ਗੁਰੂ ਕਾ ਬਾਗ ਛਾਉਣੀ ਨਿਹੰਗ ਸਿੰਘਾਂ ਵਿਖੇ ਬੁੱਢਾ ਦਲ ਵੱਲੋਂ ਗਤਕਾ ਮੁਕਾਬਲੇ ਆਰੰਭ
Monday, Mar 09, 2020 - 02:47 PM (IST)
ਸ੍ਰੀ ਅਨੰਦਪੁਰ ਸਾਹਿਬ (ਦਲਜੀਤ ਸਿੰਘ) : ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖ਼ਤ ਦੇ 14ਵੇਂ ਮੁਖੀ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ 96ਵੇਂ ਕਰੋੜੀ ਦੀ ਅਗਵਾਈ 'ਚ ਬੁੱਢਾ ਦਲ ਵੱਲੋਂ ਹੋਲੇ ਮਹੱਲੇ ਦੇ ਪਹਿਲੇ ਦਿਨ ਗੁ. ਗੁਰੂ ਕਾ ਬਾਗ ਛਾਉਣੀ ਨਿਹੰਗ ਸਿੰਘਾਂ ਵਿਖੇ ਦੋ ਰੋਜ਼ਾ ਵਿਰਸਾ ਸੰਭਾਲ ਨੈਸ਼ਨਲ ਗਤਕਾ ਮੁਕਾਬਲੇ ਆਰੰਭ ਕਰਵਾਏ ਗਏ। ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਜਥੇਦਾਰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ, ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ 96ਵੇਂ ਕਰੋੜੀ, ਗਿਆਨੀ ਗੁਰਬਖਸ਼ ਸਿੰਘ ਗੁਲਸ਼ਨ ਯੂ. ਕੇ. ਅਤੇ ਢਾਡੀ ਜਥੇਦਾਰ ਤਰਸੇਮ ਸਿੰਘ ਮੋਰਾਂਵਾਲੀ ਨੇ ਗਤਕਾ ਮੁਕਾਬਲਿਆਂ ਦੀ ਰਸਮੀ ਸ਼ੁਰੂਆਤ ਕਰਵਾਈ। ਇਸ ਮੌਕੇ ਜਥੇਦਾਰ ਬਾਬਾ ਬਲਬੀਰ ਸਿੰਘ ਨੇ ਦੱਸਿਆ ਕਿ ਮੁਕਾਬਲਿਆਂ 'ਚ ਭਾਰਤ ਦੇ ਵੱਖ-ਵੱਖ ਹਿੱਸਿਆਂ ਤੋਂ ਕਰੀਬ ਦੋ ਦਰਜਨ ਗਤਕਾ ਟੀਮਾਂ ਇਨ੍ਹਾਂ ਮੁਕਾਬਲਿਆਂ 'ਚ ਆਪਣੇ-ਆਪਣੇ ਜੌਹਰ ਦਿਖਾਉਣਗੀਆਂ ਅਤੇ ਜੇਤੂ ਟੀਮਾਂ ਨੂੰ ਵਿਸ਼ੇਸ਼ ਸਨਮਾਨ ਦਿੱਤੇ ਜਾਣਗੇ। ਉਨ੍ਹਾਂ ਕਿਹਾ ਕਿ ਗਤਕਾ ਦਸਮੇਸ਼ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਬਖਸ਼ੀ ਜੰਗਜੂ ਕਲਾ ਹੈ।
