੇ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8