ਅਜੋਕੇ ਸਮੇਂ ਅੰਦਰ ਗਤਕਾ ਜਿਥੇ ਸਭ ਤੋਂ ਚੰਗੀ ਸਰੀਰਕ ਕਸਰਤ ਹੈ, ਉਥੇ ਹੀ ਆਤਮਿਕ ਰੱਖਿਆ 'ਚ ਵੀ ਮਦਦਗਾਰ ਸਾਬਤ ਹੋ ਰਿਹਾ ਹੈ। ਬਾਬਾ ਬਲਬੀਰ ਸਿੰਘ ਨੇ ਕਿਹਾ ਕਿ ਗੁਰੂ ਸਾਹਿਬ ਵੱਲੋਂ ਬਖ਼ਸ਼ੀ ਗਤਕੇ ਦੀ ਇਸ ਸ਼ਸਤਰ ਕਲਾ ਨੂੰ ਉਹ ਲੋਕ ਹੀ ਅਪਨਾਉਣ ਜੋ ਸਿੱਖੀ ਸਰੂਪ ਵਿਚ ਪ੍ਰਪੱਕ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਮੁਕਾਬਲਿਆਂ 'ਚ ਜਿੱਥੇ ਜੇਤੂ ਟੀਮਾਂ ਨੂੰ ਵਿਸ਼ੇਸ਼ ਇਨਾਮਾਂ ਨਾਲ ਸਨਮਾਨਿਆ ਜਾਂਦਾ ਹੈ, ਉਥੇ ਹੀ ਵੱਖ-ਵੱਖ ਖੇਤਰਾਂ 'ਚ ਵਿਸ਼ੇਸ਼ ਯੋਗਦਾਨ ਪਾਉਣ ਵਾਲੀਆਂ ਸਿੱਖ ਪੰਥ ਦੀਆਂ ਅਹਿਮ ਸ਼ਖ਼ਸੀਅਤਾਂ ਨੂੰ ਵੀ ਸਨਮਾਨਤ ਕੀਤਾ ਜਾਂਦਾ ਹੈ। ਇਸ ਵਾਰ ਵੀ 6 ਅਹਿਮ ਸ਼ਖ਼ਸੀਅਤਾਂ ਨੂੰ ਸਨਮਾਨਤ ਕੀਤਾ ਜਾ ਰਿਹਾ ਹੈ।
ਉਨ੍ਹਾਂ ਦੱਸਿਆ ਕਿ 9 ਮਾਰਚ ਨੂੰ ਗਤਕਾ ਮੁਕਾਬਲਿਆਂ ਦੌਰਾਨ ਬੁੱਢਾ ਦਲ ਵੱਲੋਂ ਦਿਲਜੀਤ ਸਿੰਘ ਬੇਦੀ ਦੀ ਸੰਪਾਦਨਾ ਹੇਠ ਪ੍ਰਕਾਸ਼ਤ ''ਵਿਰਾਸਤ ਖ਼ਾਲਸਾ ਪੰਥ ਬੁੱਢਾ ਦਲ ਪੰਜਵਾਂ ਤਖ਼ਤ'' ਪੁਸਤਕ ਅਤੇ ਰਸਾਲਾ ''ਨਿਹੰਗ ਸਿੰਘ ਸੰਦੇਸ਼'' ਵੀ ਰਿਲੀਜ਼ ਕੀਤਾ ਜਾਵੇਗਾ। ਇਸ ਮੌਕੇ ਬਾਬਾ ਨੌਰੰਗ ਸਿੰਘ ਹਰੀਆਂ ਵੇਲਾਂ, ਬਾਬਾ ਮਨਮੋਹਣ ਸਿੰਘ ਬਾਰਨ ਵਾਲੇ, ਗਿਆਨੀ ਗੁਰਬਖਸ਼ ਸਿੰਘ ਗੁਲਸ਼ਨ ਯੂ. ਕੇ., ਬਾਬਾ ਜੱਸਾ ਸਿੰਘ ਤਲਵੰਡੀ ਸਾਬੋ, ਬਾਬਾ ਸੁਖਜੀਤ ਸਿੰਘ ਕਨੱਈਆ, ਭਾਈ ਅਮੋਲਕ ਸਿੰਘ ਸਮੇਤ ਵੱਡੀ ਗਿਣਤੀ 'ਚ ਨਿਹੰਗ ਸਿੰਘ ਅਤੇ ਸੰਗਤਾਂ ਹਾਜ਼ਰ ਸਨ।
ਇਹ ਵੀ ਪੜ੍ਹੋ : ਹੋਲੀ ’ਤੇ ਜ਼ਰੂਰ ਕਰੋ ਇਨ੍ਹਾਂ ਚੀਜ਼ਾਂ ਦਾ ਦਾਨ, ਮਾਂ ਲਕਸ਼ਮੀ ਹੋਵੇਗੀ ਮਹਿਰਬਾਨ